ਇਸ ਸੰਸਾਰ ’ਤੇ ਲਗਪਗ ਨੱਬੇ ਵਰ੍ਹਿਆਂ ਦੀ ਉਮਰ ਹੰਢਾਉਣ ਵਾਲੀ ਉਹ ਦੋਹਤਿਆਂ-ਪੋਤਿਆਂ ਵਾਲੀ ਬਜ਼ੁਰਗ ਔਰਤ ਜਦੋਂ ਆਪਣੇ ਪੇਕੇ ਘਰ ਆਉਂਦੀ, ਤਾਂ ਉਹ ਬਜ਼ੁਰਗ ਨਹੀਂ ਰਹਿੰਦੀ ਸੀ। ਉਸ ਦੇ ਅੰਦਰ ਉਹੀ ਮਾਸੂਮ ਬੱਚੀ ਜਾਗ ਪੈਂਦੀ ਜਿਸ ਨੇ ਕਦੇ ਇਸੇ ਵਿਹੜੇ ਦੀ ਮਿੱਟੀ ਵਿਚ ਖੇਡਦਿਆਂ ਜਵਾਨੀ ਦੀਆਂ ਦਹਿਲੀਜ਼ਾਂ 'ਤੇ ਪੈਰ ਰੱਖਿਆ ਸੀ।

ਇਸ ਨਾਸ਼ਵਾਨ ਸੰਸਾਰ ਵਿਚ ਕੁਝ ਰਿਸ਼ਤੇ ਖ਼ੂਨ ਦੀਆਂ ਤੰਦਾਂ ਤੋਂ ਕਿਤੇ ਪਾਰ, ਸਿੱਧੇ ਰੂਹਾਂ ਦੇ ਨਾਲ ਜੁੜੇ ਹੁੰਦੇ ਹਨ। ਵਕਤ ਦੀ ਧੂੜ ਭਾਵੇਂ ਕਿੰਨੀ ਵੀ ਸੰਘਣੀ ਕਿਉਂ ਨਾ ਹੋ ਜਾਵੇ, ਪਰ ਇਨ੍ਹਾਂ ਰਿਸ਼ਤਿਆਂ ਦੀ ਪਾਕੀਜ਼ਗੀ ਉੱਤੇ ਕਦੇ ਕੋਈ ਧੁੰਦਲਾਪਣ ਨਹੀਂ ਆਉਂਦਾ। ਮੇਰੀ ‘ਬਠਿੰਡੇ ਵਾਲੀ ਭੂਆ’ ਅਤੇ ਮੇਰੇ ਦਾਦਾ ਜੀ ਦਾ ਰਿਸ਼ਤਾ ਵੀ ਕੁਝ ਅਜਿਹਾ ਹੀ ਸੀ। ਉਂਜ ਤਾਂ ਰਿਸ਼ਤੇ ਵਿਚ ਉਹ ਮੇਰੇ ਪਿਤਾ ਜੀ ਦੇ ਭੂਆ ਲੱਗਦੇ ਸਨ, ਪਰ ਸਾਡੇ ਘਰ ਵਿਚ ਮੋਹ ਦੀਆਂ ਤੰਦਾਂ ਇੰਨੀਆਂ ਪੀਢੀਆਂ ਸਨ ਕਿ ਅਸੀਂ ਸਾਰਾ ਪਰਿਵਾਰ ਹੀ ਉਨ੍ਹਾਂ ਨੂੰ ਬੜੇ ਮਾਣ ਅਤੇ ਚਾਅ ਨਾਲ 'ਭੂਆ' ਕਹਿ ਕੇ ਬੁਲਾਉਂਦੇ ਸਾਂ। ਉਹ ਦੋਵੇਂ ਭੈਣ-ਭਰਾ ਆਪੋ-ਆਪਣੇ ਮਾਪਿਆਂ ਦੀਆਂ ਇਕਲੌਤੀਆਂ ਨਿਸ਼ਾਨੀਆਂ ਸਨ। ਦਾਦਾ ਜੀ ਇਕੱਲੇ ਭਰਾ ਅਤੇ ਭੂਆ ਜੀ ਉਨ੍ਹਾਂ ਦੀ ਇਕਲੌਤੀ ਭੈਣ। ਸ਼ਾਇਦ ਇਸੇ ਲਈ ਉਨ੍ਹਾਂ ਦਾ ਆਪਸੀ ਮੋਹ ਕਿਸੇ ਆਮ ਭੈਣ-ਭਰਾ ਦੀ ਸਾਂਝ ਨਾਲੋਂ ਕਿਤੇ ਵੱਧ, ਰੂਹਾਨੀਅਤ ਦੀਆਂ ਹੱਦਾਂ ਨੂੰ ਛੂੰਹਦਾ ਸੀ।
ਭੂਆ ਸਾਡੇ ਪੂਰੇ ਪਰਿਵਾਰ ਦੇ ਵਿਹੜੇ ਵਿਚ ਮੁਹੱਬਤ, ਮੋਹ ਅਤੇ ਆਪਣੇਪਣ ਦਾ ਇਕ ਅਜਿਹਾ ਸੰਘਣਾ ਬੋਹੜ ਸੀ, ਜਿਸ ਦੀ ਠੰਢੀ ਛਾਂ ਹੇਠ ਬੈਠ ਕੇ ਅਸੀਂ ਰਿਸ਼ਤਿਆਂ ਦੇ ਅਸਲ ਮਾਅਨੇ ਸਿੱਖੇ। ਜਦੋਂ ਵੀ ਮੈਂ ਭੂਆ ਨੂੰ ਦੇਖਦਾ ਤਾਂ ਮੈਨੂੰ ਜਾਪਦਾ ਜਿਵੇਂ ਕੁਦਰਤ ਨੇ ਬੜੀ ਅਕੀਦਤ ਨਾਲ ਕੋਈ ਮੂਰਤ ਉਲੀਕੀ ਹੋਵੇ। ਕੱਦ ਦੀ ਨਿੱਕੀ ਜਿਹੀ, ਸਰੀਰ ਪੱਖੋਂ ਬਿਲਕੁਲ ਪਤਲੀ-ਛਾਂਟੀ ਹੋਈ, ਪਰ ਰੰਗ ਐਨਾ ਗੋਰਾ-ਨਿਸ਼ੋਹ ਅਤੇ ਨੈਣ-ਨਕਸ਼ ਐਨੇ ਤਿੱਖੇ ਕਿ ਬੁਢਾਪੇ ਦੀਆਂ ਬਰੂਹਾਂ 'ਤੇ ਪਹੁੰਚ ਕੇ ਵੀ ਉਸ ਦੇ ਚਿਹਰੇ ਦਾ ਨੂਰ ਮੱਧਮ ਨਹੀਂ ਸੀ ਪਿਆ।
ਇਸ ਸੰਸਾਰ ’ਤੇ ਲਗਪਗ ਨੱਬੇ ਵਰ੍ਹਿਆਂ ਦੀ ਉਮਰ ਹੰਢਾਉਣ ਵਾਲੀ ਉਹ ਦੋਹਤਿਆਂ-ਪੋਤਿਆਂ ਵਾਲੀ ਬਜ਼ੁਰਗ ਔਰਤ ਜਦੋਂ ਆਪਣੇ ਪੇਕੇ ਘਰ ਆਉਂਦੀ, ਤਾਂ ਉਹ ਬਜ਼ੁਰਗ ਨਹੀਂ ਰਹਿੰਦੀ ਸੀ। ਉਸ ਦੇ ਅੰਦਰ ਉਹੀ ਮਾਸੂਮ ਬੱਚੀ ਜਾਗ ਪੈਂਦੀ ਜਿਸ ਨੇ ਕਦੇ ਇਸੇ ਵਿਹੜੇ ਦੀ ਮਿੱਟੀ ਵਿਚ ਖੇਡਦਿਆਂ ਜਵਾਨੀ ਦੀਆਂ ਦਹਿਲੀਜ਼ਾਂ 'ਤੇ ਪੈਰ ਰੱਖਿਆ ਸੀ। ਉਸ ਨੂੰ ਕਦੇ ਜਾਪਿਆ ਹੀ ਨਹੀਂ ਸੀ ਕਿ ਵਿਆਹ ਕੇ ਵਿਦਾ ਹੋਣ ਤੋਂ ਬਾਅਦ ਇਹ ਘਰ ਪਿੱਛੇ ਛੁੱਟ ਗਿਆ ਹੈ। ਉਹ ਇਸ ਘਰ ਨੂੰ ਓਨਾ ਹੀ ਆਪਣਾ ਸਮਝਦੀ ਸੀ ਜਿੰਨਾ ਕਿ ਆਪਣੇ ਬਚਪਨ ਵਿਚ ਸਮਝਦੀ ਸੀ। ਇਸ ਭੈਣ-ਭਰਾ ਦੇ ਅਥਾਹ ਪਿਆਰ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਸਨ, ਇਸ ਦਾ ਅਹਿਸਾਸ ਮੈਨੂੰ ਮੇਰੇ ਪਿਤਾ ਜੀ ਵੱਲੋਂ ਸੁਣਾਈ ਇਕ ਪੁਰਾਣੀ ਘਟਨਾ ਤੋਂ ਹੁੰਦਾ ਹੈ। ਗੱਲ ਉਦੋਂ ਦੀ ਹੈ ਜਦੋਂ ਭੂਆ ਹਾਲੇ ਕੁਆਰੀ ਸੀ। ਸਾਡੇ ਘਰ ਦੇ ਬਿਲਕੁਲ ਸਾਹਮਣੇ ਇਕ ਖੂਹੀ ਹੁੰਦੀ ਸੀ, ਜਿੱਥੋਂ ਪਿੰਡ ਦੀਆਂ ਸੁਆਣੀਆਂ ਪਾਣੀ ਭਰਿਆ ਕਰਦੀਆਂ ਸਨ। ਇਕ ਦਿਨ ਪਾਣੀ ਭਰਦਿਆਂ ਅਚਾਨਕ ਭੂਆ ਦਾ ਪੈਰ ਤਿਲਕ ਗਿਆ ਤੇ ਉਹ ਇਸ ਡੂੰਘੀ ਹਨੇਰੀ ਖੂਹੀ 'ਚ ਡਿੱਗ ਪਈ। ਇਹ ਖ਼ਬਰ ਸੁਣਦਿਆਂ ਹੀ ਮੇਰੇ ਦਾਦਾ ਜੀ ਨੂੰ ਜਿਵੇਂ ਹੱਥਾਂ-ਪੈਰਾਂ ਦੀ ਪੈ ਗਈ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਆਪਣੀ ਜਾਨ ਤੋਂ ਪਿਆਰੀ ਭੈਣ ਨੂੰ ਬਚਾਉਣ ਲਈ ਉਹ ਉਸੇ ਵਕਤ ਖੂਹੀ ਵਿਚ ਕੁੱਦ ਪਏ ਅਤੇ ਭੂਆ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆਏ। ਇਹ ਮਹਿਜ਼ ਇਕ ਘਟਨਾ ਨਹੀਂ, ਸਗੋਂ ਉਸ ਮੁਹੱਬਤ ਦਾ ਪ੍ਰਮਾਣ ਸੀ, ਜਿੱਥੇ ਇਕ ਭਰਾ ਲਈ ਆਪਣੀ ਭੈਣ ਦੇ ਸਾਹਾਂ ਤੋਂ ਕੀਮਤੀ ਹੋਰ ਕੁਝ ਨਹੀਂ ਸੀ।ਉਨ੍ਹਾਂ ਦੀ ਇਹ ਮੁਹੱਬਤ ਭੂਆ ਦੇ ਵਿਆਹ ਤੋਂ ਬਾਅਦ ਵੀ ਕਦੇ ਮੱਧਮ ਨਹੀਂ ਪਈ।
ਭੂਆ ਬਠਿੰਡੇ ਸ਼ਹਿਰ ਵਿਚ ਵਿਆਹੀ ਹੋਈ ਸੀ ਅਤੇ ਆਪਣੇ ਘੁੱਗ ਵੱਸਦੇ ਪਰਿਵਾਰ, ਪੁੱਤਾਂ-ਪੋਤਿਆਂ ਵਿਚ ਪੂਰੀ ਤਰ੍ਹਾਂ ਸੁਖੀ ਸੀ। ਪਰ ਉਸ ਦੀ ਰੂਹ ਹਮੇਸ਼ਾ ਆਪਣੇ ਪੇਕੇ ਪਿੰਡ ਅਤੇ ਆਪਣੇ ਵੀਰ ਦੇ ਵਿਹੜੇ ਵਿਚ ਹੀ ਵਸਦੀ। ਜਦੋਂ ਵੀ ਕਦੇ ਅਸਮਾਨ ਵਿਚ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਤੇ ਮੀਂਹ ਪੈਣ ਲੱਗਦਾ, ਤਾਂ ਭੂਆ ਦੇ ਦੋਵੇਂ ਹੱਥ ਆਪ-ਮੁਹਾਰੇ ਰੱਬ ਅੱਗੇ ਜੁੜ ਜਾਂਦੇ। ਉਹ ਅਰਦਾਸ ਕਰਦੀ, "ਹੇ ਸੱਚੇ ਪਾਤਸ਼ਾਹ! ਤੂੰ ਬੇਸ਼ੱਕ ਇੱਥੇ ਮੀਂਹ ਨਾ ਪਾਈਂ, ਪਰ ਮੇਰੇ ਬਾਈ ਦੇ ਖੇਤਾਂ ਵਿਚ ਮਿਹਰ ਦਾ ਮੀਂਹ ਜ਼ਰੂਰ ਵਰ੍ਹਾਈਂ, ਕਿਉਂਕਿ ਉਸ ਦੀਆਂ ਫ਼ਸਲਾਂ ਨੂੰ ਪਾਣੀ ਦੀ ਬੜੀ ਲੋੜ ਹੈ।" ਜਦੋਂ ਮੈਂ ਇਹ ਗੱਲਾਂ ਸੁਣਦਾ ਹਾਂ, ਤਾਂ ਭੂਆ ਮੈਨੂੰ ਮੁਹੱਬਤ ਅਤੇ ਤਿਆਗ ਦਾ ਇਕ ਅਜਿਹਾ ਇਲਾਹੀ ਮੁਜੱਸਮਾ ਲੱਗਦੀ ਹੈ, ਜਿਸ ਦੇ ਆਪਣੇ ਵਿਹੜੇ ਭਾਵੇਂ ਕਿੰਨੇ ਵੀ ਭਰੇ ਹੋਣ, ਪਰ ਉਸ ਦੀਆਂ ਦੁਆਵਾਂ ਹਮੇਸ਼ਾ ਆਪਣੇ ਵੀਰ ਦੇ ਖੇਤਾਂ ਦੀ ਹਰਿਆਵਲ ਲਈ ਹੀ ਉੱਠਦੀਆਂ ਸਨ। ਭੂਆ ਦੀਆਂ ਗੱਲਾਂ ਵਿਚ ਹਮੇਸ਼ਾ 'ਮੇਰੇ ਬਾਈ ਦਾ ਖੇਤ', 'ਮੇਰੇ ਬਾਈ ਦਾ ਘਰ' ਵਰਗੇ ਸ਼ਬਦ ਉਸ ਦੇ ਅੰਦਰਲੇ ਇਸੇ ਅਥਾਹ ਸਤਿਕਾਰ ਦੀ ਗਵਾਹੀ ਭਰਦੇ। ਕਦੇ-ਕਦੇ ਤਾਂ ਭੂਆ ਨੇ ਵੀਹ-ਵੀਹ ਦਿਨਾਂ ਲਈ ਪੇਕੇ ਆ ਜਾਣਾ, ਤਾਂ ਸਾਡੇ ਘਰ ਦਾ ਮਾਹੌਲ ਕਿਸੇ ਤਿਉਹਾਰ ਵਰਗਾ ਹੋ ਜਾਂਦਾ। ਆਉਂਦੇ ਸਾਰ ਹੀ ਭੂਆ ਨੇ ਚਰਖਾ ਡਾਹ ਲੈਣਾ ਅਤੇ ਲੰਮੀ ਹੇਕ ਵਿਚ ਗੀਤ ਗਾਉਂਦੇ ਹੋਏ ਕੱਤਦੇ ਰਹਿਣਾ। ਮੈਨੂੰ ਬਾਰਾਂ-ਤੇਰਾਂ ਵਰ੍ਹਿਆਂ ਦੇ ਬਾਲ ਨੂੰ ਉਹ ਗੀਤ ਕਿਸੇ ਇਲਾਹੀ ਸੰਗੀਤ ਵਾਂਗ ਸਕੂਨ ਦਿੰਦੇ। ਮੇਰੀਆਂ ਭੈਣਾਂ ਭੂਆ ਦੇ ਦੁਆਲੇ ਝੁਰਮਟ ਪਾ ਕੇ ਬੈਠ ਜਾਂਦੀਆਂ, ਕੋਈ ਕੱਤਣ ਦਾ ਵਲ਼ ਸਿੱਖਦੀ ਤੇ ਕੋਈ ਪੁਰਾਣੀਆਂ ਬਾਤਾਂ ਵਿਚ ਗਵਾਚ ਜਾਂਦੀ। ਉਹ ਸਿਰਫ਼ ਚਰਖਾ ਨਹੀਂ ਕੱਤਦੀ ਸੀ, ਉਹ ਸਾਡੇ ਪਰਿਵਾਰ ਦੇ ਮੋਹ ਦੀਆਂ ਤੰਦਾਂ ਨੂੰ ਹੋਰ ਪੀਢਾ ਕਰਦੀ ਸੀ। ਜਿਉਂ-ਜਿਉਂ ਮੈਂ ਜਵਾਨ ਹੋਇਆ, ਮੇਰਾ ਭੂਆ ਪ੍ਰਤੀ ਪਿਆਰ ਹੋਰ ਵੀ ਡੂੰਘਾ ਹੋ ਗਿਆ। ਮੈਂ ਜਦੋਂ ਵੀ ਉਸ ਨੂੰ ਮਿਲਦਾ, ਤਾਂ ਉਸ ਨੂੰ ਆਪਣੇ ਕਲਾਵੇ ਵਿਚ ਭਰ ਲੈਂਦਾ। ਮੇਰੀ ਉਸ ਛੋਹ ਨਾਲ ਭੂਆ ਦੀਆਂ ਬਿਰਧ ਅੱਖਾਂ ਵਿਚ ਇਕ ਅਜੀਬ ਚਮਕ ਉੱਭਰ ਆਉਂਦੀ। ਉਸ ਦੇ ਕੰਬਦੇ ਹੋਏ ਝੁਰੜੀਆਂ ਭਰੇ ਹੱਥ ਜਦੋਂ ਮੇਰੀ ਪਿੱਠ ਥਪਥਪਾਉਂਦੇ, ਤਾਂ ਮੈਨੂੰ ਇੰਝ ਲੱਗਦਾ ਜਿਵੇਂ ਰੱਬ ਆਪ ਮੈਨੂੰ ਢੇਰਾਂ ਅਸੀਸਾਂ ਦੇ ਰਿਹਾ ਹੋਵੇ।
ਸਾਲ 2007 ਦੀ ਉਹ ਆਖਰੀ ਮਿਲਣੀ ਮੈਨੂੰ ਕਦੇ ਨਹੀਂ ਭੁੱਲੇਗੀ। ਆਪਣੇ ਵਿਆਹ ਤੋਂ ਬਾਅਦ ਜਦੋਂ ਮੈਂ ਭੂਆ ਨੂੰ ਮਿਲਣ ਬਠਿੰਡੇ ਗਿਆ, ਤਾਂ ਭੂਆ ਬਹੁਤ ਬਿਰਧ ਹੋ ਚੁੱਕੀ ਸੀ। ਅੱਖਾਂ ਦੀ ਜੋਤ ਲਗਪਗ ਜਾ ਚੁੱਕੀ ਸੀ, ਪਰ ਰੂਹਾਂ ਦੀ ਸਾਂਝ ਅਜੇ ਵੀ ਕਾਇਮ ਸੀ। ਮੈਂ ਦਸ ਮਿੰਟ ਉਸ ਬਿਰਧ ਸਰੀਰ ਨੂੰ ਆਪਣੇ ਕਲਾਵੇ ਵਿਚ ਭਰ ਕੇ ਇੰਝ ਬੈਠਾ ਰਿਹਾ ਜਿਵੇਂ ਕੋਈ ਕਿਸੇ ਨਿੱਕੇ ਜਿਹੇ ਮਾਸੂਮ ਬੱਚੇ ਨੂੰ ਆਪਣੀ ਬੁੱਕਲ ਵਿਚ ਲੁਕਾ ਲੈਂਦਾ ਹੈ। ਉਹ ਸਾਡੀ ਆਖਰੀ ਮੁਲਾਕਾਤ ਸੀ। ਨਵੰਬਰ 2007 ਵਿਚ ਮੇਰੇ ਦਾਦਾ ਜੀ ਲਗਪਗ ਆਪਣਾ ਇਕ ਸਦੀ ਦਾ ਸਫ਼ਰ ਮੁਕੰਮਲ ਕਰ ਕੇ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ। ਇਹ ਵਿਛੋੜਾ ਅਸਹਿ ਸੀ, ਪਰ ਭੂਆ ਦੀ ਰੂਹ ਅਜੇ ਵੀ ਆਪਣੇ 'ਬਾਈ' ਦੀਆਂ ਯਾਦਾਂ ਦੇ ਸਹਾਰੇ ਸਾਹ ਲੈ ਰਹੀ ਸੀ। ਦਾਦਾ ਜੀ ਦੇ ਜਾਣ ਤੋਂ ਲਗਪਗ ਤਿੰਨ ਕੁ ਸਾਲਾਂ ਬਾਅਦ, 2010 ਵਿਚ ਉਹ ਵਕਤ ਆਇਆ ਜਦੋਂ ਭੂਆ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਮੇਰੇ ਲਈ ਦੋਹਾਂ ਦੇ ਜਾਣ ਦਾ ਦੁੱਖ ਇੱਕੋ ਜਿਹਾ ਸੀ। ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਸ ਮਾਤ-ਲੋਕ ਵਿਚ ਉਨ੍ਹਾਂ ਦੋਹਾਂ ਭੈਣ-ਭਰਾਵਾਂ ਦਾ ਪਿਆਰ ਅਟੁੱਟ ਸੀ, ਉਵੇਂ ਹੀ ਪਰਲੋਕ ਦੇ ਸਫ਼ਰ ਉੱਤੇ ਵੀ ਉਹ ਇਕ-ਦੂਜੇ ਦਾ ਸਾਥ ਨਿਭਾ ਰਹੇ ਹੋਣਗੇ। ਅੱਜ ਭੂਆ ਭਾਵੇਂ ਸਾਡੇ ਵਿਚ ਨਹੀਂ, ਪਰ ਮੇਰੇ ਮਨ ਦੇ ਵਿਹੜੇ ਵਿਚ ਅੱਜ ਵੀ ਉਸ ਦੇ ਚਰਖੇ ਦੀ ਘੂਕ ਸੁਣਾਈ ਦਿੰਦੀ ਹੈ ਅਤੇ ਉਸ ਦੀਆਂ ਅਸੀਸਾਂ ਦਾ ਨਿੱਘ ਮੈਨੂੰ ਜ਼ਿੰਦਗੀ ਦੀਆਂ ਧੁੱਪਾਂ ਵਿਚ ਠੰਢੀ ਛਾਂ ਵਰਗਾ ਮਹਿਸੂਸ ਹੁੰਦਾ ਹੈ।
-ਨਵਦੀਪ ਸਿੰਘ ਝੁਨੀਰ
-ਮੋਬਾਈਲ : 98769-68193