ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਵੀ ਸਨ। ਸੱਤ ਅਕਤੂਬਰ 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਬਾਬਾ ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਅਤੇ ਦਲ-ਪੰਥ ਬੁੱਢਾ ਦਲ ਦੇ ਮੁਖੀ ਵਜੋਂ ਸ਼੍ਰੋਮਣੀ ਜਰਨੈਲ ਬਣੇ।
ਸਰਬੰਸਦਾਨੀ ਪਿਤਾ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਿਲ ਮਾਤਾ ਸੁੰਦਰ ਕੌਰ ਜੀ ਹੱਥੀਂ ਪ੍ਰਵਾਨ ਚੜ੍ਹੇ ਬੁੱਢਾ ਦਲ ਦੇ ਮੁਖੀ ਅਤੇ ਦਲ ਖ਼ਾਲਸਾ ਦੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਯੁੱਧਵੀਰ ਅਤੇ ਧਰਮਵੀਰ ਵਜੋਂ ਸਿੱਖ ਇਤਿਹਾਸ ਵਿਚ ਵੱਡਾ ਮਾਣ ਪ੍ਰਾਪਤ ਹੋਇਆ ਹੈ।
ਉਨ੍ਹਾਂ ਦੀ ਅਗਵਾਈ ਵਿਚ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਵਿਖੇ ਲਾਲ ਕਿਲ੍ਹਾ ਫ਼ਤਹਿ ਕੀਤਾ ਤਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਵੱਲੋਂ ਸੁਲਤਾਨ-ਉਲ-ਕੌਮ ਵਜੋਂ ਨਿਵਾਜਿਆ ਗਿਆ। ਦਸਮ ਪਾਤਸ਼ਾਹ ਦੇ ਜੋਤੀ-ਜੋਤਿ ਸਮਾਉਣ ਤੋਂ ਤਕਰੀਬਨ ਦਸ ਸਾਲਾਂ ਬਾਅਦ ਇਸ ਜਰਨੈਲ ਦਾ ਜਨਮ ਲਾਹੌਰ ਦੇ ਨੇੜੇ ਪਿੰਡ ਆਹਲੂ ਵਿਖੇ ਬਦਰ ਸਿੰਘ ਦੇ ਗ੍ਰਹਿ ਵਿਖੇ 1718 ਈ: ਵਿਚ ਹੋਇਆ।
ਬਾਬਾ ਜੱਸਾ ਸਿੰਘ ਅਜੇ ਪੰਜ ਸਾਲ ਦੇ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਸਿੱਖ ਧਰਮ ਅਤੇ ਗੁਰੂਘਰ ਨਾਲ ਸ਼ਰਧਾ ਰੱਖਣ ਵਾਲੀ ਧਰਮੀ ਮਾਂ ਨੂੰ ਆਪਣੇ ਸਕੇ ਭਾਈ ਭਾਗ ਸਿੰਘ ਦੀ ਸਹਾਇਤਾ ਨਾਲ ਆਪਣੇ ਬੱਚੇ ਜੱਸਾ ਸਿੰਘ ਨੂੰ ਬਚਪਨ ਵਿਚ ਹੀ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਦੀ ਸੇਵਾ ਵਿਚ ਭੇਜ ਦਿੱਤਾ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਬਾਬਾ ਜੱਸਾ ਸਿੰਘ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਮਾਤਾ ਸੁੰਦਰ ਕੌਰ ਨੇ ਆਪਣੇ ਪੁੱਤਰਾਂ ਵਾਂਗ ਹੀ ਕੀਤਾ। ਉਸ ਸਮੇਂ ਦੀ ਦੁਨਿਆਵੀ ਵਿੱਦਿਆ ਅਰਬੀ-ਫਾਰਸੀ ਅਤੇ ਸ਼ਸਤਰ ਚਲਾਉਣ ਦੀ ਮੁਹਾਰਤ ਜੱਸਾ ਸਿੰਘ ਨੇ ਮਾਤਾ ਜੀ ਦੀ ਅਗਵਾਈ ਵਿਚ ਪ੍ਰਾਪਤ ਕੀਤੀ।
ਇਨ੍ਹਾਂ ਨੇ ਤਕਰੀਬਨ ਸੱਤ ਸਾਲ ਦਾ ਸਮਾਂ ਦਿੱਲੀ ਵਿਚ ਹੀ ਬਿਤਾਇਆ। ਇਸ ਦੌਰਾਨ ਬਾਬਾ ਜੱਸਾ ਸਿੰਘ ਨੇ ਉਸ ਸਮੇਂ ਦੇ ਮੁਖੀ ਸਿੱਖਾਂ ਵਿਚ ਚੰਗੀ ਜਾਣ-ਪਛਾਣ ਬਣਾਈ। ਜਦੋਂ ਮਾਤਾ ਜੀ ਤੋਂ ਵਿਦਾਇਗੀ ਪ੍ਰਾਪਤ ਕੀਤੀ, ਉਸ ਵਕਤ ਮਾਤਾ ਜੀ ਨੇ ਬਾਬਾ ਜੱਸਾ ਸਿੰਘ ਦੇ ਕਰਮਯੋਗੀ ਤੇ ਧਰਮੀ ਜੀਵਨ ਨੂੰ ਭਾਂਪਦਿਆਂ ਭਵਿੱਖ ਵਿਚ ਸਿੱਖ ਜਗਤ ਦੀ ਯੋਗ ਅਗਵਾਈ ਕਰਨ ਲਈ ਇਸ ਸਿਦਕੀ ਸਿੱਖ ਯੋਧੇ ਨੂੰ ਇਕ ਕ੍ਰਿਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ, ਇਕ ਤੀਰਾਂ ਦਾ ਭੱਥਾ, ਇਕ ਖਿਲਅਤ ਅਤੇ ਇਕ ਚਾਂਦੀ ਦੀ ਚੌਬ ਬਖ਼ਸ਼ਿਸ਼ ਵਜੋਂ ਦੇ ਕੇ ਨਿਵਾਜਿਆ। ਜਦੋਂ ਬਾਬਾ ਜੱਸਾ ਸਿੰਘ ਪੰਜਾਬ ਪੁੱਜੇ ਤਾਂ ਆਉਂਦਿਆਂ ਹੀ ਸੇਵਾ ਸਿਮਰਨ ਦੇ ਮੁਜੱਸਮੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਏ।
ਆਪਣੀ ਦਲੇਰੀ, ਸੁਭਾਅ ਅਤੇ ਤੀਖਣ ਬੁੱਧੀ ਵਰਗੇ ਗੁਣਾਂ ਸਦਕਾ ਨਵਾਬ ਕਪੂਰ ਸਿੰਘ ਵਰਗੇ ਜਰਨੈਲ ਦੀ ਨੇੜਤਾ ਹਾਸਲ ਕਰ ਲਈ। ਨਵਾਬ ਕਪੂਰ ਸਿੰਘ ਨੇ ਵੀ ਇਨ੍ਹਾਂ ਨੂੰ ਪੁੱਤਰਾਂ ਵਾਂਗ ਪਾਲਿਆ। ਸੰਨ 1748 ਵਿਚ ਨਵਾਬ ਕਪੂਰ ਸਿੰਘ ਦੀ ਬਹਾਦਰ ਸਿੱਖ ਸੈਨਾ ਨੇ ਬਾਬਾ ਜੱਸਾ ਸਿੰਘ ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਵੱਡੇ ਲਸ਼ਕਰ ਨੂੰ ਨੂਰਦੀਨ ਦੀ ਸਰਾਂ ਅਤੇ ਵੈਰੋਵਾਲ ਨੇੜੇ ਘੇਰ ਕੇ ਗੁਰੀਲੇ ਢੰਗ ਦੇ ਹਮਲੇ ਕਰ ਕੇ ਭਾਜੜਾਂ ਪਾ ਦਿੱਤੀਆਂ।
ਅੰਮ੍ਰਿਤਸਰ ਦੇ ਮੁਗ਼ਲ ਹਾਕਮ ਸਲਾਬਤ ਖ਼ਾਨ ਨੂੰ ਹਰਾ ਕੇ ਵੱਖ-ਵੱਖ ਜਥਿਆਂ ਵਿਚ ਵੰਡੇ ਸਿੱਖਾਂ ਦੀ ਨਜ਼ਰ ਵਿਚ ਇਕ ਸੁਲਝੇ ਹੋਏ ਸਿੱਖ ਜਰਨੈਲ ਵਜੋਂ ਸਤਿਕਾਰ ਪ੍ਰਾਪਤ ਕੀਤਾ। ਇਸ ਸਾਲ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਵਿਸਾਖੀ ਦੇ ਪਾਵਨ ਅਵਸਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਰਬੱਤ ਖ਼ਾਲਸੇ ਦੇ ਜੁੜੇ ਇਕੱਠ ਵਿਚ ਸਿੱਖਾਂ ਦੇ 65 ਜਥਿਆਂ ਨੂੰ ਇਕੱਠੇ ਕਰ ਕੇ 11 ਮਿਸਲਾਂ (12ਵੀਂ ਮਿਸਲ ਫੂਲਕੀਆ ਤੋਂ ਬਿਨਾਂ) ਵਿਚ ਵੰਡ ਕੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ। ਦਲ ਖ਼ਾਲਸਾ ਦੇ ਪਹਿਲੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ।
ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਵੀ ਸਨ। ਸੱਤ ਅਕਤੂਬਰ 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਬਾਬਾ ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਅਤੇ ਦਲ-ਪੰਥ ਬੁੱਢਾ ਦਲ ਦੇ ਮੁਖੀ ਵਜੋਂ ਸ਼੍ਰੋਮਣੀ ਜਰਨੈਲ ਬਣੇ। ਇਸ ਤੋਂ ਇਕ ਮਹੀਨੇ ਬਾਅਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੀ ਮੌਤ ਤੋਂ ਪਿੱਛੋਂ ਇਨ੍ਹਾਂ ਮੱਧ ਪੰਜਾਬ ਵਿਚ ਆਪਣਾ ਦਬਦਬਾ ਕਾਇਮ ਕਰ ਲਿਆ। ਪਰਜਾ ਤੋਂ ਟੈਕਸ ਵਸੂਲੀ ਸ਼ੁਰੂ ਕਰ ਦਿੱਤੀ। ਇਸ ਲਗਾਨ ਵਿਚ ਪਰਜਾ ਦੀ ਰੱਖਿਆ ਲਈ ਟੈਕਸ ਅਤੇ ਨਜ਼ਰਾਨਾ ਸ਼ਾਮਲ ਸਨ।
ਇਸ ਤੋਂ ਪਿੱਛੋਂ ਦੁਰਾਨੀ ਨੇ 1762 ਈ: ਵਿਚ ਜਦੋਂ ਵੱਡੀ ਫ਼ੌਜੀ ਤਾਕਤ ਨਾਲ ਹਿੰਦੁਸਤਾਨ ’ਤੇ ਹਮਲਾ ਕੀਤਾ ਤਾਂ ਉਸ ਸਮੇਂ ਦਲ ਖ਼ਾਲਸਾ ਦੇ ਸਰਦਾਰ ਆਪਣੀ ਸੈਨਿਕ ਸ਼ਕਤੀ ਅਤੇ ਪਰਿਵਾਰਾਂ ਸਮੇਤ ਮਲੇਰਕੋਟਲਾ ਨੇੜੇ ਕੁੱਪ-ਰਹੀੜਾ ਦੇ ਆਸ-ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਵੱਡੀ ਫ਼ੌਜੀ ਤਾਕਤ ਨਾਲ ਲਾਹੌਰ ਤੋਂ ਲਗਪਗ 36 ਘੰਟਿਆਂ ਵਿਚ ਢਾਈ ਸੌ ਕਿੱਲੋਮੀਟਰ ਦਾ ਸਫ਼ਰ ਤਹਿ ਕਰ ਕੇ ਸਿੱਖਾਂ ਉੱਤੇ ਹਮਲਾ ਕੀਤਾ।
ਆਪਣੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਿੰਘ ਜਾਨ-ਹੂਲ ਕੇ ਲੜਦੇ-ਲੜਦੇ ਆਪਣੇ ਪਰਿਵਾਰਾਂ ਨੂੰ ਬਰਨਾਲੇ ਵੱਲ ਲਿਜਾ ਸਕੇ ਸਨ। ਦੁਰਾਨੀ ਨੇ ਇਸ ਹਮਲੇ ਦੌਰਾਨ 21,000 ਤੋਂ 35,000 ਦੇ ਲਗਪਗ ਸਿੰਘਾਂ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ਵੱਡੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਅਸਥਾਨ ’ਤੇ ਵੱਡੇ ਘੱਲੂਘਾਰੇ ਦੀ ਯਾਦ ਵਿਚ ਯਾਦਗਾਰੀ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਇਤਿਹਾਸ ਮੁਤਾਬਕ ਇਸ ਘੱਲੂਘਾਰੇ ਦੌਰਾਨ ਬਾਬਾ ਜੱਸਾ ਸਿੰਘ ਦੇ ਸਰੀਰ ਉੱਤੇ 22 ਵੱਡੇ ਫੱਟ ਲੱਗੇ ਸਨ।
ਇਸ ਤੋਂ ਪਿੱਛੋਂ ਦੁਰਾਨੀ (ਅਹਿਮਦਸ਼ਾਹ ਅਬਦਾਲੀ) ਨੇ ਵਾਪਸ ਮੁੜਦਿਆਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ। ਬਾਬਾ ਜੱਸਾ ਸਿੰਘ ਨੇ ਸਿਆਣਪ ਅਤੇ ਮੁਖੀ ਸਿੱਖ ਆਗੂ ਵਜੋਂ ਦਲ ਖ਼ਾਲਸਾ ਮੁੜ ਸੁਰਜੀਤ ਕੀਤਾ ਅਤੇ ਵੱਡੇ ਘੱਲੂਘਾਰੇ ਤੋਂ ਦੋ ਸਾਲ ਬਾਅਦ 1764 ਈ: ਵਿਚ ਸਰਹਿੰਦ ਉੱਤੇ ਹਮਲਾ ਕਰ ਕੇ ਅਫ਼ਗਾਨ ਫ਼ੌਜਦਾਰ ਜੈਨ ਖ਼ਾਂ ਨੂੰ ਮਾਰ ਕੇ ਸਾਰਾ ਸ਼ਹਿਰ ਨੇਸਤੋਨਾਬੂਦ ਕਰ ਦਿੱਤਾ।
ਬਾਬਾ ਜੱਸਾ ਸਿੰਘ ਨੇ ਪੂਰੇ ਉੱਤਰੀ ਭਾਰਤ ਵਿਚ ਇਕ ਬਹਾਦਰ, ਅਣਖੀ ਅਤੇ ਦਲੇਰ ਜਰਨੈਲ ਵਜੋਂ ਮੁਗ਼ਲ ਅਤੇ ਅਫ਼ਗਾਨ ਸ਼ਕਤੀ ਨੂੰ ਵੰਗਾਰ ਕੇ ਸਿੱਖਾਂ ਦੀ ਆਜ਼ਾਦ ਹੋਂਦ ਨੂੰ ਕਾਇਮ ਕੀਤਾ। ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਪਰਚਮ ਲਹਿਰਾਇਆ। ਅਠਾਰਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕਿਸੇ ਸਿੱਖ ਜਰਨੈਲ ਨੂੰ ਸੁਨਹਿਰੀ ਹਰਫ਼ਾਂ ਵਿਚ ਯਾਦ ਕੀਤਾ ਜਾਂਦਾ ਹੈ ਤਾਂ ਇਹ ਮਾਣ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਮਿਲਦਾ ਹੈ।
ਜਦੋਂ ਪੰਜ ਪਿਆਰਿਆਂ ਵਿਚ ਅੰਮ੍ਰਿਤ ਛਕਾਉਣ ਲਈ ਬਾਬਾ ਜੱਸਾ ਸਿੰਘ ਸ਼ਾਮਲ ਹੁੰਦੇ ਸਨ ਤਾਂ ਵਹੀਰਾਂ ਘੱਤ ਕੇ ਸੰਗਤ ਅੰਮ੍ਰਿਤਪਾਨ ਕਰਦੀ ਸੀ। ਪਟਿਆਲੇ ਦੇ ਰਾਜੇ ਅਮਰ ਸਿੰਘ ਨੇ ਇਨ੍ਹਾਂ ਦੇ ਹੱਥੋਂ ਖੰਡੇ ਦੀ ਪਾਹੁਲ ਲਈ ਸੀ। ਇਹ ਮਹਾਨ ਜਰਨੈਲ 20 ਅਕਤੂਬਰ 1783 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਸ ਸਮੇਂ ਦੇ ਮੁਖੀ ਸਿੱਖਾਂ ਨੇ ਇਨ੍ਹਾਂ ਦੀ ਸਮਾਧ ਗੁਰਦੁਆਰਾ ਬਾਬਾ ਅਟੱਲ ਰਾਇ ਦੇ ਨਜ਼ਦੀਕ ਅੰਮ੍ਰਿਤਸਰ ਵਿਖੇ ਬਣਵਾਈ। ਬਾਬਾ ਜੱਸਾ ਸਿੰਘ ਦੀ ਬਰਸੀ ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਹਰ ਸਾਲ ਮਨਾਈ ਜਾਂਦੀ ਹੈ। ਇਸ ਮਹਾਨ ਜਰਨੈਲ ਨੂੰ ਸਾਡਾ ਪ੍ਰਣਾਮ।
-ਭਗਵਾਨ ਸਿੰਘ ਜੌਹਲ