ਉਸ ਵੇਲੇ ਇਹ ਸਿਰਫ਼ ਗ਼ਜ਼ਲ ਨਹੀਂ ਸੀ। ਇਹ ਤਾਂ ਜਿਵੇਂ ਆਉਣ ਵਾਲੇ ਵਿਛੋੜੇ ਦੀ ਪੇਸ਼ੀਨਗੋਈ ਸੀ। ਕਿਸੇ ਨੂੰ ਕੀ ਪਤਾ ਸੀ ਕਿ ਅਗਲੇ ਹੀ ਦਿਨ ਇਹ ਸ਼ਬਦ ਪੰਜਾਬੀ ਅਦਬ ਦੀ ਕਿਸਮਤ ਬਣ ਜਾਣਗੇ। ਕਿਸੇ ਨੂੰ ਕੀ ਪਤਾ ਸੀ ਕਿ ਸੱਚਮੁੱਚ ਉਹ “ਤਾਰ” ਟੁੱਟਣ ਵਾਲੀ ਹੈ ਜੋ ਲੱਖਾਂ ਦਿਲਾਂ ਨੂੰ ਜੋੜਦੀ ਸੀ। ਉਸ ਗ਼ਜ਼ਲ ਦੌਰਾਨ ਪਾਤਰ ਸਾਬ੍ਹ ਦੇ ਚਿਹਰੇ ’ਤੇ ਇਕ ਅਜੀਬ ਜਿਹਾ ਸਕੂਨ ਸੀ। ਅੱਖਾਂ ’ਚ ਡੂੰਘਾਈ ਸੀ।

11 ਮਈ ਸਿਰਫ਼ ਕੈਲੰਡਰ ਦੀ ਇਕ ਤਰੀਕ ਨਹੀਂ, ਇਹ ਪੰਜਾਬੀ ਅਦਬ ਦੀ ਰੂਹ ’ਤੇ ਲੱਗਿਆ ਉਹ ਡੂੰਘਾ ਜ਼ਖ਼ਮ ਹੈ ਜੋ ਹਰ ਸੰਵੇਦਨਸ਼ੀਲ ਦਿਲ ਨੂੰ ਉਮਰ ਭਰ ਰੁਆਉਂਦਾ ਰਹੇਗਾ। ਇਹ ਉਹ ਦਿਨ ਸੀ ਜਦੋਂ ਪੰਜਾਬੀ ਮਾਂ ਬੋਲੀ ਦਾ ਸਭ ਤੋਂ ਮਿੱਠੜਾ ਅਤੇ ਰੂਹਾਂ ਨੂੰ ਛੂਹ ਲੈਣ ਵਾਲਾ ਸ਼ਾਇਰ ਡਾ. ਸੁਰਜੀਤ ਪਾਤਰ ਸਦਾ ਲਈ ਖ਼ਾਮੋਸ਼ ਹੋ ਗਿਆ। ਕਈ ਵਾਰ ਜ਼ਿੰਦਗੀ ਕੁਝ ਐਸੇ ਪਲ਼ ਬਖ਼ਸ਼ ਦਿੰਦੀ ਹੈ ਜੋ ਉਸ ਵੇਲੇ ਤਾਂ ਆਮ ਲੱਗਦੇ ਹਨ ਪਰ ਬਾਅਦ ’ਚ ਉਹੀ ਪਲ਼ ਯਾਦਾਂ ਦਾ ਸਭ ਤੋਂ ਵੱਡਾ ਦਰਦ ਬਣ ਜਾਂਦੇ ਹਨ। ਉਹ ਰਾਤ ਵੀ ਐਸੀ ਹੀ ਸੀ।
ਕੌਣ ਜਾਣਦਾ ਸੀ ਕਿ ਹਾਸਿਆਂ, ਗੀਤਾਂ ਅਤੇ ਯਾਰਾਂ ਦੀ ਉਸ ਮਹਿਫ਼ਲ ’ਚ ਦਰਅਸਲ ਇਕ ਅੰਤਿਮ ਵਿਦਾਈ ਲੁਕੀ ਬੈਠੀ ਹੈ। ਕੌਣ ਜਾਣਦਾ ਸੀ ਕਿ ਜਿਸ ਚਿਹਰੇ ਦੀ ਮੁਸਕਾਨ ਅਸੀਂ ਆਪਣੇ ਸਾਹਮਣੇ ਦੇਖ ਰਹੇ ਹਾਂ, ਉਹ ਸਵੇਰ ਹੋਣ ਤੱਕ ਸਿਰਫ਼ ਸਿਮਰਤੀ ਬਣ ਜਾਵੇਗੀ। ਦੁਪਹਿਰ ਦੇ ਕਰੀਬ ਦੋ ਢਾਈ ਵੱਜੇ ਹੋਣਗੇ। ਫੋਨ ਦੀ ਘੰਟੀ ਵੱਜੀ। ਜਸਵੰਤ ਸੰਦੀਲਾ ਭਾਅ ਜੀ ਸਨ, “ਲੋਹਟ, ਆਥਣੇ ਕੀ ਕਰ ਰਿਹਾ ਏਂ?’’ ਮੈਂ ਸਹਿਜੇ ਹੀ ਕਿਹਾ “ਕੁਝ ਨਹੀਂ ਭਾਜੀ, ਹੁਕਮ ਕਰੋ’’, “ਹਰਜਿੰਦਰ ਸਿੰਘ ਥਿੰਦ ਆ ਰਹੇ ਨੇ, ਮੈਂ ਤੇ ਸਦੀਕ ਸਾਬ੍ਹ ਵੀ ਆਵਾਂਗੇ, ਹੋ ਸਕਦਾ ਪਾਤਰ ਸਾਬ੍ਹ ਵੀ ਆ ਜਾਣ, ਤੂੰ ਵੀ ਆ ਜਾਈਂ, ਬਹਾਨੇ ਨਾਲ ਮਿਲ ਲਵਾਂਗੇ’’। “ਮਿਲ ਲਵਾਂਗੇ’’ ਉਸ ਵੇਲੇ ਇਹ ਸਧਾਰਣ ਜਿਹਾ ਸ਼ਬਦ ਸੀ, ਪਰ ਹੁਣ ਇਹ ਸ਼ਬਦ ਦਿਲ ਦੇ ਕਿਸੇ ਕੋਨੇ ’ਚ ਸਦੀਵੀ ਚੀਕ ਬਣ ਕੇ ਵਸ ਗਿਆ ਹੈ।
ਕਾਸ਼ ਉਸ ਵੇਲੇ ਪਤਾ ਹੁੰਦਾ ਕਿ ਇਹ “ਮਿਲਣਾ” ਆਖ਼ਰੀ ਮਿਲਾਪ ਹੋਵੇਗਾ, ਤਾਂ ਸ਼ਾਇਦ ਅਸੀਂ ਉਹ ਪਲ਼ ਆਪਣੀਆਂ ਧੜਕਣਾਂ ’ਚ ਕੈਦ ਕਰ ਲੈਂਦੇ। ਸ਼ਾਮ ਸੱਤ ਵਜੇ ਜਗਰਾਉਂ ਦੇ ਲੁਧਿਆਣਾ ਰੋਡ ’ਤੇ ਸਥਿਤ ਹੋਟਲ ਫਾਈਵ ਰੀਵਰ ਵਿਚ ਮਹਿਫ਼ਲ ਜੁੜੀ। ਜੀਐੱਸ ਪੀਟਰ ਮੇਜ਼ਬਾਨ ਸੀ। ਡਾ. ਪਾਤਰ ਉਸ ਦੀ ਆਵਾਜ਼ ਨੂੰ ਪਿਆਰ ਕਰਦੇ ਸਨ ਅਤੇ ਪੀਟਰ ਪਾਤਰ ਸਾਬ੍ਹ ਦੀ ਕਲਮ ਦਾ ਆਸ਼ਕ ਸੀ। ਹੋਟਲ ਦਾ ਮਾਲਕ ਬਲਦੇਵ ਬਾਵਾ ਵੀ ਫ਼ਨਕਾਰਾਂ ਦਾ ਦਿਲੋਂ ਕਦਰਦਾਨ ਸੀ। ਉਸ ਰਾਤ ਮਾਹੌਲ ਵਿਚ ਇਕ ਅਜੀਬ ਜਿਹਾ ਨਿੱਘ ਸੀ। ਮਹਿਫ਼ਲ ਪੂਰੇ ਰੰਗ ’ਚ ਸੀ।
ਮੈਂ ਜਦ ਪਹੁੰਚਿਆ ਤਾਂ ਲੱਗਿਆ ਜਿਵੇਂ ਰੂਹਾਂ ਦੀ ਕੋਈ ਜੰਨਤ ਸਜੀ ਹੋਵੇ। ਜੀਐੱਸ ਪੀਟਰ ਪਾਤਰ ਸਾਬ੍ਹ ਦੀ ਰਚਨਾ ਗਾ ਰਿਹਾ ਸੀ- “ਅਗਲੇ ਨੂੰ ਡੋਬ ਗਹਿਰਾ ਅਤੇ ਆਪ ਲੰਘ ਜਾਣਾ, ਭਿੱਜ ਜਾਣ ਜਦ ਦੋ ਰੂਹਾਂ, ਕੱਲਿਆਂ ਨਹੀਂ ਤਰੀਦਾ, ਏਦਾਂ ਨਹੀਂ ਕਰੀਦਾ’’। ਉਸ ਦੀ ਸੋਜ਼ਮਈ ਆਵਾਜ਼ ਨੇ ਮਾਹੌਲ ਨੂੰ ਇਕ ਅਜੀਬ ਜਿਹੀ ਉਦਾਸੀ ਨਾਲ ਭਰ ਦਿੱਤਾ। ਫਿਰ ਸਭ ਦੀਆਂ ਨਜ਼ਰਾਂ ਪਾਤਰ ਸਾਬ੍ਹ ਵੱਲ ਮੁੜ ਗਈਆਂ ਅਤੇ ਫਿਰ ਉਹ ਮਿਸ਼ਰੀ ਵਰਗੀ ਮਿੱਠੀ, ਰੂਹ ਨੂੰ ਛੂਹ ਲੈਣ ਵਾਲੀ ਆਵਾਜ਼ ਗੂੰਜੀ- “ਹੁੰਦਾ ਸੀ ਇਹ ਸ਼ਖ਼ਸ ਇਕ ਸੱਚਾ ਕਿੱਧਰ ਗਿਆ, ਇਸ ਪੱਥਰਾਂ ਦੇ ਸ਼ਹਿਰ ਵਿਚ ਸ਼ੀਸ਼ਾ ਕਿੱਧਰ ਗਿਆ, ਜਦ ਦੋ ਦਿਲਾਂ ਨੂੰ ਜੋੜਦੀ ਇਕ ਤਾਰ ਟੁੱਟ ਗਈ, ਸਾਜਿੰਦੇ ਪੁੱਛਦੇ ਸਾਜ਼ ਨੂੰ ਨਗ਼ਮਾ ਕਿੱਧਰ ਗਿਆ’’।
ਉਸ ਵੇਲੇ ਇਹ ਸਿਰਫ਼ ਗ਼ਜ਼ਲ ਨਹੀਂ ਸੀ। ਇਹ ਤਾਂ ਜਿਵੇਂ ਆਉਣ ਵਾਲੇ ਵਿਛੋੜੇ ਦੀ ਪੇਸ਼ੀਨਗੋਈ ਸੀ। ਕਿਸੇ ਨੂੰ ਕੀ ਪਤਾ ਸੀ ਕਿ ਅਗਲੇ ਹੀ ਦਿਨ ਇਹ ਸ਼ਬਦ ਪੰਜਾਬੀ ਅਦਬ ਦੀ ਕਿਸਮਤ ਬਣ ਜਾਣਗੇ। ਕਿਸੇ ਨੂੰ ਕੀ ਪਤਾ ਸੀ ਕਿ ਸੱਚਮੁੱਚ ਉਹ “ਤਾਰ” ਟੁੱਟਣ ਵਾਲੀ ਹੈ ਜੋ ਲੱਖਾਂ ਦਿਲਾਂ ਨੂੰ ਜੋੜਦੀ ਸੀ। ਉਸ ਗ਼ਜ਼ਲ ਦੌਰਾਨ ਪਾਤਰ ਸਾਬ੍ਹ ਦੇ ਚਿਹਰੇ ’ਤੇ ਇਕ ਅਜੀਬ ਜਿਹਾ ਸਕੂਨ ਸੀ। ਅੱਖਾਂ ’ਚ ਡੂੰਘਾਈ ਸੀ। ਲੱਗਦਾ ਸੀ ਜਿਵੇਂ ਉਹ ਆਪਣੇ ਸ਼ਬਦਾਂ ਰਾਹੀਂ ਆਪਣੀ ਰੂਹ ਸਾਡੇ ਹਵਾਲੇ ਕਰ ਰਹੇ ਹੋਣ। ਫਿਰ ਜਸਵੰਤ ਸੰਦੀਲਾ ਨੇ ਆਪਣੇ ਅੰਦਾਜ਼ ’ਚ ਗਾਇਆ- “ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਮੁਰਝਾ ਗਏ ਸਾਂ ਪਰ ਟੁੱਟੇ ਨਹੀਂ’’। ਇਹ ਬੋਲ ਅੱਜ ਸੁਣੀਏ ਤਾਂ ਦਿਲ ਹੋਰ ਵੀ ਵੱਧ ਟੁੱਟਦਾ ਹੈ।
ਫਿਰ ਮੁਹੰਮਦ ਸਦੀਕ ਸਾਬ੍ਹ ਨੇ ਆਪਣੇ ਟੋਟਕਿਆਂ ਨਾਲ ਮਹਿਫ਼ਲ ਵਿਚ ਹਾਸਿਆਂ ਦੀਆਂ ਫੁੱਲਝੜੀਆਂ ਬਿਖੇਰ ਦਿੱਤੀਆਂ। ਹਰਜਿੰਦਰ ਸਿੰਘ ਥਿੰਦ ਬੱਚਿਆਂ ਵਾਂਗ ਨਿਰਛਲ ਹੱਸ ਰਹੇ ਸਨ। ਉਹ ਰਾਤ ਜਿਵੇਂ ਜ਼ਿੰਦਗੀ ਦਾ ਸਭ ਤੋਂ ਸੋਹਣਾ ਪਲ਼ ਸੀ। ਲੱਗਦਾ ਸੀ ਸਮਾਂ ਠਹਿਰ ਜਾਵੇ। ਇਹ ਮਹਿਫ਼ਲ ਕਦੇ ਖ਼ਤਮ ਨਾ ਹੋਵੇ। ਪਰ ਹਰ ਮਿਲਾਪ ਦੀ ਕਿਸਮਤ ’ਚ ਵਿਛੋੜਾ ਲਿਖਿਆ ਹੁੰਦਾ ਹੈ। ਜਦੋਂ ਪਾਤਰ ਸਾਬ੍ਹ ਜਾਣ ਲੱਗੇ ਤਾਂ ਉਹ ਹਰ ਇਕ ਨੂੰ ਘੁੱਟ ਕੇ ਮਿਲੇ। ਉਨ੍ਹਾਂ ਦੀਆਂ ਜੱਫੀਆਂ ਵਿਚ ਅਜੀਬ ਜਿਹਾ ਨਿੱਘ ਸੀ।
ਜਿਵੇਂ ਕੋਈ ਆਪਣਾ ਬਹੁਤ ਦੂਰ ਜਾਣ ਤੋਂ ਪਹਿਲਾਂ ਆਖ਼ਰੀ ਵਾਰ ਮਿਲਦਾ ਹੋਵੇ। ਸਦੀਕ ਸਾਬ੍ਹ ਨੇ ਉਨ੍ਹਾਂ ਨੂੰ ਘੁੱਟ ਕੇ ਜੱਫੀ ਪਾਈ। ਸੰਦੀਲਾ ਭਾਅ ਜੀ ਮਿਲੇ। ਮੈਂ ਚਰਨ ਛੂਹੇ। ਪਰ ਅਗਲੀ ਸਵੇਰੇ ਫੇਸਬੁੱਕ ’ਤੇ ਸਦੀ ਦੇ ਮਹਾਂਕਵੀ ਪਾਤਰ ਦੇ ਅਕਾਲ ਚਲਾਣੇ ਦੀ ਕਨਸੋਅ ਮਿਲੀ। “ਮਹਾਨ ਸ਼ਾਇਰ ਸੁਰਜੀਤ ਪਾਤਰ ਨਹੀਂ ਰਹੇ’’। ਇੰਝ ਲੱਗਾ ਜਿਵੇਂ ਅੰਦਰ ਕੁਝ ਟੁੱਟ ਗਿਆ ਹੋਵੇ। ਪਾਤਰ ਸਾਡੇ ਵਿਚਕਾਰ ਨਹੀ ਹਨ ਪ੍ਰੰਤੂ ਉਨ੍ਹਾਂ ਦੀਆਂ ਲਿਖਤਾਂ ਅਮਰ ਨੇ ਅਤੇ ਅਮਰ ਰਹਿਣਗੀਆਂ, ਸਦਾ ਹੀ।
-ਕੁਲਦੀਪ ਸਿੰਘ ਲੋਹਟ
ਸੰਪਰਕ : 9876492410