ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਲਹਿਰਾਂ ’ਚੋਂ ਪ੍ਰਮੁੱਖ ਗ਼ਦਰ ਲਹਿਰ ਹੈ। ਇਸ ਲਹਿਰ ਨੇ ਅਨੇਕ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਜਾਨ ਜੋਖ਼ਮ ਵਿਚ ਪਾ ਕੇ ਕੁਰਬਾਨੀਆਂ ਦੀ ਝੜੀ ਲਾ ਦਿੱਤੀ ਸੀ। ਇਸ ਲਹਿਰ ਦੇ ਦਿਮਾਗ ਸਮਝੇ ਜਾਣ ਵਾਲੇ ਪ੍ਰਮੁੱਖ ਆਗੂਆਂ ਵਿੱਚੋਂ ਇਕ ਸਨ ਬਾਬਾ ਜਵਾਲਾ ਸਿੰਘ ਠੱਠੀਆਂ। ਇਸ ਬਹਾਦਰ ਗ਼ਦਰੀ ਬਾਬੇ ਦਾ ਜਨਮ 1866 ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਠੱਠੀਆਂ ਵਿਖੇ ਕਨ੍ਹੱਈਆ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ।

ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਲਹਿਰਾਂ ’ਚੋਂ ਪ੍ਰਮੁੱਖ ਗ਼ਦਰ ਲਹਿਰ ਹੈ। ਇਸ ਲਹਿਰ ਨੇ ਅਨੇਕ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਜਾਨ ਜੋਖ਼ਮ ਵਿਚ ਪਾ ਕੇ ਕੁਰਬਾਨੀਆਂ ਦੀ ਝੜੀ ਲਾ ਦਿੱਤੀ ਸੀ। ਇਸ ਲਹਿਰ ਦੇ ਦਿਮਾਗ ਸਮਝੇ ਜਾਣ ਵਾਲੇ ਪ੍ਰਮੁੱਖ ਆਗੂਆਂ ਵਿੱਚੋਂ ਇਕ ਸਨ ਬਾਬਾ ਜਵਾਲਾ ਸਿੰਘ ਠੱਠੀਆਂ। ਇਸ ਬਹਾਦਰ ਗ਼ਦਰੀ ਬਾਬੇ ਦਾ ਜਨਮ 1866 ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਠੱਠੀਆਂ ਵਿਖੇ ਕਨ੍ਹੱਈਆ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ। ਉਹ ਤੰਗੀਆਂ-ਤੁਰਸ਼ੀਆਂ ਵਾਲੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ 40 ਕੁ ਸਾਲ ਦੀ ਉਮਰ ਵਿਚ ਘਰ ਛੱਡ ਕੇ ਵਿਦੇਸ਼ ਵੱਲ ਨੂੰ ਚੱਲ ਪਿਆ। ਚੀਨ, ਪਨਾਮਾ ਅਤੇ ਮੈਕਸੀਕੋ ਹੁੰਦਾ ਹੋਇਆ 1908 ’ਚ ਕੈਲੀਫੋਰਨੀਆ (ਅਮਰੀਕਾ) ਪਹੁੰਚ ਗਿਆ। ਉੱਥੇ ਪੁੱਜ ਕੇ ਇਨ੍ਹਾਂ ਦਾ ਮਿਲਾਪ ਬਾਬਾ ਵਿਸਾਖਾ ਸਿੰਘ ਨਾਲ ਹੋਇਆ। ਇਨ੍ਹਾਂ ਦੋਵਾਂ ਨੇ ਰਲ ਕੇ ਆਪ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਕਰਨ ਦੀ ਸੋਚ ਪੂਰੀ ਕਰਨ ਖ਼ਾਤਰ ਉੱਥੇ ਪੰਜ ਸੌ ਏਕੜ ਦਾ ਫਾਰਮ ਹਾਊਸ ਠੇਕੇ ਉੱਤੇ ਲੈ ਕੇ ਆਲੂ ਦੀ ਖੇਤੀ ਸ਼ੁਰੂ ਕੀਤੀ। ਧਾਰਮਿਕ, ਸੱਭਿਆਚਾਰਕ ਤੇ ਸਮਾਜਿਕ ਭੁੱਖ ਨੂੰ ਦੂਰ ਕਰਨ ਲਈ ਉਹ ਫਾਰਮ ਹਾਊਸ ਹੌਲੀ-ਹੌਲੀ ਪਰਵਾਸੀ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਦੇ ਮੇਲ-ਜੋਲ ਦਾ ਕੇਂਦਰ ਬਣ ਗਿਆ। ਉਨ੍ਹਾਂ ਨੇ ਬਾਬਾ ਵਿਸਾਖਾ ਸਿੰਘ ਨਾਲ ਮਿਲ ਕੇ ਪਰਵਾਸੀ ਭਾਰਤੀਆਂ ਨੂੰ ਉਚੇਰੀ ਤਾਲੀਮ ਦੇਣ ਲਈ ਗੁਰੂ ਨਾਨਕ ਐਜੂਕੇਸ਼ਨਲ ਸੁਸਾਇਟੀ ਦੀ ਸਥਾਪਨਾ ਕਰ ਕੇ ਅਮਰੀਕਾ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਚਾਰ ਵਿਦਿਆਰਥੀਆਂ ਨੂੰ ਸੱਦਾ-ਪੱਤਰ ਭੇਜੇ। ਇਨ੍ਹਾਂ ਸਾਰੇ ਆਗੂਆਂ ਦੀ ਇੱਕੋ ਸੋਚ ਸੀ, ਸਿੱਖਿਆਂ ਤੋਂ ਬਿਨਾਂ ਗੁਲਾਮੀ ਤੇ ਗ਼ਰੀਬੀ ਤੋਂ ਕਦੇ ਵੀ ਛੁਟਕਾਰਾ ਨਹੀਂ ਮਿਲ ਸਕਦਾ। ਸੰਨ 1913 ’ਚ ਬਾਬਾ ਜਵਾਲਾ ਸਿੰਘ ਨੂੰ ਇੰਡੀਅਨ ਐਸੋਸੀਏਸ਼ਨ ਦੀ ਕੈਲੀਫੋਰਨੀਆ ਸ਼ਾਖਾ ਦਾ ਮੀਤ ਪ੍ਰਧਾਨ ਬਣਾਇਆ ਗਿਆ। ਇਸ ਤੋਂ ਛੇਤੀ ਪਿੱਛੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਬਾਬਾ ਜਵਾਲਾ ਸਿੰਘ ਨੇ ਆਪਣੇ ਸਾਥੀਆਂ ਬਾਬਾ ਵਿਸਾਖਾ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ ਨਾਲ ਜੁੜ ਕੇ ਪੈਸੇਫਿਕ ਸਮੁੰਦਰ ਤੱਟ ਦੇ ਨਾਲ ਵਸਦੇ ਪਰਵਾਸੀਆਂ ਨੂੰ ਅੰਗਰੇਜ਼ ਹਕੂਮਤ ਤੋਂ ਆਪਣਾ ਦੇਸ਼ ਆਜ਼ਾਦ ਕਰਵਾਉਣ ਲਈ ਹੱਲਾਸ਼ੇਰੀ ਦੇਣ ਅਤੇ ਜਾਗਰੂਕ ਕਰਨ ਲਈ ਪ੍ਰਚਾਰ ਦੌਰਾ ਸ਼ੁਰੂ ਕੀਤਾ।
ਸ਼ਸਤਰਬੱਧ ਕ੍ਰਾਂਤੀ ਲਈ ਗ਼ਦਰ ਲਹਿਰ ਦੀ ਸਥਾਪਨਾ ਕੀਤੀ। ਉਨ੍ਹਾਂ ਦੀ ਸੋਚ ਸੀ ਕਿ ਨੌਜਵਾਨਾਂ ਨੂੰ ਹਥਿਆਰਬੰਦ ਕਰ ਕੇ ਅੰਗਰੇਜ਼ ਹਕੂਮਤ ਨਾਲ ਦੋ ਹੱਥ ਕਰਨੇ ਪੈਣਗੇ। ਇਸ ਮਕਸਦ ਲਈ ਗ਼ਦਰ ਲਹਿਰ ਨਾਂ ਦਾ ਮੈਗਜ਼ੀਨ ਅੰਗਰੇਜ਼ੀ, ਪੰਜਾਬੀ ਤੋਂ ਇਲਾਵਾ ਹੋਰ ਦੇਸੀ ਭਾਸ਼ਾਵਾਂ ਵਿਚ ਵੀ ਛਾਪਣਾ ਸ਼ੁਰੂ ਕੀਤਾ। ਬਾਬਾ ਜਵਾਲਾ ਸਿੰਘ ਬਾਕੀ ਗ਼ਦਰੀ ਬਾਬਿਆਂ ਨਾਲ 29 ਅਗਸਤ 1914 ਨੂੰ ਸਾਨ ਫਰਾਂਸਿਸਕੋ ਤੋਂ ਜਾਪਾਨ, ਹਾਂਗਕਾਂਗ, ਸਿੰਗਾਪੁਰ ਹੁੰਦੇ ਹੋਏ ਭਾਰਤ ਪੁੱਜੇ। ਜਦੋਂ ਉਹ 29 ਅਕਤੂਬਰ 1914 ਨੂੰ ਕਲਕੱਤੇ ਪੁੱਜੇ ਤਾਂ ਉਤਰਦਿਆਂ ਹੀ ਅੰਗਰੇਜ਼ ਹਕੂਮਤ ਨੇ ਬਾਕੀ ਸਾਥੀਆਂ ਸਮੇਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਉੱਪਰ ਵੀ ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਮੁਕੱਦਮਾ ਚਲਾਇਆ ਗਿਆ।
ਇਸ ਮਹਾਨ ਯੋਧੇ ਨੂੰ 13 ਸਤੰਬਰ 1915 ਨੂੰ ਜੀਵਨ ਭਰ ਲਈ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। ਨਾਲ ਹੀ ਸਾਰੀ ਜਾਇਦਾਦ ਵੀ ਜ਼ਬਤ ਕਰ ਲਈ ਗਈ। ਉਨ੍ਹਾਂ ਨੇ ਅਠਾਰਾਂ ਸਾਲ ਜੇਲ੍ਹ ਦੇ ਸਖ਼ਤ ਤਸੀਹੇ ਝੱਲਦਿਆਂ ਬਤੀਤ ਕੀਤੇ ਤੇ ਉਮਰ ਦਾ ਬੇਸ਼ਕੀਮਤੀ ਅਰਸਾ ਗ਼ਦਰ-ਲਹਿਰ ਨੂੰ ਭੇਟ ਕੀਤਾ। ਉਹ ਇੱਕੋ-ਇੱਕ ਖ਼ਾਹਿਸ਼ ਲੈ ਕੇ ਚੱਲੇ ਸਨ ਕਿ ਦੇਸ਼ ਨੂੰ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣਾ ਹੈ। ਉਹ ਜਦੋਂ 1933 ਵਿਚ ਰਿਹਾਅ ਹੋਏ ਤਾਂ ਸਦੀਆਂ ਤੋਂ ਨਪੀੜੇ ਜਾ ਰਹੇ ਕਿਸਾਨਾਂ ਦੇ ਹਿੱਤਾਂ ਲਈ ਸੰਘਰਸ਼ ਵਿਚ ਜੁਟ ਗਏ। ਪੰਜਾਬੀ ਪੱਤ੍ਰਿਕਾ ‘ਕਿਰਤੀ’ ਲਈ ਕਾਰਜਸ਼ੀਲ ਵੀ ਰਹੇ। ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਵੀ ਬਣਾਏ ਗਏ। ਸੰਨ 1935 ’ਚ ਉਨ੍ਹਾਂ ਨੂੰ ਮੁੜ ਕਿਸਾਨ ਅੰਦੋਲਨ ਵਿਚ ਗ੍ਰਿਫ਼ਤਾਰ ਕਰ ਕੇ ਇਕ ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ। ਜ਼ਿੰਦਗੀ ਦਾ ਵੱਡਾ ਹਿੱਸਾ ਤਸੀਹੇ ਝੱਲ ਕੇ, ਉਹ ਚਾਹੁੰਦੇ ਸਨ ਕਿ ਆਪਣੇ ਜੀਵਨ ਦਾ ਪਲ-ਪਲ ਲੋਕ ਹਿੱਤਾਂ ਲਈ ਬਤੀਤ ਕੀਤਾ ਜਾਵੇ। ਨੌਂ ਮਈ 1938 ਨੂੰ ਇਹ ਮਹਾਨ ਕ੍ਰਾਂਤੀਕਾਰੀ ਸਰਬਹਿੰਦ ਕਿਸਾਨ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਬੰਗਾਲ ਜਾ ਰਿਹਾ ਸੀ ਕਿ ਰਸਤੇ ਵਿਚ ਜਾਂਦਿਆਂ ਇਕ ਗੰਭੀਰ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਹ ਮਹਾਨ ਕ੍ਰਾਂਤੀਕਾਰੀ ਗ਼ਦਰੀ ਬਾਬਾ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ।
-ਭਗਵਾਨ ਸਿੰਘ ਜੌਹਲ।
-ਮੋਬਾਈਲ : 98143-24040