ਕਈ ਵਾਰ ਕਿਸਾਨਾਂ, ਆਮ ਲੋਕਾਂ ਜਾਂ ਵੋਟਰਾਂ ਨੂੰ ਭੇਡਾਂ-ਬੱਕਰੀਆਂ ਵਰਗੀਆਂ ਉਪਮਾਵਾਂ ਨਾਲ ਜੋੜਨਾ ਵੀ ਵਿਵਾਦਾਂ ਦਾ ਕਾਰਨ ਬਣਿਆ ਹੈ। ਪੰਜਾਬ ਦੀ ਰਾਜਨੀਤੀ ’ਚ ਲੀਡਰਾਂ ਦਾ ਇਕ-ਦੂਜੇ ਨੂੰ ਗੱਦਾਰ, ਦਲਿਤ ਵਿਰੋਧੀ, ਰਬੜ ਦੀਆਂ ਮੋਹਰਾਂ ਤੇ ਹੋਰ ਤਿੱਖੇ ਸ਼ਬਦ ਬੋਲਣੇ ਆਮ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਅਜਿਹਾ ਬੋਲਣ ਵਾਲੇ ਇਹ ਚਿਹਰੇ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨੂੰ ਨੌਜਵਾਨ ਆਪਣਾ ‘ਰੋਲ ਮਾਡਲ’ ਮੰਨਦੇ ਹਨ।

ਤੁਸੀਂ ਜ਼ਿੰਦਗੀ ’ਚ ਕਿਹੜੀ ਗੱਲ ਕਦੋਂ ਤੇ ਕਿਵੇਂ ਬੋਲਦੇ ਹੋ, ਇਸ ਦਾ ਆਪਣਾ ਹੀ ਮਹੱਤਵ ਹੈ। ਬੋਲਦੇ ਸਮੇਂ ਜੇਕਰ ਜ਼ੁਬਾਨ ’ਤੇ ਕਾਬੂ ਰੱਖਿਆ ਜਾਵੇ ਤਾਂ ਇਸ ਦੇ ਤਿਲਕਣ ਦੇ ਮੌਕੇ ਘੱਟ ਹੁੰਦੇ ਹਨ। ਬੋਲ-ਬਾਣੀ ਨੂੰ ‘ਤੋਲ ਬੋਲ’ ਦੀ ਕਸਵੱਟੀ ’ਤੇ ਪਰਖਣ ਵਾਲਾ ਵਿਅਕਤੀ ਲੋਕਾਂ ਦੀ ਕਚਿਹਰੀ ’ਚ ਮਾਣ-ਸਤਿਕਾਰ ਦਾ ਪਾਤਰ ਬਣਦਾ ਹੈ। ਖ਼ਾਸਕਰ ਸਿਆਸਤਦਾਨਾਂ ਲਈ ਇਹ ਗੱਲ ਆਮ ਪ੍ਰਚਲਤ ਹੈ ਕਿ ਇਹ ਬਹੁਤੇ ਮੌਕਿਆਂ ’ਤੇ ਸੋਚ ਕੇ ਨਹੀਂ ਬੋਲਦੇ। ਇਹੀ ਇਨ੍ਹਾਂ ਦੀ ਸੋਭਾ ਤੇ ਕਿਰਕਿਰੀ ਦਾ ਕਾਰਨ ਬਣਦਾ ਹੈ। ਤਾਜ਼ਾ ਮਾਮਲੇ ’ਚ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦਲਿਤ ਭਾਈਚਾਰੇ ਨੂੰ ਲੈ ਕੇ ਦਿੱਤਾ ਗਿਆ ਇਕ ਕਥਿਤ ਆਡੀਓ ਬਿਆਨ ਚਰਚਾ ’ਚ ਹੈ।
ਇਸ ਮਾਮਲੇ ਦਾ ਸੂ ਮੋਟੋ ਲੈਂਦਿਆ ਐੱਸਸੀ ਕਮਿਸ਼ਨ ਵੜਿੰਗ ’ਤੇ ਸਖ਼ਤੀ ਕਰਨ ਦੇ ਰੌਂਅ ’ਚ ਹੈ। ਦੂਜੇ ਪਾਸੇ, ਐੱਸਐੱਸਪੀ ਨੂੰ ਵੀ ਤਲਬ ਕੀਤਾ ਗਿਆ ਹੈ। ਕਮਿਸ਼ਨ ਨੇ ਇਹ ਕਾਰਵਾਈ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਵੱਲੋਂ ਭੇਜੇ ਗਏ ਸੰਦੇਸ਼ ਦੇ ਆਧਾਰ ’ਤੇ ਕੀਤੀ ਹੈ। ਹਾਲਾਂਕਿ ਰਾਜਾ ਵੜਿੰਗ ਨੇ ਫ਼ਰਜ਼ੀ ਆਡੀਓ ਵਾਇਰਲ ਕਰਨ ਖ਼ਿਲਾਫ਼ ਡੀਜੀਪੀ ਤੇ ਐੱਸਈਸੀ ਨੂੰ ਸ਼ਿਕਾਇਤ ਕੀਤੀ ਹੈ।
ਇਹ ਆਡੀਓ ਕਲਿੱਪ ਸੱਚੀ ਜਾਂ ਝੂਠੀ ਹੈ, ਇਹ ਜਾਂਚ ਦਾ ਵਿਸ਼ਾ ਹੈ ਪਰ ਵੜਿੰਗ ਵਿਵਾਦਾਂ ’ਚ ਘਿਰਦੇ ਜ਼ਰੂਰ ਨਜ਼ਰ ਆ ਰਹੇ ਹਨ। ਉਂਜ ਵੀ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਵੜਿੰਗ ਬੋਲਦੇ ਸਮੇਂ ਕਿਸੇ ਖ਼ਾਸ ਫ਼ਿਰਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰ ਗਏ ਹੋਣ। ਇਸ ਤੋਂ ਪਹਿਲਾਂ ਉਹ ਸਾਬਕਾ ਕੇਂਦਰੀ ਮੰਤਰੀ ਮਰਹੂਮ ਬੂਟਾ ਸਿੰਘ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਕਾਰਨ ਨਿਸ਼ਾਨੇ ’ਤੇ ਆਏ ਸਨ। ਫਿਰ ਜਦੋਂ ਚਾਰੇ ਪਾਸਿਓਂ ਵਿਰੋਧ ਹੋਇਆ ਤਾਂ ਬਿਨਾਂ ਸ਼ਰਤ ਮੁਆਫ਼ੀ ਮੰਗ ਗਏ। ਸਿਆਸਤ ਦੇ ਹੋਰ ਵੀ ਵੱਡੇ ਚਿਹਰੇ ਇਕ-ਦੂਜੇ ਖ਼ਿਲਾਫ਼ ਚੁੱਭਵੀਂ ਭਾਸ਼ਾ ਵਰਤਣ ਕਰਕੇ ਲੋਕਾਂ ਦਾ ਧਿਆਨ ਖਿੱਚਦੇ ਹਨ। ਮੌਜੂਦਾ ਸਰਕਾਰ ਦੇ ਸਾਬਕਾ ਮੰਤਰੀ ਤੇ ਇਸ ਵੇਲੇ ਜੇਲ੍ਹ ’ਚ ਬੰਦ ਲਾਲਜੀਤ ਭੁੱਲਰ ਵੀ ਆਪਣੇ ਜਾਤੀ ਅਧਾਰਿਤ ਬਿਆਨਾਂ ਕਾਰਨ ਚਰਚਾ ’ਚ ਆਏ ਸਨ।
ਕਈ ਵਾਰ ਕਿਸਾਨਾਂ, ਆਮ ਲੋਕਾਂ ਜਾਂ ਵੋਟਰਾਂ ਨੂੰ ਭੇਡਾਂ-ਬੱਕਰੀਆਂ ਵਰਗੀਆਂ ਉਪਮਾਵਾਂ ਨਾਲ ਜੋੜਨਾ ਵੀ ਵਿਵਾਦਾਂ ਦਾ ਕਾਰਨ ਬਣਿਆ ਹੈ। ਪੰਜਾਬ ਦੀ ਰਾਜਨੀਤੀ ’ਚ ਲੀਡਰਾਂ ਦਾ ਇਕ-ਦੂਜੇ ਨੂੰ ਗੱਦਾਰ, ਦਲਿਤ ਵਿਰੋਧੀ, ਰਬੜ ਦੀਆਂ ਮੋਹਰਾਂ ਤੇ ਹੋਰ ਤਿੱਖੇ ਸ਼ਬਦ ਬੋਲਣੇ ਆਮ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਅਜਿਹਾ ਬੋਲਣ ਵਾਲੇ ਇਹ ਚਿਹਰੇ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨੂੰ ਨੌਜਵਾਨ ਆਪਣਾ ‘ਰੋਲ ਮਾਡਲ’ ਮੰਨਦੇ ਹਨ।
ਇਹ ਲੀਡਰ ਕੀ ਬੋਲਦੇ ਹਨ, ਕਿਵੇਂ ਰਹਿੰਦੇ ਹਨ, ਕਿਵੇਂ ਗੱਲ ਕਰਦੇ ਹਨ ਅਤੇ ਇਨ੍ਹਾਂ ਦਾ ਸਮਾਜ ’ਚ ਤੁਰਨਾ-ਫਿਰਨਾ ਕਿਹੋ ਜਿਹਾ ਹੈ, ਇਹ ਸਾਰਾ ਕੁਝ ਨੌਜਵਾਨ ਦੇਖਦੇ ਹਨ ਤੇ ਸਿੱਖਦੇ ਵੀ ਹਨ। ਜਦੋਂ ਇਹੀ ਲੋਕ ਬੋਲਣ ਦੀ ਮਰਿਆਦਾ ਭੁੱਲਦੇ ਹਨ ਤਾਂ ਜ਼ਰੂਰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਇਨ੍ਹਾਂ ਦੀ ਕਹਿਣੀ ਤੇ ਕਥਨੀ ’ਚ ਇੰਨਾ ਫ਼ਰਕ ਕਿਉਂ ਹੈ। ਆਪਣੇ ਰਸੂਖ਼ ਤੇ ਪ੍ਰਭਾਵ ਪਿੱਛੇ ‘ਜ਼ਮੀਨ’ ਛੱਡ ਜਾਣ ਵਾਲੇ ਅਦਾਕਾਰੀ ਦੇ ਵੱਡੇ ਚਿਹਰੇ ਵੀ ਕਈ ਵਾਰ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਬੋਲੇ ਗਏ ਡਾਇਲਾਗ ਜਨਤਾ ਖ਼ਾਸਕਰ ਨੌਜਵਾਨਾਂ ’ਤੇ ਕੀ ਅਸਰ ਪਾ ਸਕਦੇ ਹਨ।
ਸਵਾਲ ਇਹ ਵੀ ਹੈ ਕਿ ਸੌੜੀ ਮਾਨਸਿਕਤਾ ਨਾਲ ਅਜਿਹੇ ਡਾਇਲਾਗ ਲਿਖੇ ਹੀ ਕਿਉਂ ਜਾ ਰਹੇ ਹਨ, ਜਿਨ੍ਹਾਂ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਮੁੱਕਦੀ ਗੱਲ, ਸਮਾਜ ਦਾ ਚਿਹਰਾ ਅੱਖਾਂ ਅੱਗੇ ਰੱਖ ਕੇ ਬੋਲਿਆ ਤੇ ਲਿਖਿਆ ਗਿਆ ਸ਼ਬਦ ਹੀ ਇਨਸਾਨ ਨੂੰ ਸਿਖ਼ਰ ’ਤੇ ਪਹੁੰਚਾ ਸਕਦਾ ਹੈ, ਨਹੀਂ ਤਾਂ ਮੂੰਹ ਭਾਰ ਡਿੱਗਦਿਆਂ ਮਿੰਟ ਨਹੀਂ ਲੱਗਦਾ।