ਜਦੋਂ ਸੋਸ਼ਲ ਮੀਡੀਆ ਨੇ ਨਵੇਂ-ਨਵੇਂ ਪੈਰ ਪਸਾਰੇ ਤਾਂ ਹਰ ਕੋਈ ਇਸ ਦਾ ਪ੍ਰਸ਼ੰਸਕ ਸੀ ਕਿਉਂਕਿ ਇਸ 'ਤੇ ਦਿਖਾਈਆਂ ਜਾਣ ਵਾਲੀਆਂ ਸੱਚੀਆਂ ਘਟਨਾਵਾਂ ਨੇ ਲੋਕਾਂ ਦਾ ਧਿਆਨ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਵੱਲੋਂ ਹਟਾ ਕੇ ਆਪਣੇ ਵੱਲ ਖਿੱਚ ਲਿਆ ਸੀ। ਛੇਤੀ ਹੀ ਸੋਸ਼ਲ ਮੀਡੀਆ ਨੇ ਲੋਕਾਂ ਦੀ ਨਜ਼ਰ 'ਚ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਕਿਉਂਕਿ ਕੁੱਝ ਲੋਕਾਂ ਵੱਲੋਂ ਪਰੋਸੀ ਜਾਣ ਵਾਲੀ ਘਟੀਆ ਕਿਸਮ ਦੀ ਸਮੱਗਰੀ ਨੇ ਸਾਫ਼ ਕਿਰਦਾਰਾਂ ਵਾਲੇ ਲੋਕਾਂ ਦੇ ਦਿਲਾਂ 'ਚ ਸੋਸ਼ਲ ਮੀਡੀਆ ਪ੍ਰਤੀ ਘਿਰਣਾ ਪੈਦਾ ਕਰ ਦਿੱਤੀ। ਚੋਣਾਂ ਸਮੇਂ ਵੀ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਰਹਿੰਦੇ ਲੋਕਾਂ ਨੂੰ ਗੁਮਰਾਹ ਕਰਨ 'ਚ ਸੋਸ਼ਲ ਮੀਡੀਆ ਵਰਤਣ ਵਾਲੇ ਕਰਿੰਦੇ ਆਪਣਾ ਯੋਗਦਾਨ ਪਾ ਕੇ ਆਮ ਜਨਤਾ ਨੂੰ ਉਲਝਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਦੇ। ਨੌਜਵਾਨ ਘੰਟਿਆਂਬੱਧੀ ਸੋਸ਼ਲ ਮੀਡੀਆ 'ਤੇ ਆਪਣੇ ਮੁੱਲਵਾਨ ਸਮੇਂ ਨੂੰ ਅਜਾਈਂ ਗੁਆ ਰਹੇ ਹਨ। ਬੇਸ਼ੱਕ ਇਨ੍ਹਾਂ ਨੌਜਵਾਨਾਂ ਨੂੰ ਇਸ ਗੱਲ ਦਾ ਇਲਮ ਕੁਝ ਸਾਲਾਂ ਬਾਅਦ ਲੱਗੇਗਾ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਕੀਮਤੀ ਸਮੇਂ ਨੂੰ ਭੰਗ ਦੇ ਭਾੜੇ ਗੁਆ ਦਿੱਤਾ ਪਰ ਉਸ ਵਕਤ ਕੀਤੇ ਗਏ ਪਛਤਾਵੇ ਦਾ ਉਨ੍ਹਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਣਾ। ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ 'ਚ ਪੜ੍ਹਨ ਗਿਆ ਵਿਦਿਆਰਥੀ ਵਰਗ ਪੜ੍ਹਾਈ ਦੇ ਸਮੇਂ ਦੌਰਾਨ ਵੀ ਸੋਸ਼ਲ ਮੀਡੀਆ 'ਤੇ ਰੁੱਝਿਆ ਰਹਿੰਦਾ ਹੈ। ਸੋਸ਼ਲ ਮੀਡੀਆ ਦਾ ਭਵਿੱਖ ਤਾਂ ਬੁਲੰਦੀਆਂ ਨੂੰ ਛੂੰਹਦਾ ਜਾ ਰਿਹਾ ਹੈ ਜਦਕਿ ਸਾਡੇ ਦੇਸ਼ ਦਾ ਭਵਿੱਖ ਨੌਜਵਾਨ ਦਲਦਲ 'ਚ ਫਸੇ ਬੰਦੇ ਦੀ ਨਿਆਈਂ ਇਸ ਦੇ ਚੁੰਗਲ 'ਚ ਧੱਸਦਾ ਜਾ ਰਿਹਾ ਹੈ। ਇਹੀ ਸੋਸ਼ਲ ਮੀਡੀਆ ਸਾਡੀ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਸਾਡੇ ਸੁਲਝੇ ਹੋਏ ਵਰਗ ਨੂੰ ਵੀ ਵਹਿਮਾਂ-ਭਰਮਾਂ ਦੇ ਜੰਜਾਲ 'ਚ ਫਸਾ ਚੁੱਕਾ ਹੈ। ਕਈ ਵਾਰ ਤਾਂ ਸੋਸ਼ਲ ਮੀਡੀਆ ਜ਼ਰੀਏ ਸਾਡੇ ਸਮਾਜ ਦੇ ਗ਼ਲ਼ਤ ਅਨਸਰ ਅਫ਼ਵਾਹਾਂ ਫੈਲਾ ਕੇ ਦੇਸ਼ ਦੇ ਹਾਲਾਤਾਂ ਨੂੰ ਵਿਗਾੜ ਦਿੰਦੇ ਹਨ ਤੇ ਅਮਨ-ਅਮਾਨ ਨਾਲ ਰਹਿ ਰਹੇ ਲੋਕਾਂ ਅੰਦਰ ਨਫ਼ਰਤਾਂ ਭਰ ਦਿੰਦੇ ਹਨ। ਸੋਸ਼ਲ ਮੀਡੀਆ ਦਾ ਭਵਿੱਖ ਜਿੱਦਾਂ ਦਾ ਮਰਜ਼ੀ ਹੋਵੇ ਪਰ ਸਾਡੀ ਨੌਜਵਾਨ ਪੀੜ੍ਹੀ ਦਾ ਭਵਿੱਖ ਇਸ ਦੀ ਹੋਂਦ ਕਾਰਨ ਖ਼ਤਰੇ 'ਚ ਹੈ। ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਜ਼ਰੀਏ ਨੌਜਵਾਨ ਆਪਣੇ ਗਿਆਨ 'ਚ ਬੇਸ਼ੁਮਾਰ ਵਾਧਾ ਕਰ ਸਕਦੇ ਹਨ। ਇੰਟਰਨੈੱਟ ਰਾਹੀਂ ਘਰ ਬੈਠੇ ਹੀ ਦੇਸ਼-ਦੁਨੀਆ ਦੀ ਹਰ ਤਰ੍ਹਾਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਵੱਖ-ਵੱਖ ਐਪਸ ਤੇ ਗੂਗਲ ਦੀ ਮੱਦਦ ਨਾਲ ਵਿਦਿਆਰਥੀ ਆਪਣੀ ਪੜ੍ਹਾਈ ਤੇ ਰੁਜ਼ਗਾਰ ਨਾਲ ਸਬੰਧਤ ਜਾਣਕਾਰੀਆਂ ਹਾਸਿਲ ਕਰ ਕੇ ਬਿਹਤਰ ਭਵਿੱਖ ਦੀ ਸਿਰਜਣਾ ਕਰ ਸਕਦਾ ਹੈ। ਮਾੜਾ ਇੰਟਰਨੈੱਟ ਤੇ ਸੋਸ਼ਲ ਮੀਡੀਆ ਨਹੀਂ ਸਗੋਂ ਮਾੜੀ ਤਾਂ ਸਾਡੀ ਵਰਤੋਂ ਹੈ। ਆਓ ਸਾਰੇ ਰਲ਼ ਕੇ ਸਾਂਝੇ ਉਪਰਾਲੇ ਕਰੀਏ ਤੇ ਇਸ ਆਧੁਨਿਕ ਤਕਨਾਲੋਜੀ ਜ਼ਰੀਏ ਸਮਾਜ ਲਈ ਕੋਈ ਚੰਗਾ ਸੁਨੇਹਾ ਘਰ-ਘਰ ਪਹੁੰਚਾਈਏ।

- ਕਿਰਨ ਪਾਹਵਾ,

ਪੰਜਾਬੀ ਯੂਨੀਵਰਸਿਟੀ ਪਟਿਆਲਾ।

Posted By: Jagjit Singh