ਦੇਸ਼-ਵਿਦੇਸ਼ ਵਿਚ ਵਸਦੇ ਸਿੱਖ, ਕੌਮ ਨੂੰ ਦਰਪੇਸ਼ ਪੰਥਕ ਮਸਲਿਆਂ, ਚੁਣੌਤੀਆਂ ਅਤੇ ਮੁਸ਼ਕਲਾਂ ਦੇ ਸਮਾਧਾਨ ਲਈ ਸ਼੍ਰੋਮਣੀ ਕਮੇਟੀ ’ਤੇ ਹੀ ਨਿਰਭਰ ਹਨ ਕਿਉਂਕਿ ਪੰਥਕ ਮਰਿਆਦਾ ਅਤੇ ਸ਼ਾਨਾਂਮੱਤੀ ਵਿਰਾਸਤ ਦੀ ਸਲਾਮਤੀ ਲਈ ਸਿੱਖਾਂ ਦੀ ਵਿਸ਼ਵਾਸ ਵਾਲੀ ਮਾਨਸਿਕਤਾ ਵੀ ਇਸ ’ਤੇ ਆਸ਼ਰਿਤ ਹੈ।

ਸਿੱਖ ਜਗਤ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਅੱਜ ਹੋਣ ਜਾ ਰਹੀ ਹੈ। ਇਹ ਸੰਨ 1925 ਵਿਚ ਬਣੇ ਗੁਰਦੁਆਰਾ ਐਕਟ ਦੀ ਸ਼ਤਾਬਦੀ ਦਾ ਸਮਾਂ ਹੈ। ਆਏ ਸਾਲ ਦੇਸ਼-ਵਿਦੇਸ਼ ’ਚ ਵਸਦੇ ਸਿੱਖ ਜਗਤ ਦੀ ਮਾਨਸਿਕਤਾ ਇਸ ਦਿਨ ਨਾਲ ਜੁੜ ਜਾਇਆ ਕਰਦੀ ਹੈ।
ਸਿੱਖ ਪੰਥ ਦੀ ਇਸ ਗੌਰਵਮਈ ਸੰਸਥਾ ਨੇ ਆਰੰਭਕ ਦੌਰ ਵਿਚ ਮੁੱਢਲੇ ਕਾਰਜ ਵਜੋਂ ਇਤਿਹਾਸਕ ਗੁਰਧਾਮਾਂ ਦਾ ਸੁਚੱਜਾ ਪ੍ਰਬੰਧ ਯਕੀਨੀ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਜਿਸ ਉੱਪਰ ਸੁਭਾਵਿਕ ਹੀ ਮਾਣ ਮਹਿਸੂਸ ਹੁੰਦਾ ਹੈ। ਸਮੇਂ ਦੀ ਤੋਰ ਨਾਲ ਇਸ ਦਾ ਕਾਰਜ ਖੇਤਰ ਵਿਸ਼ਾਲ ਹੁੰਦਾ ਗਿਆ। ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ ਦੇ ਸੁਖਾਵੇਂ ਹੱਲ ਦੀ ਆਸ ਵਿਚ ਨਵੀਂ ਟੀਮ ਦੀ ਬਣਤਰ ਪ੍ਰਤੀ ਸਿੱਖ ਜਗਤ ਹਮੇਸ਼ਾ ਵਧੇਰੇ ਚਿੰਤਤ, ਉਤਸ਼ਾਹਤ ਅਤੇ ਉਤੇਜਿਤ ਹੁੰਦਾ ਹੈ।
ਸਾਲਾਂ ਤੋਂ ਅਣਛੋਹੇ ਅਤੇ ਅਣ-ਸੁਲਝੇ ਮਸਲਿਆਂ ਦੇ ਸਦੀਵੀ ਹੱਲ ਦੀ ਨਵੀਂ ਅਤੇ ਸਕਾਰਾਤਮਕ ਦਿਸ਼ਾ ਅਤੇ ਦਸ਼ਾ ਦੀ ਆਸ ਵੀ ਬੱਝਦੀ ਹੈ। ਇਹੀ ਇਸ ਮਹਾਨ ਸੰਸਥਾ ਦੀ ਸਿਰਮੌਰਤਾ ਦਾ ਵਿਲੱਖਣ ਪੱਖ ਹੈ। ਮੇਰਾ ਸਬੰਧ ਇਕ ਪੰਥਕ ਪਰਿਵਾਰ ਨਾਲ ਹੋਣ ਕਾਰਨ ਮੈਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਸਾਲਾਨਾ ਵਰਤਾਰੇ ਨੂੰ ਤਕਰੀਬਨ ਅੱਧੀ ਸਦੀ ਤੋਂ ਬਹੁਤ ਨੇੜਿਓਂ ਤੱਕਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ। ਇਸ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵਿਚ ਕੁਝ ਮਹੱਤਵਪੂਰਨ ਅਹੁਦਿਆਂ ਉੱਪਰ ਸੇਵਾ ਨਿਭਾਉਂਦਿਆਂ ਸਾਲਾਨਾ ਚੋਣ ਵਿਚ ਹੁੰਦੇ ਜੋੜ ਮੇਲ ਅਤੇ ਤੋੜ ਤੋਂ ਚੰਗੀ ਤਰ੍ਹਾਂ ਜਾਣੂ ਵੀ ਹੋ ਸਕਿਆ ਹਾਂ।
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ ਸੰਨ 1972 ਤੋਂ 1999 ਤੱਕ ਬਣਦੇ ਰਹੇ ਅਹੁਦੇਦਾਰਾਂ ਦੇ ਅਨੇਕ ਦਿਲਚਸਪ ਅਤੇ ਇਤਿਹਾਸਕ ਪ੍ਰਸੰਗ ਜੁੜੇ ਹੋਏ ਹਨ। ਸੁਰਜੀਤ ਸਿੰਘ ਬਰਨਾਲਾ ਦੇ ਮੁੱਖ ਮੰਤਰੀ ਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਵੱਡੇ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ। ਮੁੱਖ ਕਾਰਨ ਸਿੱਧਾ ਅਤੇ ਅਸਿੱਧਾ ਸੱਤਾਧਾਰੀ ਧਿਰ ਦਾ ਦਖ਼ਲ ਸੀ। ਮਾਰਚ 1986 ਵਿਚ ਜਥੇਦਾਰ ਟੌਹੜਾ ਅਸਤੀਫ਼ਾ ਦੇ ਗਏ।
ਕਾਬਲ ਸਿੰਘ ਐਕਟਿੰਗ ਪ੍ਰਧਾਨ ਬਣੇ। ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਪ੍ਰਧਾਨਗੀ ਦੇ ਉਮੀਦਵਾਰ ਕਾਬਲ ਸਿੰਘ ਨੂੰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ 23 ਮਾਰਚ 1986 ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਇਨ੍ਹਾਂ ਚੋਣਾਂ ਵਿਚ ਸਿਆਸੀ ਦਖ਼ਲ ਨੇ ਸਿੱਖ ਮਾਨਸਿਕਤਾ ਨੂੰ ਝੰਜੋੜਿਆ। ਅਜਿਹੀ ਚਰਚਾ ਦਾ ਵਿਸ਼ਾ, ਇਹੀ ਚੋਣ ਮਾਰਚ 1999 ’ਚ ਬਣੀ। ਦੇਸ਼-ਵਿਦੇਸ਼ ਅੰਦਰ ਨਵੇਂ ਪ੍ਰਧਾਨ ਬਾਰੇ ਵੱਖੋ-ਵੱਖ ਪੇਸ਼ੀਨਗੋਈਆਂ ਕੀਤੀਆਂ ਗਈਆਂ।
ਪਹਿਲੀ ਵਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੰਭਾਲਣ ਲਈ ਚੇਅਰਮੈਨੀਆਂ ਨਾਲ ਨਿਵਾਜਿਆ ਗਿਆ। ਕਈਆਂ ਦੇ ਦਲਿੱਦਰ ਵੀ ਦੂਰ ਹੋ ਗਏ। ਅਜਿਹੀ ਪ੍ਰਕਿਰਿਆ ਨੇ ਇਸ ਮਹਾਨ ਸੰਸਥਾ ਦੀ ਮੂਲ ਭਾਵਨਾ ਅਤੇ ਉਦੇਸ਼ ਨੂੰ ਠੇਸ ਪਹੁੰਚਾਈ। ਸਿੱਖ ਜਗਤ ਨੇ ਜਥੇਦਾਰ ਟੌਹੜਾ ਦੇ ਬਦਲ ਨੂੰ ਬੇਸਬਰੀ ਨਾਲ ਉਡੀਕਿਆ। ਚੋਣ ਤੋਂ ਇਕ ਦਿਨ ਪਹਿਲਾਂ ਬਲਬੀਰ ਸਿੰਘ ਪੰਨੂੰ ਦੀ ਖ਼ੂਬ ਚਰਚਾ ਚੱਲੀ ਪਰ ਦੂਜੇ ਦਿਨ ਸ਼੍ਰੋਮਣੀ ਕਮੇਟੀ ਨੂੰ ਬੀਬੀ ਜਗੀਰ ਕੌਰ ਦੇ ਰੂਪ ਵਿਚ ਪਹਿਲੀ ਮਹਿਲਾ ਪ੍ਰਧਾਨ ਮਿਲੀ। ਅਜਿਹੀ ਚੋਣ ਦੌਰਾਨ ਮੈਂਬਰਾਂ ਦੇ ਜੋੜ-ਤੋੜ ਦਾ ਸਿਖਰ ਨਵੰਬਰ 2002 ਦੀ ਚੋਣ ਰਹੀ। ਸਰਕਾਰ ਦੇ ਕਿਸੇ ਅਸਿੱਧੇ ਸੰਭਾਵੀ ਸਿਆਸੀ ਦਖ਼ਲ ਤੋਂ ਬਚਣ ਲਈ ਬਾਦਲ ਅਕਾਲੀ ਦਲ ਦੇ ਮੈਂਬਰਾਂ ਨੂੰ ਬਾਲਾਸਰ ਸਥਾਨ ’ਤੇ ਸੰਭਾਲਿਆ ਗਿਆ।
ਪਹਿਲੀ ਵਾਰ ਇਕ ਧੜੇ ਦੇ ਮੈਂਬਰਾਨ ਹਵਾਈ ਜਹਾਜ਼ ਰਾਹੀਂ ਸ੍ਰੀ ਅੰਮ੍ਰਿਤਸਰ ਲਿਆਂਦੇ ਗਏ। ਇਸ ਚੋਣ ਨੇ ਦੇਸ਼-ਵਿਦੇਸ਼ ਦੇ ਮੀਡੀਆ ਦਾ ਵਿਸ਼ੇਸ਼ ਧਿਆਨ ਖਿੱਚਿਆ। ਘਾਗ ਸਿਆਸਤਦਾਨ ਜਥੇਦਾਰ ਟੌਹੜਾ ਨੇ ਚੋਣ ਜਿੱਤਣ ਲਈ ਪੂਰੀ ਵਾਹ ਲਾਈ ਪਰ ਉਨ੍ਹਾਂ ਵੱਲੋਂ ਪ੍ਰਧਾਨਗੀ ਦਾ ਉਮੀਦਵਾਰ ਸੰਤ ਵੀਰ ਸਿੰਘ ਮਦੋਕੇ ਬਾਦਲ ਦਲ ਦੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਹੱਥੋਂ ਹਾਰ ਗਿਆ। ਪੰਥਕ ਸਿਆਸਤ ਦੇ ਹਾਸ਼ੀਏ ’ਤੇ ਗਏ ਜਥੇਦਾਰ ਟੌਹੜਾ ਨੇ ਕੁਝ ਸਮੇਂ ਬਾਅਦ 16 ਜੁਲਾਈ 2003 ਨੂੰ ਸਰਬ ਹਿੰਦ ਅਕਾਲੀ ਦਲ ਅਤੇ ਬਾਦਲ ਦਲ ਦਾ ਰਲੇਵਾਂ ਹੋਣ ’ਤੇ 27 ਜੁਲਾਈ 2003 ਨੂੰ ਮੁੜ ਪ੍ਰਧਾਨਗੀ ਹਥਿਆ ਲਈ। ਸੰਨ 2005 ਦੇ ਨਵੰਬਰ ’ਚ ਹੋਈ ਚੋਣ ਮੁੜ ਚਰਚਾ ਦਾ ਵਿਸ਼ਾ ਬਣੀ।
ਮੀਡੀਆ ਅਤੇ ਪੰਥਕ ਸਫ਼ਾਂ ਵਿਚ ਬੀਬੀ ਜਗੀਰ ਕੌਰ ਦਾ ਨਾਂ ਉੱਭਰਨ ਦੀ ਥਾਂ ਪੰਥ ਰਤਨ ਮਾਸਟਰ ਤਾਰਾ ਸਿੰਘ ਤੋਂ ਬਾਅਦ ਇਕ ਅਣਕਿਆਸੇ ਸ਼ਹਿਰੀ ਮੈਂਬਰ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਪ੍ਰਧਾਨ ਬਣਾਇਆ ਗਿਆ। ਉਸ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਵਧੇਰੇ ਸਮੇਂ ਤੱਕ ਇਹ ਸੇਵਾ ਨਿਭਾਈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਬਾਅਦ ਬਣਨ ਵਾਲੇ ਨਵੇਂ ਪ੍ਰਧਾਨ ਬਾਰੇ ਕਨਸੋਆਂ ਦੇ ਚਰਚੇ ਬੀਬੀ ਜਗੀਰ ਕੌਰ ਦੇ ਪ੍ਰਧਾਨ ਬਣਨ ਨਾਲ ਖ਼ਤਮ ਹੋ ਗਏ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਵੱਖ ਹੋਏ ਧੜੇ ਨੇ ਪਿਛਲੇ ਸਮੇਂ ਵਿਚ ਪ੍ਰਧਾਨਗੀ ਦੇ ਚੋਣ ਮੈਦਾਨ ਵਿਚ ਨਿੱਤਰ ਕੇ ਮੀਡੀਆ ਦਾ ਧਿਆਨ ਖਿੱਚਿਆ। ਇਹ ਸੰਕੇਤਕ ਪ੍ਰਗਟਾਵਾ ਇਸ ਲਈ ਪ੍ਰਸੰਗਿਕ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਦਾ ਸਿੱਖ ਮਾਨਸਿਕਤਾ ਨਾਲ ਸਿਧਾ ਸਬੰਧ ਹੈ।
ਦੇਸ਼-ਵਿਦੇਸ਼ ਵਿਚ ਵਸਦੇ ਸਿੱਖ, ਕੌਮ ਨੂੰ ਦਰਪੇਸ਼ ਪੰਥਕ ਮਸਲਿਆਂ, ਚੁਣੌਤੀਆਂ ਅਤੇ ਮੁਸ਼ਕਲਾਂ ਦੇ ਸਮਾਧਾਨ ਲਈ ਸ਼੍ਰੋਮਣੀ ਕਮੇਟੀ ’ਤੇ ਹੀ ਨਿਰਭਰ ਹਨ ਕਿਉਂਕਿ ਪੰਥਕ ਮਰਿਆਦਾ ਅਤੇ ਸ਼ਾਨਾਂਮੱਤੀ ਵਿਰਾਸਤ ਦੀ ਸਲਾਮਤੀ ਲਈ ਸਿੱਖਾਂ ਦੀ ਵਿਸ਼ਵਾਸ ਵਾਲੀ ਮਾਨਸਿਕਤਾ ਵੀ ਇਸ ’ਤੇ ਆਸ਼ਰਿਤ ਹੈ। ਤਕਰੀਬਨ ਪੰਜ ਦਹਾਕਿਆਂ ਦੌਰਾਨ ਪਹਿਲੀ ਵਾਰ ਇਸ ਚੋਣ ਵਿਚ ਪੰਥਕ ਜਜ਼ਬੇ ਨੂੰ ਨਿਰ-ਉਤਸ਼ਾਹਤ ਦੇਖਿਆ ਗਿਆ ਹੈ। ਇਕ ਸਮਾਂ ਸੀ ਕਿ ਸ਼੍ਰੋਮਣੀ ਕਮੇਟੀ ਉੱਪਰ ਕਾਬਜ਼ ਧੜਾ ਅਤੇ ਵਿਰੋਧੀ ਧਿਰ ਇਸ ਚੋਣ ’ਤੇ ਆਪੋ-ਆਪਣੀ ਪੂਰੀ ਤਾਕਤ ਝੋਕ ਦਿੰਦੇ ਸਨ।
ਕਈ ਵਾਰ ਅਖ਼ਬਾਰਾਂ ਪੂਰੇ ਸਫ਼ੇ, ਐਡੀਟੋਰੀਅਲ ਪੰਨੇ ਅਤੇ ਮੁੱਖ ਪੰਨਿਆਂ ’ਤੇ ਇਸ ਚੋਣ ਸਬੰਧੀ ਚਰਚਾ ਕਰਦੀਆਂ ਹੋਈਆਂ ਇਸ ਦੇ ਮਹੱਤਵ ਨੂੰ ਉਘਾੜਦੀਆਂ ਸਨ। ਬਹੁਤ ਵੱਡਾ ਸਵਾਲ ਹੈ ਕਿ ਪਹਿਲੀ ਵਾਰ ਇਹ ਚੋਣ ਚਰਚਾ ਤੋਂ ਸੱਖਣੀ ਕਿਉਂ ਹੈ? ਕੋਈ ਸਮਾਂ ਸੀ ਜਦੋਂ ਇਹੀ ਚੋਣ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦਾ ਵਿਸ਼ਵ-ਵਿਆਪੀ ਪੱਧਰ ’ਤੇ ਧਿਆਨ ਖਿੱਚਣ ਦੇ ਸਮਰੱਥ ਸੀ। ਮੇਰੇ ਇਕ ਜਾਣ-ਪਛਾਣ ਵਾਲੇ ਵਿਦਵਾਨ ਸੱਜਣ ਨੇ ਇਸ ਵਰਤਾਰੇ ਬਾਰੇ ਕਿਹਾ ਕਿ ਇਵੇਂ ਕਿਉਂ ਭਾਸਦਾ ਹੈ ਕਿ ਇਹ ਕਿਸੇ ਇਕ ਗੁਰਦੁਆਰਾ ਕਮੇਟੀ ਦੀ ਚੋਣ ਹੋ ਰਹੀ ਹੈ। ਕੀ ਇਹ ਸਿੱਖ ਮਾਨਸਿਕਤਾ ਦੀ ਆਸ-ਉਮੀਦ ਭਰੋਸੇ ਅਤੇ ਵਿਸ਼ਵਾਸ ਨੂੰ ਪਹੁੰਚੀ ਠੇਸ ਤੋਂ ਉਪਜੀ ਗ਼ੈਰ-ਭਰੋਸਗੀ ਵਾਲੀ ਉਦਾਸੀਨਤਾ ਤਾਂ ਨਹੀਂ ਜਿਸ ਨੇ ਜ਼ਮੀਨ-ਅਸਮਾਨ ਵਾਲਾ ਫ਼ਰਕ ਸਿਰਜ ਦਿੱਤਾ ਹੋਵੇ। ਇਸ ਦਾ ਅਰਥ ਤਲਾਸ਼ਣ ਲਈ ਸਾਨੂੰ ਆਪੋ-ਆਪਣੇ ਗਿਰੇਬਾਨ ਵਿਚ ਝਾਕਣਾ ਹੋਵੇਗਾ।
 
-ਪ੍ਰੋ. ਹਰਬੰਸ ਸਿੰਘ ਬੋਲੀਨਾ
-ਮੋਬਾਈਲ : 98152-10021
-response@jagran.com