ਸਰਬੰਸਦਾਨੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਿਲ੍ਹਾ ਸਿਰਮੌਰ ਰਿਆਸਤ ਨਾਹਨ (ਹਿਮਾਚਲ) ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਹਨ ਗਏ। ਗੁਰੂ ਜੀ ਦਾ ਸ਼ਰਧਾਲੂ ਰਾਜਾ ਮੇਦਨੀ ਪ੍ਰਕਾਸ਼ ਚਾਹੁੰਦਾ ਸੀ ਕਿ ਉਹ ਆਪਣਾ ਨਿਵਾਸ ਉਸ ਦੀ ਰਿਆਸਤ ਵਿਚ ਹੀ ਕਰ ਲੈਣ। ਉਸ ਨੇ ਗੁਰੂ ਜੀ ਨੂੰ ਕਈ ਸਥਾਨ ਵਿਖਾਏ। ਇਕ ਦਿਨ ਸੈਰ ਕਰਦੇ ਹੋਏ ਗੁਰੂ ਜੀ ਨੇ ਜਮਨਾ ਕਿਨਾਰੇ ਰਮਣੀਕ ਥਾਂ ਪਸੰਦ ਕੀਤੀ।

ਜੋੜ ਮੇਲੇ ’ਤੇ ਵਿਸ਼ੇਸ਼
ਸਰਬੰਸਦਾਨੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਿਲ੍ਹਾ ਸਿਰਮੌਰ ਰਿਆਸਤ ਨਾਹਨ (ਹਿਮਾਚਲ) ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਹਨ ਗਏ। ਗੁਰੂ ਜੀ ਦਾ ਸ਼ਰਧਾਲੂ ਰਾਜਾ ਮੇਦਨੀ ਪ੍ਰਕਾਸ਼ ਚਾਹੁੰਦਾ ਸੀ ਕਿ ਉਹ ਆਪਣਾ ਨਿਵਾਸ ਉਸ ਦੀ ਰਿਆਸਤ ਵਿਚ ਹੀ ਕਰ ਲੈਣ। ਉਸ ਨੇ ਗੁਰੂ ਜੀ ਨੂੰ ਕਈ ਸਥਾਨ ਵਿਖਾਏ। ਇਕ ਦਿਨ ਸੈਰ ਕਰਦੇ ਹੋਏ ਗੁਰੂ ਜੀ ਨੇ ਜਮਨਾ ਕਿਨਾਰੇ ਰਮਣੀਕ ਥਾਂ ਪਸੰਦ ਕੀਤੀ। ਇਸ ਜਗ੍ਹਾ ਗੁਰੂ ਜੀ ਦੇ ਨਿਵਾਸ ਤੇ ਡੇਰੇ ਦੀ ਰੱਖਿਆ ਵਾਸਤੇ ਕਿਲ੍ਹਾ ਉਸਾਰਨ ਦੀ ਵਿਉਂਤ ਬਣਾਈ ਗਈ। ਸੰਨ 1685 ’ਚ ਸ੍ਰੀ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਗਈ। ਗੁਰੂ ਜੀ ਨੇ ਜਾਪ ਸਾਹਿਬ ਤੇ ਹੋਰ ਬਾਣੀ ਵੀ ਇੱਥੇ ਹੀ ਉਚਾਰੀ। ਇਸੇ ਹੀ ਪਾਵਨ ਧਰਤੀ ’ਤੇ ਦਸਮ ਪਿਤਾ ਦੇ 52 ਦਰਬਾਰੀ ਕਵੀਆਂ ਦੀ ਸਭਾ ਲੱਗਦੀ ਰਹੀ। ਗੁਰੂ ਗੋਬਿੰਦ ਸਿੰਘ ਜੀ ਨੇ 1685 ਤੋਂ 1689 ਤੱਕ ਤਕਰੀਬਨ ਚਾਰ ਸਾਲ ਇਸ ਅਸਥਾਨ ’ਤੇ ਟਿਕਾਣਾ ਕੀਤਾ। ਇਸੇ ਹੀ ਅਸਥਾਨ ’ਤੇ ਉਨ੍ਹਾਂ ਨੂੰ 1687 ’ਚ ਭੰਗਾਣੀ ਦਾ ਯੁੱਧ ਵੀ ਲੜਨਾ ਪਿਆ ਅਤੇ ਸੱਯਦ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਬੇਟੇ ਗੁਰੂ ਜੀ ਤੋਂ ਕੁਰਬਾਨ ਕਰ ਕੇ ਗੁਰੂ ਜੀ ਤੋਂ ਕੰਘੇ ਸਮੇਤ ਵਿਚ ਫਸੇ ਕੇਸਾਂ ਦੀ ਦਾਤ ਮੰਗੀ। ਸੋ, ਕੁਝ ਸਮੇਂ ਵਿਚ ਹੀ ਪਾਉਂਟਾ ਸਾਹਿਬ ਧਰਮ ਪ੍ਰਚਾਰ, ਸਾਹਿਤ ਰਚਨਾ, ਵਿੱਦਿਆ ਅਤੇ ਫ਼ੌਜੀ ਸਿਖਲਾਈ ਦਾ ਅਹਿਮ ਕੇਂਦਰ ਬਣ ਗਿਆ ਸੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਵੀ ਮਾਤਾ ਸੁੰਦਰ ਕੌਰ ਦੀ ਪਵਿੱਤਰ ਕੁੱਖੋਂ ਇਸੇ ਅਸਥਾਨ ਉੱਤੇ ਹੋਇਆ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਗੁਰੂ ਸਾਹਿਬ ਪਾਉਂਟਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਗਏ ਤਾਂ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਦਾ ਕਾਰਜ ਬਾਬਾ ਬਿਸ਼ਨ ਸਿੰਘ ਨੂੰ ਸੌਂਪ ਦਿੱਤਾ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸੇਵਾ-ਸੰਭਾਲ ਦਾ ਪ੍ਰਬੰਧ ਮਹੰਤਾਂ ਰਾਹੀ ਹੁੰਦਾ ਰਿਹਾ ਜਿਨ੍ਹਾਂ ਨੇ ਲਾਲਚ-ਵੱਸ ਹੋ ਕੇ ਬੇਅੰਤ ਕੁਰੀਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਤਿਤ ਮਹੰਤ ਗੁਰਦਿਆਲ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਹੱਦ ਅੰਦਰ ਕੀਤੇ ਜਾ ਰਹੇ ਕੁਕਰਮਾਂ ਬਾਰੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਨੂੰ ਸੰਗਤਾਂ ਰਾਹੀਂ ਪਤਾ ਲੱਗਾ ਤਾਂ ਉਨ੍ਹਾਂ ਨੇ ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਬਹਾਲ ਕਰਨ ਲਈ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 101 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੱਤੀ।
23ਵਾਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। ਬਾਈ ਮਈ 1964 ਮੰਗਲਵਾਰ ਵਾਲੇ ਦਿਨ ਸਵੇਰੇ ਹੀ ਤਹਿਸੀਲਦਾਰ ਆਇਆ ਤੇ ਸਿਰਮੌਰ ਦੇ ਪ੍ਰਸ਼ਾਸਨ ਨੇ ਰੈਸਟ ਹਾਊਸ ’ਚ ਬੁਲਾ ਕੇ ਬਾਬਾ ਹਰਭਜਨ ਸਿੰਘ ਨੂੰ ਧੋਖੇ ਨਾਲ ਗ੍ਰਿਫ਼ਤਾਰ ਕਰ ਲਿਆ। ਮਿਸਟਰ ਚੰਡੇਲ ਨੇ ਪੁਲਿਸ ਬਲ ਲੈ ਕੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਘੇਰਾ ਪਾ ਲਿਆ ਤੇ ਸਿੰਘਾਂ ਨੂੰ ਬਾਹਰ ਆਉਣ ਦੀ ਚਿਤਾਵਨੀ ਦਿੱਤੀ। ਉਸ ਵੇਲੇ ਗੁਰਦੁਆਰਾ ਸਾਹਿਬ ਅੰਦਰ 15 ਕੁ ਸਿੱਖ ਹਾਜ਼ਰ ਸਨ। ਇਸ ਸ਼ਹੀਦੀ ਸਾਕੇ ਦੇ ਚਸ਼ਮਦੀਦ ਗਵਾਹ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਜੋ ਕਿ ਉਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਕਰ ਰਹੇ ਸਨ ਅਤੇ ਤਿੰਨ ਗੋਲ਼ੀਆਂ ਲੱਗਣ ਕਰਕੇ ਜ਼ਖ਼ਮੀ ਹੋ ਗਏ ਸਨ, ਦੇ ਦੱਸਣ ਮੁਤਾਬਕ ਪੁਲਿਸ ਤੇ ਮਹੰਤ ਗੁਰਦਿਆਲ ਸਿੰਘ ਦੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰ ਰਹੇ ਨਿਹੰਗ ਸਿੰਘਾਂ ’ਤੇ ਅੰਨ੍ਹੇਵਾਹ ਚਲਾਈ ਗਈ ਗੋਲ਼ੀ ਦੌਰਾਨ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਦੇ 11 ਨਿਹੰਗ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ’ਚ ਭਾਈ ਪ੍ਰੀਤਮ ਸਿੰਘ ਫ਼ਤਹਿਪੁਰ ਕੋਠੀ (ਹੁਸ਼ਿਆਰਪੁਰ), ਭਾਈ ਮੰਗਲ ਸਿੰਘ ਬਜਰੌਰ ਹੁਸ਼ਿਆਰਪੁਰ, ਭਾਈ ਹਰਭਜਨ ਸਿੰਘ ਚੌਹੜਾ, ਭਾਈ ਦਲੀਪ ਸਿੰਘ, ਭਾਈ ਉਦੈ ਸਿੰਘ ਮੱਤੇਵਾਲ ਅੰਮ੍ਰਿਤਸਰ, ਭਾਈ ਸੰਤੋਖ ਸਿੰਘ ਅੰਮ੍ਰਿਤਸਰ, ਭਾਈ ਲਾਲ ਸਿੰਘ ਫਿਰੋਜ਼ਪੁਰ, ਭਾਈ ਧੰਨਾ ਸਿੰਘ ਭਦੌੜ, ਬਾਬਾ ਸੂਬੇਦਾਰ, ਬਾਬਾ ਨਾਮਧਾਰੀਆ ਤੇ ਇਕ ਯਾਤਰੀ ਸਿੰਘ ਸ਼ਾਮਲ ਸਨ। ਪੁਲਿਸ ਤੇ ਮਹੰਤ ਗੁਰਦਿਆਲ ਸਿੰਘ ਦੇ ਬਦਮਾਸ਼ਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰ ਰਹੇ ਨਿਹੰਗ ਸਿੰਘਾਂ ’ਤੇ ਅੰਨ੍ਹੇਵਾਹ ਚਲਾਈ ਗਈ ਗੋਲ਼ੀ ਕਾਰਨ ਜੋ ਨਿਹੰਗ ਸਿੰਘ ਜ਼ਖ਼ਮੀ ਹੋਏ, ਉਨ੍ਹਾਂ ’ਚ ਖ਼ੁਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਭਾਈ ਅਜੀਤ ਸਿੰਘ ਹੁਸ਼ਿਆਰਪੁਰ, ਭਾਈ ਗੁਰਬਚਨ ਸਿੰਘ ਘਾਗੋਂ ਰੋੜਾਂਵਾਲੀ ਆਦਿ ਸ਼ਾਮਲ ਸਨ। ਇਸ ਸਾਕੇ ’ਚ ਸ਼ਹੀਦ ਹੋਏ ਸਮੂਹ ਨਿਹੰਗ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ 22 ਮਈ, ਸ਼ੁੱਕਰਵਾਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ, ਸ਼੍ਰੋਮਣੀ ਕਮੇਟੀ ਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਜਥੇਬੰਦੀ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ’ਚ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਤੇਈ ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਵਾਨ ਹਾਲ, ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਕਰਵਾਇਆ ਜਾਵੇਗਾ।
-ਰਾਜਾ ਸਿੰਘ ਪੱਟੀ, ਚੱਬੇਵਾਲ।