ਸਿੱਖਿਆ ਇਕ ਨਿਰੰਤਰ ਪ੍ਰਕਿਰਿਆ ਹੈ ਤੇ ਅਧਿਆਪਕ ਦੀ ਗ਼ੈਰ-ਹਾਜ਼ਰੀ ਕਾਰਨ ਬੱਚਿਆਂ ਦੀ ਪੜ੍ਹਾਈ ਵਿਚ ਅਜਿਹਾ ਪਾੜਾ ਪੈਂਦਾ ਹੈ ਜਿਸ ਨੂੰ ਬਾਅਦ ਵਿਚ ਪੂਰਾ ਕਰਨਾ ਅਸੰਭਵ ਹੁੰਦਾ ਹੈ। ਇਸ ਨਾਲ ਨਾ ਸਿਰਫ਼ ਸਿਲੇਬਸ ਅਧੂਰਾ ਰਹਿ ਜਾਂਦਾ ਹੈ ਸਗੋਂ ਵਿਦਿਆਰਥੀਆਂ ’ਚ ਅਨੁਸ਼ਾਸਨ ਦੀ ਕਮੀ ਆਉਂਦੀ ਹੈ ਤੇ ਪੜ੍ਹਾਈ ਪ੍ਰਤੀ ਉਨ੍ਹਾਂ ਦੀ ਗੰਭੀਰਤਾ ਘਟ ਜਾਂਦੀ ਹੈ।

ਅਜੋਕੇ ਸਮੇਂ ’ਚ ਅਧਿਆਪਕਾਂ ਨੂੰ ਪੜ੍ਹਾਈ ਦੇ ਮੂਲ ਕਾਰਜ ਤੋਂ ਲਾਂਭੇ ਕਰ ਕੇ ਗ਼ੈਰ-ਵਿੱਦਿਅਕ ਸਰਕਾਰੀ ਡਿਊਟੀਆਂ ’ਚ ਉਲਝਾਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਿਸ ਦਾ ਸਿੱਧਾ ਤੇ ਵਿਨਾਸ਼ਕਾਰੀ ਪ੍ਰਭਾਵ ਵਿਦਿਆਰਥੀਆਂ ਦੇ ਭਵਿੱਖ ਅਤੇ ਦੇਸ਼ ਦੀ ਤਰੱਕੀ ’ਤੇ ਪੈ ਰਿਹਾ ਹੈ। ਜਦੋਂ ਇਕ ਅਧਿਆਪਕ ਨੂੰ ਕਲਾਸਰੂਮ ’ਚੋਂ ਕੱਢ ਕੇ ਵੋਟਾਂ ਬਣਾਉਣ, ਜਨਗਣਨਾ ਕਰਨ, ਅਨਾਜ ਵੰਡਣ ਜਾਂ ਵੱਖ-ਵੱਖ ਸਰਵੇਖਣਾਂ ਲਈ ਗਲੀਆਂ-ਕੂਚਿਆਂ ਵਿਚ ਭੇਜਿਆ ਜਾਂਦਾ ਹੈ ਤਾਂ ਵਿਦਿਆਰਥੀਆਂ ਲਈ ਸਿੱਖਣ ਦਾ ਸੁਖਾਵਾਂ ਮਾਹੌਲ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ।
ਸਿੱਖਿਆ ਇਕ ਨਿਰੰਤਰ ਪ੍ਰਕਿਰਿਆ ਹੈ ਤੇ ਅਧਿਆਪਕ ਦੀ ਗ਼ੈਰ-ਹਾਜ਼ਰੀ ਕਾਰਨ ਬੱਚਿਆਂ ਦੀ ਪੜ੍ਹਾਈ ਵਿਚ ਅਜਿਹਾ ਪਾੜਾ ਪੈਂਦਾ ਹੈ ਜਿਸ ਨੂੰ ਬਾਅਦ ਵਿਚ ਪੂਰਾ ਕਰਨਾ ਅਸੰਭਵ ਹੁੰਦਾ ਹੈ। ਇਸ ਨਾਲ ਨਾ ਸਿਰਫ਼ ਸਿਲੇਬਸ ਅਧੂਰਾ ਰਹਿ ਜਾਂਦਾ ਹੈ ਸਗੋਂ ਵਿਦਿਆਰਥੀਆਂ ’ਚ ਅਨੁਸ਼ਾਸਨ ਦੀ ਕਮੀ ਆਉਂਦੀ ਹੈ ਤੇ ਪੜ੍ਹਾਈ ਪ੍ਰਤੀ ਉਨ੍ਹਾਂ ਦੀ ਗੰਭੀਰਤਾ ਘਟ ਜਾਂਦੀ ਹੈ। ਇਸ ਕਾਰਨ ਉਹ ਬੁਨਿਆਦੀ ਭਾਸ਼ਾਈ ਗਿਆਨ ਤੇ ਗਣਿਤ ਵਰਗੇ ਅਹਿਮ ਵਿਸ਼ਿਆਂ ’ਚ ਪੱਛੜ ਜਾਂਦੇ ਹਨ।
ਜੇ ਕੌਮੀ ਪੱਧਰ ’ਤੇ ਦੇਖਿਆ ਜਾਵੇ ਤਾਂ ਇਹ ਰੁਝਾਨ ਰਾਸ਼ਟਰ ਦੇ ਮਨੁੱਖੀ ਸਰੋਤਾਂ ਦਾ ਘਾਣ ਕਰ ਰਿਹਾ ਹੈ ਕਿਉਂਕਿ ਸਰਕਾਰੀ ਸਕੂਲਾਂ ’ਚ ਜ਼ਿਆਦਾਤਰ ਗ਼ਰੀਬ ਅਤੇ ਮੱਧ-ਵਰਗੀ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਮਿਆਰੀ ਸਿੱਖਿਆ ਨਹੀਂ ਮਿਲਦੀ ਤਾਂ ਸਮਾਜ ’ਚ ਵਿੱਦਿਅਕ ਤੇ ਆਰਥਿਕ ਨਾਬਰਾਬਰੀ ਹੋਰ ਡੂੰਘੀ ਹੋ ਜਾਂਦੀ ਹੈ। ਇਕ ਪੜ੍ਹਿਆ-ਲਿਖਿਆ ਤੇ ਹੁਨਰਮੰਦ ਨੌਜਵਾਨ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਪਰ ਸਿੱਖਿਆ ਦੇ ਡਿੱਗ ਰਹੇ ਮਿਆਰ ਕਾਰਨ ਅਸੀਂ ਅਜਿਹੀ ਪੀੜ੍ਹੀ ਤਿਆਰ ਕਰ ਰਹੇ ਹਾਂ ਜੋ ਡਿਗਰੀਆਂ ਤਾਂ ਪ੍ਰਾਪਤ ਕਰ ਲਵੇਗੀ ਪਰ ਆਲਮੀ ਮੁਕਾਬਲੇਬਾਜ਼ੀ ਦੇ ਦੌਰ ’ਚ ਢੁੱਕਵਾਂ ਰੁਜ਼ਗਾਰ ਹਾਸਲ ਕਰਨ ਦੇ ਯੋਗ ਨਹੀਂ ਹੋਵੇਗੀ।
ਇਸ ਨਾਲ ਦੇਸ਼ ਵਿਚ ਬੇਰੁਜ਼ਗਾਰੀ, ਅਪਰਾਧ ਤੇ ਨਿਰਾਸ਼ਾ ਵਧੇਗੀ ਜੋ ਅੰਤ ’ਚ ਰਾਸ਼ਟਰੀ ਉਤਪਾਦਕਤਾ ਅਤੇ ਜੀਡੀਪੀ ਨੂੰ ਨੁਕਸਾਨ ਪਹੁੰਚਾਏਗੀ। ਅਧਿਆਪਕਾਂ ਨੂੰ ‘ਕਲਰਕ’ ਬਣਾ ਕੇ ਸਰਕਾਰਾਂ ਥੋੜ੍ਹੇ ਸਮੇਂ ਲਈ ਪ੍ਰਸ਼ਾਸਨਿਕ ਕੰਮ ਤਾਂ ਸਸਤੇ ’ਚ ਕਰਵਾ ਲੈਂਦੀਆਂ ਹਨ ਪਰ ਇਸ ਦੀ ਬਹੁਤ ਵੱਡੀ ਕੀਮਤ ਦੇਸ਼ ਨੂੰ ਬੌਧਿਕ ਪਛੜੇਵੇਂ ਦੇ ਰੂਪ ਵਿਚ ਚੁਕਾਉਣੀ ਪੈ ਰਹੀ ਹੈ।
ਜੇ ਭਾਰਤ ਨੇ ਇਕ ਵਿਕਸਤ ਰਾਸ਼ਟਰ ਬਣਨਾ ਹੈ ਤਾਂ ਅਧਿਆਪਕਾਂ ਨੂੰ ਹਰ ਤਰ੍ਹਾਂ ਦੇ ਗ਼ੈਰ-ਵਿੱਦਿਅਕ ਕਾਰਜਾਂ ਤੋਂ ਮੁਕਤ ਕਰਨਾ ਜ਼ਰੂਰੀ ਹੈ ਤਾਂ ਜੋ ਉਹ ਆਪਣੀ ਪੂਰੀ ਮਾਨਸਿਕ ਸਮਰੱਥਾ ਨਾਲ ਅਜਿਹੇ ਨਾਗਰਿਕ ਤਿਆਰ ਕਰ ਸਕਣ ਜੋ ਦੇਸ਼ ਨੂੰ ਵਿਗਿਆਨਕ, ਸਮਾਜਿਕ ਤੇ ਆਰਥਿਕ ਪੱਖੋਂ ਮਜ਼ਬੂਤ ਬਣਾ ਸਕਣ।
ਵਿੱਦਿਆ ਉਹ ਚਾਨਣ-ਮੁਨਾਰਾ ਹੈ ਜੋ ਸਮਾਜ ਨੂੰ ਹਨੇਰੇ ’ਚੋਂ ਕੱਢਦਾ ਹੈ। ਜੇ ਇਸ ਮੁਨਾਰੇ ਦੇ ਰਾਖੇ ਹੀ ਹੋਰ ਕੰਮਾਂ ’ਚ ਉਲਝ ਗਏ ਤਾਂ ਸਮਾਜਿਕ ਹਨੇਰਾ ਵਧਣਾ ਲਾਜ਼ਮੀ ਹੈ। ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਅਸਲ ’ਚ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰਨਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਦੀਆਂ ਬੇੜੀਆਂ ਤੋਂ ਮੁਕਤ ਕਰਨ ਤਾਂ ਜੋ ਉਹ ਆਪਣਾ ਪੂਰਾ ਧਿਆਨ ਤੇ ਤਾਕਤ ਬੱਚਿਆਂ ਨੂੰ ਸਿੱਖਿਅਤ ਕਰਨ ਵਿਚ ਲਗਾ ਸਕਣ।
-ਇੰਜੀ. ਸੁਖਵੰਤ ਸਿੰਘ ਧੀਮਾਨ
ਦਿੜਬਾ।
-ਮੋਬਾਈਲ : 94175-50795