ਭਾਰਤ ਵਿਚ ਜਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ I ਇਹ ਘਟਨਾਵਾਂ ਹੁਣ ਸਿਰਫ਼ ਕਾਨੂੰਨੀ ਜਾਂ ਅਪਰਾਧਕ ਮਸਲੇ ਨਹੀਂ ਰਹੀਆਂ, ਸਗੋਂ ਸਾਡੇ ਸਮਾਜ ਦੀ ਡੂੰਘੀ ਬਿਮਾਰ ਸੋਚ ਦਾ ਚਿਹਰਾ ਬਣ ਗਈਆਂ ਹਨ। ਸੰਨ 2012 ਦੀ ਨਿਰਭੈਯਾ ਘਟਨਾ ਤੋਂ ਲੈ ਕੇ 2024 ਦੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿਚ ਟ੍ਰੇਨੀ ਡਾਕਟਰ ਨਾਲ ਹੋਈ ਮੰਦਭਾਗੀ ਘਟਨਾ ਤੇ ਹਾਲੀਆ ਦੁਰਗਾਪੁਰ ਵਿਚ ਇਕ ਮੈਡੀਕਲ ਵਿਦਿਆਰਥਣ ਨਾਲ ਵਾਪਰੀ ਘਟਨਾ ਹਰ ਵਾਰ ਇੱਕੋ ਜਿਹੀ ਕਹਾਣੀ ਸਾਹਮਣੇ ਆਉਂਦੀ ਹੈ।
ਭਾਰਤ ਵਿਚ ਜਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ I ਇਹ ਘਟਨਾਵਾਂ ਹੁਣ ਸਿਰਫ਼ ਕਾਨੂੰਨੀ ਜਾਂ ਅਪਰਾਧਕ ਮਸਲੇ ਨਹੀਂ ਰਹੀਆਂ, ਸਗੋਂ ਸਾਡੇ ਸਮਾਜ ਦੀ ਡੂੰਘੀ ਬਿਮਾਰ ਸੋਚ ਦਾ ਚਿਹਰਾ ਬਣ ਗਈਆਂ ਹਨ। ਸੰਨ 2012 ਦੀ ਨਿਰਭੈਯਾ ਘਟਨਾ ਤੋਂ ਲੈ ਕੇ 2024 ਦੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿਚ ਟ੍ਰੇਨੀ ਡਾਕਟਰ ਨਾਲ ਹੋਈ ਮੰਦਭਾਗੀ ਘਟਨਾ ਤੇ ਹਾਲੀਆ ਦੁਰਗਾਪੁਰ ਵਿਚ ਇਕ ਮੈਡੀਕਲ ਵਿਦਿਆਰਥਣ ਨਾਲ ਵਾਪਰੀ ਘਟਨਾ ਹਰ ਵਾਰ ਇੱਕੋ ਜਿਹੀ ਕਹਾਣੀ ਸਾਹਮਣੇ ਆਉਂਦੀ ਹੈ। ਸਵਾਲ ਹਮੇਸ਼ਾ ਔਰਤ ’ਤੇ ਉੱਠਦੇ ਹਨ ਕਿ ‘ਇੰਨੀ ਰਾਤ ਨੂੰ ਲੜਕੀ ਕਿੱਥੇ ਸੀ? ਕੀ ਪਹਿਨਿਆ ਸੀ? ਕਿਉਂ ਗਈ ਸੀ? ਜਦੋਂ ਪੱਛਮੀ ਬੰਗਾਲ ਦੇ ਦੁਰਗਾਪੁਰ ਵਿਚ ਇਕ ਮੈਡੀਕਲ ਵਿਦਿਆਰਥਣ ਨਾਲ ਜਬਰ-ਜਨਾਹ ਦੀ ਖ਼ਬਰ ਆਈ ਤਾਂ ਪੂਰੇ ਦੇਸ਼ ਵਿਚ ਰੋਸ ਪੈਦਾ ਹੋ ਗਿਆ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਸੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬਿਆਨ ਜਿਨ੍ਹਾਂ ਨੇ ਇਕ ਔਰਤ ਹੋਣ ਦੇ ਬਾਵਜੂਦ ਕਿਹਾ, “ਕੁੜੀਆਂ ਨੂੰ ਰਾਤ ਨੂੰ ਬਾਹਰ ਨਹੀਂ ਜਾਣਾ ਚਾਹੀਦਾ।” ਹਰ ਵਾਰ ਜਦੋਂ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਮਾਜ ਦਾ ਪਹਿਲਾ ਰੁਝਾਨ ਹੁੰਦਾ ਹੈ ਪੀੜਤਾ ਦੀ ਗ਼ਲਤੀ ਲੱਭਣਾ। ਉਸ ਦਾ ਪਹਿਰਾਵਾ, ਉਸ ਦੀ ਚਾਲ-ਢਾਲ, ਉਸ ਦਾ ਸਮਾਂ-ਸਭ ਕੁਝ ਸਵਾਲਾਂ ਦੇ ਘੇਰੇ ਵਿਚ ਆ ਜਾਂਦਾ ਹੈ।
ਨਿਰਭੈਯਾ ਦੇ ਮਾਮਲੇ ’ਚ ਵੀ ਇਹੀ ਹੋਇਆ ਸੀ। ਕੋਲਕਾਤਾ ਦੀ ਟ੍ਰੇਨੀ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਦੀ ਘਟਨਾ ’ਚ ਵੀ ਇਹੀ ਦੇਖਣ ਨੂੰ ਮਿਲਿਆ। ਉਸ ਵੇਲੇ ਡਾਕਟਰਾਂ ਨੇ ਹੜਤਾਲ ਕੀਤੀ ਤੇ ਸੜਕਾਂ ’ਤੇ ਉਤਰ ਕੇ ਨਿਆਂ ਦੀ ਮੰਗ ਕੀਤੀ ਪਰ ਕੁਝ ਮਹੀਨਿਆਂ ਬਾਅਦ ਸਭ ਕੁਝ ਸ਼ਾਂਤ ਹੋ ਗਿਆ। ਇਵੇਂ ਹੀ ਕੇਵਲ ਇਕ ਜਾਂ ਦੋ ਨਹੀਂ, ਹਰ ਪੀੜਤਾ ਨਾਲ ਹੁੰਦਾ ਹੈ ਅਤੇ ਇਹ ਚੁੱਪੀ ਹੀ ਸਾਡੀ ਸਭ ਤੋਂ ਵੱਡੀ ਨਾਕਾਮੀ ਹੈ। ਅਸੀਂ ਅਜੇ ਵੀ ਇਕ ਅਜਿਹੇ ਸਮਾਜ ਵਿਚ ਵਿਚਰ ਰਹੇ ਹਾਂ ਜੋ ਔਰਤ ਨੂੰ ਕਹਿੰਦਾ ਹੈ, “ਆਪਣੇ-ਆਪ ਨੂੰ ਸੰਭਾਲੋ, ਹੱਦ ਵਿਚ ਰਹੋ।” ਪਰ ਕੋਈ ਇਹ ਨਹੀਂ ਸੋਚਦਾ ਕਿ ਮਰਦ ਨੂੰ ਕਦੋਂ ਸਮਝਾਇਆ ਜਾਵੇਗਾ ਕਿ ਔਰਤ ’ਤੇ ਹੱਥ ਚੁੱਕਣਾ, ਉਸ ਨਾਲ ਜਬਰ ਕਰਨਾ, ਮਾਣ ਵਾਲੀ ਗੱਲ ਨਹੀਂ ਸਗੋਂ ਇਕ ਬਿਮਾਰੀ ਹੈ।
ਜਦੋਂ ਤੱਕ ਸਾਡੀ ਇਹ ਸੋਚ ਨਹੀਂ ਬਦਲੇਗੀ, ਉਦੋਂ ਤੱਕ ਨਾ ਕੋਈ ਕਾਨੂੰਨ, ਨਾ ਕੋਈ ਸਜ਼ਾ ਤੇ ਨਾ ਹੀ ਕੋਈ ਪ੍ਰਦਰਸ਼ਨ ਔਰਤਾਂ ਨੂੰ ਸੁਰੱਖਿਅਤ ਕਰ ਸਕਦਾ ਹੈ। ਜੇਕਰ ਅਸੀਂ ਪੀੜਤਾ ਨੂੰ ਸਵਾਲਾਂ ’ਚ ਘੇਰਨ ਦੀ ਥਾਂ ਸਹਾਰਾ ਦੇਈਏ, ਉਸ ਦੇ ਪਹਿਰਾਵੇ ਜਾਂ ਸਮੇਂ ’ਤੇ ਉਂਗਲ ਨਾ ਚੁੱਕੀਏ ਸਗੋਂ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਈਏ ਤਾਂ ਹਾਲਾਤ ਸੁਧਰ ਸਕਦੇ ਹਨ। ਸਵਾਲ ਇਹ ਨਹੀਂ ਕਿ ਔਰਤ ਕਿੱਥੇ ਸੀ ਜਾਂ ਕੀ ਕਰ ਰਹੀ ਸੀ। ਸਵਾਲ ਇਹ ਹੈ ਕਿ ਉਸ ਨਾਲ ਅਜਿਹਾ ਕਿਉਂ ਵਾਪਰਿਆ? ਨਿਰਭੈਯਾ ਤੋਂ ਲੈ ਕੇ ਦੁਰਗਾਪੁਰ ਤੱਕ, ਹਰ ਘਟਨਾ ਸਾਨੂੰ ਇੱਕੋ ਗੱਲ ਸਿਖਾਉਂਦੀ ਹੈ ਕਿ ਸੁਰੱਖਿਆ ਦੀ ਜ਼ਿੰਮੇਵਾਰੀ ਔਰਤ ਦੀ ਨਹੀਂ, ਸਮਾਜ ਦੀ ਹੈ। ਜਬਰ-ਜਨਾਹ ਸਿਰਫ਼ ਇਕ ਔਰਤ ’ਤੇ ਹਮਲਾ ਨਹੀਂ ਸਗੋਂ ਸਾਡੀ ਸਮੁੱਚੀ ਮਨੁੱਖਤਾ ’ਤੇ ਹਮਲਾ ਹੈ। ਜਦੋਂ ਤੱਕ ਅਸੀਂ ਆਪਣੇ ਵਿਹਾਰ ਤੇ ਸੋਚ ਨੂੰ ਨਹੀਂ ਬਦਲਦੇ, ਔਰਤਾਂ ਦੀ ਸੁਰੱਖਿਆ ਸਿਰਫ਼ ਕਾਗਜ਼ਾਂ ’ਤੇ ਲਿਖੀਆਂ ਗੱਲਾਂ ਹੀ ਰਹਿ ਜਾਣਗੀਆਂ।
-ਹਰਜਸਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
-ਈਮੇਲ : harjas.jmc@gmail.com