ਪਸ਼ੂਆਂ ’ਚ ਫੈਲੇ ਧੱਫੜੀ ਰੋਗ ਨੇ ਕਿਸਾਨਾਂ, ਖ਼ਾਸ ਤੌਰ ’ਤੇ ਪਸ਼ੂ-ਪਾਲਕਾਂ ਨੂੰ ਵਖਤ ਪਾ ਦਿੱਤਾ ਹੈ। ‘ਲੰਪੀ ਸਕਿੱਨ’ ਦੇ ਨਾਂ ਨਾਲ ਜਾਣੇ ਜਾਂਦੇ ਇਸ ਰੋਗ ਦਾ ਖ਼ਾਤਮਾ ਹੋਣ ਤਕ ਪੰਜਾਬ ਸਰਕਾਰ ਨੇ ਗੁਆਂਢੀ ਰਾਜਾਂ ਨਾਲ ਲੱਗਦੀਆਂ ਸੂਬੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ ਤਾਂ ਜੋ ਇਹ ਰੋਗ ਹੋਰਨਾਂ ਰਾਜਾਂ ਤਕ ਨਾ ਅੱਪੜੇ ਅਤੇ ਉੱਧਰੋਂ ਇੱਧਰ ਵੀ ਕੋਈ ਰੋਗ-ਯੁਕਤ ਪਸ਼ੂ ਨਾ ਆਵੇ। ਇਸ ਦੇ ਨਾਲ ਹੀ ਰਾਜ ’ਚ ਹਾਲਾਤ ਉੱਤੇ ਨਜ਼ਰ ਰੱਖਣ ਲਈ ਮੰਤਰੀਆਂ ਦੀ ਇਕ ਟੀਮ ਵੀ ਕਾਇਮ ਕਰ ਦਿੱਤੀ ਹੈ।
ਪਸ਼ੂਆਂ ’ਚ ਫੈਲੇ ਧੱਫੜੀ ਰੋਗ ਨੇ ਕਿਸਾਨਾਂ, ਖ਼ਾਸ ਤੌਰ ’ਤੇ ਪਸ਼ੂ-ਪਾਲਕਾਂ ਨੂੰ ਵਖਤ ਪਾ ਦਿੱਤਾ ਹੈ। ‘ਲੰਪੀ ਸਕਿੱਨ’ ਦੇ ਨਾਂ ਨਾਲ ਜਾਣੇ ਜਾਂਦੇ ਇਸ ਰੋਗ ਦਾ ਖ਼ਾਤਮਾ ਹੋਣ ਤਕ ਪੰਜਾਬ ਸਰਕਾਰ ਨੇ ਗੁਆਂਢੀ ਰਾਜਾਂ ਨਾਲ ਲੱਗਦੀਆਂ ਸੂਬੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ ਤਾਂ ਜੋ ਇਹ ਰੋਗ ਹੋਰਨਾਂ ਰਾਜਾਂ ਤਕ ਨਾ ਅੱਪੜੇ ਅਤੇ ਉੱਧਰੋਂ ਇੱਧਰ ਵੀ ਕੋਈ ਰੋਗ-ਯੁਕਤ ਪਸ਼ੂ ਨਾ ਆਵੇ। ਇਸ ਦੇ ਨਾਲ ਹੀ ਰਾਜ ’ਚ ਹਾਲਾਤ ਉੱਤੇ ਨਜ਼ਰ ਰੱਖਣ ਲਈ ਮੰਤਰੀਆਂ ਦੀ ਇਕ ਟੀਮ ਵੀ ਕਾਇਮ ਕਰ ਦਿੱਤੀ ਹੈ। ਪਸ਼ੂ ਰੋਗਾਂ ਦੇ ਮਾਹਿਰ ਮੰਤਰੀਆਂ ਦੀ ਟੀਮ ਦੀ ਪੂਰੀ ਮਦਦ ਕਰਨਗੇ। ਉਂਜ ਤਰਨ ਤਾਰਨ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੇ ਪਸ਼ੂ ਵਧੇਰੇ ਪ੍ਰਭਾਵਿਤ ਹੋਣ ਕਾਰਨ ਇਹੋ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ ਰੋਗ ਹੋਰਨਾਂ ਸੂਬਿਆਂ ਤੋਂ ਪੰਜਾਬ ’ਚ ਆਇਆ ਹੈ। ਇਸੇ ਦੌਰਾਨ ਇਕ ਵਧੀਆ ਖ਼ਬਰ ਇਹ ਵੀ ਆ ਗਈ ਹੈ ਕਿ ‘ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ’ ਨੇ ਧੱਫੜੀ ਰੋਗ ਦਾ ਟਾਕਰਾ ਕਰਨ ਲਈ ਵੈਕਸੀਨ ਤਿਆਰ ਕਰ ਲਈ ਹੈ। ਪਸ਼ੂਆਂ ’ਚ ਇਹ ਘਾਤਕ ਰੋਗ 2012 ’ਚ ਅਫ਼ਰੀਕੀ ਤੇ ਮੱਧ-ਪੂਰਬੀ ਦੇਸ਼ਾਂ ਤੋਂ ਫੈਲਣਾ ਸ਼ੁਰੂ ਹੋਇਆ ਸੀ। ਉੱਥੋਂ ਇਹ ਰੋਗ ਦੱਖਣ-ਪੂਰਬੀ ਯੂਰਪ ਦੇ ਗ੍ਰੀਸ ਤੇ ਬਲਗਾਰੀਆ ਜਿਹੇ ਬਹੁਤ ਸਾਰੇ ਦੇਸ਼ਾਂ ਵਿਚ ਫੈਲਦਾ ਚਲਾ ਗਿਆ। ਫਿਰ ਸਾਲ 2019 ’ਚ ਇਹ ਰੋਗ ਭੂਟਾਨ, ਹਾਂਗਕਾਂਗ, ਮਿਆਂਮਾਰ, ਨੇਪਾਲ, ਤਾਇਵਾਨ, ਵੀਅਤਨਾਮ ਤੇ ਸ੍ਰੀਲੰਕਾ ’ਚ ਫੈਲਿਆ। ਮਾਰਚ 2022 ’ਚ ਇਹ ਥਾਈਲੈਂਡ, ਮਲੇਸ਼ੀਆ ਤੇ ਇੰਡੋਨੇਸ਼ੀਆ ’ਚ ਵੱਡੇ ਪੱਧਰ ’ਤੇ ਪਾਇਆ ਜਾਣ ਲੱਗਾ ਸੀ। ਹੁਣ ਇਸ ਰੋਗ ਨੇ ਪੰਜਾਬ, ਰਾਜਸਥਾਨ, ਗੁਜਰਾਤ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅੰਡੇਮਾਨ ਤੇ ਨਿਕੋਬਾਰ ਟਾਪੂਆਂ ਸਮੇਤ ਭਾਰਤ ਦੇ ਹੋਰ ਬਹੁਤ ਸਾਰੇ ਰਾਜਾਂ ਦੇ ਪਸ਼ੂਆਂ ਨੂੰ ਵੀ ਲਪੇਟ ’ਚ ਲੈ ਲਿਆ ਹੈ। ਇਸ ਰੋਗ ਕਾਰਨ ਹੁਣ ਬਹੁਤ ਸਾਰੀਆਂ ਅਫ਼ਵਾਹਾਂ ਵੀ ਫੈਲਣ ਲੱਗ ਪਈਆਂ ਹਨ। ਇਕ ਅਫ਼ਵਾਹ ਇਹ ਵੀ ਹੈ ਕਿ ਲੰਪੀ ਸਕਿੱਨ ਰੋਗ ਤੋਂ ਪੀੜਤ ਪਸ਼ੂਆਂ ਦਾ ਦੁੱਧ ਪੀਣਾ ਹਾਨੀਕਾਰਕ ਹੋ ਸਕਦਾ ਹੈ ਪਰ ਮਾਹਿਰਾਂ ਦਾ ਦਾਅਵਾ ਹੈ ਕਿ ਜੇ ਦੁੱਧ ਨੂੰ ਸਹੀ ਢੰਗ ਨਾਲ ਉਬਾਲ਼ ਲਿਆ ਜਾਵੇ ਤਾਂ ਫਿਰ ਉਸ ਨੂੰ ਪੀਣ ’ਤੇ ਕੋਈ ਨੁਕਸਾਨ ਨਹੀਂ ਹੁੰਦਾ। ਉਂਜ ਕੁਝ ਪਸ਼ੂ-ਪਾਲਕਾਂ ਨੇ ਇਹ ਸ਼ਿਕਾਇਤ ਜ਼ਰੂਰ ਕੀਤੀ ਹੈ ਕਿ ਪੀੜਤ ਪਸ਼ੂਆਂ ਦਾ ਦੁੱਧ ਘਟ ਗਿਆ ਹੈ। ਸਰੀਰ ਉੱਤੇ ਛੋਟੀਆਂ ਤੇ ਮੋਟੀਆਂ ਗੰਢਾਂ ਬਣਨ ਲੱਗਦੀਆਂ ਹਨ ਜੋ 5 ਸੈਂਟੀਮੀਟਰ ਤਕ ਵੀ ਫੈਲ ਸਕਦੀਆਂ ਹਨ। ਕਈ ਵਾਰ ਇਨ੍ਹਾਂ ’ਚ ਪੀਕ ਪੈ ਜਾਂਦੀ ਹੈ। ਫਿਰ ਇਹ ਰੋਗ ਵਧਣ ਲੱਗਦਾ ਹੈ। ਇਹ ਰੋਗ ਮੱਛਰਾਂ ਤੇ ਮੱਖੀਆਂ ਤੋਂ ਡੰਗਰਾਂ ’ਚ ਫੈਲਦਾ ਹੈ। ਇਸ ਲਈ ਸਫ਼ਾਈ ਰੱਖਣ ਤੇ ਉਨ੍ਹਾਂ ਦਾ ਕੋਈ ਉਪਾਅ ਕਰਨ ਨਾਲ ਵੀ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਬਰਸਾਤਾਂ ’ਚ ਇਸ ਦੇ ਹੋਰ ਵੀ ਤੇਜ਼ੀ ਨਾਲ ਫੈਲਣ ਦੇ ਆਸਾਰ ਬਣੇ ਰਹਿੰਦੇ ਹਨ। ਹੁਣ ਇਸ ਤੋਂ ਬਚਾਅ ਲਈ ਵੈਕਸੀਨ ਨੂੰ ਦੇਸ਼ ਦੇ ਕੋਨੇ-ਕੋਨੇ ਤਕ ਪਹੁੰਚਾ ਦੇਣ ਦੇ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ। ਇਸ ਰੋਗ ਤੋਂ ਪੀੜਤ 100 ਪਸ਼ੂਆਂ ’ਚੋਂ 1 ਤੋਂ 5 ਦੇ ਮਾਰੇ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਹੁਣ ਤਕ ਇਸ ਰੋਗ ਨਾਲ ਸਭ ਤੋਂ ਵੱਧ 2,111 ਪਸ਼ੂਆਂ ਦੀਆਂ ਮੌਤਾਂ ਰਾਜਸਥਾਨ ’ਚ ਹੋਈਆਂ ਹਨ। ਉਸ ਤੋਂ ਬਾਅਦ 1,679 ਮੌਤਾਂ ਨਾਲ ਗੁਜਰਾਤ ਦਾ ਨੰਬਰ ਹੈ ਤੇ 672 ਮੌਤਾਂ ਨਾਲ ਤੀਜੇ ਨੰਬਰ ਉੱਤੇ ਪੰਜਾਬ ਹੈ। ਕੈਪਰੀਪੌਕਸ ਵਾਇਰਸ ਨਾਲ ਹੋਣ ਵਾਲਾ ਤੇ ਅੱਗੇ ਸੂਖਮ ਪਰਜੀਵੀਆਂ ਰਾਹੀਂ ਫੈਲਣ ਵਾਲਾ ਇਹ ਰੋਗ ਹੁਣ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਵਾਂਗ ਹੀ ਅੱਤ ਮਚਾਉਂਦਾ ਚਲਾ ਜਾ ਰਿਹਾ ਹੈ। ਪਿਛਲੇ ਕੁਝ ਵਰਿ੍ਹਆਂ ਤੋਂ ਦੁਨੀਆ ’ਚ ਇਨ੍ਹਾਂ ਮਹਾਮਾਰੀ ਵਰਗੇ ਰੋਗਾਂ ਨੇ ਅੱਤ ਚੁੱਕੀ ਹੋਈ ਹੈ।