ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਰੱਖਣ। ਹੋਸਟਲਾਂ ਵਿਚ ਰਹਿੰਦੇ ਲੜਕੇ-ਲੜਕੀਆਂ ਦੀ ਨਿਗਰਾਨੀ ਹੋਵੇ। ਨੌਜਵਾਨ ਖ਼ੁਦ ਨਸ਼ਿਆਂ ਦੀ ਆਦਤ ਦਾ ਤਿਆਗ ਕਰਨ। ਮਾਪੇ ਬੱਚਿਆਂ ਦੇ ਖ਼ਰਚੇ ਬਾਰੇ ਜਾਣਕਾਰੀ ਰੱਖਣ। ਨਸ਼ੇ ਰੋਕਣ ਲਈ ਸਾਨੂੰ ਆਪਣੇ ਪੱਧਰ ’ਤੇ ਸ਼ੁਰੂਆਤ ਕਰਨੀ ਪਵੇਗੀ, ਸਿਰਫ਼ ਸਰਕਾਰਾਂ ਤੇ ਡਾਕਟਰੀ ਇਲਾਜ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ।

ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਅੱਜ ਨਸ਼ਾਖੋਰੀ ਦੇ ਵਧਦੇ ਰੁਝਾਨ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਜ਼ਿਆਦਾਤਰ ਨੌਜਵਾਨ ਨਸ਼ਾਖੋਰੀ ਦੀ ਭਿਆਨਕ ਬੁਰਾਈ ਤੋਂ ਗ੍ਰਸਤ ਹਨ। ਪੁਰਾਣੀਆਂ ਕਹਾਣੀਆਂ ਅਨੁਸਾਰ ਨਸ਼ੇ ਸ਼ੈਤਾਨ ਦੀ ਦੇਣ ਹਨ। ਸ਼ਰਾਬ, ਬੀਅਰ ਤੋਂ ਇਲਾਵਾ ਚਿੱਟਾ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਚਿੱਟੇ ਨੇ ਪੰਜਾਬ ਵਿਚ ਤੇਜ਼ੀ ਨਾਲ ਪੈਰ ਪਸਾਰ ਲਏ ਹਨ। ਇਸ ਨੇ ਕਈ ਮਾਵਾਂ ਦੇ ਪੁੱਤ ਖੋਹ ਲਏ ਹਨ।
ਬੜਾ ਦੁੱਖ ਹੁੰਦਾ ਹੈ ਸੁਣ ਕੇ ਕਿ ਅੱਜ-ਕੱਲ੍ਹ ਕਈ ਕੁੜੀਆਂ ਵੀ ਨਸ਼ੇ ਦੀਆਂ ਆਦੀ ਬਣ ਚੁੱਕੀਆਂ ਹਨ। ਗੁਜਰਾਤ ਰਾਜ ਵਾਂਗ ਸਾਰੇ ਰਾਜਾਂ ਵਿਚ ਸ਼ਰਾਬ, ਚਿੱਟਾ ਆਦਿ ਨਸ਼ੇ ਬੰਦ ਹੋਣੇ ਚਾਹੀਦੇ ਹਨ। ਸਾਡੀ ਜੀਵਨ-ਸ਼ੈਲੀ ਤੇ ਬੱਚਿਆਂ ਦੇ ਪਾਲਣ-ਪੋਸ਼ਣ ’ਚ ਹੀ ਕੁਝ ਅਜਿਹੀਆਂ ਕਮੀਆਂ ਹਨ ਜੋ ਉਨ੍ਹਾਂ ’ਚ ਨਸ਼ਾਖੋਰੀ ਦੇ ਰੁਝਾਨ ਵਧਣ ਦੀ ਵਜ੍ਹਾ ਬਣ ਰਹੀਆਂ ਹਨ। ਜ਼ਿਆਦਾਤਰ ਲੋਕ ਮਹਿਮਾਨਾਂ ਦਾ ਆਦਰ-ਸਤਿਕਾਰ ਤੇ ਸੇਵਾ ਉਨ੍ਹਾਂ ਸ਼ਰਾਬ ਆਦਿ ਪਿਆਉਣ ਨੂੰ ਮੰਨਦੇ ਹਨ।
ਘਰ ਵਿਚ ਕੋਈ ਵੀ ਖ਼ੁਸ਼ੀ ਦਾ ਮੌਕਾ ਹੋਵੇ ਤਾਂ ਵੀ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ। ਹੌਲੀ-ਹੌਲੀ ਬੱਚੇ ਦੇ ਦਿਮਾਗ ’ਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਸ਼ਰਾਬ ਖ਼ਾਸ ਰਿਸ਼ਤੇਦਾਰਾਂ ਦੀ ਸੇਵਾ ਲਈ ਹੀ ਵਰਤੀ ਜਾਣ ਕਾਰਨ ਇਹ ਖ਼ਾਸ ਚੀਜ਼ ਹੈ। ਇੰਜ ਉਹ ਸ਼ਰਾਬ ਪੀਣ ਦੀ ਆਦਤ ਪਾ ਲੈਂਦੇ ਹਨ। ਕਈ ਲੋਕ ਮਜ਼ਾਕ ’ਚ ਹੀ ਬੱਚਿਆਂ ਨੂੰ ਨਸ਼ਾ ਕਰਵਾ ਦਿੰਦੇ ਹਨ ਤੇ ਇਹ ਮਜ਼ਾਕ ਹੌਲੀ-ਹੌਲੀ ਬੱਚੇ ਦਾ ਸ਼ੌਕ ਤੇ ਆਦਤ ਬਣ ਜਾਂਦਾ ਹੈ। ਬੱਚੇ ਨਸ਼ਾ ਕਰਨਾ ਘਰੋਂ ਹੀ ਸਿੱਖ ਜਾਂਦੇ ਹਨ ਜੋ ਸਮਾਜ ਲਈ ਬਹੁਤ ਹੀ ਨੁਕਸਾਨਦੇਹ ਹੈ। ਇਸ ਦਾ ਨਤੀਜਾ ਅਸੀਂ ਅਜੋਕੇ ਸਮਾਜ ਵਿਚ ਭਲੀਭਾਂਤ ਦੇਖ ਸਕਦੇ ਹਾਂ।
ਦਿੱਲੀ ਦੇ ਏਮਜ਼ ਹਸਪਤਾਲ ਦੇ ਇਕ ਐੱਨਜੀਓ ‘ਸੁਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸਿਜ਼’ ਦੇ ਸਹਿਯੋਗ ਨਾਲ ਪੰਜਾਬ ਵਿਚ ਨਸ਼ਿਆਂ ਬਾਰੇ ਇਕ ਸਰਵੇਖਣ ਕਰਵਾਇਆ ਗਿਆ ਜਿਸ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਹਰ ਸਾਲ 7500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵਿਕਦੇ ਹਨ। ਪ੍ਰਮੁੱਖ ਉੁਦਯੋਗਿਕ ਦੇਸ਼ਾਂ ਦੇ ਆਰਥਕ ਸਹਿਯੋਗ ਅਤੇ ਵਿਕਾਸ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆ ਵਿਚ ਟੀਬੀ, ਹਿੰਸਾ ਅਤੇ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਮੌਤਾਂ ਸ਼ਰਾਬ ਕਾਰਨ ਹੁੰਦੀਆਂ ਹਨ।
ਦੁਨੀਆ ਵਿਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿਚ ਸ਼ਰਾਬ 5ਵਾਂ ਸਭ ਤੋਂ ਵੱਡਾ ਕਾਰਨ ਹੈ। ਸੰਨ 2000 ਤੋਂ ਬਾਅਦ ਪੂਰੀ ਦੁਨੀਆ ’ਚ ਮੁੰਡਿਆਂ-ਕੁੜੀਆਂ ਵਿਚ ਸ਼ਰਾਬ ਪੀਣ ਦਾ ਰੁਝਾਨ ਜ਼ਿਆਦਾ ਵਧਿਆ ਹੈ। ਨਸ਼ਿਆਂ ਕਰਕੇ ਲੱਖਾਂ ਘਰ ਉੱਜੜ ਗਏ। ਕਈ ਨਸ਼ੇੜੀਆਂ ਨੇ ਪਤਨੀਆਂ ਅਤੇ ਮਾਪਿਆਂ ਦੇ ਕਤਲ ਕਰ ਦਿੱਤੇ। ਨਸ਼ਿਆਂ ਕਾਰਨ ਬਹੁਤੇ ਲੜਕੇ ਗ੍ਰਹਿਸਥ ਜੀਵਨ ਦੇ ਕਾਬਲ ਨਹੀਂ ਰਹੇ। ਤਲਾਕ ਹੋ ਰਹੇ ਹਨ।
ਬਹੁਤੀਆਂ ਲੜਾਈਆਂ, ਬਲਾਤਕਾਰ ਅਤੇ ਹਾਦਸੇ ਨਸ਼ਿਆਂ ਕਾਰਨ ਹੀ ਹੁੰਦੇ ਹਨ। ਪੀਜੀਆਈ ਚੰਡੀਗੜ੍ਹ ਵਿਚ ਸੈਕਸ ਸਮਰੱਥਾ ਦੀ ਕਮੀ ਤੋਂ ਪੀੜਤ ਰੋਗੀਆਂ ’ਤੇ ਡਾਕਟਰਾਂ ਵੱਲੋਂ ਕੀਤੇ ਗਏ ਅਧਿਐਨ ਵਿਚ 58.4 ਫ਼ੀਸਦੀ ਲੋਕਾਂ ਦੀ ਇਹ ਕਮਜ਼ੋਰੀ ਸ਼ਰਾਬ ਦੇ ਸੇਵਨ ਨਾਲ ਹੋਈ ਦੱਸੀ ਗਈ ਹੈ। ਭਾਵੇਂ ਸਰਕਾਰ ਤੇ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਨੌਜਵਾਨ ਪੀੜ੍ਹੀ ਨੂੰ ਸਮਝਾ ਕੇ ਚਿੱਟੇ ਖ਼ਿਲਾਫ਼ ਨਸ਼ਾ ਛੁਡਾਊ ਮੁਹਿੰਮਾਂ ਵਿੱਢੀਆਂ ਹੋਈਆਂ ਹਨ।
ਕਿੰਨੇ ਹੀ ਲੋਕ ਨੌਜਵਾਨ ਪੀੜ੍ਹੀ ਅਤੇ ਸੂਬੇ ਤੇ ਦੇਸ਼ ਦਾ ਭਵਿੱਖ ਬਚਾਉਣ ਲਈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚੋਂ ਕੱਢ ਕੇ ਮੁੜ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਊਣ ਤੇ ਆਪਣੀਆਂ ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣਯੋਗ ਬਣਾਉਣ ਲਈ ਯਤਨਸ਼ੀਲ ਹਨ। ਫਿਰ ਵੀ ਸਮਾਜ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਖ਼ਾਸ ਧਿਆਨ ਰੱਖਣ।
ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਰੱਖਣ। ਹੋਸਟਲਾਂ ਵਿਚ ਰਹਿੰਦੇ ਲੜਕੇ-ਲੜਕੀਆਂ ਦੀ ਨਿਗਰਾਨੀ ਹੋਵੇ। ਨੌਜਵਾਨ ਖ਼ੁਦ ਨਸ਼ਿਆਂ ਦੀ ਆਦਤ ਦਾ ਤਿਆਗ ਕਰਨ। ਮਾਪੇ ਬੱਚਿਆਂ ਦੇ ਖ਼ਰਚੇ ਬਾਰੇ ਜਾਣਕਾਰੀ ਰੱਖਣ। ਨਸ਼ੇ ਰੋਕਣ ਲਈ ਸਾਨੂੰ ਆਪਣੇ ਪੱਧਰ ’ਤੇ ਸ਼ੁਰੂਆਤ ਕਰਨੀ ਪਵੇਗੀ, ਸਿਰਫ਼ ਸਰਕਾਰਾਂ ਤੇ ਡਾਕਟਰੀ ਇਲਾਜ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ।
ਆਓ! ਅੱਜ ਤੋਂ ਹੀ ਇਸ ਕੰਮ ਦੀ ਸ਼ੁਰੂਆਤ ਕਰੀਏ। ਇਸ ਤਰ੍ਹਾਂ ਕਰਨ ਨਾਲ ਕਦੇ ਕੋਈ ਮਾਂ ਨਹੀਂ ਕਹੇਗੀ ਕਿ ਚਿੱਟੇ ਨੇ ਪੁੱਤ ਖੋਹ ਲਿਆ। ਗਾਣਿਆਂ ਤੇ ਫਿਲਮਾਂ ਵਿਚ ਨਸ਼ੇ ਅਤੇ ਬੰਦੂਕਾਂ ਦਾ ਦਿਖਾਵਾ ਬੰਦ ਹੋਣਾ ਚਾਹੀਦਾ ਹੈ। ਹੁਣ ਚੌੜੀਆਂ ਹਿੱਕਾਂ ਵਾਲੇ 6 ਫੁੱਟੇ ਗੱਭਰੂ ਵਿਰਲੇ-ਟਾਵੇਂ ਹੀ ਮਿਲਦੇ ਹਨ। ਜੇ ਹੁਣ ਸਮਾਜ ਸੁਧਾਰਕ ਜਥੇਬੰਦੀਆਂ, ਬੁੱਧੀਮਾਨ ਤੇ ਫਿਕਰਮੰਦ ਲੋਕਾਂ ਨੇ ਇਕੱਠੇ ਹੋ ਕੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਨਸ਼ੇ ਦੇ ਸੌਦਾਗਰਾਂ ਵਿਰੁੱਧ ਹੰਭਲਾ ਨਾ ਮਾਰਿਆ ਤਾਂ ਆਉਣ ਵਾਲੀ ਪੀੜ੍ਹੀ ਬੇਹੱਦ ਕਮਜ਼ੋਰ, ਆਲਸੀ ਤੇ ਮਨੋਰੋਗੀ ਹੋਵੇਗੀ।
-ਪ੍ਰਮੋਦ ਧੀਰ, ਜੈਤੋ ਮੰਡੀ
ਮੋਬਾਈਲ : 98550-31081