ਸਰਦਾਰ ਵੱਲਭ ਭਾਈ ਪਟੇਲ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਲੋਹ ਪੁਰਸ਼ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ 144ਵੀਂ ਜੈਅੰਤੀ ਇਸ ਲਈ ਖ਼ਾਸ ਹੈ ਕਿਉਂਕਿ ਉਨ੍ਹਾਂ ਦੀ ਯਾਦ ਵਿਚ 31 ਅਕਤੂਬਰ ਨੂੰ ਜੰਮੂ-ਕਸ਼ਮੀਰ ਨੂੰ ਰਸਮੀ ਤੌਰ 'ਤੇ ਦੋ ਹਿੱਸਿਆਂ ਵਿਚ ਵੰਡਣ ਦਾ ਕੰਮ ਸਿਰੇ ਚੜ੍ਹ ਜਾਵੇਗਾ।

-ਕੇ.ਸੀ. ਤਿਆਗੀ
ਸਰਦਾਰ ਵੱਲਭ ਭਾਈ ਪਟੇਲ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਲੋਹ ਪੁਰਸ਼ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ 144ਵੀਂ ਜੈਅੰਤੀ ਇਸ ਲਈ ਖ਼ਾਸ ਹੈ ਕਿਉਂਕਿ ਉਨ੍ਹਾਂ ਦੀ ਯਾਦ ਵਿਚ 31 ਅਕਤੂਬਰ ਨੂੰ ਜੰਮੂ-ਕਸ਼ਮੀਰ ਨੂੰ ਰਸਮੀ ਤੌਰ 'ਤੇ ਦੋ ਹਿੱਸਿਆਂ ਵਿਚ ਵੰਡਣ ਦਾ ਕੰਮ ਸਿਰੇ ਚੜ੍ਹ ਜਾਵੇਗਾ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਪੁਲਿਸ ਅਤੇ ਸਾਰੇ ਨੀਮ ਫ਼ੌਜੀ ਬਲਾਂ ਦੇ ਦਫ਼ਤਰਾਂ ਵਿਚ ਉਨ੍ਹਾਂ ਦੀ ਤਸਵੀਰ ਦਾ ਇਸਤੇਮਾਲ ਜ਼ਰੂਰ ਕੀਤਾ ਜਾਵੇ।
ਇਸ ਤੋਂ ਇਹੀ ਸਪਸ਼ਟ ਹੁੰਦਾ ਹੈ ਕਿ ਵਰਤਮਾਨ ਸਰਕਾਰ ਲਈ ਮਹਾਤਮਾ ਗਾਂਧੀ ਮਗਰੋਂ ਲੋਹ ਪੁਰਸ਼ ਸਰਦਾਰ ਪਟੇਲ ਸਭ ਤੋਂ ਵੱਧ ਸਨਮਾਨਿਤ ਸ਼ਖ਼ਸੀਅਤ ਹਨ। ਕਾਂਗਰਸ ਸਰਕਾਰ ਨੇ ਤਾਂ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਵਿਚ ਲਗਪਗ 40 ਵਰ੍ਹੇ ਲਗਾ ਦਿੱਤੇ ਸਨ। ਸਰਦਾਰ ਪਟੇਲ ਆਪਣੀ ਅਨੁਸ਼ਾਸਨਾਤਮਕ ਸਮਰੱਥਾ ਅਤੇ ਮਜ਼ਬੂਤ ਅਗਵਾਈ ਦੇ ਬਲਬੂਤੇ 565 ਰਿਆਸਤਾਂ ਨੂੰ ਭਾਰਤ ਨਾਲ ਜੋੜਨ ਵਿਚ ਕਾਮਯਾਬ ਹੋਏ ਸਨ।
ਉਨ੍ਹਾਂ ਦੇ ਇਸ ਯੋਗਦਾਨ ਲਈ ਬੀਤੇ ਵਰ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ 182 ਮੀਟਰ ਲੰਬੀ ਵਿਸ਼ਵ ਦੀ ਸਭ ਤੋਂ ਵੱਡੀ ਮੂਰਤੀ 'ਸਟੈਚਿਊ ਆਫ ਯੂਨਿਟੀ' ਦੀ ਘੁੰਡ ਚੁਕਾਈ ਕੀਤੀ ਸੀ। ਇਹ ਮੂਰਤੀ ਸਥਾਨ ਅੱਜ ਸੈਰ-ਸਪਾਟੇ ਦਾ ਵੱਡਾ ਕੇਂਦਰ ਬਣ ਗਿਆ ਹੈ। ਇਹ ਸੱਚ ਹੈ ਕਿ ਸਰਦਾਰ ਪਟੇਲ ਨਾ ਹੁੰਦੇ ਤਾਂ ਅੱਜ ਭਾਰਤ ਦਾ ਭੂਗੋਲਿਕ ਨਕਸ਼ਾ ਸ਼ਾਇਦ ਵੱਖਰਾ ਹੁੰਦਾ।
ਜੂਨਾਗੜ੍ਹ, ਜੋਧਪੁਰ ਅਤੇ ਖ਼ਾਸ ਤੌਰ 'ਤੇ ਹੈਦਰਾਬਾਦ ਅਤੇ ਜੰਮੂ-ਕਸ਼ਮੀਰ ਨੂੰ ਭਾਰਤ ਨਾਲ ਜੋੜੀ ਰੱਖਣ ਵਿਚ ਉਨ੍ਹਾਂ ਦੀਆਂ ਸਾਮ, ਦਾਮ, ਦੰਡ ਅਤੇ ਭੇਦ ਦੀਆਂ ਨੀਤੀਆਂ ਅੱਜ ਵੀ ਉਨ੍ਹਾਂ ਨੂੰ ਇਤਿਹਾਸ ਦੇ ਪੰਨਿਆਂ 'ਤੇ ਸਜੀਵ ਅਤੇ ਪ੍ਰਸੰਗਿਕ ਬਣਾ ਰਹੀਆਂ ਹਨ। ਜਦ ਪਾਕਿਸਤਾਨ ਦਾ ਬਣਨਾ ਤੈਅ ਹੋ ਗਿਆ ਸੀ ਉਦੋਂ ਦੇਸ਼ ਦੇ ਸਾਹਮਣੇ ਕਈ ਗੰਭੀਰ ਚੁਣੌਤੀਆਂ ਸਨ।
ਸੰਨ 1946 ਦੇ ਕੈਬਨਿਟ ਮਿਸ਼ਨ ਦੀ ਪ੍ਰਸਤਾਵਿਤ ਯੋਜਨਾ ਮੁਤਾਬਕ ਬੰਗਾਲ, ਪੰਜਾਬ ਅਤੇ ਅਸਾਮ ਪਾਕਿਸਤਾਨ ਦਾ ਹਿੱਸਾ ਬਣਨ ਜਾ ਰਹੇ ਸਨ। ਉਦੋਂ ਦੂਰਦਰਸ਼ੀ ਸੋਚ ਦਾ ਮੁਜ਼ਾਹਰਾ ਕਰਦਿਆਂ ਸਰਦਾਰ ਪਟੇਲ ਨੇ ਇਸ ਯੋਜਨਾ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਤਾਂ ਪਾਕਿਸਤਾਨ ਬਣਾਉਣ ਦੇ ਪ੍ਰਸਤਾਵ ਤੋਂ ਵੀ ਵੱਧ ਖ਼ਰਾਬ ਹੈ।
ਬਾਅਦ ਵਿਚ ਸਰਦਾਰ ਪਟੇਲ ਨੇ ਪੰਜਾਬ ਅਤੇ ਬੰਗਾਲ ਦੀ ਵੰਡ ਦਾ ਪ੍ਰਸਤਾਵ ਪੇਸ਼ ਕਰ ਦਿੱਤਾ ਅਤੇ ਪੂਰੇ ਦਾ ਪੂਰਾ ਅਸਾਮ ਭਾਰਤ ਦਾ ਹਿੱਸਾ ਬਣਾ ਲਿਆ ਗਿਆ। ਇਹ ਧਿਆਨ ਰਹੇ ਕਿ ਉਦੋਂ ਅਸਾਮ ਇਕ ਤਰ੍ਹਾਂ ਨਾਲ ਪੂਰਾ ਉੱਤਰ-ਪੂਰਬ ਸੀ। ਦੇਸ਼ ਦੇ ਏਕੀਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਸਰਦਾਰ ਪਟੇਲ ਨੇ ਵਕਤ ਦੀ ਨਜ਼ਾਕਤ ਨੂੰ ਬਾਖ਼ੂਬੀ ਸਮਝਣ ਅਤੇ ਉਸ ਅਨੁਸਾਰ ਚੱਲਣ ਦਾ ਕੰਮ ਕੀਤਾ।
ਹੈਦਰਾਬਾਦ ਅਤੇ ਜੂਨਾਗੜ੍ਹ ਦੇ ਨਵਾਬ ਵਿਰੁੱਧ ਉਨ੍ਹਾਂ ਤਾਕਤ ਅਤੇ ਸਬਰ ਦੋਵਾਂ ਦਾ ਇਸਤੇਮਾਲ ਕੀਤਾ। ਸਰਦਾਰ ਪਟੇਲ ਲਤਾੜੇ ਵਰਗਾਂ, ਮਜ਼ਦੂਰਾਂ, ਗ਼ਰੀਬਾਂ ਅਤੇ ਕਿਸਾਨਾਂ ਦੀ ਵੀ ਮਜ਼ਬੂਤ ਆਵਾਜ਼ ਸਨ। ਆਜ਼ਾਦੀ ਦੇ ਅੰਦੋਲਨਾਂ ਵਿਚ ਮੁੱਖ ਭੂਮਿਕਾ ਨਿਭਾਉਣ ਦੇ ਨਾਲ ਹੀ ਉਹ ਉਨ੍ਹਾਂ ਸਾਰੇ ਸਮਾਜਿਕ ਵਰਗਾਂ ਦੀ ਅਗਵਾਈ ਕਰ ਰਹੇ ਸਨ ਜੋ ਆਰਥਿਕ ਤੇ ਸਮਾਜਿਕ ਤੌਰ 'ਤੇ ਸ਼ੋਸ਼ਣ ਦਾ ਸ਼ਿਕਾਰ ਬਣ ਰਹੇ ਸਨ। ਸਰਦਾਰ ਪਟੇਲ 15 ਦਸੰਬਰ 1950 ਨੂੰ ਮੁੰਬਈ ਵਿਚ ਸਵਰਗ ਸਿਧਾਰ ਗਏ।
(ਲੇਖਕ ਜਨਤਾ ਦਲ (ਯੂ) ਦਾ ਕੌਮੀ ਬੁਲਾਰਾ ਹੈ)।