-ਪ੍ਰੋਫੈਸਰ ਜਸਪਾਲ ਸਿੰਘ ਗਿੱਲ

ਸੰਤ ਰਾਮ ਉਦਾਸੀ ਪੰਜਾਬੀ ਸਾਹਿਤ ਦਾ ਜੁਝਾਰੂ ਲੋਕ-ਕਵੀ ਹੈ। ਉਦਾਸੀ ਅਜਿਹੀ ਸ਼ਖ਼ਸੀਅਤ ਦਾ ਨਾਮ ਹੈ ਜੋ ਲੋਕ-ਦਿਲਾਂ ਦੀ ਧੜਕਨ ਬਣਿਆ। ਉਸ ਦਾ ਆਮ ਲੋਕਾਈ ਨਾਲ ਅਜਿਹਾ ਰਿਸ਼ਤਾ ਬਣਿਆ ਕਿ ਅੱਜ ਵੀ ਜਦੋਂ ਕੋਈ ਲਹਿਰ ਆਪਣੇ ਬੁਨਿਅਦੀ ਹੱਕ-ਹਕੂਕ ਲਈ ਅੰਗੜਾਈ ਲੈਂਦੀ ਹੈ ਤਾਂ ਉਸ ਦੇ ਗੀਤ ਹਰੇਕ ਸਟੇਜ ਦਾ ਸ਼ਿੰਗਾਰ ਬਣਦੇ ਹਨ। ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਪਿੰਡ ਰਾਏਸਰ ਜ਼ਿਲ੍ਹਾ ਬਰਨਾਲਾ ਵਿਚ ਹੋਇਆ ਸੀ। ਉਦਾਸੀ ਦਾ ਪਰਿਵਾਰ ਦਲਿਤ ਭਾਈਚਾਰੇ ਨਾਲ ਸਬੰਧਤ ਹੈ ਜਿਸ ਨੂੰ ਅਖੌਤੀ ਉੱਚੀਆਂ ਜਾਤਾਂ ਦੇ ਲੋਕ ਅਛੂਤ ਕਹਿੰਦੇ ਹਨ। ਸੰਤ ਰਾਮ ਉਦਾਸੀ ਨੇ ਆਪਣੇ ਨਿੱਜੀ ਅਨੁਭਵ ਅਤੇ ਗਰੀਬ ਕਿਸਾਨਾਂ ਨਾਲ ਨੇੜਤਾ ਹੋਣ ਕਾਰਨ ਕਿਰਤੀ ਕਿਸਾਨ ਦੇ ਜੀਵਨ ਦੀਆਂ ਮਾਰਮਿਕ, ਸਮਾਜਿਕ ਅਤੇ ਆਰਥਿਕ ਪਰਿਸਥਿਤੀਆਂ ਨੂੰ ਨੇੜਿਓਂ ਦੇਖਿਆ ਅਤੇ ਜੀਵਿਆ ਸੀ। ਇਸ ਲਈ ਅਜਿਹੇ ਕੌੜੇ ਕੁਸੈਲੇ ਅਨੁਭਵ ਉਸ ਦੇ ਕਾਵਿ ਦਾ ਸ਼ਿੰਗਾਰ ਬਣਦੇ ਹਨ। ਉਸ ਨੂੰ ਜੁਝਾਰੂ ਵਿਰਸੇ ਬਾਰੇ ਪਰਿਵਾਰ ’ਚੋਂ ਹੀ ਜਾਣਕਾਰੀ ਪ੍ਰਾਪਤ ਹੋਈ ਸੀ। ਉਦਾਸੀ ਦੀ ਬੇਟੀ ਇਕਬਾਲ ਕੌਰ ਉਦਾਸੀ ਅਨੁਸਾਰ ‘‘ਤਾਇਆ ਜੀ ਗੁਰਦਾਸ ਸਿੰਘ ਅਤੇ ਪ੍ਰਕਾਸ਼ ਸਿੰਘ ਸੀਪੀਆਈ ਦੇ ਖੇਤ ਮਜ਼ਦੂਰ ਵਰਕਰ ਸਨ ਤੇ ਨਾਮਧਾਰੀ ਲਹਿਰ ਨਾਲ ਜੁੜੇ ਹੋਏ ਸਨ।

ਇਸ ਕਰਕੇ ਪਰਿਵਾਰ ’ਚੋਂ ਹੀ ਉਨ੍ਹਾਂ ਨੂੰ ਜੁਝਾਰੂ ਵਿਰਸੇ ਬਾਰੇ ਜਾਣਕਾਰੀ ਮਿਲੀ। ਉਦਾਸੀ ਜੀ ਦੇ ਕਾਵਿ-ਜਗਤ ਦਾ ਲੇਖਾ-ਜੋਖਾ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ ‘ਲਹੂ ਭਿੱਜੇ ਬੋਲ’ 1971 ਵਿਚ ਪ੍ਰਕਾਸ਼ਿਤ ਹੋਇਆ ਸੀ ਜਿਸ ’ਚ ਕੁੱਲ 47 ਰਚਨਾਵਾਂ ਹਨ। ਉਸ ਦਾ ਦੂਸਰਾ ਕਾਵਿ-ਸੰਗ੍ਰਹਿ ‘ਸੈਨਤਾਂ’ 1976 ਵਿਚ ਛਪਿਆ ਸੀ ਜਿਸ ਦੀਆਂ 31 ਰਚਨਾਵਾਂ ਹਨ ਅਤੇ 1977 ’ਚ 16 ਰਚਨਾਵਾਂ ਵਾਲਾ ਕਾਵਿ-ਸੰਗ੍ਰਹਿ ‘ਚੌਨੁਕਰੀਆਂ ਸੀਖਾਂ’ ਪਾਠਕਾਂ ਦੇ ਹੱਥਾਂ ਵਿਚ ਆਇਆ। ਆਪਣੀ ਕਾਵਿ-ਸਿਰਜਣਾ ਦੇ ਮੂਲ ਆਧਾਰ ਬਾਰੇ ਸੰਤ ਰਾਮ ਉਦਾਸੀ ਨੇ ਬੜੇ ਸਪਸ਼ਟ ਰੂਪ ਵਿਚ ਲਿਖਿਆ ਹੈ ਕਿ-‘‘ਮੈਂ ਧਾਰਮਿਕ ਕਿਤਾਬਾਂ, ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਅਕਾਲੀ ਮੋਰਚਿਆਂ ਦੇ ਇਤਿਹਾਸ ਤੋਂ ਅਗਵਾਈ ਲਈ। ਉਦਾਸੀ ਸਮਾਜਿਕ ਨਾ-ਬਰਾਬਰੀ, ਜਾਤ-ਪਾਤ, ਊਚ-ਨੀਚ, ਆਰਥਿਕ ਕਾਣੀ ਵੰਡ ਨੂੰ ਸਮਾਪਤ ਕਰ ਕੇ ਇਕ ਅਜਿਹੇ ਆਦਰਸ਼ ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਇੱਛੁਕ ਸੀ ਜਿਸ ’ਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪੱਖ ਤੋਂ ਸਾਰੇ ਲੋਕ ਬਰਾਬਰ ਹੁੰਦੇ। ਉਹ ਲਿਖਦਾ ਹੈ ‘‘ਬਸ ਇਹੀ ਮੇਰੀ ਕਵਿਤਾ ਦੀ ਅੰਤਿਮ ਇੱਛਾ ਹੈ ਕਿ ਮੇਰੇ ਲੋਕ ਮੇਰੀ ਕਵਿਤਾ ਨੂੰ ਗੁਣਗੁਣਾਉਂਦੇ ਹੋਏ ਆਪਣੀ ਸਦੀਆਂ ਬੱਧੀ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਸਕਣ ਤੇ ਦੁਨੀਆਂ ’ਚ ਪ੍ਰੋਲਤਾਰੀਆਂ ਦੀ ਸਰਦਾਰੀ ਕਾਇਮ ਕਰਨ।” ਉਦਾਸੀ ਦੀ ਸੋਚ ਦਾ ਕੈਨਵਸ ਸਗਲੀ ਦੁਨੀਆਂ ਦੇ ਪ੍ਰੋਲੇਤਾਰੀਆਂ ਨੂੰ ਆਪਣੇ ਕਲੇਵਰ ’ਚ ਲੈਣ ਦਾ ਸੀ ਜਿਵੇਂ ਉਹ ਲਿਖਦਾ ਹੈ ਕਿ : ਦੁਨੀਆਂ ਭਰ ਦੇ ਕਾਮਿਓ-ਕਿਰਤ ਲੁਟਾਵਣ ਵਾਲਿਓ ਸਾਰੇ ਇੱਕ ਹੋ ਜਾਓ, ਇੱਕ ਹੋ ਜਾਓ।

ਕਿਰਤ ਦੀ ਲੁੱਟ ਦਾ ਸਿਲਸਿਲਾ ਸਾਡੇ ਪੂਰਵਜਾਂ ਤੋਂ ਚਲਿਆ ਆ ਰਿਹਾ ਹੈ। ਇਹ ਕਿਰਤ ਹੀ ਮਨੁੱਖੀ ਇਤਿਹਾਸ ਦੀ ਰਚਨਾ ਕਰਦੀ ਹੈ ਪਰ ਕਿਰਤ ਦੇ ਕੇਂਦਰੀਕ੍ਰਿਤ ਹੋਣ ਨਾਲ ਮਨੁੱਖ ਪਸ਼ੂਆਂ ਦੇ ਪੱਧਰ ਤਕ ਸਿਮਟ ਕੇ ਰਹਿ ਗਿਆ ਹੈ। ਉਦਾਸੀ ਅਜਿਹੇ ਸਿਸਟਮ ਪ੍ਰਤੀ ਲੋਕਾਂ ਨੂੰ ਸੁਚੇਤ ਕਰਦਾ ਹੈ ਕਿ:

ਅਜੇ ਨਾ ਆਈ ਮੰਜ਼ਿਲ ਤੇਰੀ, ਅਜੇ ਵਡੇਰਾ ਪਾੜਾ ਏ।

ਹਿੰਮਤ ਕਰ ਅਲਬੇਲੇ ਰਾਹੀ ਅਜੇ ਹਨੇਰਾ ਗਾੜ੍ਹਾ ਏ।

ਕਵੀ ਪੂੰਜੀਵਾਦ ਦੇ ਖ਼ਾਤਮੇ ਲਈ ਦ੍ਰਿੜ੍ਹ ਸੰਕਲਪ ਕਰਦਾ ਹੈ ਅਤੇ ਲਹੂ ਪੀਣੀਆਂ ਜੋਕਾਂ ਨੂੰ ਤੋੜਨ ਦੀ ਗੱਲ ਕਰਦਾ ਹੈ ਜਿਵੇਂ :

ਤੋੜ ਦਿਆਂਗੇ ਲਹੂ ਪੀਣੀਆਂ ਜੋਕਾਂ ਨੂੰ।

ਨਵੀਂ ਜ਼ਿੰਦਗੀ ਫੇਰ ਦਿਆਂਗੇ ਲੋਕਾਂ ਨੂੰ।

ਸੰਤ ਰਾਮ ਉਦਾਸੀ ਲਹਿਰ ਦੇ ਸਮਿਆਂ ਵਿਚ ਸੰਗਰੂਰ, ਪਟਿਆਲਾ, ਨਾਭਾ ਆਦਿ ਜੇਲ੍ਹਾਂ ਵਿਚ ਰਿਹਾ ਜਿੱਥੇ ਕਾਵਿ-ਸਿਰਜਣਾ ਜਾਰੀ ਰਹੀ। ਫਰਵਰੀ 1978 ਵਿਚ ਛਪਿਆ ਕਾਵਿ-ਸੰਗ੍ਰਹਿ ‘ਚੌਨੁਕਰੀਆਂ ਸੀਖਾਂ’ ਕੇਂਦਰੀ ਜੇਲ੍ਹ ਪਟਿਆਲਾ ਦੌਰਾਨ 1975 ਵਿਚ ਲਿਖਿਆ ਜਿਸ ਵਿਚ 16 ਰਚਨਾਵਾਂ ਹਨ। ਇਸ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ ਜੇਲ੍ਹ ਵਿੱਚੋਂ ਲਿਖੀਆਂ ਹੋਣ ਕਰ ਕੇ ਜ਼ਿਆਦਾ ਆਸ ਭਰਪੂਰ ਹੋਣ ਅਤੇ ਚੰਗੇ ਭਵਿੱਖ ਦੀ ਕਾਮਨਾ ਨਾਲ ਵਾਬਸਤਾ ਹਨ। ਉਦਾਸੀ ਦੀਆਂ ਇਹ ਰਚਨਾਵਾਂ ਜਮਾਤੀ ਘੋਲ ਤੋਂ ਜਲਦੀ ਹੀ ਸੰਭਾਵੀ ਸਕਾਰਾਤਮਕ ਸਿੱਟਿਆਂ ਦੀ ਪ੍ਰਾਪਤੀ ਲਈ ਆਸਵੰਤ ਕਰਦੀਆਂ ਹਨ। ਉਦਾਸੀ ਦੀ ਸਮਾਜਿਕ ਸਮੱਸਿਆਵਾਂ ਪ੍ਰਤੀ ਚੇਤੰਨਤਾ ਵੀ ਬੜੀ ਗਹਿਨ ਹੈ।

ਭਗਤ ਸਿੰਘ, ਬੰਦਾ ਬਹਾਦਰ ਸਿੰਘ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦਾ ਕਾਇਲ ਸੰਤ ਰਾਮ ਉਦਾਸੀ ਕਿਰਤੀ-ਕਿਸਾਨ ਨੂੰ ਆਪਣੇ ਹੱਕਾਂ ਅਤੇ ਹਿੱਤਾਂ ਪ੍ਰਤੀ ਜੂਝਣ ਲਈ ਪ੍ਰੇਰਿਤ ਕਰਦਾ ਹੈ। ਕਾਰਪੋਰੇਟ ਘਰਾਣਿਆਂ ਦੀਆਂ ਵਧੀਕੀਆਂ, ਮੁਨਾਫ਼ੇਖੋਰੀ, ਕਾਲਾਬਜ਼ਾਰੀ ਆਦਿ ਦਾ ਜ਼ਿਕਰ ਉਦਾਸੀ ਨੇ ਆਪਣੇ ਇਕ ਗੀਤ (ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ) ਵਿਚ ਕਰਦਿਆਂ ਲਿਖਿਆ ਹੈ ਕਿ ਕਿਸ ਪ੍ਰਕਾਰ ਪੁੱਤਾਂ ਵਾਂਗ ਪਾਲੀ ਕਣਕ ਕੌਡੀਆਂ ਦੇ ਭਾਅ ਖ਼ਰੀਦ ਕੇ ਮੁਨਾਫ਼ਾਖੋਰ ਮਨਚਾਹੀਆਂ ਕੀਮਤਾਂ ’ਤੇ ਵੇਚਦੇ ਹਨ। ਇਸ ਸਾਰੇ ਵੇਰਵੇ ਨੂੰ ਕਵੀ ਬਾਖ਼ੂਬੀ ਇਸ ਪ੍ਰਕਾਰ ਪ੍ਰਸਤੁਤ ਕਰਦਾ ਹੈ: ਸਾਡੇ ਪਿੜ ’ਚ ਤੇਰੇ ਗਲ ਚੀਥੜੇ ਨੀ, ਮੇਰੀਏ ਜੁਆਨ ਕਣਕੇ। ਕੱਲ੍ਹ ਸ਼ਾਹਾਂ ਦੇ ਗੁਦਾਮ ਵਿੱਚੋਂ ਨਿਕਲੇਂ, ਤੂੰ ਸੋਨੇ ਦਾ ਪਟੋਲਾ ਬਣਕੇ।

ਸੰਤ ਰਾਮ ਉਦਾਸੀ ਕਿਰਤੀ ਨੂੰ ਜਾਤ ਨਹੀਂ ਬਲਕਿ ਜਮਾਤ ਦੱਸਦਾ ਹੈ, ਜਾਤੀ ਭੇਦ-ਭਾਵ ਤਾਂ ਜਨੂੰਨੀਆਂ ਦਾ ਪੈਦਾ ਕੀਤਾ ਹੋਇਆ ਹੈ। ਸੰਤ ਰਾਮ ਨੇ ਆਪਣੀ ਕਾਵਿ-ਰਚਨਾ ਵਿਚ ਪੂੰਜੀਪਤੀ ਅਤੇ ਕਿਰਤੀ-ਕਿਸਾਨ ਦੇ ਆਰਥਿਕ ਸੰਦਰਭ ਨੂੰ ਬੜੇ ਸੁਚੱਜੇ ਢੰਗ ਨਾਲ ਪ੍ਰਸਤੁਤ ਕੀਤਾ ਹੈ। ਆਪਣੀ ਇਕ ਗਜ਼ਲ ’ਚ ਪੂੰਜੀਪਤੀਆਂ ਦੇ ਦਮਨ-ਚੱਕਰ ਦਾ ਜ਼ਿਕਰ ਕਰਦਿਆਂ ਉਸ ਨੇ ਲਿਖਿਆ ਹੈ ਕਿ ਅਜ਼ਲ ਤੋਂ ਹੀ ਕਿਰਤੀ-ਕਿਸਾਨ, ਮਜ਼ਦੂਰ ਜਬਰ ਝੱਲ ਰਿਹਾ ਹੈ। ਇਸ ਕਾਰਨ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ ਜਿਵੇਂ : ‘ਜਬਰ ਦਾ ਚੱਕਰ ਨਾ ਮੁੱਕਦਾ ਦਿਸ ਰਿਹਾ, ਆ ਗਈ ਮੁੱਠੀ ’ਚ ਸਭ ਦੀ ਜਾਨ ਹੈ। ਵਧ ਰਹੀ ਹੈ ਗੋਗੜ ਕਾਰੂ ਸੇਠ ਦੀ, ਮਰ ਰਿਹਾ ਮਜ਼ਦੂਰ ਤੇ ਕਿਰਸਾਨ ਹੈ।’

ਕਿਰਤੀਆਂ ਦੇ ਨਾਲ-ਨਾਲ ਦਲਿਤ ਭਾਈਚਾਰੇ ਦੀ ਸਮਾਜਿਕ ਹਾਲਤ ਉਜਾਗਰ ਕਰਨ ਲਈ ਵੀ ਉਦਾਸੀ ਨੇ ਕਈ ਰਚਨਾਵਾਂ ਕੀਤੀਆਂ। ਜਿੱਥੇ ਉਹ ‘1978 ਤੋਂ 1986 ਦਰਮਿਆਨ ਰਚੀਆਂ ਰਚਨਾਵਾਂ’ ਸਿਰਲੇਖ ਅਧੀਨ ਆਈਆਂ ਰਚਨਾਵਾਂ ਵਿਚ ਸੋਸ਼ਲਿਜ਼ਮ ਦੀ ਰਫ਼ਤਾਰ ਮੱਠੀ ਹੋਣ ਕਾਰਨ ਜਮਾਤੀ ਸ਼ਸਤਰ ਤਿੱਖੇ ਕਰਨ ਦੀ ਗੱਲ ਕਰਦਾ ਹੈ, ਧੀਆਂ ਪੁੱਤਾਂ ਦੀ ਬਰਾਬਰਤਾ ਬਾਰੇ (ਪੁੱਤ ਬਣ ਕੇ ਕਮਾਊਂ ਘਰ ਤੇਰੇ, ਚਿੱਤ ਨਾ ਡੁਲਾਈਂ ਬਾਬਲਾ) ਸੰਕਲਪ ਪੇਸ਼ ਕਰਦਾ ਹੈ, ਕੰਮੀਆਂ ਨੂੰ ਹੱਕਾਂ-ਹਿੱਤਾਂ ਪ੍ਰਤੀ ਚੇਤੰਨ ਕਰਨ ਲਈ ਕੰਮੀਆਂ ਦੇ ਵਿਹੜੇ ਸੂਰਜ ਨੂੰ ਮਘਦੇ ਰਹਿਣ ਦੀ ਅਰਜ਼ੋਈ ਕਰਦਾ ਹੈ (ਤੂੰ ਮਘਦਾ ਰਵੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ) ਉੱਥੇ ਕਿਰਤੀਆਂ ਨੂੰ ਆਪਸੀ ਪਿਆਰ ਰੱਖਣ ਦੀ ਹਦਾਇਤ ਵੀ ਕਰਦਾ ਹੈ ਜਿਵੇਂ : ‘ਮਿਸ਼ਰੀ ਵਰਗੇ ਹੋ ਜੋ ਮਿੱਠੇ, ਵੇ ਆਪਸ ਵਿਚ ਖਾਰੇ ਲੋਕੋ।’

ਸੰਤ ਰਾਮ ਉਦਾਸੀ 6 ਨਵੰਬਰ 1986 ਨੂੰ ਭਾਵੇਂ ਸਦੀਵੀ ਵਿਛੋੜਾ ਦੇ ਗਿਆ ਪਰ ਆਪਣੀ ਜੁਝਾਰੂ ਕਵਿਤਾ ਕਾਰਨ ਉਹ ਅੱਜ ਵੀ ਆਪਣੇ ਹੱਕਾਂ-ਹਿੱਤਾਂ ਲਈ ਘੋਲ ਕਰ ਰਹੇ। ਕਿਰਤੀਆਂ-ਕਿਸਾਨਾਂ ਦੇ ਸੰਘਰਸ਼ਾਂ ਦਾ ਪ੍ਰਤੀਕ ਬਣ ਚੁੱਕਾ ਹੈ।

-(ਵਧੀਕ ਡਿਪਟੀ ਕਮਿਸ਼ਨਰ (ਰਿਟਾਇਰਡ)

-ਮੋਬਾਈਲ ਨੰ. : 84279-50850

Posted By: Susheel Khanna