ਸੰਤ ਬਾਬਾ ਫ਼ਤਿਹ ਸਿੰਘ ਦਾ ਜਨਮ 27 ਅਕਤੂਬਰ 1911 ਨੂੰ ਚੰਨਣ ਸਿੰਘ ਦੇ ਗ੍ਰਹਿ ਮਾਤਾ ਸੰਤ ਕੌਰ ਦੀ ਕੁੱਖੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਦਿਆਲਾ ਵਿਖੇ ਹੋਇਆ ਸੀ। ਉਨ੍ਹਾਂ ਨੂੰ ਨਾਮ-ਸਿਮਰਨ ਅਤੇ ਭਜਨ-ਬੰਦਗੀ ਦੀ ਗੁੜ੍ਹਤੀ ਆਪਣੇ ਪਿਤਾ ਕੋਲੋਂ ਮਿਲੀ।


-ਬਲਜੀਤ ਸਿੰਘ
ਸੰਤ ਬਾਬਾ ਫ਼ਤਿਹ ਸਿੰਘ ਦਾ ਜਨਮ 27 ਅਕਤੂਬਰ 1911 ਨੂੰ ਚੰਨਣ ਸਿੰਘ ਦੇ ਗ੍ਰਹਿ ਮਾਤਾ ਸੰਤ ਕੌਰ ਦੀ ਕੁੱਖੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਦਿਆਲਾ ਵਿਖੇ ਹੋਇਆ ਸੀ। ਉਨ੍ਹਾਂ ਨੂੰ ਨਾਮ-ਸਿਮਰਨ ਅਤੇ ਭਜਨ-ਬੰਦਗੀ ਦੀ ਗੁੜ੍ਹਤੀ ਆਪਣੇ ਪਿਤਾ ਕੋਲੋਂ ਮਿਲੀ।
ਉਨ੍ਹਾਂ ਨੇ ਪਿਤਾ ਜੀ ਵੱਲੋਂ ਨਾਮ ਜਪਣ, ਗੁਰਬਾਣੀ ਪੜ੍ਹਨ-ਸੁਣਨ, ਕੀਰਤਨ ਕਰਨ ਤੇ ਸੇਵਾ ਕਰਨ ਦੇ ਦਿੱਤੇ ਸੰਦੇਸ਼ ਦੀ ਪਾਲਣਾ ਕਰਦਿਆਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਸੰਗਤ ਕੀਤੀ ਜਿੱਥੇ ਉਹ ਲੰਬਾ ਸਮਾਂ ਖੇਤੀਬਾੜੀ ਅਤੇ ਸੇਵਾ-ਸਿਮਰਨ ਕਰਦੇ ਰਹੇ। ਇਸ ਤੋਂ ਬਾਅਦ ਪਿੰਡ ਸੇਖਾ ਵਿਚ ਸੰਤ ਸ਼ਾਮ ਸਿੰਘ ਦੀ ਗਊਸ਼ਾਲਾ ਵਿਚ ਕਈ ਸਾਲ ਸੇਵਾ ਨਿਭਾਈ। ਪਿੰਡ ਪੰਧੇਰ ਲਾਗੇ ਸੰਤ ਸਾਧੂ ਸਿੰਘ ਦੀ ਸੰਗਤ ਕੀਤੀ ਜਿੱਥੇ ਕਵਿਤਾ ਲਿਖਣ ਦੀ ਚੇਟਕ ਲੱਗੀ।
ਸੰਨ 1931 'ਚ ਉਹ ਗੰਗਾਨਗਰ ਚਲੇ ਗਏ ਜਿੱਥੇ ਉਨ੍ਹਾਂ ਨੇ ਖੂਹੀਆਂ, ਪੁਲੀਆਂ ਤੋਂ ਇਲਾਵਾ 132 ਪ੍ਰਾਇਮਰੀ ਸਕੂਲ, 59 ਮਿਡਲ ਤੇ 33 ਹਾਈ ਸਕੂਲ ਬਣਵਾਏ। ਪੰਜਾਬ ਵਿਚ ਵਾਪਸ ਆ ਕੇ ਉਨ੍ਹਾਂ ਨੇ ਬਹੁਤ ਸਾਰੇ ਵਿੱਦਿਅਕ ਅਦਾਰੇ ਅਤੇ ਗੁਰਦੁਆਰੇ ਬਣਵਾਏ। ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਕਾਲਜ ਅਤੇ ਗੜ੍ਹਦੀਵਾਲਾ ਕਾਲਜ ਉਨ੍ਹਾਂ ਦੀ ਹੀ ਦੇਣ ਹੈ।
ਪਿੰਡ ਢੋਲਣ ਵਿਚ ਗੁਰਦੁਆਰਾ ਅਤੇ ਕੁੜੀਆਂ ਦਾ ਪ੍ਰਾਇਮਰੀ ਸਕੂਲ ਬਣਵਾਇਆ। ਗੰਗਾਨਗਰ ਜਾ ਕੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਇਤਿਹਾਸਕ ਥਾਂ ਬੁੱਢਾ ਜੌਹਲ ਖੋਜ ਕੇ 1956 ਵਿਚ ਯਾਦਗਾਰ ਵਜੋਂ ਗੁਰਦੁਆਰਾ ਬਣਵਾਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਮੰਗਲਾਚਰਨ ਨੂੰ ਲੈ ਕੇ ਸੰਤ ਸਮਾਜ ਅਤੇ ਟਕਸਾਲਾਂ ਦੇ ਆਪਸੀ ਵਿਵਾਦ ਦਾ ਸਰਬਸੰਮਤੀ ਨਾਲ ਸੰਤ ਫ਼ਤਿਹ ਸਿੰਘ ਨੇ ਫ਼ੈਸਲਾ ਕਰਵਾਇਆ। ਉਨ੍ਹਾਂ ਦੇ ਹੀ ਉੱਦਮ ਸਦਕਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਚੌਥੇ ਤਖ਼ਤ ਵਜੋਂ 1962 ਵਿਚ ਮਾਨਤਾ ਦਿੱਤੀ ਗਈ। ਇਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਸਨ।
ਇਨ੍ਹਾਂ ਮਹੱਤਵਪੂਰਨ ਕਾਰਜਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਮਾਜਿਕ ਕੰਮਾਂ ਬਾਰੇ ਜਾਣਕਾਰੀ ਉਨ੍ਹਾਂ ਦੀ ਕਿਤਾਬ 'ਸਾਡੀਆਂ ਸਫਲਤਾਵਾਂ' ਵਿਚ ਮਿਲਦੀ ਹੈ। ਉਨ੍ਹਾਂ ਨੇ 1949 'ਚ ਸਭ ਤੋਂ ਪਹਿਲਾਂ ਮੋਰਚਾ 'ਮਾਮਾ-ਭਾਣਜਾ ਵਜ਼ਾਰਤ' ਵਿਰੁੱਧ ਲਾਇਆ ਅਤੇ ਪਟਿਆਲੇ ਜਾ ਕੇ ਜਥੇ ਸਮੇਤ ਪਹਿਲੀ ਗ੍ਰਿਫ਼ਤਾਰੀ ਦਿੱਤੀ। ਇਸ ਤੋਂ ਬਾਅਦ ਰਾਜਸਥਾਨ ਸਰਕਾਰ ਖ਼ਿਲਾਫ਼ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ 1954 ਵਿਚ ਬੀਕਾਨੇਰ ਵਿਖੇ ਜਥੇ ਸਣੇ ਗ੍ਰਿਫ਼ਤਾਰੀ ਦਿੱਤੀ।
ਮੰਗਾਂ ਮੰਨਣ ਉਪਰੰਤ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੇ ਸੰਨ 1955 ਵਿਚ 'ਪੰਜਾਬੀ ਸੂਬਾ ਜ਼ਿੰਦਾਬਾਦ' ਦੇ ਨਾਅਰੇ 'ਤੇ ਪਾਬੰਦੀ ਹਟਾਉਣ ਲਈ ਸੌ ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ 'ਚ ਗ੍ਰਿਫ਼ਤਾਰੀ ਦਿੱਤੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਬਠਿੰਡਾ ਜ਼ਿਲ੍ਹੇ ਵਿਚ ਡਿਊਟੀ ਲੱਗੀ ਹੋਣ ਕਾਰਨ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਜਿਸ ਕਰਕੇ ਉਨ੍ਹਾਂ ਨੂੰ 1960 ਵਿਚ ਪੰਜਾਬੀ ਸੂਬਾ ਮੋਰਚੇ ਦਾ ਕਰਤਾ-ਧਰਤਾ ਥਾਪ ਦਿੱਤਾ ਗਿਆ।
ਸੰਤ ਬਾਬਾ ਫ਼ਤਿਹ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਮਨਵਾਉਣ ਲਈ 1960 ਵਿਚ ਪਹਿਲਾ ਮਰਨ ਵਰਤ ਰੱਖਿਆ ਜਿਹੜਾ ਮੰਗਾਂ ਮੰਨੀਆਂ ਜਾਣ ਦਾ ਭਰੋਸਾ ਦੇ ਕੇ ਸਮਾਪਤ ਕਰਵਾ ਦਿੱਤਾ ਗਿਆ।
ਅਕਾਲੀ ਦਲ ਸੰਤ ਬਾਬਾ ਫ਼ਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ, ਦੋ ਧੜਿਆਂ ਵਿਚ ਵੰਡਿਆ ਗਿਆ। ਅਠਾਰਾਂ ਅਗਸਤ 1962 ਨੂੰ ਸੰਤ ਫ਼ਤਿਹ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣੇ। ਸੰਨ 1965 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਮਾਸਟਰ ਜੀ ਦੇ ਧੜੇ ਨੇ 30 ਜਦਕਿ ਸੰਤ ਫ਼ਤਿਹ ਸਿੰਘ ਦੇ ਧੜੇ ਨੇ 106 ਸੀਟਾਂ 'ਤੇ ਜਿੱਤ ਹਾਸਲ ਕੀਤੀ।
ਸੰਤ ਫ਼ਤਿਹ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸੰਭਾਲਣ ਸਮੇਂ ਸਾਲਾਨਾ ਬਜਟ ਸਿਰਫ਼ 61 ਲੱਖ ਰੁਪਏ ਸੀ ਜਿਹੜਾ ਵੱਧ ਕੇ 1 ਕਰੋੜ 22 ਲੱਖ ਹੋ ਗਿਆ ਸੀ। ਪੰਜਾਬੀ ਸੂਬੇ ਦੀ ਮੰਗ ਪੂਰੀ ਕਰਵਾਉਣ ਖ਼ਾਤਰ ਆਖ਼ਰ 10 ਸਤੰਬਰ 1965 ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਕੇ ਉਨ੍ਹਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਨੂੰ ਦੇਖਦਿਆਂ ਸਰਕਾਰ ਨੇ 1 ਨਵੰਬਰ 1966 ਨੂੰ ਪੰਜਾਬੀ ਸੂਬਾ ਤਾਂ ਬਣਾ ਦਿੱਤਾ ਪਰ ਸਮਝੌਤੇ ਤੋਂ ਮੁੱਕਰ ਕੇ ਚੰਡੀਗੜ੍ਹ ਸਮੇਤ ਕਈ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਦਿੱਤੇ। ਅਧੂਰੇ ਪੰਜਾਬੀ ਸੂਬੇ ਕਾਰਨ ਬੇਚੈਨ ਸੰਤ ਫ਼ਤਿਹ ਸਿੰਘ ਨੇ ਮੁੜ ਮਰਨ ਵਰਤ ਦੀ ਤਿਆਰੀ ਆਰੰਭ ਦਿੱਤੀ। ਸਮੁੱਚੀ ਅਕਾਲੀ ਲੀਡਰਸ਼ਿਪ ਦੇ ਕਹਿਣ 'ਤੇ ਉਨ੍ਹਾਂ ਨੇ 1967 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਲਿਆ।
ਇਨ੍ਹਾਂ ਚੋਣਾਂ ਵਿਚ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਕਮਿਊਨਿਸਟਾਂ ਤੇ ਜਨਸੰਘੀਆਂ ਨੇ ਸੰਤ ਫ਼ਤਿਹ ਸਿੰਘ ਨੂੰ ਸਰਕਾਰ ਬਣਾਉਣ ਲਈ ਬਹੁਮਤ ਦਿੱਤਾ ਜਿਸ ਕਾਰਨ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ ਦੀ ਪਹਿਲੀ ਸਰਕਾਰ ਹੋਂਦ ਵਿਚ ਆਈ।
ਸੰਤ ਫ਼ਤਿਹ ਸਿੰਘ ਨੇ ਸੰਨ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਪਹਿਲੀ ਵਾਰ ਵੱਡੇ ਪੱਧਰ 'ਤੇ ਮਨਾ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚ ਗੁਰਪੁਰਬ ਮਨਾਉਣ ਦੀ ਪਿਰਤ ਪਾਈ।
ਉਨ੍ਹਾਂ ਨੇ ਰਾਸ਼ਟਰਪਤੀ ਵੀ.ਵੀ. ਗਿਰੀ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉਦਘਾਟਨ ਕਰਵਾਇਆ। ਹੋਰ ਉਲਝੇ ਮਸਲੇ ਸੁਲਝਾਉਣੇ ਹਾਲੇ ਬਾਕੀ ਸਨ ਕਿ ਜਸਟਿਸ ਗੁਰਨਾਮ ਸਿੰਘ ਉਨ੍ਹਾਂ ਨੂੰ ਧੋਖਾ ਦੇ ਗਏ। ਸੰਤ ਫ਼ਤਿਹ ਸਿੰਘ ਦੀ ਹਦਾਇਤ 'ਤੇ 25 ਮਾਰਚ 1970 ਵਾਲੇ ਦਿਨ ਗੁਰਨਾਮ ਸਿੰਘ ਦੀ ਸਰਕਾਰ ਤੋੜ ਦਿੱਤੀ ਗਈ। ਅੱਜ ਤੋਂ ਪੰਜਾਹ ਸਾਲ ਪਹਿਲਾਂ 27 ਮਾਰਚ 1970 'ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ।
ਇੰਨੀ ਭੱਜ-ਨੱਠ ਵਿਚ ਸਿਹਤ ਖ਼ਰਾਬ ਰਹਿਣ ਕਰਕੇ ਸੰਤ ਫ਼ਤਿਹ ਸਿੰਘ ਨੇ ਮਾਝੇ ਦੇ ਟਕਸਾਲੀ ਅਕਾਲੀ ਨੇਤਾ ਮੋਹਣ ਸਿੰਘ ਤੁੜ ਨੂੰ ਅਕਾਲੀ ਦਲ ਦੇ ਪ੍ਰਧਾਨ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰ ਕੇ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ। ਤੀਹ ਅਕਤੂਬਰ 1972 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਸੰਪੂਰਨ ਪੰਜਾਬੀ ਸੂਬੇ ਦਾ ਸੁਪਨਾ ਵਿਚਕਾਰ ਹੀ ਰਹਿ ਗਿਆ। ਸੰਤ ਫ਼ਤਿਹ ਸਿੰਘ ਮਹਾਨ ਧਾਰਮਿਕ ਅਤੇ ਸਿਆਸੀ ਹਸਤੀ ਤੋਂ ਇਲਾਵਾ ਉੱਚ ਕੋਟੀ ਦੇ ਲਿਖਾਰੀ ਵੀ ਸਨ? ਉਨ੍ਹਾਂ ਨੇ ਤਕਰੀਬਨ 22 ਕਿਤਾਬਾਂ ਲਿਖੀਆਂ।
ਅਕਾਲੀ ਦਲ ਨੇ ਨਾ ਤਾਂ ਉਨ੍ਹਾਂ ਦੀ ਕੋਈ ਯਾਦਗਾਰ ਕਾਇਮ ਕੀਤੀ ਅਤੇ ਨਾ ਹੀ ਉਨ੍ਹਾਂ ਦਾ ਬਰਸੀ ਸਮਾਗਮ ਸਰਕਾਰੀ ਪੱਧਰ 'ਤੇ ਮਨਾਉਣ ਦਾ ਕੋਈ ਯਤਨ ਕੀਤਾ। ਪਿੰਡ ਵਾਸੀਆਂ ਦੇ ਕਹਿਣ 'ਤੇ ਵੀ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀਆਂ ਕਿਤਾਬਾਂ ਛਾਪਣ ਵੱਲ ਕੋਈ ਧਿਆਨ ਨਹੀਂ ਦਿੱਤਾ।
-ਮੋਬਾਈਲ ਨੰ. : 98554-46066