ਵੋਟਰ ਸੂਚੀਆਂ ਦੇ ਵਿਸ਼ੇਸ਼ ਮੁਲਾਂਕਣ, ਜਿਸ ਨੂੰ ਐੱਸਆਈਆਰ ਕਿਹਾ ਜਾਂਦਾ ਹੈ, ਦੀ ਭੂਮਿਕਾ ਵੀ ਭਾਜਪਾ ਦੀ ਚੋਣ ਜਿੱਤ ਵਿਚ ਇਕ ਕਾਰਕ ਮੰਨੀ ਜਾ ਸਕਦੀ ਹੈ, ਪਰ ਇਹ ਇਕੱਲਾ ਕਾਰਨ ਨਹੀਂ ਸੀ। ਸੂਬੇ ਦੀ ਮਮਤਾ ਬੈਨਰਜੀ ਸਰਕਾਰ ਲੰਬੇ ਸਮੇਂ ਤੋਂ ਕਾਇਮ ਸੱਤਾ ਤੋਂ ਪੈਦਾ ਨਿਰਾਸ਼ਾ ਨਾਲ ਵੀ ਜੂਝ ਰਹੀ ਸੀ।

ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਮਿਲੇ-ਜੁਲੇ ਰਹੇ। ਅਸਾਮ, ਕੇਰਲਮ ਅਤੇ ਪੁਡੂਚੇਰੀ ਦੇ ਨਤੀਜੇ ਉਮੀਦ ਮੁਤਾਬਕ ਰਹੇ, ਜਦਕਿ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੇ ਨਤੀਜੇ ਨਾਟਕੀ ਸਿਆਸੀ ਬਦਲਾਅ ਨੂੰ ਦਰਸਾਉਂਦੇ ਹਨ। ਅਸਾਮ ਵਿਚ ਇਹ ਮੰਨਿਆ ਜਾ ਰਿਹਾ ਸੀ ਕਿ ਭਾਜਪਾ ਸੱਤਾ ਵਿਚ ਵਾਪਸੀ ਕਰਨ ਵਿਚ ਸਫ਼ਲ ਰਹੇਗੀ, ਜਦਕਿ ਕੇਰਲਮ ਵਿਚ ਕਾਂਗਰਸ ਨੂੰ ਸਫ਼ਲਤਾ ਮਿਲੇਗੀ।
ਪੁਡੂਚੇਰੀ ਵਿਚ ਵੀ ਰਾਸ਼ਟਰੀ ਜਨਤਾਂਤ੍ਰਿਕ ਗੱਠਜੋੜ ਦੇ ਰਾਹ ਵਿਚ ਕੋਈ ਮੁਸ਼ਕਲ ਨਹੀਂ ਦਿਖਾਈ ਦੇ ਰਹੀ ਸੀ। ਦੋ ਵੱਡੇ ਚੁਣਾਵੀ ਸੂਬਿਆਂ ਵਿੱਚੋਂ ਇਕ ਤਾਮਿਲਨਾਡੂ ਵਿਚ ਨਵੀਂ ਪਾਰਟੀ ਟੀਵੀਕੇ ਦੀ ਭਾਰੀ ਜਿੱਤ ਨੇ ਸਿਆਸੀ ਪੰਡਿਤਾਂ ਨੂੰ ਵੀ ਹੈਰਾਨ ਕਰ ਦਿੱਤਾ, ਤਾਂ ਬੰਗਾਲ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਨੇ ਲੰਬੇ ਸਮੇਂ ਤੋਂ ਕਾਇਮ ਮਮਤਾ ਬੈਨਰਜੀ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ। ਇਨ੍ਹਾਂ ਦੋ ਵੱਡੇ ਸੂਬਿਆਂ ਵਿਚ ਭਾਰੀ ਸਿਆਸੀ ਉਲਟਫੇਰ ਹੋਇਆ ਹੈ।
ਪਿਛਲੇ ਕੁਝ ਸਾਲਾਂ ਵਿਚ ਅਸਾਮ ਭਾਜਪਾ ਦੇ ਸਿਆਸੀ ਵੱਕਾਰ ਵਾਲੇ ਰਾਜ ਦੇ ਰੂਪ ਵਿਚ ਉੱਭਰਿਆ ਹੈ। ਲਗਾਤਾਰ ਸੱਤਾ ਵਿਚ ਰਹਿਣ ਦੇ ਬਾਵਜੂਦ ਇਸ ਦੀਆਂ ਸੀਟਾਂ ਵਿਚ ਵਾਧਾ ਦਰਸਾਉਂਦਾ ਹੈ ਕਿ ਜਨਤਾ ਸਰਕਾਰ ਦੇ ਕੰਮਕਾਜ ਤੋਂ ਕਾਫ਼ੀ ਸੰਤੁਸ਼ਟ ਹੈ। 2023 ਵਿਚ ਵਿਧਾਨ ਸਭਾ ਖੇਤਰਾਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਨੇ ਵੀ ਭਾਜਪਾ ਦੀ ਰਾਜਨੀਤਿਕ ਤਾਕਤ ਨੂੰ ਵਧਾਇਆ ਹੈ। ਬੋਡੋਲੈਂਡ ਵਿਚ ਸਹਿਯੋਗੀ ਪਾਰਟੀਆਂ ਅਤੇ ਅਸਮ ਗਣ ਪ੍ਰੀਸ਼ਦ ਦੇ ਸਾਥ ਨੇ ਵੀ ਪਾਰਟੀ ਨੂੰ ਮਜ਼ਬੂਤੀ ਦਿੱਤੀ। ਕਲਿਆਣਕਾਰੀ ਯੋਜਨਾਵਾਂ ਅਤੇ ਮੁੱਖ ਮੰਤਰੀ ਹਿਮੰਤ ਦੀ ਹਰਮਨਪਿਆਰਤਾ ਵੀ ਇਸ ਦੇ ਹੱਕ ਵਿਚ ਗਈ ਹੈ।
ਦੂਜੇ ਪਾਸੇ, ਕਾਂਗਰਸ ਸੰਗਠਨਾਤਮਕ ਪੱਧਰ 'ਤੇ ਬਿਲਕੁਲ ਕਮਜ਼ੋਰ ਹੋ ਗਈ ਹੈ। ਚੋਣਾਂ ਦੇ ਦੌਰਾਨ ਹੀ ਇਸ ਦੀ ਸੂਬਾਈ ਇਕਾਈ ਦੇ ਸਾਬਕਾ ਪ੍ਰਧਾਨ ਦੇ ਨਾਲ-ਨਾਲ ਪ੍ਰਚਾਰ ਮੁਹਿੰਮ ਕਮੇਟੀ ਦੇ ਮੁਖੀ ਜਿਹੇ ਦੋ ਦਿੱਗਜ ਆਗੂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਹ ਦਰਸਾਉਂਦਾ ਹੈ ਕਿ ਸੂਬੇ ਦੀ ਰਾਜਨੀਤਿਕ ਹਵਾ ਕਾਂਗਰਸ ਦੇ ਬਿਲਕੁਲ ਵਿਰੋਧੀ ਰਹੀ, ਜਿਸ ਦੀ ਪੁਸ਼ਟੀ ਨਾ ਸਿਰਫ਼ ਘਟੀਆਂ ਸੀਟਾਂ, ਸਗੋਂ ਗੌਰਵ ਗੋਗੋਈ ਜਿਹੇ ਆਗੂ ਦੀ ਹਾਰ ਵਿਚ ਵੀ ਦਿਖਾਈ ਦਿੰਦੀ ਹੈ, ਜਿਨ੍ਹਾਂ ਦੇ ਚਿਹਰੇ 'ਤੇ ਪਾਰਟੀ ਚੋਣ ਲੜ ਰਹੀ ਸੀ।
ਕੇਰਲਮ ਵਿਚ ਦਸ ਸਾਲਾਂ ਤੋਂ ਖੱਬੇ ਪੱਖੀ ਸਰਕਾਰ ਸੱਤਾ ਵਿਚ ਸੀ, ਜਿਸ ਨੇ ਪਿਛਲੀ ਵਿਧਾਨ ਸਭਾ ਚੋਣ ਵਿਚ ਹਰ ਪੰਜ ਸਾਲਾਂ ਵਿਚ ਸਰਕਾਰ ਬਦਲਣ ਵਾਲੇ ਰਾਜ ਦੇ ਸਿਆਸੀ ਰੁਝਾਨ ਨੂੰ ਮਾਤ ਦੇ ਕੇ ਸੱਤਾ ਵਿਚ ਵਾਪਸੀ ਕੀਤੀ ਸੀ। ਇਸ ਲਈ ਇੱਥੇ ਸਿਆਸੀ ਬਦਲਾਅ ਤੈਅ ਮੰਨਿਆ ਜਾ ਰਿਹਾ ਸੀ। ਭਾਜਪਾ ਇੱਥੇ ਸਿਆਸੀ ਪੈਠ ਵਧਾਉਣ ਦੇ ਯਤਨ ਕਰ ਰਹੀ ਹੈ, ਪਰ ਇਹ ਫਲਦਾਇਕ ਨਹੀਂ ਹੋ ਰਹੀ।
ਭਾਜਪਾ ਦੇ ਇਨ੍ਹਾਂ ਯਤਨਾਂ ਦੀ ਕੀਮਤ ਖੱਬੇ ਪੱਖੀ ਪਾਰਟੀਆਂ ਨੂੰ ਚੁਕਾਉਣੀ ਪਈ, ਕਿਉਂਕਿ ਇਹ ਦੱਖਣੀ ਕੇਰਲ ਅਤੇ ਹਿੰਦੂਆਂ, ਖਾਸ ਕਰਕੇ ਇਝਾਵਾ ਜਿਹੇ ਸਮੂਹਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਰਵਾਇਤੀ ਤੌਰ 'ਤੇ ਖੱਬੇ ਪੱਖੀ ਸਮਰਥਕ ਮੰਨੇ ਜਾਂਦੇ ਹਨ। ਇਸ ਲਈ, ਕੇਰਲਮ ਦੀ ਸਿਆਸੀ ਲੜਾਈ ਵਿਚ ਕਾਂਗਰਸ ਲਈ ਕੋਈ ਖਾਸ ਮੁਸ਼ਕਲ ਨਹੀਂ ਸੀ। ਕੇਰਲਮ ਤੋਂ ਵਿਦਾਈ ਦੇ ਬਾਅਦ ਹੁਣ ਕਿਸੇ ਵੀ ਸੂਬੇ ਵਿਚ ਖੱਬੇ ਪੱਖੀ ਪਾਰਟੀ ਦੀ ਸਰਕਾਰ ਨਹੀਂ ਰਹਿ ਗਈ ਹੈ।
ਬੰਗਾਲ ਵਿਚ ਭਾਜਪਾ ਦੀ ਇਤਿਹਾਸਕ ਜਿੱਤ 'ਤੇ ਭਾਵੇਂ ਕੁਝ ਸਿਆਸੀ ਮਾਹਿਰ ਹੈਰਾਨੀ ਪ੍ਰਗਟਾਉਂਦੇ ਹਨ, ਪਰ ਸੂਬੇ ਦੀ ਸੱਤਾ ਤੱਕ ਇਸ ਦੀ ਪਹੁੰਚ ਸਿਰਫ਼ ਸਮੇਂ ਦੀ ਗੱਲ ਸੀ। ਸਾਲ 2019 ਤੋਂ ਹੋ ਰਹੀਆਂ ਚੋਣਾਂ ਦੇ ਸਮੇਂ ਤੋਂ ਹੀ ਭਾਜਪਾ ਲਗਪਗ 40 ਫ਼ੀਸਦੀ ਵੋਟਾਂ ਦੇ ਪੱਧਰ 'ਤੇ ਅਟਕੀ ਹੋਈ ਸੀ ਅਤੇ ਇਸ ਵਿਚ ਪੰਜ ਫ਼ੀਸਦੀ ਤੱਕ ਦਾ ਵਾਧਾ ਇਸ ਨੂੰ ਸੂਬੇ ਦੀ ਕਮਾਨ ਦਿਵਾਉਣ ਲਈ ਕਾਫ਼ੀ ਸੀ। ਇਹ ਚੋਣ ਇਸ ਦੀ ਜਿੱਤ ਦਾ ਪੜਾਅ ਬਣ ਕੇ ਉੱਭਰੀ।
ਵੋਟਰ ਸੂਚੀਆਂ ਦੇ ਵਿਸ਼ੇਸ਼ ਮੁਲਾਂਕਣ, ਜਿਸ ਨੂੰ ਐੱਸਆਈਆਰ ਕਿਹਾ ਜਾਂਦਾ ਹੈ, ਦੀ ਭੂਮਿਕਾ ਵੀ ਭਾਜਪਾ ਦੀ ਚੋਣ ਜਿੱਤ ਵਿਚ ਇਕ ਕਾਰਕ ਮੰਨੀ ਜਾ ਸਕਦੀ ਹੈ, ਪਰ ਇਹ ਇਕੱਲਾ ਕਾਰਨ ਨਹੀਂ ਸੀ। ਸੂਬੇ ਦੀ ਮਮਤਾ ਬੈਨਰਜੀ ਸਰਕਾਰ ਲੰਬੇ ਸਮੇਂ ਤੋਂ ਕਾਇਮ ਸੱਤਾ ਤੋਂ ਪੈਦਾ ਨਿਰਾਸ਼ਾ ਨਾਲ ਵੀ ਜੂਝ ਰਹੀ ਸੀ। ਵੱਖ-ਵੱਖ ਯੋਜਨਾਵਾਂ ਨੂੰ ਲੈ ਕੇ ਕੇਂਦਰ ਨਾਲ ਉਨ੍ਹਾਂ ਦਾ ਟਕਰਾਅ ਵੀ ਇਕ ਵਰਗ ਨੂੰ ਨਿਰਾਸ਼ ਕਰ ਰਿਹਾ ਸੀ ਕਿ ਸੂਬੇ ਨੂੰ ਇਸ ਦੇ ਕਾਰਨ ਉਮੀਦ ਮੁਤਾਬਕ ਲਾਭ ਨਹੀਂ ਮਿਲ ਰਹੇ ਹਨ।
ਮਮਤਾ ਬੈਨਰਜੀ ਦੀ ਨਿੱਜੀ ਹਰਮਨਪਿਆਰਤਾ ਦੇ ਬਾਵਜੂਦ ਉਨ੍ਹਾਂ ਨੂੰ ਸਭ ਤੋਂ ਵੱਧ ਮਾੜੇ ਨਤੀਜੇ ਆਪਣੇ ਸਥਾਨਕ ਕਾਰਕੁਨਾਂ ਦੀ ਮਨਮਰਜ਼ੀ ਅਤੇ ਗ਼ਲਤ ਵਿਵਹਾਰ ਕਾਰਨ ਭੁਗਤਣੇ ਪਏ, ਜੋ ਲੋਕਾਂ ਨੂੰ ਡਰਾਉਣ ਦੇ ਨਾਲ-ਨਾਲ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿਚ ਬੇਵਜ੍ਹਾ ਦਖ਼ਲਅੰਦਾਜ਼ੀ ਵੀ ਕਰਦੇ ਰਹੇ।
ਇਸ ਵਾਰ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਵਿਆਪਕ ਸੁਰੱਖਿਆ ਸੂਬਾਈ ਸਰਕਾਰ ਤੋਂ ਨਿਰਾਸ਼ ਵੋਟਰਾਂ ਨੂੰ ਭਰੋਸਾ ਦੇਣ ਵਾਲੀ ਸਾਬਤ ਹੋਈ ਅਤੇ ਵੋਟਰਾਂ ਦੇ ਰੁਝਾਨਾਂ ਤੋਂ ਲੈ ਕੇ ਨਤੀਜੇ ਵੀ ਇਸ ਪਹਿਲੂ ਨੂੰ ਪੁਸ਼ਟ ਕਰਦੇ ਹੋਏ ਪ੍ਰਤੀਤ ਹੁੰਦੇ ਹਨ। ਭਾਰਤੀ ਜਨਤਾ ਪਾਰਟੀ ਨੇ ਵੀ ਪਿਛਲੀ ਵਿਧਾਨ ਸਭਾ ਚੋਣ ਵਿਚ ਆਪਣੇ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ ਤੋਂ ਸਬਕ ਲੈਂਦਿਆਂ ਸਕਾਰਾਤਮਕ ਮੁਹਿੰਮ 'ਤੇ ਧਿਆਨ ਕੇਂਦਰਿਤ ਕੀਤਾ, ਜਿਸ ਦਾ ਵੀ ਉਸ ਨੂੰ ਲਾਭ ਮਿਲਿਆ।
ਚੋਣ ਨਤੀਜਿਆਂ ਨੂੰ ਲੈ ਕੇ ਸਭ ਤੋਂ ਹੈਰਾਨ ਕਰਨ ਵਾਲਾ ਕੰਮ ਤਾਮਿਲਨਾਡੂ ਨੇ ਕੀਤਾ ਹੈ, ਜਿੱਥੇ 1967 ਤੋਂ ਬਾਅਦ ਪਹਿਲੀ ਵਾਰ ਦ੍ਰਵਿੜ ਕੇਂਦਰਿਤ ਰਾਜਨੀਤੀ ਤੋਂ ਇਲਾਵਾ ਕੋਈ ਪਾਰਟੀ ਸੱਤਾ ਦੇ ਸਿਖਰ 'ਤੇ ਉੱਭਰੀ ਹੈ। ਤਾਮਿਲਨਾਡੂ ਦੀ ਰਾਜਨੀਤੀ 'ਤੇ ਫਿਲਮ ਜਗਤ ਦਾ ਪ੍ਰਭਾਵ ਸਦਾ ਤੋਂ ਰਿਹਾ ਹੈ ਅਤੇ ਦੇਸ਼ ਵਿਚ ਪਹਿਲਾਂ ਵੀ ਵੱਡੇ ਸਿਆਸੀ ਉਲਟਫੇਰ ਹੋ ਚੁੱਕੇ ਹਨ, ਪਰ ਅਦਾਕਾਰ ਤੋਂ ਆਗੂ ਬਣੇ ਵਿਜੇ ਦੀ ਜਿੱਤ ਕਈ ਮਾਅਨਿਆਂ ਵਿਚ ਹੈਰਾਨ ਕਰਨ ਵਾਲੀ ਰਹੀ ਹੈ।
ਇਕ ਸਮੇਂ ਐੱਨਟੀਆਰ ਨੇ ਸਮੂਹ ਆਂਧਰਾ ਪ੍ਰਦੇਸ਼ ਦਾ ਦੌਰਾ ਕਰ ਕੇ ਆਪਣੇ ਸਿਨੇਮਾ ਆਧਾਰਿਤ ਅਕਸ ਨੂੰ ਸਿਆਸੀ ਰੂਪ ਦਿੱਤਾ ਸੀ, ਪਰ ਉਸ ਦੀ ਤੁਲਨਾ ਵਿਚ ਵਿਜੇ ਨੇ ਅਜਿਹਾ ਕੁਝ ਨਹੀਂ ਕੀਤਾ। ਆਮ ਆਦਮੀ ਪਾਰਟੀ ਅਤੇ ਅਸਮ ਗਣ ਪ੍ਰੀਸ਼ਦ ਜਿਹੇ ਇੱਕਦਮ ਸਫ਼ਲ ਹੋਏ ਸਿਆਸੀ ਤਜਰਬਿਆਂ ਦਾ ਪਿਛੋਕੜ ਵੀ ਕਿਤੇ ਨਾ ਕਿਤੇ ਕਿਸੇ ਸਮਾਜਿਕ-ਰਾਜਨੀਤਿਕ ਅੰਦੋਲਨ ਨਾਲ ਜੁੜਿਆ ਰਿਹਾ, ਪਰ ਵਿਜੇ ਦੀ ਟੀਵੀਕੇ ਦੇ ਨਾਲ ਅਜਿਹਾ ਵੀ ਕੁਝ ਨਹੀਂ ਸੀ। ਇਸ ਲਈ ਉਨ੍ਹਾਂ ਦੀ ਜਿੱਤ ਸੱਚਮੁੱਚ ਹੈਰਾਨ ਕਰਨ ਵਾਲੀ ਹੈ।
ਇਨ੍ਹਾਂ ਚੋਣਾਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਸਿਆਸੀ ਮਜ਼ਬੂਤੀ ਮਿਲੇਗੀ। ਕੇਰਲਮ ਅਤੇ ਤਮਿਲਨਾਡੂ ਵਿਚ ਨਾਕਾਮੀ ਦੇ ਬਾਵਜੂਦ ਅਸਾਮ ਵਿਚ ਪਹਿਲਾਂ ਤੋਂ ਵੱਧ ਮਜ਼ਬੂਤੀ ਅਤੇ ਬੰਗਾਲ ਦੇ ਸ਼ਾਨਦਾਰ ਜਨਾਦੇਸ਼ ਨਾਲ ਇਸ ਦਾ 'ਮਿਸ਼ਨ ਈਸਟ' ਲਗਪਗ ਪੂਰਾ ਹੋ ਗਿਆ ਹੈ। ਇਸ ਨਾਲ ਉਤਸ਼ਾਹਿਤ ਪਾਰਟੀ ਦੱਖਣ ਵਿਚ ਹੋਰ ਮਜ਼ਬੂਤੀ ਨਾਲ ਆਪਣੀ ਤਾਕਤ ਲਗਾਏਗੀ।
ਤ੍ਰਿਣਮੂਲ ਕਾਂਗਰਸ ਅਤੇ ਡੀਐੱਮਕੇ ਦੀ ਅਜਿਹੀ ਜ਼ਬਰਦਸਤ ਹਾਰ ਵਿਰੋਧੀ ਪਾਰਟੀਆਂ ਦੇ ਮੋਰਚੇ ਆਈਐੱਨਡੀਆਈਏ ਲਈ ਇਕ ਤਗੜਾ ਝਟਕਾ ਹੈ, ਕਿਉਂਕਿ ਇਹ ਇਸ ਗੱਠਜੋੜ ਦੇ ਪ੍ਰਮੁੱਖ ਥੰਮ੍ਹ ਰਹੇ ਹਨ। ਉਨ੍ਹਾਂ ਦੀ ਹਾਰ ਨਾਲ ਇਸ ਗੱਠਜੋੜ ਦਾ ਸੰਤੁਲਨ ਵੀ ਬਦਲੇਗਾ। ਕਾਂਗਰਸ ਦਾ ਦੋ ਸੂਬਿਆਂ ਵਿਚ ਦਾਅ ਲੱਗਾ ਸੀ, ਜਿਸ ਵਿਚ ਕੇਰਲਮ ਦੀ ਜਿੱਤ ਨਾਲ ਇਸ ਨੂੰ ਕੁਝ ਹੌਸਲਾ ਮਿਲੇਗਾ, ਪਰ ਅਸਾਮ ਉਸ ਲਈ ਜਿਸ ਤਰ੍ਹਾਂ ਮੁਸ਼ਕਲ ਹੋ ਰਿਹਾ ਹੈ, ਉਸ ਦੀ ਟੀਸ ਇਸ ਨੂੰ ਦੁਖੀ ਕਰਦੀ ਰਹੇਗੀ। ਲੋਕ ਸਭਾ ਸੀਟਾਂ ਦੇ ਹਿਸਾਬ ਨਾਲ ਵੱਡੇ ਸੂਬਿਆਂ ਵਿਚ ਲਗਾਤਾਰ ਹਾਸ਼ੀਏ 'ਤੇ ਪਹੁੰਚਣਾ ਵੀ ਉਸ ਲਈ ਚਿੰਤਾਜਨਕ ਪਹਿਲੂ ਬਣਦਾ ਜਾ ਰਿਹਾ ਹੈ। ਪਾਰਟੀ ਨੂੰ ਇਸ ’ਤੇ ਵਿਚਾਰ ਕਰਨਾ ਪਵੇਗਾ।
ਰਾਹੁਲ ਵਰਮਾ
(ਲੇਖਕ ਸਿਆਸੀ ਵਿਸ਼ਲੇਸ਼ਕ ਅਤੇ ਸੈਂਟਰ ਫਾਰ ਪਾਲਿਸੀ ਰਿਸਰਚ ਵਿਚ ਫੈਲੋ ਹਨ)।
response@jagran.com