ਮੁਕਾਬਲਾ ਖ਼ਤਮ ਹੋਣ ਪਿੱਛੋਂ ਮੈਂ ਉਸ ਨੂੰ ਸਟੇਜ ’ਤੇ ਬੁਲਾਇਆ। ਉਸ ਦਿਨ ਰੌਣਕ ਵੀ ਕੁਝ ਵੱਧ ਸੀ। ਸਾਹਮਣੇ ਖਾਲਸਾ ਕਾਲਜ ਦੇ ਵਿਦਿਆਰਥੀ ਵੀ ਆਏ ਹੋਏ ਸਨ। ਮੁੰਡਿਆਂ ਨੇ ਹੂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੁੜੀ ਨੇ ਲੰਬੀ ਹੇਕ ਲਾਈ ਤਾਂ ਪੰਡਾਲ ਵਿਚ ਸੰਨਾਟਾ ਛਾ ਗਿਆ।
ਸਕੂਲ ਵਿਚ ਪੜ੍ਹਦਿਆਂ ਮੇਰੀ ਰੁਚੀ ਸਾਹਿਤ ਵੱਲ ਹੋ ਗਈ ਸੀ। ਪਿੰਡ ਵਿਚ ਲਾਇਬ੍ਰੇਰੀ ਬਣਾਈ ਤੇ ਉਦੋਂ ਦੇ ਪ੍ਰਸਿੱਧ ਲੇਖਕਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ। ਹਰ ਮਹੀਨੇ ਪੰਜ ਕੁ ਰਸਾਲੇ ਵੀ ਆਉਂਦੇ ਸਨ। ਬਚਪਨ ਵਿਚ ਹੀ ਸਟੇਜ ’ਤੇ ਬੋਲਣ ਦਾ ਝਾਕਾ ਖੁੱਲ੍ਹ ਗਿਆ ਤੇ ਮੈਨੂੰ ਲਿਖਣ ਦਾ ਵੀ ਚਸਕਾ ਪੈ ਗਿਆ। ਪਰ ਮੇਰਾ ਦਾਖ਼ਲਾ ਸਰਕਾਰੀ ਖੇਤੀਬਾੜੀ ਕਾਲਜ, ਲੁਧਿਆਣੇ ਹੋ ਗਿਆ। ਸਾਡੇ ਕਾਲਜ ਵਿਚ ਦੋ ਸੌ ਤੋਂ ਵੀ ਘੱਟ ਵਿਦਿਆਰਥੀ ਸਨ। ਸਾਹਿਤ ਵਿਚ ਰੁਚੀ ਰੱਖਣ ਵਾਲੇ ਇੱਥੇ ਘਟ ਵਿਦਿਆਰਥੀ ਸਨ। ਇਕ ਅੰਗਰੇਜ਼ੀ ਦੇ ਪ੍ਰੋ. ਹਜ਼ਾਰ ਸਿੰਘ ਸਨ ਤੇ ਹਿੰਦੀ, ਪੰਜਾਬੀ ਲਈ ਵੀ ਇਕ ਹੀ ਪ੍ਰੋ. ਵਿੱਦਿਆ ਭਾਸਕਰ ਅਰੁਣ ਸਨ। ਦੋਵਾਂ ਦਾ ਆਪਣੇ ਵਿਸ਼ਿਆਂ ਵਿਚ ਚੋਖਾ ਨਾਮ ਸੀ। ਕਾਲਜ ਵਿਚ ਸਪੀਕਰ ਯੂਨੀਅਨ, ਡਰਾਮੈਟਿਕ ਕਲੱਬ ਅਤੇ ਕਾਲਜ ਮੈਗਜ਼ੀਨ ਵੀ ਸੀ। ਇਨ੍ਹਾਂ ਤਿੰਨਾਂ ਵਿਚ ਹੀ ਮੇਰੇ ਪੈਰ ਸਹਿਜੇ ਹੀ ਲੱਗ ਗਏ। ਦੋਵਾਂ ਸੰਸਥਾਵਾਂ ਵਿਚ ਮੈਂ ਜਾਇੰਟ ਸੈਕਟਰੀ ਅਤੇ ਪ੍ਰਧਾਨ ਰਿਹਾ। ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦੀ ਸੰਪਾਦਕੀ ਵੀ ਕੀਤੀ। ਸਾਡੇ ਕਾਲਜ ਵਿਚ ਹਰ ਸਾਲ ਯੂਥ ਫੈਸਟੀਵਲ ਮਨਾਇਆ ਜਾਂਦਾ ਸੀ। ਇਹ ਪ੍ਰੋਗਰਾਮ ਇਕ ਹਫ਼ਤਾ ਚੱਲਦਾ ਸੀ। ਇਸ ਵਿੱਚ ਡੀਬੇਟ, ਭਾਸ਼ਣ, ਕਵਿਤਾ ਉਚਾਰਨ ਅਤੇ ਨਾਟਕਾਂ ਦੇ ਅੰਤਰ ਕਾਲਜ ਮੁਕਾਬਲੇ ਕਰਵਾਏ ਜਾਂਦੇ ਸਨ। ਦੂਜੇ ਸਾਲ ਤੋਂ ਹੀ ਮੈਨੂੰ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਰਹੀ। ਮੈਂ 1958 ਦੇ ਵੇਲੇ ਹੋਈ ਇਕ ਘਟਨਾ ਸਾਂਝੀ ਕਰਨੀ ਚਾਹੁੰਦਾ ਸੀ। ਉਸ ਦਿਨ ਗੀਤ ਮੁਕਾਬਲੇ ਚੱਲ ਰਹੇ ਸਨ। ਗੇਟ ’ਤੇ ਖੜ੍ਹੇ ਚੌਕੀਦਾਰ ਨੇ ਆ ਕੇ ਮੈਨੂੰ ਆਖਿਆ ਕਿ ਬਾਹਰ ਤੁਹਾਨੂੰ ਕੋਈ ਮਿਲਣ ਆਏ ਹਨ। ਮੈਂ ਆਖਿਆ ਕਿ ਹੁਣ ਤਾਂ ਮੇਰਾ ਆਉਣਾ ਔਖਾ ਹੈ। ਉਨ੍ਹਾਂ ਨੂੰ ਆਖ ਕਿ ਪ੍ਰੋਗਰਾਮ ਖ਼ਤਮ ਹੋਣ ਪਿੱਛੋਂ ਮਿਲਾਂਗੇ।
ਕੁਝ ਦੇਰ ਪਿੱਛੋਂ ਉਹ ਫਿਰ ਆਇਆ ਤੇ ਆਖਣ ਲੱਗਾ ਕਿ ਉਹ ਬਹੁਤ ਜ਼ੋਰ ਪਾ ਰਹੇ ਹਨ ਅਤੇ ਆਖ ਰਹੇ ਹਨ ਕਿ ਉਨ੍ਹਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ। ਮੇਰਾ ਤੌਖਲਾ ਤਾਂ ਵਧਣਾ ਹੀ ਸੀ। ਮੈਂ ਉਸ ਨੂੰ ਆਖਿਆ ਕਿ ਮੈਂ ਅਗਲਾ ਗੀਤ ਸ਼ੁਰੂ ਕਰਵਾ ਕੇ ਆਉਂਦਾ ਹਾਂ। ਮੈਂ ਬਾਹਰ ਗਿਆ ਤਾਂ ਇਕ ਬਿਲਕੁਲ ਸਾਧਾਰਨ ਦਿਖਣ ਵਾਲੀ ਕੁੜੀ ਤੇ ਉਸ ਦੇ ਨਾਲ ਹੀ ਸਾਦੇ ਕੱਪੜਿਆਂ ਵਿਚ ਸਰਦਾਰ ਜੀ ਖੜ੍ਹੇ ਸਨ। ਮੈਂ ਆਖਿਆ, ‘‘ਦੱਸੋ ਕੀ ਗੱਲ ਹੈ।’’ ਸਰਦਾਰ ਜੀ ਆਖਣ ਲੱਗੇ,‘‘ਇਹ ਬੀਬੀ ਬਹੁਤ ਸੋਹਣਾ ਗਾਉਂਦੀ ਹੈ। ਇਸ ਦਾ ਇਕ ਗੀਤ ਕਰਵਾ ਦਿਉ।’’ ਮੇੁਰਾ ਉੱਤਰ ਸੀ ਕਿ ਇਹ ਤਾਂ ਕਾਲਜਾਂ ਦਾ ਮੁਕਾਬਲਾ ਚੱਲ ਰਿਹਾ ਹੈ। ਤੁਹਾਡਾ ਗੀਤ ਕਿਵੇਂ ਹੋ ਸਕਦਾ ਹੈ। ਜਦੋਂ ਉਹ ਬਹੁਤ ਹੀ ਮਿੰਨਤਾਂ ਕਰਨ ਲੱਗੇ ਤਾਂ ਮੈਨੂੰ ਆਖਣਾ ਪਿਆ ਕਿ ਤੁਸੀਂ ਅੰਦਰ ਆ ਕੇ ਬੈਠੋ। ਮੈਂ ਆਪਣੇ ਪ੍ਰੋਫੈਸਰ ਨਾਲ ਗੱਲ ਕਰਦਾ ਹਾਂ। ਮੈਂ ਆਪਣੇ ਪ੍ਰੋਫੈਸਰ ਨਾਲ ਗੱਲ ਕੀਤੀ। ਉਹ ਆਖਣ ਲੱਗੇ ਕਿ ਜੇਕਰ ਬਹੁਤ ਜ਼ਰੂਰੀ ਹੈ ਤਾਂ ਜਦੋਂ ਜੱਜ ਫ਼ੈਸਲਾ ਤਿਆਰ ਕਰਨਗੇ ਤਾਂ ਉਸ ਨੂੰ ਮੌਕਾ ਦੇ ਦੇਵੀਂ।
ਮੁਕਾਬਲਾ ਖ਼ਤਮ ਹੋਣ ਪਿੱਛੋਂ ਮੈਂ ਉਸ ਨੂੰ ਸਟੇਜ ’ਤੇ ਬੁਲਾਇਆ। ਉਸ ਦਿਨ ਰੌਣਕ ਵੀ ਕੁਝ ਵੱਧ ਸੀ। ਸਾਹਮਣੇ ਖਾਲਸਾ ਕਾਲਜ ਦੇ ਵਿਦਿਆਰਥੀ ਵੀ ਆਏ ਹੋਏ ਸਨ। ਮੁੰਡਿਆਂ ਨੇ ਹੂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੁੜੀ ਨੇ ਲੰਬੀ ਹੇਕ ਲਾਈ ਤਾਂ ਪੰਡਾਲ ਵਿਚ ਸੰਨਾਟਾ ਛਾ ਗਿਆ। ਇਕ ਗੀਤ ਖ਼ਤਮ ਹੋਇਆ ਤਾਂ ਆਵਾਜ਼ਾਂ ਆਉਣ ਲੱਗੀਆਂ ਕਿ ਇਕ ਹੋਰ। ਇੰਜ ਉਸ ਨੇ ਤਿੰਨ ਗੀਤ ਗਾਏ। ਉਨ੍ਹਾਂ ਦੋਵਾਂ ਨੇ ਮੇਰਾ ਤੇ ਮੇਰੇ ਪ੍ਰੋਫੈਸਰ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਪਿੱਛੋਂ ਉਹ ਪੰਜਾਬੀ ਦੀ ਚੋਟੀ ਦੀ ਗਾਇਕਾ ਵਜੋਂ ਪ੍ਰਸਿੱਧ ਹੋਈ।
ਦੂਜੇ ਗਾਇਕ ਸਨ ਕੇ ਦੀਪ। ਉਦੋਂ ਅਜੇ ਉਹ ਜਦੋਜਹਿਦ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਉਹ ਕਈ ਗਾਇਕਾਂ ਤੇ ਜਾਨਵਰਾਂ ਦੀਆਂ ਆਵਾਜ਼ਾਂ ਕੱਢ ਸਕਦਾ ਸੀ। ਇਸੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦਾ ਸੀ। ਸਾਡੇ ਕਾਲਜ ਵਿਚ ਸੁਰਿੰਦਰ ਦੁਸਾਂਝ ਪੰਜਾਬੀ ਦੇ ਅਧਿਆਪਕ ਬਣ ਕੇ ਆਏ ਸਨ। ਸਾਹਿਤ ਵਿਚ ਰੁਚੀ ਹੋਣ ਕਰਕੇ ਉਸ ਨਾਲ ਦੋਸਤੀ ਹੋ ਗਈ। ਇਕ ਦਿਨ ਆਖਣ ਲੱਗਾ ਕਿ ਚੱਲ ਤੈਨੂੰ ਇਕ ਨਵੇਂ ਤੇ ਵਧੀਆ ਕਲਾਕਾਰ ਨਾਲ ਮਿਲਾ ਕੇ ਲਿਆਵਾਂ। ਅਸੀਂ ਦੀਪ ਦੇ ਘਰ ਮਿਲਰਗੰਜ ਪੁੱਜੇ। ਉਸ ਸਾਡਾ ਖਿੜੇ ਮੱਥੇ ਸਵਾਗਤ ਕੀਤਾ। ਗੱਲਾਂ ਕਰਦੇ ਉਹ ਦੋਵੇਂ ਭਾਵੁਕ ਹੋ ਗਏ। ਜਾਪਦਾ ਸੀ ਕਿ ਦੋਵੇਂ ਇਸ਼ਕ ਦੇ ਮਰੀਜ਼ ਸਨ। ਦੁਸਾਂਝ ਮੈਨੂੰ ਆਖਣ ਲੱਗਾ, ‘ਆਪਾਂ ਨੇ ਦੀਪ ਨੂੰ ਪ੍ਰਮੋਟ ਕਰਨਾ ਹੈ।’’ ਮੈਂ ਆਖਿਆ ਕਿ ਅਗਲੇ ਹਫ਼ਤੇ ਸਾਡੇ ਹੋਸਟਲ ਦਾ ਸਾਲਾਨਾ ਸਮਾਗਮ ਹੈ। ਤੁਸੀਂ ਜ਼ਰੂਰ ਆਉਣਾ। ਇਹ ਆਪਣੀ ਕਿਸਮ ਦਾ ਨਿਵੇਕਲਾ ਸਮਾਗਮ ਸੀ। ਸਮਾਗਮ ਦੇ ਨਾਲ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਸੀ। ਅਸੀਂ ਕਾਲਜ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪਰਿਵਾਰ ਸਮੇਤ ਸੱਦਾ ਦਿੱਤਾ ਸੀ। ਹਰੇਕ ਮੇਜ਼ ਉੱਤੇ ਉਨ੍ਹਾਂ ਦੇ ਨਾਲ ਦੋ ਵਿਦਿਆਰਥੀਆ ਨੇ ਵੀ ਬੈਠਣਾ ਸੀ। ਸਾਰਿਆਂ ਨੇ ਆਖਿਆ ਕਿ ਇਕੱਲੇ ਦੀਪ ਨਾਲ ਗੱਲ ਨਹੀਂ ਬਣਨੀ, ਇਕ ਹੋਰ ਗਾਇਕ ਦਾ ਪ੍ਰਬੰਧ ਕਰੋ। ਕੁਦਰਤੀ ਮੈਨੂੰ ਹਰਚਰਨ ਗਰੇਵਾਲ ਜਾਣਦਾ ਸੀ। ਕਿਉਂਕਿ ਮੁੜ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਸਮਾਂ ਖੇਤੀ ਵਿਕਾਸ ਅਫ਼ਸਰ ਦੇ ਤੌਰ ’ਤੇ ਕੰਮ ਕੀਤਾ ਸੀ। ਉਸ ਦਾ ਪਿੰਡ ਜਮਾਲਪੁਰ ਕੁਲੀਏਵਾਲ ਮੇਰੇ ਹਲਕੇ ਵਿਚ ਪੈਂਦਾ ਸੀ। ਇਸੇ ਪਿੰਡ ਦੇ ਅਗਾਂਹਵਧੂ ਕਿਸਾਨ ਕਾਮਰੇਡ ਜਗਜੀਤ ਸਿੰਘ ਸਾਡੀ ਪੰਚਾਇਤ ਸੰਮਤੀ ਦੇ ਚੇਅਰਮੈਨ ਸਨ। ਗਿਆਨੀ ਅਰਜਨ ਸਿੰਘ ਹੋਰਾਂ ਦਾ ਪੁੱਤਰ ਪਿੰਡ ਦਾ ਸਰਪੰਚ ਸੀ। ਉਨ੍ਹਾਂ ਰਾਹੀਂ ਹੀ ਗੇਰਵਾਲ ਨਾਲ ਜਾਣ-ਪਛਾਣ ਹੋਈ ਸੀ। ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਸ ਨੇ ਆਉਣ ਦੀ ਹਾਮੀ ਭਰ ਦਿੱਤੀ। ਸਾਡੀ ਬੇਨਤੀ ਸੀ ਕਿ ਨਾਲ ਰਜਿੰਦਰ ਰਾਜਾ ਨੂੰ ਜ਼ਰੂਰ ਲੈ ਕੇ ਆਉਣਾ। ਉਹ ਠੀਕ ਸਮੇਂ ਉਸਤਾਦ ਜਸਵੰਤ ਸਿੰਘ ਭੰਵਰਾ ਦੇ ਨਾਲ ਪਹੁੰਚ ਗਏ। ਇੱਥੇ ਦੱਸਣਾ ਮੁਨਾਸਿਬ ਹੋਵੇਗਾ ਕਿ ਉਸ ਦੌਰ ਦੇ ਲਗਪਗ ਸਾਰੇ ਗਾਇਕ ਭੰਵਰਾ ਜੀ ਦੇ ਹੀ ਸ਼ਗਿਰਦ ਸਨ। ਭੰਵਰਾ ਜੀ ਜ਼ਮੀਨ ’ਤੇ ਬੈਠ ਕੇ ਹਰਮੋਨੀਅਮ ਵਜਾਉਣ ਲੱਗੇ, ਨਾਲ ਢੋਲਕ ਵਾਲਾ ਸੀ। ਗਰੇਵਾਲ ਤੇ ਰਾਜਨ ਖੜ੍ਹੇ ਹੋ ਕੇ ਮਾਈਕ ’ਤੇ ਗਾਣੇ ਗਾ ਰਹੇ ਸਨ। ਹੁਣ ਵਾਂਗ ਸ਼ੋਰ-ਸ਼ਰਾਬਾ ਤੇ ਨੱਚਣ-ਟੱਪਣ ਨਹੀਂ ਸੀ। ਉਨ੍ਹਾਂ ਖ਼ੂਬ ਰੰਗ ਬੰਨਿ੍ਹਆ। ਕੇ ਦੀਪ ਨੂੰ ਵੀ ਭਰਵੀਂ ਦਾਦ ਮਿਲੀ। ਦੂਜੇ ਹੋਸਟਲਾਂ ਦੇ ਮੁੰਡੇ ਵੀ ਵੱਡੀ ਗਿਣਤੀ ਵਿਚ ਆ ਗਏ ਸਨ। ਸਾਨੂੰ ਸ਼ੋਰ-ਸ਼ਰਾਬੇ ਦਾ ਡਰ ਸੀ ਪਰ ਪ੍ਰੋਗਰਾਮ ਇੰਨਾ ਵਧੀਆ ਸੀ ਕਿ ਸਾਰਾ ਕੁਝ ਸੁੱਖ-ਸਬੀਲੀ ਸਿਰੇ ਚੜ੍ਹ ਗਿਆ। ਉਸ ਪਿੱਛੋਂ ਕੇ ਦੀਪ ਨਾਲ ਦੋਸਤੀ ਹੋ ਗਈ। ਮੈਂ ਉਸ ਦੇ ਕਈ ਪ੍ਰੋਗਰਾਮ ਹੋਸਟ ਕੀਤੇ। ਮੈਂ 1980 ਵਿਚ ਕੈਨੇਡਾ ਗਿਆ ਤਾਂ ਵੈਨਕੂਵਰ ਵਿਖੇ ਫਿਰ ਮੁਲਾਕਾਤ ਹੋ ਗਈ। ਉਸ ਨੇ ਮੈਨੂੰ ਦੂਜੇ ਸ਼ਹਿਰਾਂ ਵਿਚ ਵੀ ਨਾਲ ਜਾਣ ਲਈ ਆਖਿਆ ਪਰ ਆਪਣੇ ਪ੍ਰੋਗਰਾਮ ਦੀ ਬੰਦਿਸ਼ ਕਰ ਕੇ ਅਜਿਹਾ ਨਹੀਂ ਹੋ ਸਕਿਆ।
ਤੀਜੇ ਗਾਇਕ ਉਸਤਾਦ ਯਮਲਾ ਜੱਟ ਹੋਰੀਂ ਸਨ। ਅਸੀਂ ਕਿਸਾਨ ਮੇਲੇ ਸਮੇਂ ਸ਼ਾਮ ਨੂੰ ਮਨੋਰੰਜਨ ਵਾਲਾ ਪ੍ਰੋਗਰਾਮ ਕਰਦੇ ਸਾਂ। ਇਸ ਬਾਰੇ ਫਿਰ ਕਦੇ ਲਿਖਾਂਗਾ। ਪ੍ਰੋਗਰਾਮ ਚੱਲ ਰਿਹਾ ਸੀ। ਵੀਸੀ ਡਾ. ਸੁਖਦੇਵ ਸਿੰਘ ਹਾਜ਼ਰ ਸਨ। ਉਨ੍ਹਾਂ ਦੇ ਰੱਖਿਅਕ ਨੇ ਆ ਕੇ ਮੈਨੂੰ ਕਿਹਾ ਕਿ ਬਾਹਰ ਕੋਈ ਤੁਹਾਨੂੰ ਮਿਲਣ ਆਇਆ ਹੈ। ਮੈਂ ਅਗਲੀ ਆਈਟਮ ਸ਼ੁਰੂ ਕਰਵਾ ਕੇ ਬਾਹਰ ਗਿਆ ਤਾਂ ਅੱਗੇ ਉਸਤਾਦ ਯਮਲਾ ਜੀ ਖੜ੍ਹੇ ਸਨ। ਮੈਂ ਆਖਿਆ, ‘‘ਉਸਤਾਦ ਜੀ, ਤੁਸੀਂ ਇੱਥੇ ਕਿਵੇਂ?’’ ਉਹ ਆਖਣ ਲੱਗੇ, ‘ਡਾਕਟਰ ਸਾਹਿਬ, ਮੇਰੇ ਵੀ ਦੋ ਗੀਤ ਕਰਵਾ ਦਿਉ।’’ ਉਦੋਂ ਨਵੇਂ ਗਾਇਕਾਂ ਦੇ ਆਉਣ ਕਰਕੇ ਯਮਲਾ ਜੀ ਦੀ ਮੰਗ ਢਿੱਲੀ ਪੈ ਗਈ ਸੀ। ਮੈਂ ਆਖਿਆ, ‘‘ਤੁਸੀਂ ਇੱਥੇ ਹੀ ਰੁਕੋ, ਮੈਂ ਆਪਣੇ ਵੀਸੀ ਸਾਹਿਬ ਨਾਲ ਗੱਲ ਕਰ ਕੇ ਆਉਂਦਾ ਹਾਂ।’’ ਮੈਂ ਵੀਸੀ ਨੂੰ ਦੱਸਿਆ। ਉਹ ਆਮ ਤੌਰ ’ਤੇ ਮੇਰੀ ਗੱਲ ਮੋੜਦੇ ਨਹੀਂ ਸਨ। ਉਹ ਆਖਣ ਲੱਗੇ, “ਜਿਵੇਂ ਤੈਨੂੰ ਠੀਕ ਲੱਗਦੈ, ਉਵੇਂ ਕਰ ਲੈ”। ਮੈਂ ਯਮਲਾ ਜੀ ਨੂੰ ਆਖਿਆ ਕਿ ਤੁਸੀਂ ਸਟੇਜ ਦੇ ਲਾਗੇ ਆ ਜਾਓ। ਮੈਨੂੰ ਪਤਾ ਸੀ ਕਿ ਪਿੰਡਾਂ ਦੇ ਲੋਕਾਂ ਵਿਚ ਉਹ ਮਕਬੂਲ ਸਨ। ਮੈਂ ਥੋੜ੍ਹੀ ਜਿਹੀ ਹਵਾ ਬੰਨ੍ਹ ਕੇ ਉਨ੍ਹਾਂ ਨੂੰ ਸਟੇਜ ’ਤੇ ਬੁਲਾਇਆ। ਸਾਰਿਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਯਮਲਾ ਜੀ ਨੇ ਇਕ ਨਹੀਂ ਸਗੋਂ ਤਿੰਨ ਗੀਤ ਸੁਣਾਏ। ਪੰਡਾਲ ਵਿਚ ਕਿਸਾਨ ਉਨ੍ਹਾਂ ਨੂੰ ਪੈਸੇ ਦੇਣ ਲੱਗ ਪਏ। ਜਿੰਨੇ ਪੈਸੇ ਅਸੀਂ ਗਾਇਕ ਨੂੰ ਦੇਣੇ ਸਨ, ਯਮਲਾ ਜੀ ਨੂੰ ਉਸ ਤੋਂ ਵੀ ਵੱਧ ਪੈਸੇ ਬਣ ਗਏ। ਉਹ ਬਹੁਤ ਖ਼ੁਸ਼ ਸਨ ਤੇ ਧੰਨਵਾਦ ਦੇ ਸ਼ਬਦ ਆਖਦੇ ਹੋਏ ਉੱਥੋਂ ਗਏ। ਇੰਜ ਮੈਨੂੰ ਤਿੰਨ ਮਹਾਨ ਕਲਾਕਾਰਾਂ ਦੇ ਔਖੇ ਵੇਲੇ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ।
-ਡਾ. ਰਣਜੀਤ ਸਿੰਘ
-ਮੋਬਾਈਲ : 94170-87328