ਪੰਜ ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਇਸ ਸੰਸਾਰ ਤੋਂ ਕੂਚ ਕਰ ਗਿਆ। ਕੰਵਰ ਨੌਨਿਹਾਲ ਸਿੰਘ ਜੋ ਸ਼ਾਮ ਸਿੰਘ ਅਟਾਰੀ ਵਾਲੇ ਦਾ ਜਵਾਈ ਸੀ, ਉਹ ਵੀ 5 ਨਵੰਬਰ 1840 ਨੂੰ ਤਾਜਪੋਸ਼ੀ ਵਾਲੇ ਦਿਨ ਹੀ ਮਾਰਿਆ ਗਿਆ। ਖ਼ਾਲਸਾ ਰਾਜ ਦੀ ਖ਼ਾਨਾਜੰਗੀ ਤੋਂ ਤੰਗ ਆ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਪਣੇ ਪਿੰਡ ਅਟਾਰੀ ਪਹੁੰਚ ਗਏ। ਜੁਲਾਈ 1844 ’ਚ ਲਾਰਡ ਹਾਰਡਿੰਗ ਭਾਰਤ ਦਾ ਗਵਰਨਰ ਜਨਰਲ ਬਣਿਆ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਸਥਾਰ ਵਿਚ ਉਸ ਦੇ ਬਹਾਦਰ ਜਰਨੈਲਾਂ ਦਾ ਚੋਖਾ ਯੋਗਦਾਨ ਸੀ। ਸ਼ਾਮ ਸਿੰਘ ਅਟਾਰੀ ਵਾਲਾ ਸ਼ੇਰ-ਏ-ਪੰਜਾਬ ਦੇ ਪ੍ਰਮੁੱਖ ਜਰਨੈਲ ਸਨ। ਉਨ੍ਹਾਂ ਦੇ ਵੱਡੇ-ਵਡੇਰੇ ਜੈਸਲਮੇਰ ਦੇ ਰਹਿਣ ਵਾਲੇ ਸਨ। ਸ਼ਾਮ ਸਿੰਘ ਦੇ ਪੁਰਖਿਆਂ ਨੇ ਭੰਗੀ ਮਿਸਲ ਦੇ ਸਰਦਾਰਾਂ ਕੋਲ ਨੌਕਰੀ ਕੀਤੀ।
ਸ਼ਾਮ ਸਿੰਘ ਦਾ ਜਨਮ ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਸ਼ਾਮ ਸਿੰਘ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਉਨ੍ਹਾਂ ਨੇ ਆਪਣੇ ਪਿਤਾ ਦੀ ਦੇਖ-ਰੇਖ ਹੇਠ ਘੋੜ ਸਵਾਰੀ, ਤਲਵਾਰਬਾਜ਼ੀ, ਤੀਰ-ਅੰਦਾਜ਼ੀ ਅਤੇ ਜੰਗੀ ਕਰਤੱਬਾਂ ਵਿਚ ਨਿਪੁੰਨਤਾ ਹਾਸਲ ਕੀਤੀ। ਪਿਤਾ ਦੇ ਹੁੰਦਿਆਂ ਹੀ ਉਹ 1817 ’ਚ ਮਹਾਰਾਜੇ ਦੀ ਫ਼ੌਜ ਵਿਚ ਸ਼ਾਮਲ ਹੋ ਗਿਆ। ਉਸ ਦੇ ਪਿਤਾ ਨਿਹਾਲ ਸਿੰਘ ਦੀ ਜਨਵਰੀ 1818 ਵਿਚ ਮੌਤ ਹੋ ਗਈ।
ਆਪਣੇ ਪਿਤਾ ਦੀ ਮੌਤ ਪਿੱਛੋਂ ਸ਼ਾਮ ਸਿੰਘ ਨੇ ਮੁਲਤਾਨ ਦੀ ਪਹਿਲੀ ਜੰਗ (1818) ਵਿਚ ਬਹਾਦਰੀ ਦੇ ਜੌਹਰ ਦਿਖਾ। 1818 ਦੇ ਅੰਤ ਵਿਚ ਮਹਾਰਾਜੇ ਨੇ ਦਲ ਸਿੰਘ, ਹਰੀ ਸਿੰਘ ਨਲੂਏ ਅਤੇ ਸ਼ਾਮ ਸਿੰਘ ਅਟਾਰੀ ਵਾਲੇ ਦੀ ਅਗਵਾਈ ਹੇਠ ਤਕੜੀ ਫ਼ੌਜ ਪਿਸ਼ਾਵਰ ’ਤੇ ਹਮਲਾ ਕਰਨ ਲਈ ਭੇਜੀ। ਖ਼ਾਲਸਾ ਫ਼ੌਜ ਨੇ ਪਿਸ਼ਾਵਰ ’ਤੇ ਮੁੜ ਕਬਜ਼ਾ ਕਰ ਲਿਆ। ਸ਼ਾਮ ਸਿੰਘ ਇਸ ਜੰਗ ਵਿਚ ਬੜੀ ਬਹਾਦਰੀ ਨਾਲ ਲੜਿਆ ਅਤੇ ਉਸ ਦੇ ਮੋਢੇ ’ਤੇ ਕਿਰਪਾਨ ਦੇ ਫੱਟ ਲੱਗੇ ਪਰ ਉਹ ਫਿਰ ਵੀ ਲੜਦਾ ਰਿਹਾ। ਉਸ ਦੀ ਬਹਾਦਰੀ ਵੇਖ ਕੇ ਮਹਾਰਾਜੇ ਦੇ ਮਨ ਵਿਚ ਉਸ ਲਈ ਇੱਜ਼ਤ ਵਧ ਗਈ।
ਸੰਨ 1819 ’ਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ’ਤੇ ਕਬਜ਼ਾ ਕੀਤਾ। ਕਸ਼ਮੀਰ ਦੀ ਮੁਹਿੰਮ ਵਿਚ ਵੀ ਸ਼ਾਮ ਸਿੰਘ ਅਟਾਰੀ ਵਾਲੇ ਨੇ ਚੋਖਾ ਯੋਗਦਾਨ ਪਾਇਆ। ਸੰਨ 1823 ’ਚ ਹੋਈ ਨੌਸ਼ਹਿਰੇ ਦੀ ਜੰਗ ਵਿਚ ਵੀ ਸ਼ਾਮ ਸਿੰਘ ਨੇ ਹਿੱਸਾ ਲਿਆ। ਸ਼ਾਮ ਸਿੰਘ ਨੇ ਬਰੇਲੀ ਦੇ ਸਈਅਦ ਅਹਿਮਦ ਵਿਰੁੱਧ ਸਿੱਖ ਫ਼ੌਜਾਂ ਦੀ ਅਗਵਾਈ ਕੀਤੀ। ਡੇਰਾ ਗਾਜ਼ੀ ਖਾਂ ਦੀ ਮੁਹਿੰਮ ਜੋ 12 ਫਰਵਰੀ 1832 ਨੂੰ ਸ਼ੁਰੂ ਹੋਈ ਸੀ, ਉਸ ਵਿਚ ਵੀ ਸ਼ਾਮ ਸਿੰਘ ਅਟਾਰੀ, ਦੀਵਾਨ ਕਿਰਪਾ ਰਾਮ ਅਤੇ ਕੰਵਰ ਖੜਕ ਸਿੰਘ ਦੇ ਨਾਲ ਸ਼ਾਮਲ ਹੋਇਆ। ਸੰਨ 1834 ’ਚ ਸਿੱਖ ਫ਼ੌਜਾਂ ਨੇ ਪਿਸ਼ਾਵਰ ’ਤੇ ਪੱਕੇ ਤੌਰ ’ਤੇ ਕਬਜ਼ਾ ਕਰ ਲਿਆ।
ਇਸ ਮੁਹਿੰਮ ਵਿਚ ਕੰਵਰ ਨੌਨਿਹਾਲ ਸਿੰਘ ਦੇ ਨਾਲ ਹਰੀ ਸਿੰਘ ਨਲੂਆ ਅਤੇ ਸ਼ਾਮ ਸਿੰਘ ਅਟਾਰੀ ਵੀ ਸ਼ਾਮਲ ਸਨ। ਸ਼ਾਮ ਸਿੰਘ ਨੇ ਆਪਣੀ ਲੜਕੀ ਨਾਨਕੀ ਦਾ ਵਿਆਹ 8 ਮਾਰਚ 1837 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਅਤੇ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨਾਲ ਬੜੀ ਧੂਮਧਾਮ ਨਾਲ ਕੀਤਾ। ਰਣਜੀਤ ਸਿੰਘ ਨਾਲ ਕੁੜਮਾਚਾਰੀ ਹੋਣ ਕਰਕੇ ਸ਼ਾਮ ਸਿੰਘ ਦਾ ਸ਼ਾਹੀ ਦਰਬਾਰ ਵਿਚ ਸਤਿਕਾਰ ਹੋਰ ਵੀ ਵਧ ਗਿਆ। ਜੂਨ 1839 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਪਿੱਛੋਂ ਖ਼ਾਲਸਾ ਰਾਜ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ।
ਪੰਜ ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਇਸ ਸੰਸਾਰ ਤੋਂ ਕੂਚ ਕਰ ਗਿਆ। ਕੰਵਰ ਨੌਨਿਹਾਲ ਸਿੰਘ ਜੋ ਸ਼ਾਮ ਸਿੰਘ ਅਟਾਰੀ ਵਾਲੇ ਦਾ ਜਵਾਈ ਸੀ, ਉਹ ਵੀ 5 ਨਵੰਬਰ 1840 ਨੂੰ ਤਾਜਪੋਸ਼ੀ ਵਾਲੇ ਦਿਨ ਹੀ ਮਾਰਿਆ ਗਿਆ। ਖ਼ਾਲਸਾ ਰਾਜ ਦੀ ਖ਼ਾਨਾਜੰਗੀ ਤੋਂ ਤੰਗ ਆ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਪਣੇ ਪਿੰਡ ਅਟਾਰੀ ਪਹੁੰਚ ਗਏ। ਜੁਲਾਈ 1844 ’ਚ ਲਾਰਡ ਹਾਰਡਿੰਗ ਭਾਰਤ ਦਾ ਗਵਰਨਰ ਜਨਰਲ ਬਣਿਆ। ਉਸ ਨੇ ਸਿੱਖਾਂ ਨਾਲ ਜੰਗ ਕਰਨ ਲਈ ਸਤਲੁਜ ਸਰਹੱਦ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ। ਅਠਾਰਾਂ ਦਸੰਬਰ 1845 ਨੂੰ ਅੰਗਰੇਜ਼ਾਂ ਤੇ ਸਿੰਘਾਂ ਦੀ ਪਹਿਲੀ ਜੰਗ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਈ। ਮੁੱਦਕੀ ਦੀ ਜੰਗ ਹਾਰ ਜਾਣ ਤੋਂ ਪਿੱਛੋਂ ਸਾਰੀ ਸਿੱਖ ਫ਼ੌਜ ਫੇਰੂ ਸ਼ਹਿਰ (ਫਿਰੋਜ਼ ਸ਼ਾਹ) ਇਕੱਠੀ ਹੋਈ ਜਿੱਥੇ 21-22 ਦਸੰਬਰ 1845 ਨੂੰ ਅੰਗਰੇਜ਼ ਅਤੇ ਸਿੱਖ ਫ਼ੌਜਾਂ ਦੀ ਟੱਕਰ ਹੋਈ। ਫਿਰੋਜ਼ ਸ਼ਾਹ ਦੇ ਮੈਦਾਨ ਵਿਚ ਸਿੱਖ ਬੜੀ ਬਹਾਦਰੀ ਨਾਲ ਲੜੇ ਪਰ ਸਿੱਖ ਫ਼ੌਜ ਦੇ ਕਮਾਂਡਰ-ਇਨ-ਚੀਫ ਤੇਜ ਸਿੰਘ, ਵਜ਼ੀਰ ਲਾਲ ਸਿੰਘ, ਗੁਲਾਬ ਸਿੰਘ ਡੋਗਰਾ ਆਦਿ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ ਜਿਸ ਕਰਕੇ ਸਿੱਖ ਫ਼ੌਜਾਂ ਹਾਰ ਗਈਆਂ। ਫਿਰੋਜ਼ ਸ਼ਾਹ ਦੀ ਲੜਾਈ ਵਿਚ ਸਿੱਖ ਫ਼ੌਜਾਂ ਦੀ ਹਾਰ ਹੋ ਜਾਣ ’ਤੇ ਮਹਾਰਾਣੀ ਜਿੰਦਾਂ ਨੇ ਵਿਸ਼ੇਸ਼ ਹਰਕਾਰੇ ਰਾਹੀਂ ਸ਼ਾਮ ਸਿੰਘ ਅਟਾਰੀ ਕੋਲ ਇਕ ਚਿੱਠੀ ਲਿਖ ਭੇਜੀ ਜਿਸ ਵਿਚ ਲਿਖਿਆ ਸੀ ਕਿ ਅਜਿਹੇ ਔਖੇ ਸਮੇਂ ਆਪ ਖ਼ਾਲਸਾ ਫ਼ੌਜ ਦੀ ਕਮਾਂਡ ਸੰਭਾਲੋ।
ਚਿੱਠੀ ਪੜ੍ਹ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਖ਼ੂਨ ਖੌਲ ਉੱਠਿਆ। ਉਸ ਨੇ ਆਪਣੇ ਕੁਝ ਜਾਂਬਾਜ਼ ਯੋਧਿਆਂ ਨੂੰ ਤਿਆਰ ਕਰ ਲਿਆ ਅਤੇ ਚੀਨੀ ਘੋੜੀ ’ਤੇ ਸਵਾਰ ਹੋ ਕੇ ਸਭਰਾਵਾਂ ਦੇ ਮੈਦਾਨ ਵੱਲ ਤੁਰ ਪਿਆ। ਉੱਥੇ ਪੁੱਜਣ ’ਤੇ 9 ਫਰਵਰੀ 1846 ਨੂੰ ਗਦਾਰ ਤੇਜਾ ਸਿੰਘ ਨੇ ਸ਼ਾਮ ਸਿੰਘ ਨੂੰ ਪ੍ਰੇਰਿਆ ਕਿ ਉਹ ਅੰਗਰੇਜ਼ਾਂ ਵਿਰੁੱਧ ਜੰਗ ਵਿਚ ਕੁੱਦ ਕੇ ਮੌਤ ਨਾ ਸਹੇੜੇ। ਅਟਾਰੀ ਵਾਲੇ ਸਰਦਾਰ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਤੇ ਉਸ ਨੂੰ ਬਹੁਤ ਮੰਦਾ ਬੋਲਿਆ। ਸਿੱਖਾਂ ਨੇ ਸਭਰਾਵਾਂ ਵਿਖੇ ਫਤਿਹਗੜ੍ਹ ਨਾਂ ਦਾ ਕੱਚਾ ਕਿਲ੍ਹਾ ਉਸਾਰਿਆ ਅਤੇ ਜੰਗੀ ਤਿਆਰੀਆਂ ਪੂਰੀਆਂ ਕੀਤੀਆਂ।
ਮੁਹਿੰਮ ਦੀ ਆਖ਼ਰੀ ਜੰਗ 10 ਫਰਵਰੀ 1846 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਫਤਿਹਗੜ੍ਹ ਸਭਰਾ (ਨੇੜੇ ਕਸਬਾ ਮਖੂ, ਤਹਿਸੀਲ ਜ਼ੀਰਾ) ਵਿਖੇ ਹੋਈ। ਜੰਗ ਦੇ ਸ਼ੁਰੂ ਹੋਣ ਤੱਕ ਬ੍ਰਿਟਿਸ਼ ਫ਼ੌਜਾਂ ਨੂੰ ਦਿੱਲੀ ਤੋਂ ਕਾਫ਼ੀ ਮਾਤਰਾ ਵਿਚ ਅਸਲਾ ਪ੍ਰਾਪਤ ਹੋ ਗਿਆ ਸੀ। ਬ੍ਰਿਟਿਸ਼ ਫ਼ੌਜਾਂ ਨੇ 10 ਫਰਵਰੀ ਨੂੰ ਸਵੇਰੇ ਮੂੰਹ ਹਨੇਰੇ ਹੀ ਚੜ੍ਹਾਈ ਕਰ ਦਿੱਤੀ। ਜਦੋਂ ਸਿੱਖਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਤੁਰੰਤ ਹਰਕਤ ਵਿਚ ਆ ਗਏ। ਦਸ ਫਰਵਰੀ,1846 ਨੂੰ ਸਰਦਾਰ ਸ਼ਾਮ ਸਿੰਘ ਅੰਮ੍ਰਿਤ ਵੇਲੇ ਉੱਠਿਆ ਤੇ ਆਪਣੇ ਚੀਨੀ ਘੋੜੇ ’ਤੇ ਸਵਾਰ ਹੋ ਕੇ ਆਪਣੇ ਕੁਝ ਸਾਥੀਆਂ ਸਮੇਤ ਸਭਰਾਵਾਂ ਦੀ ਜੰਗ ਵਿਚ ਕੁੱਦ ਪਿਆ।
ਅੰਗਰੇਜ਼ ਜਰਨੈਲ ਸਰ ਰਾਬਰਟ ਡੈੱਕ ਸ਼ਾਮ ਸਿੰਘ ਦੇ ਹੱਥੋਂ ਮਾਰਿਆ ਗਿਆ। ਗਦਾਰ ਤੇਜਾ ਸਿੰਘ ਦੌੜ ਗਿਆ ਤੇ ਦਰਿਆ ਪਾਰ ਕਰਦੇ ਸਮੇਂ ਉਹ ਸਤਲੁਜ ਦਰਿਆ ’ਤੇ ਬੰਨ੍ਹੇ ਬੇੜੀਆਂ ਦੇ ਪੁਲ ਨੂੰ ਵੀ ਤੁੜਵਾ ਗਿਆ। ਗਿਲਬਰਟ ਡਵੀਜ਼ਨ ਨੇ ਸਿੱਖਾਂ ਦੇ ਕੇਂਦਰੀ ਮੋਰਚੇ ਉੱਤੇ ਤੀਜਾ ਹਮਲਾ ਕਰ ਦਿੱਤਾ। ਜਦ ਸ਼ਾਮ ਸਿੰਘ ਨੇ ਆਪਣੀ ਫ਼ੌਜ ਦੀ ਹਾਰ ਹੁੰਦੀ ਵੇਖੀ ਨੇ ਤਾਂ ਉਸ ਨੇ ਘੋੜੀ ਨੂੰ ਅੱਡੀ ਲਾਈ ਤੇ ਤਲਵਾਰ ਘੁਮਾਉਂਦਾ ਹੋਇਆ ਅੰਗਰੇਜ਼ ਫੌਜ ’ਤੇ ਟੁੱਟ ਪਿਆ ਤੇ ਨਾਲ ਹੀ ਆਪਣੇ ਜਵਾਨਾਂ ਨੂੰ ਕਿਹਾ ਕਿ ਕੋਈ ਵੀ ਮੈਦਾਨ ਛੱਡ ਕੇ ਨਾ ਭੱਜੇ। ਸ਼ਾਮ ਸਿੰਘ ਦੀ ਛਾਤੀ ਸੱਤ ਗੋਲ਼ੀਆਂ ਨਾਲ ਵਿੰਨ੍ਹੀ ਗਈ ਤੇ ਉਹ ਸ਼ਹੀਦ ਹੋ ਕੇ ਘੋੜੀ ਤੋਂ ਹੇਠਾਂ ਡਿੱਗ ਪਿਆ।
ਸ਼ਾਮ ਸਿੰਘ ਦੇ ਸ਼ਹੀਦ ਹੋਣ ਨਾਲ ਖ਼ਾਲਸਾ ਫ਼ੌਜ ਦੇ ਹੌਸਲੇ ਟੁੱਟ ਗਏ ਅਤੇ 10 ਫਰਵਰੀ ਦੁਪਹਿਰ ਤੱਕ ਅੰਗਰੇਜ਼ਾਂ ਨੇ ਜੰਗ ਜਿੱਤ ਲਈ। ਬਾਰਾਂ ਫਰਵਰੀ 1846 ਨੂੰ ਸ਼ਾਮ ਸਿੰਘ ਦੀ ਮ੍ਰਿਤਕ ਦੇਹ ਅਟਾਰੀ ਲਿਜਾ ਕੇ ਉੱਥੇ ਉਸ ਦਾ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਯਾਦਗਾਰ ਅਟਾਰੀ ਪਿੰਡ ਦੇ ਬਾਹਰਵਾਰ ਬਣੀ ਹੋਈ ਹੈ।
ਦਲਜੀਤ ਰਾਏ ਕਾਲੀਆ
ਜ਼ੀਰਾ।
-ਮੋਬਾਈਲ : 97812-00168