- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਪੱਖੀ ਸਰਗਰਮੀਆਂ ’ਚ ਸ਼ਮੂਲੀਅਤ ਨੇ ਭੰਗੂ ਨੂੰ ਖੱਬੇ-ਪੱਖੀ ਵਿਚਾਰਧਾਰਾ ਅਤੇ ਵਿਗਿਆਨਕ ਸੋਚਣੀ ਵਾਲਾ ਇਨਸਾਨ ਬਣਾਇਆ। ਉਨ੍ਹਾਂ ਬਿਨਾਂ ਦਾਜ ਅਤੇ ਕਿਸੇ ਧਾਰਮਿਕ ਰਸਮ ਤੋਂ ਬਗ਼ੈਰ, ਬਿਨਾਂ ਬਾਰਾਤ ਬਠਿੰਡਾ ਜ਼ਿਲ੍ਹਾ ਦੇ ਪਿੰਡ ਕਾਹਨ ਸਿੰਘ ਵਾਲਾ ਦੀ ਹੋਣਹਾਰ ਧੀ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ। ਗੁਰਪ੍ਰੀਤ ਗੁਰਸ਼ਰਨ ਸਿੰਘ ਭਾਅ ਜੀ ਦੇ ਨਾਟਕਾਂ ’ਚ ਅਦਾਕਾਰੀ ਕਰਦੇ ਸਨ ।

- ਡਾ. ਮੇਘਾ ਸਿੰਘ
ਉੱਘੇ ਸਮਾਜ ਸੇਵੀ, ਵਿਦਿਆਦਾਨੀ, ਪੱਤਰਕਾਰ, ਲੇਖਕ ਅਤੇ ਖੱਬੇ-ਪੱਖੀ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਸਵਰਨ ਸਿੰਘ ਭੰਗੂ 3 ਜੂਨ ਦੀ ਰਾਤ ਨੂੰ 10 ਵਜੇ ਦੇ ਕਰੀਬ ਆਪਣੇ ਪ੍ਰਸ਼ੰਸਕਾਂ ਤੇ ਚਹੇਤਿਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾ ਕੇਵਲ ਪਰਿਵਾਰ, ਦੋਸਤਾਂ-ਮਿੱਤਰਾਂ ਅਤੇ ਇਲਾਕਾ ਚਮਕੌਰ ਸਾਹਿਬ ਦੇ ਨਿਵਾਸੀਆਂ ਲਈ ਹੈਰਾਨ-ਪ੍ਰੇਸ਼ਾਨ ਕਰਨ ਵਾਲੀ ਸੀ ਬਲਕਿ ਅਗਾਂਹਵਧੂ ਲੋਕ-ਪੱਖੀ ਵਿਚਾਰਧਾਰਾ ਵਾਲੇ ਜੁਝਾਰੂ ਕਾਫ਼ਲਿਆਂ ਲਈ ਵੀ ਦੁਖਦਾਈ ਸੀ। ਉਹ ਇਲਾਕੇ ਦੇ ਗ਼ਰੀਬ ਅਤੇ ਲੋੜਵੰਦ ਵਿਦਿਆਰਥੀਆਂ ਦਾ ਮਸੀਹਾ ਸੀ। ਮੇਰੀ ਭੰਗੂ ਨਾਲ ਪਹਿਲੀ ਮੁਲਾਕਾਤ 1989 ਦੇ ਕਰੀਬ ਹੋਈ, ਜਦੋਂ ਉਹ ਚਮਕੌਰ ਸਾਹਿਬ ਤੋਂ ਇਕ ਅਖ਼ਬਾਰ ਲਈ ਰਿਪੋਰਟਿੰਗ ਕਰਦੇ ਸੀ ਅਤੇ ਮੈਂ ਰੂਪਨਗਰ ਵਿਖੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੇਵਾਵਾਂ ਨਿਭਾਅ ਰਿਹਾ ਸੀ। ਵਿਚਾਰਾਂ ਦੀ ਸਾਂਝ ਕਾਰਨ ਇਸ ਮਿਲਣੀ ਦਾ ਰੰਗ ਲਗਾਤਾਰ ਗੂੜ੍ਹਾ ਹੀ ਹੁੰਦਾ ਗਿਆ। ਪਹਿਲੀ ਜੂਨ 1955 ਨੂੰ ਚਮਕੌਰ ਸਾਹਿਬ ਨੇੜਲੇ ਪਿੰਡ ਚੂਹੜ ਮਾਜਰਾ ’ਚ ਇਕ ਸਾਧਾਰਨ ਕਿਸਾਨ ਪਰਿਵਾਰ ’ਚ ਜਨਮੇ ਅਤੇ ਪੜ੍ਹੇ ਭੰਗੂ ਦਾ ਮੁਢਲਾ ਜੀਵਨ ਸਾਧਾਰਨ ਬੱਚਿਆਂ ਵਾਲਾ ਹੀ ਸੀ। ਉਨ੍ਹਾਂ ਚਮਕੌਰ ਸਾਹਿਬ ਵਿਖੇ ਇਕ ਕਿਰਾਏ ਦੇ ਕਮਰੇ ’ਚ ਪ੍ਰਿੰਟਿੰਗ ਪ੍ਰੈੱਸ ਦਾ ਕੰਮ ਸ਼ੁਰੂ ਕੀਤਾ। ਇਸ ਕੰਮ ਨੇ ਹੀ ਉਨ੍ਹਾਂ ਨੂੰ ਪੱਤਰਕਾਰੀ ਵਾਲੇ ਪਾਸੇ ਮੋੜਿਆ। ਲੋਕ ਪੱਖੀ ਸਰਗਰਮੀਆਂ ’ਚ ਸ਼ਮੂਲੀਅਤ ਨੇ ਭੰਗੂ ਨੂੰ ਖੱਬੇ-ਪੱਖੀ ਵਿਚਾਰਧਾਰਾ ਅਤੇ ਵਿਗਿਆਨਕ ਸੋਚਣੀ ਵਾਲਾ ਇਨਸਾਨ ਬਣਾਇਆ। ਉਨ੍ਹਾਂ ਬਿਨਾਂ ਦਾਜ ਅਤੇ ਕਿਸੇ ਧਾਰਮਿਕ ਰਸਮ ਤੋਂ ਬਗ਼ੈਰ, ਬਿਨਾਂ ਬਾਰਾਤ ਬਠਿੰਡਾ ਜ਼ਿਲ੍ਹਾ ਦੇ ਪਿੰਡ ਕਾਹਨ ਸਿੰਘ ਵਾਲਾ ਦੀ ਹੋਣਹਾਰ ਧੀ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ। ਗੁਰਪ੍ਰੀਤ ਗੁਰਸ਼ਰਨ ਸਿੰਘ ਭਾਅ ਜੀ ਦੇ ਨਾਟਕਾਂ ’ਚ ਅਦਾਕਾਰੀ ਕਰਦੇ ਸਨ । ਭੰਗੂ ਦਾ ਸਿੱਖਿਆ ਦੇ ਖੇਤਰ ਵੱਲ ਮੋੜਾ 1990-91 ਵਿੱਚ ਮੈਡਮ ਰਮਾ ਰਤਨ ਦੀ ਅਗਵਾਈ ’ਚ ਕੱਢਿਆ ਗਿਆ ਬਾਲ ਕਾਫ਼ਲਾ ਬਣਿਆ। ਉਨ੍ਹਾਂ ਸੈਂਕੜੇ ਸਕੂਲੀ ਬੱਚਿਆਂ ਦੇ ਵਿਚਾਰਾਂ ਉੱਤੇ ਆਧਾਰਤ ਇਕ ਪੁਸਤਕ ‘ਸਾਡੀ ਵੀ ਸੁਣੋ’ ਪ੍ਰਕਾਸ਼ਤ ਕੀਤੀ। ਸਵਰਨ ਦੇ ਮਨ ’ਚ ਗਰੀਬ ਪਰ ਹੁਸ਼ਿਆਰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਉੱਚਾ ਚੁੱਕਣ ਲਈ ਇਕ ਮਿਸ਼ਨਰੀ ਪੱਧਰ ਦਾ ਸਕੂਲ ਖੋਲ੍ਹਣ ਦਾ ਫ਼ੁਰਨਾ ਫੁਰਿਆ ਜੋ ਮਈ 1997 ਵਿੱਚ ਚਮਕੌਰ ਸਾਹਿਬ ਨੇੜੇ ਨਹਿਰੀ ਵਿਭਾਗ ਦੇ ਇੱਕ ਬੰਦ ਪਏ ਰੈਸਟ ਹਾਊਸ ਵਿੱਚ ਸਵਰਨ ਭੰਗੂ ਦੇ ਚੇਤਨਾ ਕਲਾ ਮੰਚ ਵੱਲੋਂ ਗਿਣਤੀ ਦੇ ਕੁਝ ਬੱਚਿਆਂ ਨੂੰ ਲੈ ਕੇ ਖੋਲ੍ਹੇ ਸਕੂਲ ਨਾਲ ਪੂਰਾ ਹੋਇਆ। ਉਨ੍ਹਾਂ ਦੀ ਰਹਿਨੁਮਾਈ ਹੇਠ ਇਸ ਸਮੇਂ ਦੋ ਸਿੱਖਿਆ ਸੰਸਥਾਵਾਂ ‘ਗੁਰਦੇਵ ਸਿੰਘ ਕੰਗ ਮੈਮੋਰੀਅਲ ਸਿੱਖਿਆ ਸੰਸਥਾ’ ਅਤੇ ‘ਡਰੀਮਲੈਂਡ ਪਬਲਿਕ ਸਕੂਲ’ ਚੱਲ ਰਹੀਆਂ ਹਨ। ਪਿਛਲੇ ਮਹੀਨੇ ਹੀ ਉਨ੍ਹਾਂ ਉੱਘੀ ਪਰਬਤਾ-ਰੋਹੀ ਸੁੱਖੀ ਬਲ ਅਤੇ ਆਈ.ਐੱਸ. ਵਿੱਚ ਚੁਣੀਆਂ ਗਈਆਂ ਦੋ ਧੀਆਂ ਨੂੰ ਬੁਲਾ ਕੇ ਮਾਣ-ਸਨਮਾਣ ਵੀ ਕੀਤਾ ਤੇ ਬੱਚਿਆਂ ਦੇ ਰੂਬਰੂ ਵੀ ਕਰਵਾਇਆ। ਸਿੱਖਿਆ ਦਾਨੀ ਦੇ ਨਾਲ ਨਾਲ ਸਵਰਨ ਭੰਗੂ ਉੱਘੇ ਸਮਾਜ ਸੇਵੀ ਵੀ ਸਨ। ਉਹ ਚੇਤਨਾ ਕਲਾ ਮੰਚ ਤੋਂ ਇਲਾਵਾ ਆਦਰਸ਼ ਭਵਨ ਅਤੇ ਸਹਾਰਾ ਸੇਵਾ ਸੁਸਾਇਟੀ ਦੇ ਵੀ ਰੂਹੇ-ਰਵਾ ਸਨ। ਚਮਕੌਰ ਸਾਹਿਬ ਤੋਂ ਪੀ.ਜੀ.ਆਈ. ਲਈ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਮੁਫ਼ਤ ਬੱਸ ਸੇਵਾ ਦੇ ਨੇਕ ਕਾਰਜ ਪਿੱਛੇ ਵੀ ਭੰਗੂ ਜੀ ਦੀ ਦੂਰਅੰਦੇਸ਼ੀ ਵਾਲੀ ਸੋਚ ਹੀ ਸੀ। ਉਹ ਹਰ ਸਾਲ ਪੀ.ਜੀ.ਆਈ. ਦੇ ਖ਼ੂਨਦਾਨ ਯੂਨਿਟ ਨੂੰ ਬੁਲਾ ਕੇ ਆਪ ਖ਼ੂਨਦਾਨ ਕਰਨ ਦੇ ਨਾਲ ਨਾਲ ਖ਼ੂਨਦਾਨ ਕਰਵਾਉਣ ਦਾ ਅਹਿਮ ਕਾਰਜ ਵੀ ਕਰਦੇ ਸਨ। ਸਾਲ 2010 ਵਿੱਚ ਉਨ੍ਹਾਂ ਆਪਣਾ ਸਰੀਰ ਵੀ ਖੋਜ ਕਾਰਜਾਂ ਲਈ ਪੀ.ਜੀ.ਆਈ. ਨੂੰ ਦੇਣ ਦਾ ਅਹਿਮ ਫ਼ੈਸਲਾ ਲੈ ਕੇ ਫ਼ਾਰਮ ਭਰਿਆ ਸੀ। ਉਨ੍ਹਾਂ ਆਦਰਸ਼ ਭਵਨ ਵਿੱਚ ਸੈਂਕੜੇ ਕੁੜੀਆਂ ਨੂੰ ਸਿਲਾਈ ਕਢਾਈ ਦੀ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਇਆ। ਜਨਤਕ ਇਕੱਠ ਜਾਂ ਸੰਘਰਸ਼ ਭਾਵੇਂ ਕਿਸਾਨਾਂ ਦਾ ਹੋਵੇ, ਜਾਂ ਮੁਲਾਜ਼ਮਾਂ-ਬੇਰੁਜ਼ਗਾਰਾਂ ਦਾ ਹੋਵੇ, ਤਰਕਸ਼ੀਲਾਂ ਦਾ ਹੋਵੇ ਜਾਂ ਜਮਹੂਰੀ ਅਧਿਕਾਰ ਸਭਾ ਦਾ, ਮੇਲਾ ਗਦਰੀ ਬਾਬਿਆਂ ਦਾ ਹੋਵੇ ਜਾਂ ਕਿਤਾਬਾਂ ਦਾ, ਚਰਚਾ ਜਾਂ ਸੈਮੀਨਾਰ ਲੋਕ ਪੱਖੀ ਮੁੱਦਿਆਂ ’ਤੇ ਹੋਵੇ ਜਾਂ ਕਿਸੇ ਲੋਕਪੱਖੀ ਆਗੂ ਜਾਂ ਕਾਰਕੁਨ ਦਾ ਸ਼ਰਧਾਂਜਲੀ ਸਮਾਗਮ ਹੋਵੇ, ਸਵਰਨ ਭੰਗੂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਨ੍ਹਾਂ ਵਿੱਚ ਹਾਜ਼ਰ ਹੁੰਦੇ ਸਨ। ਉਹ ਟਿਕ ਕੇ ਘਰ ਬੈਠਣ ਵਾਲੇ ਇਨਸਾਨ ਨਹੀਂ ਸਨ। ਹਰ ਵੇਲੇ ਕੁਝ ਨਾ ਕੁਝ ਲੋਕ ਪੱਖੀ ਕਾਰਜ ਕਰਨਾ, ਸੋਚਣਾ ਜਾਂ ਵਿਉਂਤਣਾ ਤੇ ਸਾਦਾ ਜੀਵਨ, ਉੱਚੀ ਸੋਚ ਉਨ੍ਹਾਂ ਦੀ ਜੀਵਨ ਸ਼ੈਲੀ ਸੀ। ਉਨ੍ਹਾਂ ਨਿੱਜ ਨੂੰ ਤਿਆਗ ਕੇ ਲੋਕ ਸੇਵਾ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਸੀ। ਉਹ ਰੋਸ਼ਨੀ ਵੰਡਣ ਵਾਲੇ ਜਾਗਰੂਕ ਇਨਸਾਨ ਸਨ। ਸਵਰਨ ਭੰਗੂ ਭਾਵੇਂ ਹੁਣ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦਾ ਵਿਅਕਤੀਤਵ ਆਦਰਸ਼ ਅਤੇ ਵਿਚਾਰ ਹਮੇਸ਼ਾ ਮਾਰਗ-ਦਰਸ਼ਕ ਰਹਿਣਗੇ।