ਸਿੱਖ ਰਾਜ ਦੀ ਸਰਕਾਰ ਦੀ ਰਚਨਾ ਵੀ ਧਾਰਮਿਕ ਵਿਭਿੰਨਤਾ ਨੂੰ ਦਰਸਾਉਂਦੀ ਸੀ। ਜਦ ਕਦੇ ਤੁਸੀਂ ਬਠਿੰਡਾ ਸ਼ਹਿਰ ਆਓ ਤਾਂ ਬਾਦਲ ਰੋਡ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਇਕ ਸ਼ਾਨਦਾਰ ਆਰਕੀਟੈਕਚਰ ਬਣਿਆ ਹੋਇਆ ਹੈ।

ਸਿੱਖ ਰਾਜ ਦੇ ਪਹਿਲੇ ਮਹਾਰਾਜੇ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ, ਸਰਕਾਰ-ਏ-ਵੱਲਾ, ਸਰਕਾਰ ਖ਼ਾਲਸਾ ਜੀ, ਪੰਜ ਦਰਿਆਵਾਂ ਦਾ ਮਹਾਰਾਜਾ, ਸਿੰਘ ਸਾਹਿਬ ਵੀ ਕਿਹਾ ਜਾਂਦਾ ਸੀ। ਉਨ੍ਹਾਂ ਦੀ ਫ਼ੌਜ ਦੇ ਸਿਪਾਹੀ ਅਤੇ ਅਫ਼ਸਰ ਸਿੱਖਾਂ ਦੇ ਨਾਲ-ਨਾਲ ਹਿੰਦੂ, ਮੁਸਲਮਾਨ ਤੇ ਯੂਰਪੀ ਵੀ ਸਨ।
ਸਿੱਖ ਰਾਜ ਦੀ ਸਰਕਾਰ ਦੀ ਰਚਨਾ ਵੀ ਧਾਰਮਿਕ ਵਿਭਿੰਨਤਾ ਨੂੰ ਦਰਸਾਉਂਦੀ ਸੀ। ਜਦ ਕਦੇ ਤੁਸੀਂ ਬਠਿੰਡਾ ਸ਼ਹਿਰ ਆਓ ਤਾਂ ਬਾਦਲ ਰੋਡ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਇਕ ਸ਼ਾਨਦਾਰ ਆਰਕੀਟੈਕਚਰ ਬਣਿਆ ਹੋਇਆ ਹੈ। ਇਹ ਇੰਡੋ-ਸਿੱਖ ਸਟਾਈਲ ਦਾ ਹੈ। ਜਦ 2015 ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਆਦਾਰੇ ਦਾ ਨਾਮ ਸ਼ੇਰ-ਏ-ਪੰਜਾਬ ਦੇ ਨਾਮ ’ਤੇ ਰੱਖਿਆ ਜਾਣਾ ਹੈ ਤਾਂ ਨਾਲ ਹੀ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਆਦਾਰੇ ਦਾ ਆਰਕੀਟੈਕਚਰ ਵੀ ਸਿੱਖ ਰਾਜ ਸਮੇਂ ਦੇ ਇੰਡੋ-ਸਿੱਖ ਆਰਕੀਟੈਕਚਰ ਦੀ ਤਰਜ਼ ’ਤੇ ਹੋਣਾ ਚਾਹੀਦਾ ਹੈ।
ਬਠਿੰਡਾ ਤੋਂ ਚੰਡੀਗੜ੍ਹ ਜਾਂਦਿਆਂ ਸੰਗਰੂਰ ਨੇੜੇ ਬਡਰੁੱਖਾਂ ਪਿੰਡ ਆਉਂਦਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। ਇੱਥੇ ਵੀ ਉਨ੍ਹਾਂ ਦਾ ਇਕ ਸ਼ਾਨਦਾਰ ਬੁੱਤ ਲੱਗਾ ਹੋਇਆ ਹੈ। ਜਦ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਹੈਰੀਟੇਜ ਸਟਰੀਟ ਰਾਹੀਂ ਜਾਂਦੇ ਹਾਂ ਤਾਂ ਰਾਹ ਵਿਚ ਘੋੜੇ ’ਤੇ ਬੈਠੇ ਸ਼ੇਰ-ਏ-ਪੰਜਾਬ ਦਾ ਬੁੱਤ ਦਿਖਾਈ ਦਿੰਦਾ ਹੈ। ਸੰਨ 2016 ਵਿਚ ਫਰਾਂਸ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਇਕ ਕਾਂਸੀ ਦੀ ਮੂਰਤੀ ਸਥਾਪਤ ਕੀਤੀ ਗਈ ਸੀ ਅਤੇ ਐਲਾਰਡ ਸਕੁਏਅਰ, ਸੇਂਟ ਟ੍ਰੋਪੇਜ ਵਿਚ ਇਸ ਦਾ ਉਦਘਾਟਨ ਕੀਤਾ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਫਰਾਂਸ ਦੇ ਲੋਕਾਂ ਨੂੰ ਇਹ ਮੂਰਤੀ ਭੇਟ ਕੀਤੀ ਗਈ ਸੀ। ਜਨਰਲ ਐਲਾਰਡ ਦਾ ਜਨਮ ਸੇਂਟ ਟਰੋਪੇਜ ਵਿਚ ਹੋਇਆ ਸੀ ਤੇ ਉਸ ਨੂੰ ਲਾਹੌਰ ’ਚ ਦਫਨਾਇਆ ਗਿਆ ਸੀ। ਉਹ ਜਨਰਲ ਵੈਨਟੂਰਾ (ਇਕ ਇਤਾਲਵੀ) ਦੇ ਨਾਲ ਪਹਿਲਾ ਫਰਾਂਸੀਸੀ ਅਫ਼ਸਰ ਸੀ ਜੋ 1822 ਵਿਚ ਲਾਹੌਰ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਕੋਲ ਨੌਕਰੀ ਕੀਤੀ ਅਤੇ ਸਿੱਖ ਫ਼ੌਜ ਨੂੰ ਯੂਰਪੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਸਿਖਲਾਈ ਦਿੱਤੀ।
ਉਨ੍ਹਾਂ ਨੇ ਸਿੱਖ ਫ਼ੌਜ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਇਆ। ਸਤਾਈ ਜੂਨ 2019 ਨੂੰ ਇਤਿਹਾਸਕ ਲਾਹੌਰ ਕਿਲ੍ਹੇ ਵਿਚ ਲਗਪਗ ਚਾਰ ਦਹਾਕਿਆਂ ਤੱਕ ਪੰਜਾਬ ’ਤੇ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਦੇ ਸਿਲਸਿਲੇ ’ਚ ਇਸ ਵਿਸ਼ਾਲ ਯਾਦਗਾਰ ਦਾ ਉਦਘਾਟਨ ਕੀਤਾ ਗਿਆ। ਇਹ ਯਾਦਗਾਰ ਲਾਹੌਰ ਕਿਲ੍ਹੇ ਵਿਚ ਮਾਈ ਜਿੰਦਾਂ ਹਵੇਲੀ ਦੇ ਸਾਹਮਣੇ ਉਸ ਇਮਾਰਤ ਦੇ ਨੇੜੇ ਸਥਾਪਤ ਕੀਤੀ ਗਈ ਹੈ ਜਿਸ ਵਿਚ ਮਹਾਰਾਜੇ ਦੀ ਸਮਾਧ ਅਤੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਡੇਰਾ ਸਾਹਿਬ, ਦੋਵੇਂ ਸਥਿਤ ਹਨ।
ਇਹ ਯਾਦਗਾਰਾਂ ਸਾਨੂੰ ਸਾਡੇ ਵਿਰਸੇ ਅਤੇ ਸਿੱਖ ਰਾਜ ਦੇ ਇਤਿਹਾਸ ਨਾਲ ਜੋੜਨ ’ਚ ਕਾਰਗਰ ਸਾਬਿਤ ਹੁੰਦੀਆਂ ਰਹਿਣਗੀਆਂ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਕੌਮ ਦੇ ਪ੍ਰਚਾਰ ਅਤੇ ਪ੍ਰਸਾਰ ’ਚ ਕੋਈ ਕਮੀ ਨਹੀਂ ਆਉਣ ਦਿੱਤੀ। ਗੁਰੂਆਂ ਪ੍ਰਤੀ ਉਨ੍ਹਾਂ ਦੀ ਇੰਨੀ ਵਚਨਬੱਧਤਾ ਸੀ ਕਿ 1802 ਵਿਚ ਭੰਗੀ ਮਿਸਲ ਦੇ ਮੁਖੀਆਂ ਤੋਂ ਅੰਮ੍ਰਿਤਸਰ ਦਾ ਰਾਜ ਖੋਹਣ ਤੋਂ ਬਾਅਦ ਹਰਿਮੰਦਰ ਸਾਹਿਬ ਵਿਖੇ ਪਹੁੰਚੇ, ਨਾ ਕਿ ਇਕ ਜੇਤੂ ਫ਼ੌਜੀ ਨੇਤਾ ਜਾਂ ਰਾਜੇ ਵਜੋਂ।
ਮਹਾਰਾਜਾ ਰਣਜੀਤ ਸਿੰਘ ਹਰ ਜੰਗ ਨੂੰ ਫਤਿਹ ਕਰਨ ਤੋਂ ਬਾਅਦ ਇਕ ਨਿਮਾਣੇ ਸਿੱਖ ਸ਼ਰਧਾਲੂ ਵਾਂਗ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੇ। ਇਹ ਪਵਿੱਤਰ ਸ਼ਬਦ ਦਰਬਾਰ ਸਾਹਿਬ ਵਿਖੇ ਮੁੱਖ ਦੁਆਰ ’ਤੇ ਸੋਨੇ ਦੇ ਅੱਖਰਾਂ ’ਚ ਲਿਖੇ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ ਵਿਖੇ ਹੋਇਆ ਸੀ। ਉਨ੍ਹਾਂ ਨੇ ਅਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਆਪਣੇ ਸ਼ੁੁਰੂਆਤੀ ਸਾਲ ਵੀ ਇੱਥੇ ਬਿਤਾਏ ਸਨ।
ਤਖਤ ਸ੍ਰੀ ਪਟਨਾ ਸਾਹਿਬ ਦੀ ਉਸਾਰੀ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੁਆਰਾ 19ਵੀਂ ਸਦੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਨੂੰ ਚਿੰਨਿ੍ਹਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਮਹਾਰਾਜੇ ਨੇ ਨਾਂਦੇੜ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਖ਼ਰੀ ਸਾਹ ਲਿਆ ਸੀ, ਉੱਥੇ ਵੀ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਸੀ। ਇਸ ਨੂੰ ਪੂਰਾ ਹੋਣ ਵਿਚ 5 ਸਾਲ ਲੱਗੇ (1832-1837)। ਇਹ ਪਵਿੱਤਰ ਅਸਥਾਨ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇਕ ਹੈ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਨਾਂਦੇੜ ਸਾਹਿਬ।
ਸਿੱਖ ਸ਼ਾਸਕ ਹੋਣ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਹਰ ਧਰਮ ਦਾ ਸਨਮਾਨ ਕਰਦੇ ਸਨ। ਇਸੇ ਤਰ੍ਹਾ ਉਨ੍ਹਾਂ ਨੇ ਵੱਖ-ਵੱਖ ਹਿੰਦੂ ਤੇ ਮੁਸਲਿਮ ਧਾਰਮਿਕ ਅਸਥਾਨਾਂ ਦੇ ਨਿਰਮਾਣ ਵਿਚ ਵੀ ਆਪਣਾ ਯੋਗਦਾਨ ਪਾਇਆ। ਦੁਨੀਆ ਵਿਚ ਵੱਖ-ਵੱਖ ਸ਼ਾਸਕਾਂ ਨੇ ਰਾਜ ਕੀਤਾ ਪਰ ਸਰਕਾਰ ਖ਼ਾਲਸਾ ਜੀ ਦਾ ਰਾਜ ਸਭ ਤੋਂ ਵਿਲੱਖਣ ਸੀ।
-ਹਰਜੋਤ ਸਿੰਘ ਸਿੱਧੂ
(ਡਾਇਰੈਕਟਰ,ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ)।
-ਮੋਬਾਈਲ : 98548-00075