ਅਦੁੱਤੀ ਪ੍ਰਤਿਭਾ ਦੇ ਧਨੀ ਇਸ ਕਵੀ, ਕਹਾਣੀਕਾਰ, ਨਾਟਕਕਾਰ, ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਅਤੇ ਸਮਾਜ ਸੁਧਾਰਕ ਦਾ ਜਨਮ ਇਕ ਖ਼ੁਸ਼ਹਾਲ ਪਰਿਵਾਰ ਵਿਚ 7 ਮਈ 1861 ਈਸਵੀ ਨੂੰ ਕਲਕੱਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿਚ ਹੋਇਆ ਸੀ।

.jpg)
ਪ੍ਰੋ. ਨਵ ਸੰਗੀਤ ਸਿੰਘ
'ਗੁਰੂਦੇਵ' ਵਜੋਂ ਜਾਣੇ ਜਾਂਦੇ ਰਾਬਿੰਦਰਨਾਥ ਟੈਗੋਰ ਵਿਸ਼ਵ ਪ੍ਰਸਿੱਧ ਵਿਅਕਤੀ ਸਨ। ਉਨ੍ਹਾਂ ਦਾ ਨਾਂ ਸਾਹਿਤ ਅਤੇ ਕਲਾ ਜਗਤ ਦੀਆਂ ਮਹਾਨ ਸ਼ਖ਼ਸੀਅਤਾਂ 'ਚ ਸ਼ੁਮਾਰ ਹੁੰਦਾ ਹੈ। ਅਦੁੱਤੀ ਪ੍ਰਤਿਭਾ ਦੇ ਧਨੀ ਇਸ ਕਵੀ, ਕਹਾਣੀਕਾਰ, ਨਾਟਕਕਾਰ, ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਅਤੇ ਸਮਾਜ ਸੁਧਾਰਕ ਦਾ ਜਨਮ ਇਕ ਖ਼ੁਸ਼ਹਾਲ ਪਰਿਵਾਰ ਵਿਚ 7 ਮਈ 1861 ਈਸਵੀ ਨੂੰ ਕਲਕੱਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਹਾਰਿਸ਼ੀ ਦੇਵੇਂਦਰ ਨਾਥ ਠਾਕੁਰ ਬ੍ਰਹਮੋ ਸਮਾਜ ਲਹਿਰ ਦੇ ਮੁਖੀ ਸਨ ਅਤੇ ਮਾਤਾ ਸ਼ਾਰਦਾ ਦੇਵੀ ਚੰਗੇ ਵਿਚਾਰਾਂ ਵਾਲੀ ਔਰਤ ਸੀ। ਉਨ੍ਹਾਂ ਸਕੂਲੀ ਵਿੱਦਿਆ ਸੇਂਟ ਜ਼ੇਵੀਅਰ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਪਿਤਾ ਦੀ ਇੱਛਾ ਸੀ ਕਿ ਉਹ ਬੈਰਿਸਟਰ ਬਣਨ। ਇਸ ਲਈ ਉਨ੍ਹਾਂ ਨੂੰ 1878 ਵਿਚ ਕਾਨੂੰਨ ਦੀ ਪੜ੍ਹਾਈ ਲਈ ਇੰਗਲੈਂਡ ਭੇਜਿਆ ਗਿਆ ਪਰ ਉਹ ਪੜ੍ਹਾਈ ਅਧੂਰੀ ਛੱਡ ਕੇ 1880 ਵਿਚ ਭਾਰਤ ਪਰਤ ਆਏ ਕਿਉਂਕਿ ਕਾਨੂੰਨ ਦੀ ਪੜ੍ਹਾਈ 'ਚ ਉਨ੍ਹਾਂ ਦੀ ਜ਼ਰਾ ਵੀ ਦਿਲਚਸਪੀ ਨਹੀਂ ਸੀ ਅਤੇ ਉਹ ਸਾਹਿਤ ਵਿਚ ਰੁਚੀ ਰੱਖਦੇ ਸਨ।
ਬੰਗਾਲੀ ਮਾਪਿਆਂ ਦੇ ਚੌਦਾਂ ਬੱਚਿਆਂ 'ਚੋਂ ਤੇਰ੍ਹਵੀਂ ਸੰਤਾਨ ਟੈਗੋਰ ਨੇ ਆਪਣੀ ਪਹਿਲੀ ਕਵਿਤਾ ਅੱਠ ਸਾਲ ਦੀ ਉਮਰ ਵਿਚ ਹੀ ਲਿਖ ਲਈ ਸੀ ਅਤੇ ਸਿਰਫ਼ 16 ਵਰ੍ਹਿਆਂ ਦੀ ਉਮਰ ਵਿਚ 1877 ਵਿਚ ਉਨ੍ਹਾਂ ਦੀ ਕਹਾਣੀ ਪ੍ਰਕਾਸ਼ਿਤ ਹੋ ਗਈ ਸੀ। ਛੋਟੀ ਉਮਰ ਵਿਚ ਹੀ ਮਾਤਾ ਦਾ ਦੇਹਾਂਤ ਹੋਣ ਕਾਰਨ ਟੈਗੋਰ ਦਾ ਪਾਲਣ-ਪੋਸ਼ਣ ਨੌਕਰਾਂ ਨੇ ਕੀਤਾ। ਉਹ ਬਚਪਨ ਤੋਂ ਹੀ ਛੰਦ, ਭਾਸ਼ਾ ਅਤੇ ਕਵਿਤਾ ਵਿਚ ਰੁਚੀ ਲੈਣ ਲੱਗ ਪਏ ਸਨ। ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ 'ਮਾਨੁ ਸਿੰਹੋ' ਸਿਰਲੇਖ ਹੇਠ ਛਪਿਆ ਜਿਸ ਦਾ ਅਰਥ ਹੈ 'ਸੂਰਜ ਦਾ ਸ਼ੇਰ'।
9 ਦਸੰਬਰ 1883 ਨੂੰ ਉਨ੍ਹਾਂ ਦੀ ਸ਼ਾਦੀ ਮ੍ਰਿਣਾਲਿਨੀ ਦੇਵੀ ਨਾਲ ਹੋ ਗਈ। ਉਨ੍ਹਾਂ ਦੇ ਪੰਜ ਬੱਚੇ ਹੋਏ ਜਿਨ੍ਹਾਂ 'ਚੋਂ ਦੋ ਬੱਚਿਆਂ ਦੀ ਬਚਪਨ ਵਿਚ ਹੀ ਮੌਤ ਹੋ ਗਈ ਸੀ। ਸੰਨ 1902 ਤੋਂ 1907 ਦਾ ਸਮਾਂ ਟੈਗੋਰ ਲਈ ਬੜਾ ਦੁਖਦਾਈ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਪੀੜਾ ਦਾ ਪ੍ਰਭਾਵ ਉਨ੍ਹਾਂ ਦੀਆਂ ਇਸ ਸਮੇਂ ਤੋਂ ਬਾਅਦ ਦੀਆਂ ਰਚਨਾਵਾਂ 'ਤੇ ਸਪੱਸ਼ਟ ਵੇਖਿਆ ਜਾ ਸਕਦਾ ਹੈ।
ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ- ਨਾਲ ਟੈਗੋਰ ਆਪਣੀ ਕਲਾ ਤੇ ਸਾਹਿਤ-ਸਾਧਨਾ ਵੀ ਮਨ ਲਾ ਕੇ ਕਰਦੇ ਸਨ। ਬੰਗਾਲੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਜਾਣਕਾਰ ਗੁਰੂਦੇਵ ਟੈਗੋਰ ਨੇ 1912 ਤੋਂ ਬਾਅਦ ਕਾਫ਼ੀ ਸਮਾਂ ਯੂਰਪ ਵਿਚ ਬਿਤਾਇਆ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਸਾਰੀਆਂ ਪ੍ਰਾਪਤੀਆਂ ਕਲਕੱਤਾ ਅਤੇ ਆਸਪਾਸ ਤਕ ਹੀ ਸੀਮਤ ਸਨ। ਇਕਵੰਜਾ ਸਾਲ ਦੀ ਉਮਰ ਵਿਚ ਉਹ ਆਪਣੇ ਬੇਟੇ ਨਾਲ ਇੰਗਲੈਂਡ ਜਾ ਰਹੇ ਸਨ। ਸਮੁੰਦਰੀ ਰਸਤੇ ਰਾਹੀਂ ਇੰਗਲੈਂਡ ਜਾਂਦਿਆਂ ਉਨ੍ਹਾਂ ਨੇ ਆਪਣੀ ਪ੍ਰਸਿੱਧ ਪੁਸਤਕ 'ਗੀਤਾਂਜਲੀ' ਦਾ ਅੰਗਰੇਜ਼ੀ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਬੰਗਾਲੀ ਵਿਚ ਉਹ ਪਹਿਲਾਂ ਹੀ ਲਿਖ ਚੁੱਕੇ ਸਨ।
ਭਾਰਤੀ ਸੰਸਕ੍ਰਿਤੀ ਵਿਚ ਨਵੀਂ ਜਾਨ ਪਾਉਣ ਵਾਲੇ ਯੁੱਗ ਪਲਟਾਊ ਟੈਗੋਰ ਦੇ ਸਿਰਜਣ-ਸੰਸਾਰ ਵਿਚ 'ਗੀਤਾਂਜਲੀ', 'ਪੂਰਬੀ ਪ੍ਰਵਾਹਿਨ', 'ਸ਼ਿਸ਼ੂ ਭੋਲਾਨਾਥ', 'ਮਹੂਆ', 'ਵਨਵਾਣੀ' , 'ਪਰਿਸ਼ੇਸ਼', 'ਪੁਨਸ਼ਚ' ਸਮੇਤ ਅਨੇਕਾਂ ਪੁਸਤਕਾਂ ਸ਼ਾਮਲ ਹਨ। ਉਨ੍ਹਾਂ ਨੇ ਆਪਣੀਆਂ ਕੁਝ ਕਿਤਾਬਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ। ਇਉਂ ਅੰਗਰੇਜ਼ੀ ਅਨੁਵਾਦ ਪਿੱਛੋਂ ਉਨ੍ਹਾਂ ਦੀ ਪ੍ਰਸਿੱਧੀ ਪੂਰੇ ਸੰਸਾਰ 'ਚ ਫੈਲ ਗਈ।
13 ਨਵੰਬਰ 1913 ਨੂੰ 53 ਸਾਲ ਦੀ ਉਮਰ ਵਿਚ ਟੈਗੋਰ ਨੂੰ 'ਗੀਤਾਂਜਲੀ' ਲਈ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੂਰੇ ਏਸ਼ੀਆ ਮਹਾਦੀਪ ਲਈ ਇਹ ਬੜੇ ਫ਼ਖ਼ਰ ਦੀ ਗੱਲ ਸੀ ਅਤੇ ਅੱਜ ਤਕ ਕਿਸੇ ਵੀ ਹੋਰ ਸਾਹਿਤਕਾਰ ਨੂੰ ਇਸ ਖਿੱਤੇ 'ਚੋਂ ਇਹ ਪੁਰਸਕਾਰ ਹਾਸਲ ਨਹੀਂ ਹੋਇਆ।
ਟੈਗੋਰ ਨੂੰ ਕੁਦਰਤ ਨਾਲ ਪ੍ਰੇਮ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਵਿਦਿਆਰਥੀਆਂ ਨੂੰ ਕੁਦਰਤ ਦੀ ਗੋਦ 'ਚ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ 22 ਦਸੰਬਰ 1901 ਵਿਚ ਪੰਜ ਵਿਦਿਆਰਥੀਆਂ ਨਾਲ ਇਕ ਸਕੂਲ (ਬ੍ਰਹਮਚਰਯ ਆਸ਼ਰਮ) ਸ਼ੁਰੂ ਕੀਤਾ। ਪੰਜ ਵਿਦਿਆਰਥੀਆਂ ਵਿਚ ਉਨ੍ਹਾਂ ਦਾ ਬੇਟਾ ਰਤਿੰਦਰਨਾਥ ਟੈਗੋਰ ਵੀ ਸੀ। ਇਸੇ ਨੂੰ ਫਿਰ 'ਸ਼ਾਂਤੀ ਨਿਕੇਤਨ' ਕਿਹਾ ਜਾਣ ਲੱਗ ਪਿਆ। ਇਹ ਕਲਕੱਤਾ ਤੋਂ ਲਗਪਗ 180 ਕਿਲੋਮੀਟਰ ਉੱਤਰ ਵੱਲ ਸਥਿਤ ਹੈ ਅਤੇ ਪੱਛਮੀ ਬੰਗਾਲ ਵਿਚ ਬੀਰਭੂਮ ਜ਼ਿਲ੍ਹੇ ਨੇੜੇ ਛੋਟਾ ਜਿਹਾ ਸ਼ਹਿਰ ਹੈ। ਸੰਨ 1921 'ਚ 'ਸ਼ਾਂਤੀ ਨਿਕੇਤਨ' ਨੂੰ 'ਵਿਸ਼ਵ ਭਾਰਤੀ ਯੂਨੀਵਰਸਿਟੀ' ਦੇ ਨਾਂ ਹੇਠ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਮਿਲਿਆ ਜਿੱਥੇ ਹੁਣ ਲਗਪਗ 6000 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਟੈਗੋਰ ਨੇ 83 ਕਹਾਣੀਆਂ ਦਾ ਸੰਗ੍ਰਹਿ 'ਗੋਲਪਾਗੁਚਾ' ਤਿਆਰ ਕੀਤਾ, ਜੋ ਤਿੰਨ ਭਾਗਾਂ ਵਿੱਚ ਪ੍ਰਕਾਸ਼ਿਤ ਹੋਇਆ।
ਉਨ੍ਹਾਂ ਦੇ ਨਾਵਲਾਂ ਵਿਚ 'ਗੋਰਾ (1910)', 'ਘਾਰੇ ਬਾਇਰੇ (1916)', 'ਯੋਗਾਯੋਗ (1929)' ਦੇ ਨਾਂ ਕਾਫ਼ੀ ਮਹੱਤਵਪੂਰਨ ਹਨ। ਉਨ੍ਹਾਂ ਦੀਆਂ ਬਣਾਈਆਂ ਡਰਾਇੰਗ ਅਤੇ ਪੇਂਟਿੰਗਜ਼ ਵੀ ਕਾਫ਼ੀ ਚਰਚਿਤ ਹਨ। ਉਨ੍ਹਾਂ ਦੀਆਂ ਦੋ ਸਵੈ-ਜੀਵਨੀਆਂ ਵੀ ਹਨ। ਉਨ੍ਹਾਂ ਨੇ ਦੂਜੀ ਸਵੈ-ਜੀਵਨੀ ਤਾਂ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਲਿਖੀ ਸੀ। ਟੈਗੋਰ ਨੇ ਤਿੰਨ ਵਾਰ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਨਾਲ ਮੁਲਾਕਾਤ ਕੀਤੀ ਜੋ ਉਨ੍ਹਾਂ ਨੂੰ 'ਰਬੀ ਟੈਗੋਰ' ਕਹਿ ਕੇ ਬੁਲਾਉਂਦਾ ਸੀ। ਟੈਗੋਰ ਦੁਨੀਆ ਦਾ ਇਕਲੌਤਾ ਅਜਿਹਾ ਕਵੀ ਹੈ ਜਿਸ ਦੇ ਗੀਤ ਦੋ ਦੇਸ਼ਾਂ ਦੇ ਰਾਸ਼ਟਰੀ ਗੀਤ ਵਜੋਂ ਪ੍ਰਸਿੱਧ ਹਨ। ਇਨ੍ਹਾਂ 'ਚੋਂ ਇਕ ਹੈ ਭਾਰਤ, ਜਿਸ ਦਾ ਰਾਸ਼ਟਰੀ ਗੀਤ ਹੈ 'ਜਨ ਗਨ ਮਨ...' ਅਤੇ ਦੂਜਾ ਹੈ ਬੰਗਲਾਦੇਸ਼ ਜਿਸ ਦਾ ਰਾਸ਼ਟਰੀ ਗੀਤ ਹੈ- 'ਆਮਾਰ ਸੋਨਾਰ ਬਾਂਗਲਾ...।' ਟੈਗੋਰ ਦਾ ਇਹ ਰਾਸ਼ਟਰੀ ਗੀਤ 'ਜਨ ਗਨ ਮਨ...' ਪਹਿਲੀ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਲਕੱਤਾ ਇਜਲਾਸ ਵਿਚ 27 ਦਸੰਬਰ 1911 ਨੂੰ ਗਾਇਆ ਗਿਆ।ਸੀ। ਸੰਵਿਧਾਨ ਅਸੈਂਬਲੀ ਨੇ ਇਸ ਨੂੰ ਰਾਸ਼ਟਰੀ ਗਾਨ ਵਜੋਂ 24 ਜਨਵਰੀ 1950 ਨੂੰ ਅਪਣਾਇਆ।
ਰਬਿੰਦਰਨਾਥ ਟੈਗੋਰ ਨੂੰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਬਹੁਤ ਸਾਰੇ ਇਨਾਮ-ਸਨਮਾਨ ਪ੍ਰਾਪਤ ਹੋਏ। ਉਨ੍ਹਾਂ ਨੂੰ ਚਾਰ ਯੂਨੀਵਰਸਿਟੀਆਂ (ਕਲਕੱਤਾ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ-1935, ਢਾਕਾ ਯੂਨੀਵਰਸਿਟੀ-1936 ਅਤੇ ਆਕਸਫੋਰਡ ਯੂਨੀਵਰਸਿਟੀ-1940) ਵੱਲੋਂ ਡੀ. ਲਿਟ. ਦੀ ਆਨਰੇਰੀ ਡਿਗਰੀ, 1915 ਵਿਚ ਬਰਤਾਨੀਆ ਸਰਕਾਰ ਵੱਲੋਂ 'ਸਰ' (ਨਾਈਟਹੁੱਡ) ਦੀ ਉਪਾਧੀ ਦਿੱਤੀ ਗਈ ਜੋ ਉਨ੍ਹਾਂ ਨੇ 1919 ਵਿਚ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਪਿੱਛੋਂ ਵਾਪਸ ਕਰ ਦਿੱਤੀ ਸੀ। ਭਾਰਤ ਸਰਕਾਰ ਵੱਲੋਂ ਗੁਰੂਦੇਵ ਦੀ ਇਕ ਸੌ ਪੰਜਾਹਵੀਂ ਜੈਅੰਤੀ (2011) 'ਤੇ ਪੰਜ ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਸੀ। 'ਕਾਬੁਲੀਵਾਲਾ', 'ਮਾਸਟਰ ਸਾਹਿਬ' ਅਤੇ 'ਪੋਸਟ ਮਾਸਟਰ' ਜਿਹੀਆਂ ਯਾਦਗਾਰੀ ਕਹਾਣੀਆਂ ਦੇ ਰਚੇਤਾ ਰਾਬਿੰਦਰਨਾਥ ਟੈਗੋਰ ਦਾ 7 ਅਗਸਤ 1941 ਨੂੰ 80 ਵਰ੍ਹਿਆਂ ਦੀ ਉਮਰ ਵਿਚ ਕਲਕੱਤਾ ਵਿਖੇ ਸਵਰਗਵਾਸ ਹੋ ਗਿਆ। ਅਜਿਹੇ ਸੰਤ-ਕਵੀ, ਯੁੱਗ-ਕਵੀ, ਵਿਸ਼ਵ- ਕਵੀ ਲਈ ਕੁਝ ਵੀ ਲਿਖਣ ਜਾਂ ਦੱਸਣ ਲਈ ਹਮੇਸ਼ਾ ਸ਼ਬਦਾਂ ਦੀ ਕਮੀ ਮਹਿਸੂਸ ਹੁੰਦੀ ਹੈ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਬਲਰਾਜ ਸਾਹਨੀ ਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਮੋਹਨ ਭੰਡਾਰੀ ਨੇ ਇਕ ਕਹਾਣੀ ਹੀ ਲਿਖ ਦਿੱਤੀ-'ਮੈਨੂੰ ਟੈਗੋਰ ਬਣਾ ਦੇ ਮਾਂ।' ਅਮਰੀਕਾ, ਬਰਤਾਨੀਆ, ਜਾਪਾਨ, ਚੀਨ ਸਮੇਤ ਦਰਜਨਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਟੈਗੋਰ ਨੇ ਸਫ਼ਲ ਜੀਵਨ ਬਿਤਾਉਣ ਲਈ ਕਈ ਅਜਿਹੇ ਵਿਚਾਰ ਦਿੱਤੇ ਜਿਨ੍ਹਾਂ 'ਤੇ ਅਮਲ ਨਾਲ ਜੀਵਨ ਹੀ ਬਦਲ ਜਾਂਦਾ ਹੈ।
94176-92015