ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਲੜਦਿਆਂ ਆਪਣੀ ਪੂਰੀ ਜਵਾਨੀ ਜੇਲ੍ਹਾਂ ਅੰਦਰ ਅਥਾਹ ਤਸੀਹੇ ਝੱਲਦਿਆਂ , ਰਿਆਸਤੀ ਲੋਕਾਂ ਨੂੰ ਅੰਗਰੇਜ਼ਾਂ ਅਤੇ ਰਜਵਾੜਿਆਂ ਦੀ ਤੀਹਰੀ ਗ਼ੁਲਾਮੀ ਦੇ ਜੂਲੇ ਹੇਠੋਂ ਬਾਹਰ ਕੱਢਣ ਵਾਲੇ...


ਦਰਸ਼ਨ ਜੋਗਾ
ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਲੜਦਿਆਂ ਆਪਣੀ ਪੂਰੀ ਜਵਾਨੀ ਜੇਲ੍ਹਾਂ ਅੰਦਰ ਅਥਾਹ ਤਸੀਹੇ ਝੱਲਦਿਆਂ , ਰਿਆਸਤੀ ਲੋਕਾਂ ਨੂੰ ਅੰਗਰੇਜ਼ਾਂ ਅਤੇ ਰਜਵਾੜਿਆਂ ਦੀ ਤੀਹਰੀ ਗ਼ੁਲਾਮੀ ਦੇ ਜੂਲੇ ਹੇਠੋਂ ਬਾਹਰ ਕੱਢਣ ਵਾਲੇ, ਮੁਜ਼ਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿਵਾਉਣ ਵਾਲੇ ਮਹਾਨ ਦੇਸ਼ ਭਗਤ ਉੱਘੇ ਸੁੰਤਤਰਤਾ ਸੰਗਰਾਮੀਏ ਪਰਜਾ ਮੰਡਲ ਲਹਿਰ ਅਤੇ ਪੈਪਸੂ ਮੁਜ਼ਾਰਾ ਲਹਿਰ ਦੇ ਮੋਢੀ ਆਗੂ ਕਾਮਰੇਡ ਜੰਗੀਰ ਸਿੰਘ ਜੋਗਾ ਦੇ ਜੀਵਨ ਸੰਘਰਸ਼ਾਂ, ਸਾਦੀ ਰਹਿਣੀ-ਬਹਿਣੀ ਅਤੇ ਸਪੱਸ਼ਟਤਾ ਦੀਆਂ ਯਾਦਾਂ ਲੋਕ ਚੇਤਿਆਂ ਵਿਚ ਅੱਜ ਵੀ ਵਸੀਆਂ ਹੋਈਆਂ ਹਨ।
ਇਸ ਸੰਘਰਸ਼ੀ ਯੋਧੇ ਦਾ ਜਨਮ 1908 'ਚ ਮਾਤਾ ਨਿਹਾਲ ਕੌਰ ਦੀ ਕੁੱਖੋਂ ਉੱਤਮ ਸਿੰਘ ਦੇ ਘਰ ਮਲਾਇਆ ਦੇ ਸਹਿਰ ਸ਼ਰਾਮਣ ਵਿਖੇ ਹੋਇਆ। ਰਜਿੰਦਰਾ ਸਕੂਲ ਬਠਿੰਡਾ ਵਿਚ ਦਸਵੀਂ ਦੀ ਪ੍ਰੀਖਿਆ ਦਿੰਦਿਆਂ ਹੀ 14 ਸਾਲ ਦੀ ਉਮਰ 'ਚ ਲਾਹੌਰ ਵਿਖੇ 1922 'ਚ ਪਿਕਟਿੰਗ ਵਿਚ ਹਿੱਸਾ ਲੈ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਇਕ ਸਾਲ ਜੇਲ੍ਹ ਕੱਟੀ। ਬਾਹਰ ਆਉਂਦਿਆਂ ਹੀ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੇ ਮੋਰਚੇ ਵਿਚ ਸ਼ਾਮਲ ਹੋ ਗਏ। ਮੋਰਚੇ ਦੌਰਾਨ ਮੁਲਤਾਨ ਅਤੇ ਲਾਇਲਪੁਰ ਦੀਆਂ ਜੇਲ੍ਹਾਂ 'ਚ ਰਹੇ। 1928 ਵਿਚ ਰਿਆਸਤੀ ਪਰਜਾ ਮੰਡਲ ਲਹਿਰ ਸ਼ੁਰੂ ਹੋਈ। ਇਸ ਲਹਿਰ ਦੀ ਅਗਵਾਈ ਕਰਦਿਆਂ ਮਹਾਰਾਜਾ ਪਟਿਆਲਾ ਵਿਰੁੱਧ ਠੀਕਰੀਵਾਲਾ (ਹੁਣ ਜ਼ਿਲ੍ਹਾ ਬਰਨਾਲਾ) ਵਿਖੇ ਤਕਰੀਰ ਕਰਦਿਆਂ ਗ੍ਰਿਫ਼ਤਾਰ ਹੋਏ। ਸੰਘਰਸ਼ਾਂ ਤੇ ਸਜ਼ਾਵਾਂ ਦਾ ਸਿਲਸਿਲਾ ਚੱਲਦਾ ਰਿਹਾ। ਉਸ ਤੋਂ ਬਾਅਦ 1931 'ਚ ਫੇਰ ਢਾਈ ਸਾਲ ਦੀ ਜੇਲ੍ਹ ਹੋਈ ਤੇ ਬਰਨਾਲਾ ਜੇਲ੍ਹ 'ਚ ਰਹੇ। ਬਾਹਰ ਆਉਂਦਿਆਂ ਹੀ 1933 'ਚ ਦਫ਼ਾ 144 ਤੋੜਨ 'ਤੇ ਲਾਹੌਰ,ਰਾਵਲਪਿੰਡੀ, ਕੈਂਮਲਪੁਰ ਅਤੇ ਮੁਲਤਾਨ ਜੇਲ੍ਹ ਭੇਜ ਦਿੱਤਾ। ਇੱਥੇ ਛੇ ਮਹੀਨੇ ਫੇਰ ਬੰਦ ਰਹੇ। 1935 'ਚ ਕਾਂਗਰਸ ਦੀ ਮਦਦ ਕਰਨ ਦੇ ਜੁਰਮ ਵਿਚ ਇਕ ਸਾਲ ਜਲਾਵਤਨ ਕਰ ਦਿੱਤਾ ਗਿਆ। 1930--40 'ਚ ਮਾਲੀਆ ਨਾ ਦੇਣ ਦੀ ਲਹਿਰ ਚਲਾਈ, ਫੱਤਾ ਮਾਲੋਕਾ (ਹੁਣ ਜ਼ਿਲ੍ਹਾ ਮਾਨਸਾ) ਤੋਂ ਗ੍ਰਿਫ਼ਤਾਰ ਕਰ ਕੇ ਪਟਿਆਲਾ ਜੇਲ੍ਹ ਭੇਜ ਦਿੱਤੇ ਗਏ। ਸਵਾ ਸਾਲ ਨਰਕ ਵਰਗੀ ਰਾਜੇ ਦੀ ਜੇਲ੍ਹ 'ਚ ਰਹੇ। ਰਿਹਾਅ ਹੁੰਦਿਆਂ ਹੀ ਮਹਾਤਮਾ ਗਾਂਧੀ ਦੀ ਭਾਰਤ ਛੱਡੋ ਲਹਿਰ 'ਚ ਹਿੱਸਾ ਲਿਆ। ਇਸ ਦੋਸ਼ ਵਿਚ ਪੌਣੇ ਦੋ ਸਾਲ ਫੇਰ ਪਟਿਆਲਾ ਜੇਲ੍ਹ 'ਚ ਬੰਦੀ ਰਹੇ।
ਤੇਜਾ ਸਿੰਘ ਸੁਤੰਤਰ ਦੀ ਅਗਵਾਈ 'ਚ ਪੈਪਸੂ ਮੁਜ਼ਾਰਾ ਲਹਿਰ ਚੱਲੀ। ਕਿਸਾਨ ਮੁਜ਼ਾਰਿਆਂ ਦੀ ਇਸ ਸਿੱਧੀ ਲੜਾਈ 'ਚ ਖ਼ੂਨੀ ਟੱਕਰਾਂ ਹੋਈਆਂ । ਅਖ਼ੀਰ ਲੋਕਾਂ ਦੀ ਜਿੱਤ ਹੋਈ ਅਤੇ ਤਿੰਨ ਸੌ ਤੋਂ ਵੱਧ ਪਿੰਡਾਂ ਦੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਮਿਲੇ। ਕ੍ਰਿਸ਼ਨਗੜ੍ਹ ਦਾ ਮੋਰਚਾ ਇਸ ਲਹਿਰ ਦਾ ਅਹਿਮ ਦਸਤਾਵੇਜ਼ ਹੈ। ਜੋਗਾ ਜੀ ਇਸ ਲਹਿਰ ਵਿਚ ਮੁੱਢਲੀ ਕਤਾਰ ਦੇ ਜਨਤਕ ਆਗੂ ਵਜੋਂ ਲੋਕਾਂ ਨੂੰ ਲਾਮਬੰਦ ਕਰਦੇ ਰਹੇ। ਸਰਕਾਰ ਨੇ ਵਿਸਵੇਦਾਰਾਂ ਤੋਂ ਬਿਨਾਂ ਮੁਆਵਜ਼ਾ ਜ਼ਮੀਨ ਛੁਡਵਾਉਣ ਦਾ ਐਲਾਨ ਕਰਵਾਉਣ ਲਈ ਮਾਨਸਾ (ਉਸ ਸਮੇਂ ਜ਼ਿਲ੍ਹਾ ਬਠਿੰਡਾ) ਨੂੰ ਚੁਣਿਆ। 29 ਮਈ 1952 ਨੂੰ ਕਿਸਾਨਾਂ ਦਾ ਵੱਡਾ ਇਕੱਠ ਮਾਨਸਾ ਵਿਖੇ ਹੋਇਆ । ਸਾਰੇ ਵੱਡੇ ਵਿਸਵੇਦਾਰਾਂ ਨੂੰ ਪਟਵਾਰੀਆਂ ਸਮੇਤ ਪਹੁੰਚਣ ਦੀ ਹਦਾਇਤ ਸੀ। ਪੈਪਸੂ ਦੇ ਖੇਤੀ ਮੰਤਰੀ ਦਾਰਾ ਸਿੰਘ, ਮਾਲ ਮੰਤਰੀ ਚੌਧਰੀ ਇੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਪ੍ਰੇਮ ਕੁਮਾਰ ਸਮੇਤ ਝੂਲਦੇ ਲਾਲ ਝੰਡਿਆਂ ਵਾਲੀ ਸਟੇਜ 'ਤੇ ਪਹੁੰਚੇ । ਪੈਪਸੂ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਜੋਗਾ ਦੀ ਪ੍ਰਧਾਨਗੀ ਹੇਠ ਹੋਏ ਇਸ ਇਤਿਹਾਸਕ ਸਮਾਗਮ ਵਿਚ ਮੰਤਰੀ ਦਾਰਾ ਸਿੰਘ ਨੇ ਮਰੂਸੀ ਮੁਜ਼ਾਰਿਆਂ ਦੇ ਹਲਾਂ ਹੇਠਲੀ ਜ਼ਮੀਨ ਬਿਨਾਂ ਮੁਆਵਜ਼ਾ ਛੱਡਣ ਦਾ ਵੱਡਾ ਐਲਾਨ ਕੀਤਾ।
ਪਟਿਆਲਾ ਰਿਆਸਤ ਵਿਚ ਰਾਜੇ ਦੀ ਆਗਿਆ ਤੋਂ ਬਿਨਾਂ ਸਕੂਲ ਖੋਲ੍ਹਣ ਦੀ ਮਨਾਹੀ ਸੀ। ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਕ ਡੇਰੇ ਦੇ ਮਹੰਤ ਤੋਂ 600 ਵਿੱਘੇ ਜ਼ਮੀਨ ਲੈ ਕੇ ਮਾਨਸਾ ਵਿਚ ਖ਼ਾਲਸਾ ਸਕੂਲ ਖੋਲ੍ਹ ਦਿੱਤਾ। ਰਾਜੇ ਨੂੰ ਜਦ ਪਤਾ ਲੱਗਿਆ ਤਾਂ ਆਪ 'ਤੇ ਮੁਕੱਦਮਾ ਚੱਲਿਆ , ਸਜ਼ਾ ਹੋਈ। ਇਕ ਸਾਲ ਬਰਨਾਲਾ ਜੇਲ੍ਹ ਵਿਚ ਬੰਦ ਰਹੇ। ਬਾਅਦ ਵਿਚ ਜਸਟਿਸ ਗੁਰਨਾਮ ਸਿੰਘ ਨੇ ਇਹ ਸਜ਼ਾ ਘਟਾ ਦਿੱਤੀ ਸੀ। ਅੱਜ ਵੀ ਇਹ ਵਿੱਦਿਅਕ ਸੰਸਥਾ ਪੂਰੇ ਇਲਾਕੇ ਦੇ ਲੋਕਾਂ ਨੂੰ ਵਿੱਦਿਆ ਦਾ ਚਾਨਣ ਵੰਡ ਰਹੀ ਹੈ। 1949 ਵਿਚ ਪੱਕੇ ਤੌਰ 'ਤੇ ਕਮਿਊਨਿਸਟ ਪਾਰਟੀ ਨਾਲ ਜੁੜ ਗਏ। 1953 ਵਿਚ ਉਹ ਨਾਭਾ ਜੇਲ੍ਹ ਵਿਚ ਬੰਦ ਸਨ। ਉਸ ਸਮੇਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਜੇਲ੍ਹ ਵਿਚ ਨਜਰਬੰਦ ਹੁੰਦਿਆਂ ਵੀ ਲੋਕਾਂ ਨੇ ਵੋਟਾਂ ਪਾ ਕੇ ਵਿਧਾਇਕ ਬਣਾਇਆ। ਉਹ 1962, 1969 ਅਤੇ 1972 ਵਿਚ ਲੋਕ ਸਮਰਥਨ ਨਾਲ ਵਿਧਾਇਕ ਬਣ ਕੇ ਵਿਧਾਨ ਸਭਾ 'ਚ ਲੋਕ ਆਵਾਜ਼ ਨੂੰ ਬੁਲੰਦ ਕਰਦੇ ਰਹੇ। ਵਿਧਾਨ ਸਭਾ 'ਚ ਕਮਿਊਨਿਸਟਾਂ ਦਾ ਇਹ ਗਰੁੱਪ ਸਮੇਂ ਦੀ ਸਰਕਾਰ ਨੂੰ ਪੱਬਾਂ ਭਾਰ ਕਰੀਂ ਰੱਖਦਾ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਖ਼ਿਲਾਫ਼ ਬੇਵਿਸ਼ਵਾਸੀ ਦਾ ਮਤਾ ਵੀ ਵਿਧਾਨ ਸਭਾ ਵਿਚ ਕਾਮਰੇਡ ਜੋਗਾ ਵੱਲੋਂ ਰੱਖਿਆ ਗਿਆ ਸੀ।
1974-75 ਦੀ ਗੱਲ ਹੈ। ਨਕਸਲਵਾੜੀ ਲਹਿਰ ਚੱਲ ਰਹੀ ਸੀ। ਜੋਗਾ ਜੀ ਦੀ ਪਾਰਟੀ ਅਤੇ ਨਕਸਲਵਾੜੀ ਲਹਿਰ ਦੇ ਆਪਸ ਵਿਚ ਰਾਜਨੀਤਕ ਤੌਰ 'ਤੇ ਕਾਫ਼ੀ ਮਤਭੇਦ ਸਨ। ਇਸ ਲਹਿਰ ਦੌਰਾਨ ਕਿਸੇ ਘਟਨਾ ਕਰਕੇ ਨਕਸਲਵਾੜੀ ਲਹਿਰ ਦੇ ਵਰਕਰਾਂ ਦੀ ਫੜੋ-ਫੜੀ ਹੋ ਰਹੀ ਸੀ। ਇਕ ਵਰਕਰ ਦੀ ਧੀ ਦਾ ਵਿਆਹ ਸੀ। ਪੁਲਿਸ ਉਸ ਦੇ ਵਾਰੰਟ ਲੈ ਕੇ ਹਰ ਰੋਜ਼ ਉਸ ਦੇ ਘਰ ਛਾਪੇ ਮਾਰ ਰਹੀ ਸੀ। ਸਾਰਾ ਪਰਿਵਾਰ ਪਰੇਸ਼ਾਨ ਸੀ ਕਿ ਕੀ ਕੀਤਾ ਜਾਵੇ। ਇਸ ਗੱਲ ਦਾ ਜੋਗਾ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਵਾਲਿਆ ਨੂੰ ਡੱਟ ਕੇ ਕਿਹਾ, ''ਇਸ ਵਰਕਰ ਦੀ ਲੜਕੀ ਦੀ ਸ਼ਾਦੀ ਹੈ, ਇਸ ਦੇ ਘਰੇ ਪੁਲਿਸ ਛਾਪੇ ਨਾ ਮਾਰੇ। ਜੇ ਪੁਲਿਸ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਪਿੰਡ ਦੀਆਂ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।'' ਇਸ ਤਰ੍ਹਾਂ ਕੁੜੀ ਦਾ ਵਿਆਹ ਬੜੀ ਖ਼ੁਸ਼ੀ ਨਾਲ ਨੇਪਰੇ ਚੜ੍ਹ ਗਿਆ।
ਪੂਰੇ ਇਲਾਕੇ ਦੇ ਵਿਕਾਸ ਦੇ ਨਾਲ-ਨਾਲ ਕਾਮਰੇਡ ਜੋਗਾ ਨੇ ਪਿੰਡ ਦੀ ਤਰੱਕੀ ਲਈ ਵੀ ਪੂਰਾ ਧਿਆਨ ਦਿੱਤਾ। ਇਸੇ ਸੋਚ ਨਾਲ ਕੂਕਾ ਲਹਿਰ ਦੇ ਸ਼ਹੀਦਾਂ ਦੀ ਯਾਦ ਵਿਚ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਤੋਂ 1973 'ਚ ਵੱਡਾ ਹਸਪਤਾਲ ਅਤੇ ਲਾਇਬ੍ਰੇਰੀ ਮਨਜ਼ੂਰ ਕਰਵਾਈ। ਹਸਪਤਾਲ ਦੀ ਇਮਾਰਤ ਦੀ ਛੱਤ ਪੈ ਰਹੀ ਸੀ। ਜੋਗਾ ਜੀ ਖ਼ੁਦ ਛੱਤ ਪਾਉਣ ਵਾਲਿਆਂ ਕੋਲ ਖੜ੍ਹੇ ਸਨ। ਘਰੋਂ ਕਿਸੇ ਨੇ ਆ ਕੇ ਸੁਨੇਹਾ ਦਿੱਤਾ ਕਿ ਜੋਗਾ ਜੀ ਦਾ ਬੇਟੇ ਨੂੰ ਹਲਕੇ ਕੁੱਤੇ ਨੇ ਵੱਢ ਲਿਆ। ਛੱਤ ਪਵਾ ਕੇ ਆਥਣੇ ਘਰੇ ਆਏ। ਲੜਕੇ ਦੇ ਢਿੱਡ ਵਿਚ ਮਹੀਨਾ ਭਰ ਹਲਕਾਅ ਦੇ ਟੀਕੇ ਲੱਗਦੇ ਰਹੇ। ਪੂਰੀ ਜਿੰਦਗੀ ਜੋਗਾ ਜੀ ਨਾ ਡਰੇ ਨਾ ਝੁਕੇ। ਪੂਰੀ ਜ਼ਿੰਦਗੀ ਉਨ੍ਹਾਂ ਨੇ ਕਿਰਤੀ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ। ਅਠਾਰਵੀਂ ਬਰਸੀ 'ਤੇ ਆਪਣੇ ਨਿਧੜਕ ਯੋਧੇ ਦੀਆਂ ਕੁਰਬਾਨੀਆਂ ਦੇ ਕਾਰਨਾਮਿਆਂ ਤੇ ਸਾਦਗੀ ਨੂੰ ਯਾਦ ਕਰਦਿਆਂ ਧੁਰ ਹਿਰਦਿਆਂ 'ਚੋਂ ਸਲਾਮ ਕਰਦੇ ਹਾਂ।
ਮੋ: 98720-01856