ਸਾਰੇ ਇਨਾਮਾਂ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਹੈ। ਐਲਾਨ ਕਰਨ ਦਾ ਕੰਮ ਨੋਬਲ ਫਾਊਂਡੇਸ਼ਨ ਕਰਦੀ ਹੈ ਅਤੇ ਦੇਣ ਦਾ ਕੰਮ ਸਵੀਡਨ ਦੀ ਸ਼ਾਹੀ ਅਕੈਡਮੀ ਕਰਦੀ ਹੈ। ਦੱਸਣਾ ਬਣਦਾ ਹੈ ਕਿ ਇਕ ਨੋਬਲ ਦਾ ਮੁੱਲ ਹਜ਼ਾਰਾਂ ਮਿਲੀਅਨ ਸਵੀਡਿਸ਼ ਕ੍ਰੋਨਰ ਹੁੰਦਾ ਹੈ ਜਾਂ ਕਹਿ ਲਓ ਅਮਰੀਕੀ ਡਾਲਰ 10 ਲੱਖ ਅਤੇ ਨਾਲ ਜਿਹੜਾ ਸੋਨੇ ਦਾ ਮੈਡਲ ਮਿਲਦਾ ਹੈ ਉਹ ਵੀ 10 ਕੁ ਹਜ਼ਾਰ ਡਾਲਰ ਮੁੱਲ ਦਾ ਹੁੰਦਾ ਹੈ।
ਅੱਸੂ ਦੇ ਨਰਾਤੇ ਸ਼ੁਰੂ ਹੁੰਦਿਆਂ ਸਾਰ ਅਕਤੂਬਰ ਦੇ ਪਹਿਲੇ ਹਫ਼ਤੇ ਇਕ ਅਜਿਹੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਜਿਸ ਦੀ ਆਮ ਆਦਮੀ ਨੂੰ ਤਾਂ ਨਹੀਂ ਪਰ ਕੁਝ ਸਿਆਸੀ ਦਿਲਚਸਪੀ ਰੱਖਣ ਵਾਲੇ ਪੜ੍ਹੇ-ਲਿਖੇ ਤਬਕੇ ਵਿਚ ਉਡੀਕ ਸ਼ੁਰੂ ਹੋ ਜਾਂਦੀ ਹੈ। ਅਕਤੂਬਰ ਦੇ ਅੱਧ ਕੁ ਤੱਕ ਨੋਬਲ ਫਾਊਂਡੇਸ਼ਨ ਨੇ ਕਈ ਗੱਲਾਂ ਨੂੰ ਧਿਆਨ ’ਚ ਰੱਖ ਕੇ ਚਲੰਤ ਸਾਲ ਲਈ ਫਜ਼ਿਕਸ, ਕੈਮਿਸਟਰੀ, ਮੈਡੀਸਨ ਅਤੇ ਸਾਹਿਤ ਲਈ ਕਿਹੜਾ ਨੋਬਲ ਇਨਾਮ, ਕਿਸ ਨੂੰ ਅਤੇ ਕਿਉਂ ਦੇਣਾ ਹੈ? ਐਲਾਨਣ ਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ। ਹਾਲਾਂਕਿ ਇਹ ਸਾਰੇ ਇਨਾਮ ਦੇਣੇ 10 ਦਸੰਬਰ ਨੂੰ ਹੁੰਦੇ ਹਨ। ਪੰਜਵਾਂ ਇਨਾਮ ਜਿਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਕਿਹਾ ਜਾਂਦਾ ਹੈ, ਇਹ ਆਮ ਤੌਰ ’ਤੇ ਅਖ਼ੀਰ ਵਿਚ ਐਲਾਨਿਆ ਜਾਂਦਾ ਹੈ।
ਇਨ੍ਹਾਂ ਸਾਰਿਆਂ ਇਨਾਮਾਂ ਲਈ ਸਾਰਾ ਸਾਲ ਸੰਸਾਰ ਦੇ ਵੱਖ-ਵੱਖ ਅਦਾਰਿਆਂ ਵੱਲੋਂ ਨਾਮਜ਼ਦਗੀਆਂ ਆਉਂਦੀਆਂ ਰਹਿੰਦੀਆਂ ਹਨ ਪਰ ਫ਼ੈਸਲਾ ਨੋਬਲ ਫਾਊਂਡੇਸ਼ਨ ਨੇ ਹੀ ਕਰਨਾ ਹੁੰਦਾ ਹੈ। ਕੁਝ ਸਾਲਾਂ ਤੋਂ ਨੋਬਲ ਇਨਾਮ ਇਕਨੋਮਿਕਸ ਵਿਚ ਵੀ ਦਿੱਤਾ ਜਾਂਦਾ ਹੈ। ਕਿਉਂਕਿ ਸਾਰੇ ਦੇਸ਼ਾਂ ਦਾ ਆਪਸੀ ਵਪਾਰ, ਲੈਣ-ਦੇਣ, ਕਿੱਥੋਂ ਕੀ ਲੈਣਾ ਹੈ, ਕਿੱਥੋਂ ਕੀ ਵੇਚਣਾ ਹੈ, ਕਿਸ ਭਾਅ ਵੇਚਣਾ ਹੈ, ਇਹ ਇਕ ਖ਼ਾਸ ਵਿਸ਼ਾ ਬਣ ਚੁੱਕਾ ਹੈ ਜਿਸ ਦਾ ਆਧਾਰ ਅਰਥ-ਸ਼ਾਸਤਰ ਯਾਨੀ ਇਕਨੋਮਿਕਸ ਹੀ ਹੈ ਅਤੇ ਹੁਣ ਇਹ ਇਕ ਵਿਗਿਆਨਕ ਵਿਸ਼ਾ ਬਣ ਚੁੱਕਾ ਹੈ।
ਸਾਰੇ ਇਨਾਮਾਂ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਹੈ। ਐਲਾਨ ਕਰਨ ਦਾ ਕੰਮ ਨੋਬਲ ਫਾਊਂਡੇਸ਼ਨ ਕਰਦੀ ਹੈ ਅਤੇ ਦੇਣ ਦਾ ਕੰਮ ਸਵੀਡਨ ਦੀ ਸ਼ਾਹੀ ਅਕੈਡਮੀ ਕਰਦੀ ਹੈ। ਦੱਸਣਾ ਬਣਦਾ ਹੈ ਕਿ ਇਕ ਨੋਬਲ ਦਾ ਮੁੱਲ ਹਜ਼ਾਰਾਂ ਮਿਲੀਅਨ ਸਵੀਡਿਸ਼ ਕ੍ਰੋਨਰ ਹੁੰਦਾ ਹੈ ਜਾਂ ਕਹਿ ਲਓ ਅਮਰੀਕੀ ਡਾਲਰ 10 ਲੱਖ ਅਤੇ ਨਾਲ ਜਿਹੜਾ ਸੋਨੇ ਦਾ ਮੈਡਲ ਮਿਲਦਾ ਹੈ ਉਹ ਵੀ 10 ਕੁ ਹਜ਼ਾਰ ਡਾਲਰ ਮੁੱਲ ਦਾ ਹੁੰਦਾ ਹੈ।
ਹਾਲਾਂਕਿ ਇਨ੍ਹਾਂ ਮੈਡਲਾਂ ਦੀ ਮਾਰਕੀਟ ਵਿਚ ਕੀਮਤ, ਬੋਲੀ ਮੁਤਾਬਕ ਕਈ ਗੁਣਾ ਹੋ ਸਕਦੀ ਹੈ। ਮੈਡਲ ਉੱਪਰ ਪ੍ਰਾਪਤ ਕਰਤਾ ਦਾ ਨਾਂ ਵੀ ਹੁੰਦਾ ਹੈ ਤੇ ਨਾਲ ਇਕ ਡਿਪਲੋਮਾ ਜਾਂ ਫਰੇਮ ਕਰਨ ਯੋਗ ਸਰਟੀਫਿਕੇਟ। ਹਰ ਸਾਲ ਏਨਾ ਖ਼ਰਚਾ ਕੌਣ ਕਰਦਾ ਹੈ? ਕਹਾਣੀ ਕੀ ਹੈ? ਪੁਰਾਣੇ ਮੈਡਲ ਕਰੋੜਾਂ ਵਿਚ ਵਿਕਦੇ ਹਨ। ਅਲਫਰੈੱਡ ਨੋਬਲ 21 ਅਕਤੂਬਰ 1833 ਨੂੰ ਸਵੀਡਨ ਦੀ ਰਾਜਧਾਨੀ ਸਟੋਕਹੋਮ ਵਿਚ ਇਕ ਇੰਜੀਨੀਅਰ ਘਰਾਣੇ ਵਿਚ ਪੈਦਾ ਹੋਇਆ ਸੀ। ਬੱਚਾ ਬਹੁਤ ਜ਼ਹੀਨ ਸੀ। ਮਾਪਿਆਂ ਨੇ ਸਕੂਲ ’ਚ ਪਾਉਣ ਦੀ ਥਾਂ ਉਸ ਦੀ ਮੁੱਢਲੀ ਪੜ੍ਹਾਈ-ਲਿਖਾਈ ਘਰੇ ਹੀ ਕਰਵਾਈ। ਪ੍ਰਾਈਵੇਟ ਟਿਊਟਰਾਂ ਦੀ ਸਿੱਖਿਆ ਸਦਕਾ, ਕੈਮੀਕਲ ਇੰਜੀਨੀਅਰ ਦਾ ਬੇਟਾ ਵੀ ਏਸੇ ਪਾਸੇ ਪੈ ਗਿਆ ਬਲਕਿ ਕਾਲਾ ਬਾਰੂਦ ਅਤੇ ਹੋਰ ਕਈ ਫਟਣਸ਼ੀਲ ਪਦਾਰਥਾਂ ਨਾਲ ਤਜਰਬੇ ਕਰਨ ਲੱਗਾ।
ਉਸ ਦਾ ਮਕਸਦ ਸੀ ਕਿ ਕੋਈ ਅਜਿਹਾ ਪਦਾਰਥ ਬਣਾਇਆ ਜਾਵੇ ਜਿਹੜਾ ਫੁੱਟਣਸ਼ੀਲ ਤਾਂ ਹੋਵੇ ਪਰ ਉਸ ਨੂੰ ਰੱਖਣ, ਵਰਤਣ ਵਿਚ ਕੋਈ ਖ਼ਤਰਾ ਨਾ ਹੋਵੇ। ਤਜਰਬੇ ਕਰਦਿਆਂ ਕਈ ਵਾਰ ਧਮਾਕੇ ਹੋਏ। ਫਿਰ ਉਸ ਨੂੰ ਹੁਕਮ ਹੋਇਆ ਕਿ ਆਪਣੀ ਪ੍ਰਯੋਗਸ਼ਾਲਾ ਕਿਸੇ ਜਹਾਜ਼ ’ਚ ਲੈ ਜਾਵੇ ਤਾਂ ਕਿ ਦੂਸਰਿਆਂ ਦੀ ਜਾਨ ਨੂੰ ਖ਼ਤਰਾ ਨਾ ਹੋਵੇ। ਇਕ ਵਾਰ ਤਾਂ ਉਸ ਦਾ ਭਰਾ ਵੀ ਧਮਾਕੇ ’ਚ ਮਰ ਗਿਆ। ਖ਼ਬਰ ਫੈਲ ਗਈ ਕਿ ਅਲਫਰੈੱਡ ਮਰ ਗਿਆ ਹੈ। ਅਖ਼ਬਾਰ ਦੀ ਹੈੱਡਲਾਈਨ ਸੀ ‘ਮੌਤ ਦਾ ਵਪਾਰੀ ਚੱਲ ਵਸਿਆ, ਚੰਗਾ ਹੋਇਆ।’ ਅਲਫਰੈੱਡ ਨੇ ਆਪਣੀ ਮੌਤ ਦੀ ਖ਼ਬਰ ਪੜ੍ਹੀ। ਉਸ ਦੇ ਦਿਲ ’ਤੇ ਬੜਾ ਡੂੰਘਾ ਅਸਰ ਹੋਇਆ ਕਿ ਲੋਕ ਮੇਰੇ ਕੰਮ ਬਾਰੇ ਕੀ ਸੋਚਦੇ ਹਨ। ਉਸ ਨੇ ਸਫਲਤਾ ਪ੍ਰਾਪਤ ਕਰ ਲਈ ਸੀ। ਉਸ ਦੀ ਕਾਢ ਧੜਾਧੜ ਵਿਕ ਰਹੀ ਸੀ।
ਇਹ ਠੀਕ ਹੈ ਕਿ ਡਾਇਨਾਮਾਈਟ ਨਾਲ ਬਣੇ ਬੰਬਾਂ ਨੇ ਜੰਗਾਂ ਵਿਚ ਬੜੀ ਤਬਾਹੀ ਕੀਤੀ ਸੀ ਪਰ ਇਸੇ ਡਾਇਨਾਮਾਈਟ ਨਾਲ ਪਹਾੜ ਕੱਟ-ਕੱਟ ਕੇ ਸੜਕਾਂ ਬਣ ਰਹੀਆਂ ਸਨ। ਲੰਬੀਆਂ-ਲੰਬੀਆਂ ਪਹਾੜੀ ਸੁਰੰਗਾਂ ਕਹੀਆਂ-ਗੈਂਤੀਆਂ ਨਾਲ ਨਹੀਂ ਸਨ ਬਣ ਸਕਦੀਆਂ। ਹੋਰ ਵੀ ਜਿੱਥੇ ਉਸਾਰੂ ਕੰਮ ਲਈ ਧਮਾਕੇ ਦੀ ਲੋੜ ਹੋਵੇ, ਛੋਟਾ ਜਾਂ ਵੱਡਾ ਧਮਾਕਾ ਕੀਤਾ ਜਾ ਸਕਦਾ ਸੀ। ਧੜਾਧੜ ਵਿਕਰੀ ਨੇ ਐਲਫਰੈੱਡ ਨੋਬਲ ਨੂੰ ਕਰੋੜਪਤੀ ਬਣਾ ਦਿੱਤਾ ਸੀ।
ਆਪਣੀ ਮੌਤ ਦੀ ਖ਼ਬਰ ਪੜ੍ਹ ਕੇ ਉਸ ਨੇ ਇਕ ਅਨੋਖੀ ਵਸੀਅਤ ਲਿਖੀ ਕਿ ਮੇਰੀ ਮੌਤ ਮਗਰੋਂ ਮੇਰੀ ਜਮ੍ਹਾ ਕਰਵਾਈ ਰਕਮ ਦੇ ਵਿਆਜ ਨਾਲ ਹਰ ਸਾਲ ਨੋਬਲ ਪ੍ਰਾਈਜ਼ ਦਿੱਤੇ ਜਾਣ। ਪੁਰਸਕਾਰ ਦੇਣ ਲਈ ਸਪਸ਼ਟ ਹਦਾਇਤਾਂ ਲਿਖ ਦਿੱਤੀਆਂ ਅਤੇ ਇਸ ਕੰਮ ਲਈ ਨੋਬਲ ਫਾਊਂਡੇਸ਼ਨ ਸਥਾਪਤ ਕਰ ਦਿੱਤੀ। ਉਸ ਦੀ ਮੌਤ ਤਾਂ 63 ਕੁ ਸਾਲ ਦੀ ਉਮਰ ਵਿਚ 1896 ਵਿਚ 10 ਦਸੰਬਰ ਨੂੰ ਦਿਮਾਗੀ ਸਟਰੋਕ ਕਾਰਨ ਹੋਈ ਸੀ ਪਰ ਉਸ ਦੀ ਵਸੀਅਤ ਮੁਤਾਬਕ 1901 ਤੋਂ ਇਹ ਫਜ਼ਿਕਸ, ਕੈਮਿਸਟਰੀ, ਮੈਡੀਸਨ, ਲਿਟਰੇਚਰ ਵਾਸਤੇ ਇਨਾਮਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਨਾਮ ਲੈਣ ਲਈ ਕੋਈ ਖ਼ੁਦ ਅਰਜ਼ੀ ਨਹੀਂ ਦਿੰਦਾ। ਸਿਫ਼ਾਰਸ਼ਾਂ ਦੇ ਆਧਾਰ ’ਤੇ ਨੋਬੇਲ ਫਾਊਂਡੇਸ਼ਨ ਜਿਸ ਨੂੰ ਯੋਗ ਸਮਝੇ, ਉਸ ਨੂੰ ਇਹ ਸਨਮਾਨ ਬਖ਼ਸ਼ਦੀ ਹੈ। ਕਈ ਵਾਰ ਦੋ-ਦੋ ਜਾਂ ਤਿੰਨ-ਤਿੰਨ ਵਿਅਕਤੀ ਵੀ ਉਹੋ ਪ੍ਰਾਈਜ਼ ਲੈਂਦੇ ਹਨ।
ਉਦੋਂ ਮੈਡਲ ਤਾਂ ਸਾਰਿਆਂ ਨੂੰ ਮਿਲਦੇ ਹਨ, ਇਨਾਮੀ ਰਾਸ਼ੀ ਸਾਰਿਆਂ ਵਿਚ ਤਕਸੀਮ ਹੋ ਜਾਂਦੀ ਹੈ। ਯਾਦ ਰਹੇ ਕਿ ਫਾਊਂਡੇਸ਼ਨ ਕੋਈ ਉਮਰ, ਨਸਲ, ਰੰਗ, ਧਰਮ ਜਾਂ ਸਿਆਸੀ ਪਿਛੋਕੜ ਨਹੀਂ ਵੇਖਦੀ। ਉਂਜ ਜੇ ਇਕ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਅਸੀਂ ਵੇਖਦੇ ਹਾਂ ਕਿ ਅੱਜ ਤੱਕ ਸਭ ਤੋਂ ਜ਼ਿਆਦਾ ਨੋਬਲ ਪ੍ਰਾਈਜ਼ ਅਮਰੀਕਾ ਨੇ ਹੀ ਪ੍ਰਾਪਤ ਕੀਤੇ ਹਨ। ਚਾਰ ਸੌ ਤੋਂ ਵੀ ਵੱਧ। ਦੂਸਰੇ ਨੰਬਰ ’ਤੇ ਆਉਂਦਾ ਹੈ ਯੂਕੇ ਜਾਂ ਵਲੈਤ ਜਿਸ ਦੇ ਇਨਾਮਾਂ ਦੀ ਕੁੱਲ ਗਿਣਤੀ 140 ਤੋਂ ਉੱਪਰ ਹੈ। ਤੀਸਰੇ ਨੰਬਰ ’ਤੇ ਹੈ ਜਰਮਨੀ, 100 ਤੋਂ ਉੱਪਰ।
ਜਾਪਾਨ ਤੇ ਰੂਸ ਨੇ ਵੀ ਤੀਹ-ਤੀਹ ਪ੍ਰਾਈਜ਼ ਪ੍ਰਾਪਤ ਕੀਤੇ ਹੋਏ ਹਨ ਪਰ ਅਮਰੀਕਾ ਦਾ ਮੁਕਾਬਲਾ ਨਹੀਂ। ਜੇ ਭਾਰਤੀ ਨਾਗਰਿਕਾਂ ਜਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਜੋੜਿਆ ਜਾਵੇ ਤਾਂ ਇਹ ਕੁੱਲ ਅੰਕੜਾ 13 ਹੋ ਜਾਂਦਾ ਹੈ। ਜੇ ਧਾਰਮਿਕ ਪੱਖੋਂ ਵੇਖੀਏ ਤਾਂ ਬਹੁਤੇ ਨੋਬਲ ਇਨਾਮ ਯਾਫ਼ਤਾ ਈਸਾਈ ਨਜ਼ਰ ਆਉਂਦੇ ਹਨ, ਤਕਰੀਬਨ 65 ਫ਼ੀਸਦੀ। ਯਹੂਦੀ ਹਨ 20 ਫ਼ੀਸਦੀ।
ਕੋਈ 10-11 ਪ੍ਰਤੀਸ਼ਤ ਨਾਸਤਕ ਹਨ। ਜੇ ਇਸ ਸਾਲ 2025 ਦੇ ਪ੍ਰਾਪਤ ਕਰਤਾਵਾਂ ਵੱਲ ਵੇਖੀਏ ਤਾਂ ਵੀ ਫਜ਼ਿਕਸ ਦੇ ਤਿੰਨੇ ਵਿਗਿਆਨੀ ਅਮਰੀਕਾ ਦੇ ਹਨ।
ਕੈਮਿਸਟਰੀ ਦੇ ਵੀ ਤਿੰਨੋਂ ਅਮਰੀਕਾ ਦੇ ਹਨ। ਸਾਹਿਤ ਦਾ ਨੋਬਲ ਪ੍ਰਾਈਜ਼ ਹੰਗਰੀ ਦੇ ਲਾਸਲੋ ਕ੍ਰਾਜਕਾ ਹੋਰਕਾਈ ਨੂੰ ਮਿਲਿਆ ਹੈ ਅਤੇ ਸੰਸਾਰ ਅਮਨ ਲਈ ਨੋਬਲ ਪੁਰਸਕਾਰ ਵੈਨਜ਼ੁਏਲਾ ਦੀ ਕੋਰੀਨਾ ਮਚਾਡੋ ਨੂੰ ਦਿੱਤਾ ਗਿਆ ਹੈ। ਕਈਆਂ ਨੂੰ ਸ਼ੱਕ ਸੀ ਕਿ ਸ਼ਾਇਦ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਕੋਈ ਚੱਕਰ ਚਲਾ ਜਾਵੇ। ਬਚਾਅ ਹੋ ਗਿਆ। ਹੈਰਾਨੀ ਤਾਂ ਜ਼ਰੂਰ ਹੁੰਦੀ ਹੈ ਕਿ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਕਿਸੇ ਤਿੰਨਾਂ-ਤੇਰਾਂ ਵਿਚ ਨਹੀਂ ਦਿਸਦਾ। ਪੰਜਾਬ ਤਾਂ ਹਮੇਸ਼ਾ ਹੀ ਫਾਡੀਆਂ ’ਚ ਰਿਹਾ ਹੈ।
ਅੱਜ ਤੱਕ ਇਕ ਪ੍ਰਾਈਜ਼ ਵੀ ਕਿਸੇ ਪੰਜਾਬੀ ਜਾਂ ਸਿੱਖ ਦੇ ਹਿੱਸੇ ਨਹੀਂ ਆਇਆ। ਹਰਗੋਬਿੰਦ ਖੁਰਾਣਾ ਪੰਜਾਬੀ ਸੀ ਪਰ ਇਨਾਮ ਮਿਲਣ ਵੇਲੇ ਉਹ ਭਾਰਤ ਦਾ ਨਾਗਰਿਕ ਨਹੀਂ ਸੀ। ਜੇ ਨੀਝ ਲਾ ਕੇ ਵੇਖੀਏ ਤਾਂ ਪੰਜਾਬ ਵਿਚ ਖੋਜ ਪ੍ਰਤੀ ਰੁਝਾਨ ਵੀ ਨਹੀਂ ਦਿਸਦਾ। ਕੋਈ ਨੈਸ਼ਨਲ ਲੈਬੋਰੇਟਰੀ ਵੀ ਇੱਥੇ ਨਹੀਂ। ਯੂਨੀਵਰਸਿਟੀਆਂ ਵੀ ਬਸ ਡਿਗਰੀਆਂ ਹੀ ਵੰਡਦੀਆਂ ਹਨ। ਹੋ ਸਕਦਾ ਹੈ ਕੱਲ੍ਹ ਨੂੰ ਕੋਈ ਅਮਰੀਕਾ ’ਚ ਵਸਿਆ ਸਰਦਾਰ ਕਿਸੇ ਵਿਗਿਆਨ ਵਿਚ ਮਾਅਰਕਾ ਮਾਰ ਜਾਵੇ ਪਰ ਕੁਝ ਕਿਹਾ ਨਹੀਂ ਜਾ ਸਕਦਾ। ਰਹੀ ਗੱਲ ਭਾਰਤ ਦੀ, ਇੱਥੇ ਤਾਂ ਧਰਮ ਵਾਲੇ ਪਾਸੇ, ਵਹਿਮਾਂ ਭਰਮਾਂ ਨੂੰ ਉਤਸ਼ਾਹਤ ਕਰਨ ਲਈ ਪੁੱਠਾ ਚੱਕਰ ਚੱਲ ਰਿਹਾ ਹੈ। ਸਾਇੰਸ ਵਿਚਾਰੀ ਕੀ ਕਰੇ।
-ਪ੍ਰੋ. ਮੋਹਣ ਸਿੰਘ
-ਮੋਬਾਈਲ : 80545-97595