ਇਨ੍ਹਾਂ ਰਾਜਾਂ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਬਹੁਤ ਵੱਧ ਹੋ ਰਹੀਆਂ ਹਨ ਜੋ ਗੰਭੀਰ ਚਿੰਤਾ ਦਾ ਕਾਰਨ ਹਨ ਪਰ ਇਹ ਮੰਨਣ ਦੇ ਕਾਫ਼ੀ ਕਾਰਨ ਹਨ ਕਿ ਸੰਭਲਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਦਾ ਇਕ ਸਬੂਤ ਇਹ ਹੈ ਕਿ ਉਨ੍ਹਾਂ ਕਾਰਨਾਂ ਕਾਰਨ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਅਜਿਹੇ ਜਿਨ੍ਹਾਂ ਕਾਰਨਾਂ ਦਾ ਪਤਾ ਹੈ, ਉਨ੍ਹਾਂ ਦਾ ਨਿਵਾਰਨ ਕੀਤਾ ਜਾਣਾ ਚਾਹੀਦਾ ਸੀ।
ਜਲਵਾਯੂ ਬਦਲਾਅ ਕਾਰਨ ਮੌਸਮੀ ਚੱਕਰ ਵਿਚ ਆਈ ਤਬਦੀਲੀ ਦਾ ਨਤੀਜਾ ਹੈ ਜ਼ਰੂਰਤ ਨਾਲੋਂ ਬਹੁਤ ਜ਼ਿਆਦਾ ਬਰਸਾਤ ਜਾਂ ਘੱਟ ਸਮੇਂ ਵਿਚ ਵੱਧ ਬਾਰਿਸ਼। ਇਸ ਦੇ ਨਤੀਜੇ ਵਜੋਂ ਦੇਸ਼ ਦੇ ਇਕ ਵੱਡੇ ਹਿੱਸੇ ਵਿਚ ਹੜ੍ਹ ਅਤੇ ਪਾਣੀ ਜਮ੍ਹਾ ਹੋਣ ਕਾਰਨ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵਾਰ ਕਿਉਂਕਿ ਲੰਬੇ ਸਮੇਂ ਬਾਅਦ ਇੰਨੀ ਵੱਧ ਮਿਆਦ ਤੱਕ ਬਰਸਾਤ ਹੋ ਰਹੀ ਹੈ, ਇਸ ਲਈ ਵਰਖਾ ਕਾਰਨ ਉਪਜਣ ਵਾਲੀਆਂ ਸਮੱਸਿਆਵਾਂ ਕਿਤੇ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ। ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਦੇਸ਼ ਦੇ ਪਹਾੜੀ ਰਾਜਾਂ ਨੂੰ ਕਰਨਾ ਪੈ ਰਿਹਾ ਹੈ। ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚ ਬਰਸਾਤ ਦੇ ਕੁਝ ਜ਼ਿਆਦਾ ਹੀ ਮਾੜੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ।
ਇਨ੍ਹਾਂ ਰਾਜਾਂ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਬਹੁਤ ਵੱਧ ਹੋ ਰਹੀਆਂ ਹਨ ਜੋ ਗੰਭੀਰ ਚਿੰਤਾ ਦਾ ਕਾਰਨ ਹਨ ਪਰ ਇਹ ਮੰਨਣ ਦੇ ਕਾਫ਼ੀ ਕਾਰਨ ਹਨ ਕਿ ਸੰਭਲਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਦਾ ਇਕ ਸਬੂਤ ਇਹ ਹੈ ਕਿ ਉਨ੍ਹਾਂ ਕਾਰਨਾਂ ਕਾਰਨ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਅਜਿਹੇ ਜਿਨ੍ਹਾਂ ਕਾਰਨਾਂ ਦਾ ਪਤਾ ਹੈ, ਉਨ੍ਹਾਂ ਦਾ ਨਿਵਾਰਨ ਕੀਤਾ ਜਾਣਾ ਚਾਹੀਦਾ ਸੀ।
ਸਮਝਣਾ ਔਖਾ ਹੈ ਕਿ ਪਹਾੜਾਂ ਨਾਲ ਬੇਲੋੜੀ ਛੇੜਛਾੜ ਤੇ ਪਹਾੜੀ ਨਦੀਆਂ ਦੇ ਕਿਨਾਰੇ ਅੰਨ੍ਹੇਵਾਹ ਨਿਰਮਾਣ ਕਾਰਜ ਕਰਨ ਤੋਂ ਕਿਉਂ ਨਹੀਂ ਬਚਿਆ ਜਾ ਰਿਹਾ ਹੈ? ਆਖ਼ਰ ਇਸ ਤੱਥ ਦੀ ਕਿਉਂ ਅਣਦੇਖੀ ਕੀਤੀ ਜਾ ਰਹੀ ਹੈ ਕਿ ਜੇ ਨਦੀਆਂ ਦੇ ਸੁਭਾਵਕ ਮਾਰਗਾਂ ਵਿਚ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਜਾਣਗੀਆਂ ਤਾਂ ਉਹ ਤਬਾਹੀ ਦਾ ਕਾਰਨ ਬਣਨਗੀਆਂ? ਪਹਾੜੀ ਸੂਬਿਆਂ ਨੂੰ ਇਸ ਤੋਂ ਵੀ ਫ਼ਿਕਰਮੰਦ ਹੋਣਾ ਚਾਹੀਦਾ ਹੈ ਕਿ ਆਖ਼ਰ ਹੁਣ ਬੱਦਲ ਫਟਣ ਦੀਆਂ ਇੰਨੀਆਂ ਜ਼ਿਆਦਾ ਘਟਨਾਵਾਂ ਕਿਉਂ ਹੋ ਰਹੀਆਂ ਹਨ? ਇਸ ਵਾਰ ਬਾਰਿਸ਼ ਪਰਬਤੀ ਸੂਬਿਆਂ ਦੇ ਨਾਲ-ਨਾਲ ਮੈਦਾਨੀ ਰਾਜਾਂ ਵਿਚ ਵੀ ਕਹਿਰ ਢਾਹ ਰਹੀ ਹੈ। ਇਸ ਦਾ ਕਾਰਨ ਸਿਰਫ਼ ਜ਼ਰੂਰਤ ਤੋਂ ਵੱਧ ਬਾਰਿਸ਼ ਹੋਣਾ ਹੀ ਨਹੀਂ ਹੈ।
ਇਸ ਦਾ ਇਕ ਕਾਰਨ ਕਮਜ਼ੋਰ ਬੁਨਿਆਦੀ ਢਾਂਚੇ ਦਾ ਨਿਰਮਾਣ ਅਤੇ ਜਲ ਨਿਕਾਸੀ ਦੇ ਢੁੱਕਵੇਂ ਉਪਾਅ ਨਾ ਕੀਤੇ ਜਾਣੇ ਵੀ ਹਨ। ਇਹੀ ਵਜ੍ਹਾ ਹੈ ਕਿ ਨਵੀਆਂ ਬਣੀਆਂ ਸੜਕਾਂ ਅਤੇ ਇੱਥੋਂ ਤੱਕ ਕਿ ਐਕਸਪ੍ਰੈੱਸਵੇ ਅਤੇ ਹਾਈਵੇ ਤੱਕ ’ਤੇ ਜਾਮ ਲੱਗ ਰਹੇ ਹਨ। ਸ਼ਹਿਰਾਂ ਦੇ ਅੰਦਰ ਦੀਆਂ ਸੜਕਾਂ ਵੀ ਪਾਣੀ ਜਮ੍ਹਾ ਹੋਣ ਅਤੇ ਜਾਮ ਨਾਲ ਜੂਝ ਰਹੀਆਂ ਹਨ। ਹਾਲਾਤ ਇਹ ਹਨ ਕਿ ਮਹਾਨਗਰਾਂ ਦੀਆਂ ਸੜਕਾਂ ’ਤੇ ਵੀ ਜਲ-ਨਿਕਾਸੀ ਦੇ ਢੁੱਕਵੇਂ ਉਪਾਅ ਨਹੀਂ ਦਿਸ ਰਹੇ ਹਨ।
ਯਕੀਨੀ ਤੌਰ ’ਤੇ ਜੇ ਕਿਤੇ ਵੀ ਜ਼ਿਆਦਾ ਬਾਰਿਸ਼ ਹੋਵੇਗੀ ਤਾਂ ਉਸ ਨਾਲ ਕੁਝ ਨਾ ਕੁਝ ਸਮੱਸਿਆਵਾਂ ਉਪਜਣਗੀਆਂ ਹੀ ਪਰ ਇਨ੍ਹਾਂ ਸਮੱਸਿਆਵਾਂ ’ਤੇ ਇਕ ਵੱਡੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਇਹ ਉਦੋਂ ਹੀ ਸੰਭਵ ਹੈ ਜਦ ਬੁਨਿਆਦੀ ਢਾਂਚੇ ਦਾ ਨਿਰਮਾਣ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਵੇ ਅਤੇ ਜਲ ਨਿਕਾਸੀ ਦੇ ਬਿਹਤਰ ਉਪਾਅ ਕੀਤੇ ਜਾਣ। ਇਹ ਮੰਦਭਾਗਾ ਹੈ ਕਿ ਬਿਹਤਰ ਉਪਾਵਾਂ ਦੀਆਂ ਗੱਲਾਂ ਤਾਂ ਖ਼ੂਬ ਹੁੰਦੀਆਂ ਹਨ ਪਰ ਉਨ੍ਹਾਂ ਦੇ ਅਨੁਰੂਪ ਕੁਝ ਠੋਸ ਹੁੰਦਾ ਹੋਇਆ ਨਹੀਂ ਦਿਸਦਾ। ਇਹੀ ਸਥਿਤੀ ਜਲਵਾਯੂ ਪਰਿਵਰਤਨ ਦੇ ਮਾੜੇ ਨਤੀਜਿਆਂ ਨੂੰ ਵਧਾਉਣ ਵਾਲੇ ਕਾਰਨਾਂ ਦਾ ਨਿਵਾਰਨ ਕਰਨ ਦੇ ਉਪਾਵਾਂ ਦੇ ਮਾਮਲੇ ਵਿਚ ਵੀ ਹੈ। ਇਕ ਵੱਡੀ ਤ੍ਰਾਸਦੀ ਇਹ ਹੈ ਕਿ ਮੌਨਸੂਨ ਵਿਦਾ ਹੁੰਦੇ ਹੀ ਇਹ ਸਭ ਕੁਝ ਭੁੱਲ-ਭੁਲਾ ਦਿੱਤਾ ਜਾਵੇਗਾ ਕਿ ਦੇਸ਼ ਦੇ ਲੋਕਾਂ ਨੂੰ ਅੱਤ ਦੀ ਬਾਰਿਸ਼, ਹੜ੍ਹਾਂ, ਪਾਣੀ ਜਮ੍ਹਾ ਹੋਣ ਆਦਿ ਕਾਰਨ ਕਿਸ ਤਰ੍ਹਾਂ ਦੀਆਂ ਛੋਟੀਆਂ-ਵੱਡੀਆਂ ਮੁਸੀਬਤਾਂ ਨਾਲ ਜੂਝਣਾ ਪਿਆ?