ਵਿਧਾਨ ਸਭਾ ਦੇ ਕਰਮਚਾਰੀਆਂ, ਸੁਰੱਖਿਆ ਅਮਲੇ ਅਤੇ ਵਿਧਾਇਕਾਂ ਨੂੰ ਵੇਤਨ ਤੇ ਟੀਏ, ਡੀਏ ’ਤੇ ਮੋਟੀ ਰਕਮ ਖ਼ਰਚ ਕੀਤੀ ਜਾਂਦੀ ਹੈ ਤੇ ਹੋਰ ਖ਼ਰਚੇ ਵੀ ਸ਼ਾਮਲ ਹੁੰਦੇ ਹਨ। ਇਹ ਉਹ ਪੈਸਾ ਹੈ ਜੋ ਲੋਕ ਟੈਕਸ ਦੇ ਰੂਪ ’ਚ ਸਰਕਾਰੀ ਖ਼ਜ਼ਾਨੇ ’ਚ ਪਾਉਂਦੇ ਹਨ। ਅਜਿਹੇ ’ਚ ਜੇ ਇਜਲਾਸ ਸਿਰਫ਼ ‘ਦੂਸ਼ਣਬਾਜ਼ੀ’ ਜਾਂ ਬੇਸਿਰ-ਪੈਰ ਦੀਆਂ ਟਿੱਪਣੀਆਂ ’ਤੇ ਲੰਘ ਜਾਵੇ ਤਾਂ ਇਸ ਦਾ ਕੋਈ ਮਤਲਬ ਨਹੀਂ ਨਿਕਲਦਾ।

ਲੋਕ ਸਭਾ-ਰਾਜ ਸਭਾ ਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਦੀਆਂ ਵੱਖ-ਵੱਖ ਮੁੱਦਿਆਂ ’ਤੇ ਤਲਖ਼ੀਆਂ ਆਮ ਗੱਲ ਹੈ। ਅਕਸਰ ਕੁਝ ਮੈਂਬਰ ਇਕ-ਦੂਜੇ ’ਤੇ ਤਿੱਖੇ ਤਨਜ਼ ਕੱਸਦੇ ਹਨ ਤੇ ਬਹੁਤੇ ਮਾਮਲਿਆਂ ’ਚ ਗੁੱਸਾ ਇਕ-ਦੂਜੇ ’ਤੇ ਨਿੱਜੀ ਟਿੱਪਣੀਆਂ ’ਚ ਬਦਲ ਜਾਂਦਾ ਹੈ। ਪੰਜਾਬ ਵਿਧਾਨ ਸਭਾ ’ਚ ਵੀ ਦੋ ਦਿਨਾਂ ਤੋਂ ਹੁਕਮਰਾਨ ਤੇ ਵਿਰੋਧੀ ਧਿਰ ਦੇ ਵਿਧਾਇਕ ਇਕ-ਦੂਜੇ ਖ਼ਿਲਾਫ਼ ਗੰਭੀਰ ਟਿੱਪਣੀਆਂ ਕਰ ਰਹੇ ਹਨ। ਸਾਰੇ ਹੀ ਮੈਂਬਰ ਆਪਣੇ ਸੰਬੋਧਨ ਦੌਰਾਨ ਵਿਧਾਨ ਸਭਾ ਜਾਂ ਲੋਕ ਸਭਾ ਨੂੰ ‘ਪਵਿੱਤਰ ਸਦਨ’ ਦੇ ਨਾਂ ਨਾਲ ਸੰਬੋਧਨ ਕਰਦੇ ਹਨ।ਇਨ੍ਹਾਂ ਮੈਂਬਰਾਂ ਦੀ ਹਰੇਕ ਗੱਲ ਜਨਤਾ ਨੂੰ ਸਿੱਧੇ-ਅਸਿੱਧੇ ਤੌਰ ’ਤੇ ਪ੍ਰਭਾਵਿਤ ਕਰਦੀ ਹੈ। ਸੰਵਿਧਾਨਕ ਅਹੁਦਿਆਂ ’ਤੇ ਬਿਰਾਜਮਾਨ ਇਨ੍ਹਾਂ ਆਗੂਆਂ ਨੂੰ ਨੌਜਵਾਨ ਆਪਣਾ ‘ਹੀਰੋ’ ਮੰਨਦੇ ਹਨ ਪਰ ਜਦੋਂ ਕੁਝ ਮੌਕਿਆਂ ’ਤੇ ਇਨ੍ਹਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਸ਼ਬਦਾਂ ਦੀ ਹੱਦਬੰਦੀ ਲੰਘਦੀਆਂ ਹਨ ਤਾਂ ਇਹ ਦੇਖ ਕੇ ਮਨ ਦੁਖੀ ਹੁੰਦਾ ਹੈ।
ਹਰੇਕ ਵਿਧਾਨ ਸਭਾ ’ਚ ਮੈਂਬਰਾਂ ਦੀ ਗਿਣਤੀ ਵੱਖ-ਵੱਖ ਹੈ। ਮੁੱਦਿਆਂ ’ਤੇ ਇਕ-ਦੂਜੇ ਦੀ ਨਿਖੇਧੀ ਤੇ ਸਵਾਲ-ਜਵਾਬ ਕਰਨੇ ਹਰੇਕ ਮੈਂਬਰ ਦਾ ਹੱਕ ਹੈ ਪਰ ਇਸ ਦੀ ਵੀ ਇਕ ਹੱਦਬੰਦੀ ਹੈ। ਵਿਧਾਨ ਸਭਾ ਦੇ ਇਜਲਾਸ ’ਤੇ ਭਾਰੀ ਖ਼ਰਚਾ ਹੁੰਦਾ ਹੈ ਤੇ ਹੋਰ ਪ੍ਰਬੰਧ ਵੱਡੇ ਪੱਧਰ ’ਤੇ ਕੀਤੇ ਜਾਂਦੇ ਹਨ। ਵਿਰੋਧੀ ਤੇ ਸੱਤਾ ਧਿਰ ਦੇ ਮੈਂਬਰਾਂ ਨੂੰ ਇਸ ਸਭ ਨੂੰ ਸਾਹਮਣੇ ਰੱਖਦੇ ਹੋਏ ਸਦਨ ਵਿਚ ਸੁਖਾਵੇਂ ਮਾਹੌਲ ਵਿਚ ਲੋਕ ਹਿੱਤ ਦੇ ਮੁੱਦਿਆਂ ’ਤੇ ਸੰਜੀਦਗੀ ਨਾਲ ਸਾਰਥਕ ਚਰਚਾ ਕਰਨੀ ਚਾਹੀਦੀ ਹੈ। ਵਿਧਾਨ ਸਭਾ ਦੇ ਕਰਮਚਾਰੀਆਂ, ਸੁਰੱਖਿਆ ਅਮਲੇ ਅਤੇ ਵਿਧਾਇਕਾਂ ਨੂੰ ਵੇਤਨ ਤੇ ਟੀਏ, ਡੀਏ ’ਤੇ ਮੋਟੀ ਰਕਮ ਖ਼ਰਚ ਕੀਤੀ ਜਾਂਦੀ ਹੈ ਤੇ ਹੋਰ ਖ਼ਰਚੇ ਵੀ ਸ਼ਾਮਲ ਹੁੰਦੇ ਹਨ। ਇਹ ਉਹ ਪੈਸਾ ਹੈ ਜੋ ਲੋਕ ਟੈਕਸ ਦੇ ਰੂਪ ’ਚ ਸਰਕਾਰੀ ਖ਼ਜ਼ਾਨੇ ’ਚ ਪਾਉਂਦੇ ਹਨ। ਅਜਿਹੇ ’ਚ ਜੇ ਇਜਲਾਸ ਸਿਰਫ਼ ‘ਦੂਸ਼ਣਬਾਜ਼ੀ’ ਜਾਂ ਬੇਸਿਰ-ਪੈਰ ਦੀਆਂ ਟਿੱਪਣੀਆਂ ’ਤੇ ਲੰਘ ਜਾਵੇ ਤਾਂ ਇਸ ਦਾ ਕੋਈ ਮਤਲਬ ਨਹੀਂ ਨਿਕਲਦਾ।
ਵਿਧਾਇਕਾਂ ਵੱਲੋਂ ਇਕ-ਦੂਜੇ ’ਤੇ ਟਿੱਪਣੀਆਂ ਕਰਦਿਆਂ ਸ਼ਬਦਾਂ ਦੀ ਚੋਣ ਬਹੁਤ ਮਾਅਨੇ ਰੱਖਦੀ ਹੈ। ਇਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ ਕਿ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕ ਮੁੱਦਿਆਂ ਦੀ ਲੜਾਈ ਨੂੰ ਗਲੀ-ਮੁਹੱਲੇ ਦੇ ਝਗੜਿਆਂ ਦਾ ਰੂਪ ਦੇਣ ਲੱਗਣ। ਵਿਰੋਧ ਕਰਨ ਦਾ ਵੀ ਤਰੀਕਾ ਹੁੰਦਾ ਹੈ। ਬਹੁਤ ਸਾਰੇ ਨੌਜਵਾਨ ਸਿਆਸਤ ’ਚ ਆਪਣਾ ਚੰਗਾ ਭਵਿੱਖ ਦੇਖਦੇ ਹਨ। ਉਹ ਆਪਣੇ ਪਸੰਦੀਦਾ ਆਗੂਆਂ ਦੀ ਬੋਲਬਾਣੀ ਤੇ ਵਿਹਾਰਾਂ ਤੋਂ ਬਹੁਤ ਕੁਝ ਸਿੱਖਦੇ ਹਨ। ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਨੂੰ ਵੀ ਸਦਨ ਅੰਦਲੀਆਂ ਖ਼ਬਰਾਂ ਤੇ ਸਿਆਸੀ ਆਗੂਆਂ ਦੇ ਬਿਆਨਾਂ ਨੂੰ ਮਸਾਲਾ ਲਾ ਕੇ ਪੇਸ਼ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਰੀਆਂ ਧਿਰਾਂ ਦੇ ਨੁਮਾਇੰਦਿਆਂ ਨੂੰ ਵਿਧਾਨ ਸਭਾ ਦੇ ਸਨਮਾਨ, ਗੱਲ ਰੱਖਣ ਦੀ ਪਾਰਦਰਸ਼ਤਾ ਅਤੇ ਇਕ-ਦੂਜੇ ਦੇ ਮਾਣ-ਸਤਿਕਾਰ ਦਾ ਉਚੇਚਾ ਖ਼ਿਆਲ ਰੱਖਣਾ ਚਾਹੀਦਾ ਹੈ।
-ਜਗਜੀਵਨ ਮੀਤ, ਜਲੰਧਰ।
-ਮੋਬਾਈਲ : 91157-10139