ਇਕ ਪਾਸੇ ਕੇਂਦਰੀ ਸਿੱਖਿਆ ਮੰਤਰਾਲਾ ਸਕੂਲਾਂ ’ਚ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਲਈ ਸੂਬਿਆਂ ਨੂੰ ਹਦਾਇਤਾਂ ਜਾਰੀ ਕਰਦਾ ਹੈ, ਦੂਜੇ ਪਾਸੇ ਸਕੂਲਾਂ ’ਚ ਅਧਿਆਪਕਾਂ ਦੀ ਬੇਢੰਗੀ ਤਾਇਨਾਤੀ ’ਚ ਅਜਿਹੀ ਲਾਪਰਵਾਹੀ ‘ਸਿੱਖਿਆ ਦੀ ਗੁਣਵੱਤਾ’ ਨੂੰ ਖ਼ੋਰਾ ਲਗਾ ਰਹੀ ਹੈ।

ਦੇਸ਼ ਦਾ ਸਿੱਖਿਆ ਪ੍ਰਬੰਧ ਇਕ ਵਾਰ ਫਿਰ ਸਵਾਲਾਂ ’ਚ ਘਿਰ ਗਿਆ ਹੈ। ਸਿੱਖਿਆ ਮੰਤਰਾਲੇ ਨੇ ਸੂਬਿਆਂ ਦੇ ਸਕੂਲਾਂ ’ਚ ਅਧਿਆਪਕਾਂ ਦੀ ਬੇਤਰਤੀਬ ਤਾਇਨਾਤੀ ’ਤੇ ਚਿੰਤਾ ਜ਼ਾਹਰ ਕੀਤੀ ਹੈ। ਮੰਤਰਾਲੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ ਦੇਸ਼ ’ਚ ਅੱਠ ਹਜ਼ਾਰ ਦੇ ਕਰੀਬ ਅਜਿਹੇ ਸਕੂਲ ਹਨ, ਜਿੱਥੇ ਇਕ ਵੀ ਵਿਦਿਆਰਥੀ ਨਹੀਂ ਹੈ ਤੇ ਇਨ੍ਹਾਂ ਸਕੂਲਾਂ ’ਚ 20 ਹਜ਼ਾਰ ਤੋਂ ਵੱਧ ਅਧਿਆਪਕ ਸੇਵਾ ਨਿਭਾ ਰਹੇ ਹਨ।
ਰਿਪੋਰਟ ਮੁਤਾਬਕ ਅਜਿਹੇ ਸਕੂਲਾਂ ’ਚ ਔਸਤਨ ਢਾਈ ਅਧਿਆਪਕ ਹਨ, ਜਿਹੜੇ ਬੈਠੇ-ਬਿਠਾਏ ਹੀ ਤਨਖ਼ਾਹ ਲੈ ਰਹੇ ਹਨ। ਇਸ ਤੋਂ ਇਲਾਵਾ ਦੇਸ਼ ’ਚ ਇਕ ਲੱਖ ਤੋਂ ਵੱਧ ਅਜਿਹੇ ਸਕੂਲ ਹਨ ਜਿਨ੍ਹਾਂ ’ਚ ਸਿਰਫ਼ ਇਕ ਅਧਿਆਪਕ ਹੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਇਨ੍ਹਾਂ ’ਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 33 ਲੱਖ ਤੋਂ ਵੱਧ ਹੈ। ਸਿੱਖਿਆ ਮੰਤਰਾਲੇ ਨੇ ਉਸ ਵੇਲੇ ਇਹ ਬੇਨਿਯਮੀਆਂ ਦੀ ਰਿਪੋਰਟ ਪੇਸ਼ ਕੀਤੀ ਹੈ ਜਦੋਂ ਉਹ ਸਾਰੇ ਸੂਬਿਆਂ ’ਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਅਮਲ ’ਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ।
ਇਕ ਪਾਸੇ ਕੇਂਦਰੀ ਸਿੱਖਿਆ ਮੰਤਰਾਲਾ ਸਕੂਲਾਂ ’ਚ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਲਈ ਸੂਬਿਆਂ ਨੂੰ ਹਦਾਇਤਾਂ ਜਾਰੀ ਕਰਦਾ ਹੈ, ਦੂਜੇ ਪਾਸੇ ਸਕੂਲਾਂ ’ਚ ਅਧਿਆਪਕਾਂ ਦੀ ਬੇਢੰਗੀ ਤਾਇਨਾਤੀ ’ਚ ਅਜਿਹੀ ਲਾਪਰਵਾਹੀ ‘ਸਿੱਖਿਆ ਦੀ ਗੁਣਵੱਤਾ’ ਨੂੰ ਖ਼ੋਰਾ ਲਗਾ ਰਹੀ ਹੈ। ਕਿਤੇ ਵਿਦਿਆਰਥੀ ਅਧਿਆਪਕਾਂ ਦਾ ਰਸਤਾ ਵੇਖ ਰਹੇ ਹਨ ਤੇ ਕਿਤੇ ਅਧਿਆਪਕਾਂ ਨੂੰ ਬਿਨਾਂ ਬੱਚਿਆਂ ਵਾਲੇ ਸਕੂਲਾਂ ’ਚ ਕੰਧਾਂ ਵੇਖਣੀਆਂ ਪੈ ਰਹੀਆਂ ਹਨ। ਇਨ੍ਹਾਂ ਦੋਵਾਂ ਗੱਲਾਂ ਦਾ ਮਾੜਾ ਅਸਰ ਕੇਂਦਰ ਅਤੇ ਸੂਬਿਆਂ ਦੇ ਖ਼ਜ਼ਾਨੇ ’ਤੇ ਪੈ ਰਿਹਾ ਹੈ।
ਸਿੱਖਿਆ ਮੰਤਰਾਲੇ ਦੇ ਨਿਯਮਾਂ ਮੁਤਾਬਕ ਹਰੇਕ 30 ਵਿਦਿਆਰਥੀਆਂ ਮਗਰ ਇਕ ਅਧਿਆਪਕ ਦਾ ਹੋਣਾ ਲਾਜ਼ਮੀ ਹੈ। ਮੰਤਰਾਲੇ ਦੀ 2024-25 ਦੀ ਇਸ ਰਿਪੋਰਟ ’ਚ ਜ਼ੀਰੋ ਦਾਖ਼ਲੇ ਵਾਲੇ ਸਕੂਲਾਂ ਦੀ ਗਿਣਤੀ ’ਚ ਪਿਛਲੇ ਸਾਲ ਦੇ ਮੁਕਾਬਲੇ ਸੁਧਾਰ ਹੋਣ ਦਾ ਜ਼ਿਕਰ ਹੈ। ਇਹ ਸਕੂਲ ਪੱਛਮੀ ਬੰਗਾਲ, ਤੇਲੰਗਾਨਾ, ਮੱਧ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਝਾਰਖੰਡ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਸਥਿਤ ਹਨ। ਇਹ ਅਜਿਹੇ ਸਕੂਲ ਸਨ, ਜਿੱਥੇ ਇਕ ਵੀ ਵਿਦਿਆਰਥੀ ਨਹੀਂ ਪਰ ਅਧਿਆਪਕ ਜ਼ਰੂਰ 20,817 ਤਾਇਨਾਤ ਹਨ। ਪੰਜਾਬ ਸਰਕਾਰ ਵੀ ਲਗਾਤਾਰ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ।
ਇਸ ਨੂੰ ਲੈ ਕੇ ਦਾਖ਼ਲਾ ਮੁਹਿੰਮ ਚਲਾਈ ਗਈ ਤੇ ‘ਸਿੱਖਿਆ ਕ੍ਰਾਂਤੀ’ ਦੇ ਨਾਂ ਹੇਠ ਕਈ ਵੱਡੇ ਕੰਮ ਕਰਨ ਦਾ ਦਾਅਵਾ ਕੀਤਾ ਗਿਆ। ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਸਰਕਾਰੀ ਸਕੂਲਾਂ ’ਚ ਜ਼ਿਆਦਾਤਰ ਅਧਿਆਪਕ ਤਾਇਨਾਤੀ ਤੋਂ ਕੰਨੀ ਕਤਰਾਉਂਦੇ ਹਨ। ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਜੇ ਕੋਈ ਅਧਿਆਪਕ ਤਾਇਨਾਤੀ ਲੈ ਵੀ ਲੈਂਦਾ ਹੈ ਤਾਂ ਉਸ ਨੇ ਅੱਗੇ ਹੋਰ ਅਧਿਆਪਕ ਰੱਖਿਆ ਹੈ ਜਿਸ ਨੂੰ ਉਹ ਆਪਣੇ ਪੱਲਿਓਂ ਤਨਖ਼ਾਹ ਦਿੰਦਾ ਹੈ।
ਅਧਿਆਪਨ ਕਿੱਤੇ ਨਾਲ ਜੁੜੇ ਟੈਸਟ ਪਾਸ ਕਰਨ ਮਗਰੋਂ ਸਾਰੇ ਨੌਕਰੀ ਤਾਂ ਸਰਕਾਰੀ ਚਾਹੁੰਦੇ ਹਨ ਪਰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਪੜ੍ਹਾਉਣ ਨੂੰ ਤਰਜੀਹ ਦਿੰਦੇ ਹਨ। ਕੱਚੇ ਅਧਿਆਪਕਾਂ ਵੱਲੋਂ ਪੱਕੇ ਹੋਣ ਤੇ ਪੱਕਿਆਂ ਵੱਲੋਂ ਤਨਖ਼ਾਹਾਂ ’ਚ ਵਾਧੇ ਨੂੰ ਲੈ ਕੇ ਰੋਜ਼ਾਨਾ ਕੀਤੇ ਜਾਂਦੇ ਧਰਨੇ-ਪ੍ਰਦਰਸ਼ਨ ਵੀ ਸਿੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹਨ। ਸਕੂਲਾਂ ’ਚ ਸੁਧਾਰਾਂ ਲਈ ਅਧਿਆਪਕਾਂ ਦੇ ਵਿਦੇਸ਼ ਟੂਰ ਵੀ ਲਗਾਏ ਜਾਂਦੇ ਹਨ ਪਰ ਜ਼ਮੀਨੀ ਪੱਧਰ ’ਤੇ ਹਕੀਕਤ ਕੁਝ ਹੋਰ ਹੈ। ਸਰਕਾਰ ਨੂੰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੰਜੀਦਗੀ ਦਿਖਾਉਣੀ ਚਾਹੀਦੀ ਹੈ।