ਇਸ ਦੇ ਬਾਵਜੂਦ ਵਾਈਸ-ਚਾਂਸਲਰ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਹਿੱਤ ਬਜਟ ਵਿਚ ਵੱਡਾ ਵਾਧਾ ਕਰਦਿਆਂ 16 ਕਰੋੜ ਰੁਪਏ ਤੋਂ 20 ਕਰੋੜ ਸਾਲਾਨਾ ਕਰਨ ਦਾ ਸਾਰਥਕ ਕਦਮ ਪੁੱਟਿਆ ਗਿਆ ਹੈ। ਇਨ੍ਹਾਂ ਆਰਥਿਕ ਸੰਕਟਾਂ ਦੇ ਬਾਵਜੂਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਿਰੰਤਰ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਪ੍ਰਾਂਤਕ ਪੱਧਰ ਦੀਆਂ ਕਾਨਫ਼ਰੰਸਾਂ, ਸੈਮੀਨਾਰ, ਵਰਕਸ਼ਾਪਾਂ, ਸਾਹਿਤ-ਉਤਸਵ ਅਤੇ ਸੱਭਿਆਚਾਰਕ ਮੇਲਿਆਂ ਦਾ ਆਯੋਜਨ ਨਿਰੰਤਰ ਜਾਰੀ ਹੈ ਜਿਸ ਨਾਲ ਅਕਾਦਮਿਕ ਖੋਜ ਖੇਤਰ ਦੀਆਂ ਨਵੀਨ ਸੰਭਾਵਨਾਵਾਂ ਉਜਾਗਰ ਹੋ ਰਹੀਆਂ ਹਨ।
ਮਾਂ ਬੋਲੀ, ਭਾਸ਼ਾ, ਸਿੱਖਿਆ, ਸਾਹਿਤ ਅਤੇ ਸਥਾਨਕ ਸੱਭਿਆਚਾਰਕ ਪੂੰਜੀ ਨੂੰ ਬਚਾਉਣ ਦਾ ਇਕ ਖ਼ੂਬਸੂਰਤ ਉਪਰਾਲਾ 30 ਅਪ੍ਰੈਲ 1962 ਨੂੰ ਸਾਹਮਣੇ ਆਇਆ। ਇਹ ਉਪਰਾਲਾ ਸੀ, 1961 ਦੇ ਪੰਜਾਬ ਐਕਟ ਨੰਬਰ 35 ਤਹਿਤ, ਪਟਿਆਲਾ-ਰਾਜਪੁਰਾ ਰੋਡ ’ਤੇ ਪਟਿਆਲਾ ਸ਼ਹਿਰ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਕਰਨਾ। ਹਾਲਾਂਕਿ ਕੁਝ ਰਾਜਨੀਤਕ ਪੈਂਤੜੇਬਾਜ਼ੀਆਂ ਅਤੇ ਸਾਜ਼ਿਸ਼ ਤਹਿਤ ਇਸ ਉੱਚ ਅਕਾਦਮਿਕ ਅਦਾਰੇ ਨੂੰ ਪਹਿਲਾਂ ਕਿਧਰੇ ਹੋਰ ਸਥਾਪਤ ਕਰਨ ਦੀ ਯੋਜਨਾ ਵੀ ਚਲਾਈ ਗਈ ਸੀ ਪਰੰਤੂ 5 ਅਗਸਤ,1960 ਨੂੰ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਬਣੇ ਕਮਿਸ਼ਨ ਦੇ ਚੇਅਰਮੈਨ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਅਤੇ ਕੁਝ ਹੋਰ ਪੰਜਾਬੀ ਹਿਤੈਸ਼ੀਆਂ ਦੀ ਰਿਪੋਰਟ ਦੇ ਆਧਾਰ ’ਤੇ ਵਿਰੋਧੀਆਂ ਦੀ ਗੁੱਥੀ ਨੂੰ ਉਲਝਣ ਨਾ ਦਿੱਤਾ ਗਿਆ। ਅੰਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿਤੈਸ਼ੀ ਤਤਕਾਲੀਨ ਮੁੱਖ ਮੰਤਰੀ, ਪੰਜਾਬ ਸ. ਪ੍ਰਤਾਪ ਸਿੰਘ ਕੈਰੋਂ ਵੱਲੋਂ ਇਹ ਯੂਨੀਵਰਸਿਟੀ ਪਟਿਆਲਾ ਵਿਖੇ ਹੀ ਸਥਾਪਿਤ ਕਰਨ ਦਾ ਭਰਪੂਰ ਸਮਰਥਨ ਕੀਤਾ ਗਿਆ।
ਇਸ ਯੂਨੀਵਰਸਿਟੀ ਦਾ ਉਦਘਾਟਨੀ ਸਮਾਰੋਹ ਪਟਿਆਲਾ ਦੀ ਬਾਰਾਂਦਰੀ ਨਾਲ ਲੱਗਦੀ ਜਿਮਖਾਨਾ ਗਰਾਊਂਡ ਵਿਚ ਹੋਇਆ ਜਿਸ ਦੀ ਪ੍ਰਧਾਨਗੀ ਕਰਨ ਲਈ ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਪਧਾਰੇ ਸਨ। ਉਪਰੰਤ ਬਾਕਾਇਦਗੀ ਨਾਲ ਇਹ ਯੂਨੀਵਰਸਿਟੀ ਬਾਰਾਂਦਰੀ ਵਿਚਲੇ ਪੈਲੇਸ (ਰਾਜਿੰਦਰਾ ਕੋਠੀ) ਵਿਚ ਆਪਣਾ ਕਾਰਜ ਕਰਨ ਲੱਗੀ। ਇਉਂ ਝੱਖੜਾਂ, ਤੂਫ਼ਾਨਾਂ ਤੇ ਮੁਸੀਬਤਾਂ ਦੀਆਂ ਦੁਸ਼ਵਾਰ ਘਾਟੀਆਂ ਪਾਰ ਕੇ ਇਹ ਯੂਨੀਵਰਸਿਟੀ ਆਪਣੇ ਮੌਜੂਦਾ ਸਥਾਨ ’ਤੇ ਤਬਦੀਲ ਹੋ ਗਈ। ਇਸ ਨਾਲ ਪੰਜਾਬ ਦੇ ਪੱਛੜੇ ਹੋਏ ਮਲਵਈ ਜ਼ਿਲ੍ਹਿਆਂ ਦੇ ਸੈਂਕੜੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਤਮੰਨਾ ਦੇ ਬੂਟੇ ਨੂੰ ਬੂਰ ਪੈਣ ਲੱਗ ਪਿਆ।
ਮਾਤ-ਭਾਸ਼ਾ ਦੇ ਨਾਂ ’ਤੇ ਸਥਾਪਿਤ ਵਿਸ਼ਵ ਦੀ ਇਸ ਦੂਜੀ ਯੂਨੀਵਰਸਿਟੀ, ਦੇ ਬਾਨੀ ਵਾਈਸ ਚਾਂਸਲਰ ਡਾ. ਭਾਈ ਜੋਧ ਸਿੰਘ ਦੀ ਸੁਚੱਜੀ ਸਰਪ੍ਰਸਤੀ ਹੇਠ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਸਿੱਖਿਆ ਅਤੇ ਪ੍ਰੀਖਿਆ ਦਾ ਮਾਧਿਅਮ ਬਣਾਇਆ ਗਿਆ ਜੋ 1970 ਦੌਰਾਨ ਪ੍ਰੀ-ਯੂਨੀਵਰਸਿਟੀ ਦੇ ਮੁੱਢਲੇ ਦਾਖ਼ਲੇ ਸਮੇਂ ਤੋਂ ਹੀ ਚਾਲੂ ਕੀਤਾ ਗਿਆ ਸੀ। ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ, ਇਹ ਅਕਾਦਮਿਕ ਅਦਾਰਾ ਬਹੁ-ਫੈਕਲਟੀ ਅਕਾਦਮਿਕ ਅਦਾਰੇ ਦੇ ਤੌਰ ’ਤੇ ਵਿਕਸਤ ਹੁੰਦਾ ਗਿਆ। ਇਸ ਯੂਨੀਵਰਸਿਟੀ ਵਿਚ ਸਾਲ 1973 ਤੱਕ ਬੀਏ, ਬੀਐੱਸਸੀ, ਬੀਐੱਡ, ਬੀਪੀਈ, ਇੰਜੀਨੀਅਰਿੰਗ, ਮੈਡੀਕਲ ਅਤੇ ਕਾਨੂੰਨ ਵਿਭਾਗ ਵਿਚ ਵੀ ਪੰਜਾਬੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦੀ ਤਜਵੀਜ਼ ਨੂੰ ਅਮਲੀ ਰੂਪ ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ ਵਿਚ ਜਿਉਂ-ਜਿਉਂ ਵੱਖ-ਵੱਖ ਮਾਨਵਿਕੀ ਵਿਸ਼ਿਆਂ ਨਾਲ ਸੰਬੰਧਤ ਨਵੇਂ ਦਾਖ਼ਲੇ ਚਾਲੂ ਹੁੰਦੇ ਗਏ, ਤਿਉਂ-ਤਿਉਂ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ, ਅਧਿਆਪਨ, ਗ਼ੈਰ-ਅਧਿਆਪਨ ਅਤੇ ਖੋਜ ਅਮਲੇ ਵਿਚ ਇਜ਼ਾਫ਼ਾ ਹੁੰਦਾ ਗਿਆ। ਪ੍ਰਬੰਧਕੀ ਬਲਾਕਾਂ ਤੋਂ ਇਲਾਵਾ, ਮੇਨ ਲਾਇਬ੍ਰੇਰੀ (ਮੌਜੂਦਾ ਨਾਂ : ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ, ਜਿਸ ਵਿਚ ਲਗਪਗ ਪੰਜ ਲੱਖ ਪੁਸਤਕਾਂ, ਰਸਾਲੇ, ਜਰਨਲ, ਖੋਜ-ਪੱਤਰ, ਹੱਥ ਲਿਖਤਾਂ ਅਤੇ ਪੁਰਾਣੀਆਂ ਅਖ਼ਬਾਰਾਂ ਦੀਆਂ ਜਿਲਦਾਂ ਮੌਜੂਦ ਹਨ) ਤੋਂ ਇਲਾਵਾ ਪ੍ਰਬੰਧਕੀ, ਆਰਟਸ ਅਤੇ ਸਾਇੰਸ ਬਲਾਕਾਂ ਦੀਆਂ ਇਮਾਰਤਾਂ ਨਾਲ ਗੋਲ ਮਾਰਕੀਟ, ਗੈਸਟ ਹਾਊਸ ਅਤੇ ਵਾਰਿਸ ਭਵਨ ਅਤੇ ਵੱਖ-ਵੱਖ ਵਰਗਾਂ ਦੇ ਕਰਮਚਾਰੀਆਂ ਲਈ ਮਕਾਨ ਬਣਵਾਏ ਗਏ, ਜਿਸ ਨਾਲ ਯੂਨੀਵਰਸਿਟੀ ਦੀ ਅਨੋਖੀ ਦਿੱਖ ਨੇ ਦੂਰੋਂ-ਦੂਰੋਂ ਵਿਦਿਆਰਥੀ ਅਤੇ ਵਿਦਵਾਨ-ਵਰਗ ਨੂੰ ਆਪਣੇ ਵੱਲ ਖਿੱਚਣਾ ਆਰੰਭ ਕੀਤਾ।
ਪਿਛਲੇ ਕੁਝ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਆਪਣਾ ਕੋਈ ਰੈਗੂਲਰ ਵਾਈਸ-ਚਾਂਸਲਰ ਨਸੀਬ ਨਾ ਹੋਣ ਕਾਰਨ ਵੀ ਗ਼ੈਰਯਕੀਨੀ ਵਾਲੀ ਸਥਿਤੀ ਬਣੀ ਰਹੀ ਹੈ। ਕਦੇ ਕਿਸੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੂੰ ਤੇ ਕਦੇ ਕਿਸੇ ਆਈਏਐੱਸ ਅਧਿਕਾਰੀ ਜਾਂ ਸਕੱਤਰ ਪੱਧਰ ਦੇ ਕਿਸੇ ਹੋਰ ਅਧਿਕਾਰੀ ਨੂੰ ਦੋ-ਦੋ ਚਾਰ-ਚਾਰ ਮਹੀਨਿਆਂ ਲਈ ਡੰਗ-ਟਪਾਊ ਮੌਕੇ ਦਿੱਤੇ ਗਏ ਪਰੰਤੂ ਵੱਖ-ਵੱਖ ਵਿਭਾਗਾਂ ਦੇ ਉੱਚ ਅਹੁਦਿਆਂ ’ਤੇ ਕਾਰਜਸ਼ੀਲ ਰਹਿ ਚੁੱਕੇ ਉੱਚ-ਤਾਲੀਮਯਾਫ਼ਤਾ ਡਾ. ਜਗਦੀਪ ਸਿੰਘ ਵੱਲੋਂ 21 ਮਈ, 2025 ਨੂੰ ਵਾਈਸ-ਚਾਂਸਲਰ ਦਾ ਅਹੁਦਾ ਸੰਭਾਲਣ ਨਾਲ ਇਸ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਨਿਯਮਤ ਰੂਪ ਵਿਚ ਸਾਹਮਣੇ ਆਉਣ ਲੱਗੀ ਹੈ।ਇੱਥੇ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਕਰੋੜਾਂ ਰੁਪਏ ਦੀਆਂ ਦੇਣਦਾਰੀਆਂ ਅਤੇ ਕਰਜ਼ੇ ਹੇਠ ਸਹਿਕ ਰਹੀ ਇਸ ਯੂਨੀਵਰਸਿਟੀ ਵੱਲੋਂ ਆਪਣੇ ਅਧਿਆਪਨ, ਗ਼ੈਰ-ਅਧਿਆਪਨ ਅਤੇ ਖੋਜ ਅਮਲੇ ਦੇ ਕਰਮਚਾਰੀਆਂ ਦੇ ਨਾਲ-ਨਾਲ ਸੇਵਾਮੁਕਤ ਕਰਮਚਾਰੀਆਂ ਦੇ ਗ੍ਰੈਚੂਇਟੀ, ਲੀਵ ਇਨਕੈਸ਼ਮੈਂਟ, ਫਰਲੋ, ਮਹਿੰਗਾਈ ਭੱਤੇ ਆਦਿ ਦੇ ਬਕਾਇਆਂ ਅਤੇ ਹੋਰ ਭੱਤਿਆਂ ਦੀ ਸਮੇਂ ਸਿਰ ਅਦਾਇਗੀ ਨਾ ਹੋਣਾ ਇਸ ਦੀ ਮਜਬੂਰੀ ਦੀ ਇੰਤਹਾ ਹੈ। ਯੂਨੀਵਰਸਿਟੀ ਦੇ ਸਾਲ 2025-26 ਲਈ ਯੂਨੀਵਰਸਿਟੀ ਦਾ 732 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ ਜਿਸ ਵਿਚ 89 ਕਰੋੜ ਰੁਪਏ ਦਾ ਘਾਟਾ ਦਰਸਾਇਆ ਗਿਆ ਸੀ। ਹੁਣ ਸਾਲ 2026-27 ਦੇ ਸਾਲਾਨਾ ਬਜਟ ਨੂੰ ਪ੍ਰਵਾਨਗੀ ਦਿੰਦੇ ਹੋਏ ਵਿੱਤ ਕਮੇਟੀ ਵੱਲੋਂ 125 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ ਹੈ। ਯੂਨੀਵਰਸਿਟੀ ਨੂੰ 631 ਕਰੋੜ ਰੁਪਏ ਦੀ ਸਾਲਾਨਾ ਆਮਦਨ ਦੀ ਉਮੀਦ ਦੇ ਮੱਦੇਨਜ਼ਰ ਹੋਣ ਵਾਲਾ ਖ਼ਰਚਾ 756 ਕਰੋੜ ਰੁਪਏ ਤੱਕ ਪੁੱਜਣ ਦਾ ਅਨੁਮਾਨ ਹੈ।
ਇਸ ਦੇ ਬਾਵਜੂਦ ਵਾਈਸ-ਚਾਂਸਲਰ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਹਿੱਤ ਬਜਟ ਵਿਚ ਵੱਡਾ ਵਾਧਾ ਕਰਦਿਆਂ 16 ਕਰੋੜ ਰੁਪਏ ਤੋਂ 20 ਕਰੋੜ ਸਾਲਾਨਾ ਕਰਨ ਦਾ ਸਾਰਥਕ ਕਦਮ ਪੁੱਟਿਆ ਗਿਆ ਹੈ। ਇਨ੍ਹਾਂ ਆਰਥਿਕ ਸੰਕਟਾਂ ਦੇ ਬਾਵਜੂਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਿਰੰਤਰ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਪ੍ਰਾਂਤਕ ਪੱਧਰ ਦੀਆਂ ਕਾਨਫ਼ਰੰਸਾਂ, ਸੈਮੀਨਾਰ, ਵਰਕਸ਼ਾਪਾਂ, ਸਾਹਿਤ-ਉਤਸਵ ਅਤੇ ਸੱਭਿਆਚਾਰਕ ਮੇਲਿਆਂ ਦਾ ਆਯੋਜਨ ਨਿਰੰਤਰ ਜਾਰੀ ਹੈ ਜਿਸ ਨਾਲ ਅਕਾਦਮਿਕ ਖੋਜ ਖੇਤਰ ਦੀਆਂ ਨਵੀਨ ਸੰਭਾਵਨਾਵਾਂ ਉਜਾਗਰ ਹੋ ਰਹੀਆਂ ਹਨ। ਇਸ ਸੰਦਰਭ ਵਿਚ 30 ਮਾਰਚ ਤੋਂ 3 ਅਪ੍ਰੈਲ, 2026 ਤੱਕ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪਬਲੀਕੇਸ਼ਨ ਬਿਊਰੋ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ‘12ਵਾਂ ਪੰਜ-ਦਿਨਾ ਸਾਹਿਤ ਉਤਸਵ’ ਜ਼ਿਕਰਯੋਗ ਹੈ ਜਿਸ ਵਿਚ 25 ਤੋਂ ਵੱਧ ਵੱਖ-ਵੱਖ ਬੈਠਕਾਂ ਵਿਚ ਵਿਸ਼ਵ ਦੀਆਂ ਨਾਮੀ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਉੱਤਰ-ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ 111 ਪ੍ਰਕਾਸ਼ਕਾਂ ਅਤੇ ਪੁਸਤਕ-ਵਿਕ੍ਰੇਤਾਵਾਂ ਵੱਲੋਂ ਇਕ ਕਰੋੜ ਰੁਪਏ ਤੋਂ ਵੱਧ ਦੀਆਂ ਪੁਸਤਕਾਂ ਦੀ ਵਿਕਰੀ ਹੋਈ। ਅਜਿਹਾ ਅਮਲ ਤਸਦੀਕ ਕਰਦਾ ਹੈ ਕਿ ਪੁਸਤਕ-ਸੱਭਿਆਚਾਰ ਖ਼ਤਮ ਨਹੀਂ ਹੋ ਰਿਹਾ ਅਤੇ ਪੰਜਾਬੀ ਯੂਨੀਵਰਸਿਟੀ ਜਿਸ ਮਕਸਦ ਲਈ ਸਥਾਪਤ ਹੋਈ ਸੀ, ਉਸ ਉੱਪਰ ਆਪਣੇ ਸੀਮਤ ਵਿੱਤੀ ਸਾਧਨਾਂ ਦੇ ਬਾਵਜੂਦ ਵੀ ਡਟ ਕੇ ਪਹਿਰਾ ਦਿੰਦੀ ਹੋਈ, ਆਪਣੀ ਮੰਜਿਲ ਵੱਲ ਅੱਗੇ ਵਧ ਰਹੀ ਹੈ। ਅੱਜ ਯੂਨੀਵਰਸਿਟੀ ਆਪਣਾ 64ਵਾਂ ਸਥਾਪਨਾ ਦਿਵਸ ਮਨਾਉਂਦੀ ਹੋਈ ਅਜਿਹੀ ਹੀ ਉਮੀਦ ਰੱਖ ਰਹੀ ਹੈ ਤਾਂ ਜੋ ਆਪਣੇ ਮਕਸਦ ਦੀ ਪੂਰਤੀ ਲਈ ਵਿਸ਼ਵ-ਪੱਧਰ ’ਤੇ ਆਪਣਾ ਗੌਰਵ ਬਰਕਰਾਰ ਰੱਖ ਸਕੇ।
ਡਾ. ਦਰਸ਼ਨ ਸਿੰਘ ਆਸ਼ਟ
-ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਜੇਤੂ ਅਤੇ ਸਾਬਕਾ ਅਸਿਸਟੈਂਟ ਰਜਿਸਟਰਾਰ।
-ਮੋਬਾਈਲ : 9814423703।