ਇਸੇ ਤਰ੍ਹਾਂ ਇਕ ਹੋਰ ਮੌਕੇ 'ਤੇ ਹਜ਼ਰਤ ਮੁਹੰਮਦ ਨੇ ਆਪਣੇ ਸਹਾਬੀਆਂ ਨੂੰ ਫਰਮਾਇਆ, ''ਜਿਸ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ ਤੇ ਉਸ ਨੇ ਉਨ੍ਹਾਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਅਤੇ ਉਨ੍ਹਾਂ ਦੀ ਵਧੀਆ ਢੰਗ ਨਾਲ ਪਰਵਰਿਸ਼ ਕਰਦਿਆਂ ਚੰਗੀ ਜਗ੍ਹਾ ਵਿਆਹਿਆ ਤਾਂ ਉਹ ਜੰਨਤ ਵਿਚ ਮੇਰੇ ਨਾਲ ਇਸ ਪ੍ਰਕਾਰ ਹੋਵੇਗਾ...
ਭੰਡਿ ਜੰਮੀਐ, ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ।।
ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
ਇਸਲਾਮ ਧਰਮ ਦੇ ਆਖ਼ਰੀ ਨਬੀ ਹਜ਼ਰਤ ਮੁਹੰਮਦ ਸਾਹਿਬ ਕੋਲ ਇਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ ਜਿਸ ਨੇ ਹਜ਼ਰਤ ਮੁਹੰਮਦ ਨੂੰ ਜਿਊਂਦੇ-ਜੀਅ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਅਤੇ ਉਨ੍ਹਾਂ ਦੁਆਰਾ ਦਿੱਤੀਆਂ ਹਦਾਇਤਾਂ 'ਤੇ ਅਮਲ ਕੀਤਾ ਹੋਵੇ) ਆਇਆ ਤੇ ਆਪ ਨੂੰ ਪੁੱਛਣ ਲੱਗਾ ਕਿ ਮੈਨੂੰ (ਅੱਲਾਹ ਅਤੇ ਰਸੂਲ ਤੋਂ ਬਾਅਦ) ਦੁਨੀਆ ਵਿਚ ਸਭ ਤੋਂ ਵੱਧ ਕਿਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਜਾਂ ਸਭ ਤੋਂ ਵੱਧ ਮੇਰੇ ਹੁਸਨੇ-ਸਲੂਕ ਦਾ ਹੱਕਦਾਰ ਕੌਣ ਹੈ ਤਾਂ ਆਪ ਨੇ ਕਿਹਾ ਕਿ ਤੇਰੀ ਮਾਂ। ਉਸ ਨੇ ਫਿਰ ਪੁੱਛਿਆ ਕਿ ਉਸ ਤੋਂ ਬਾਅਦ ਤਾਂ ਹਜ਼ਰਤ ਸਾਹਿਬ ਨੇ ਫਰਮਾਇਆ 'ਤੇਰੀ ਮਾਂ।' ਉਸ ਨੇ ਤੀਜੀ ਵਾਰ ਪੁੱਛਿਆ ਤਾਂ ਆਪ ਨੇ ਤੀਜੀ ਵਾਰ ਵੀ ਫਰਮਾਇਆ 'ਤੇਰੀ ਮਾਂ।' ਜਦ ਉਸ ਨੇ ਚੌਥੀ ਵਾਰ ਪੁੱਛਿਆ ਕਿ ਉਸ ਤੋਂ ਬਾਅਦ ਤਾਂ ਆਪ ਨੇ ਫਰਮਾਇਆ 'ਤੇਰਾ ਬਾਪ।' ਕਹਿਣ ਦਾ ਭਾਵ ਇਹ ਹੈ ਕਿ ਔਰਤ ਦੀ ਵਿਸ਼ੇਸ਼ ਰੂਪ ਵਿਚ ਜੋ ਕੁਰਬਾਨੀ ਆਪਣੇ ਬੱਚਿਆਂ ਲਈ ਮਾਂ ਦੇ ਰੂਪ ਵਿਚ ਹੁੰਦੀ ਹੈ, ਉਸ ਦਾ ਅਹਿਸਾਨ ਇਨਸਾਨ ਤਾਉਮਰ ਮਾਂ ਦੀ ਖਿਦਮਤ ਕਰਦਾ ਰਹੇ ਤਾਂ ਵੀ ਚੁਕਾ ਨਹੀਂ ਸਕਦਾ।
ਇਸੇ ਤਰ੍ਹਾਂ ਇਕ ਹੋਰ ਮੌਕੇ 'ਤੇ ਹਜ਼ਰਤ ਮੁਹੰਮਦ ਨੇ ਆਪਣੇ ਸਹਾਬੀਆਂ ਨੂੰ ਫਰਮਾਇਆ, ''ਜਿਸ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ ਤੇ ਉਸ ਨੇ ਉਨ੍ਹਾਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਅਤੇ ਉਨ੍ਹਾਂ ਦੀ ਵਧੀਆ ਢੰਗ ਨਾਲ ਪਰਵਰਿਸ਼ ਕਰਦਿਆਂ ਚੰਗੀ ਜਗ੍ਹਾ ਵਿਆਹਿਆ ਤਾਂ ਉਹ ਜੰਨਤ ਵਿਚ ਮੇਰੇ ਨਾਲ ਇਸ ਪ੍ਰਕਾਰ ਹੋਵੇਗਾ ਜਿਵੇਂ ਇਹ ਦੋ ਉਂਗਲਾਂ (ਵਿਕਟਰੀ ਵਾਲੀਆਂ) ਹਨ। ਸਹਾਬੀ ਦਾ ਆਖਣਾ ਹੈ ਕਿ ਜੇਕਰ ਅਸੀਂ ਇਕ ਲੜਕੀ ਲਈ ਪੁੱਛਦੇ ਤਾਂ ਯਕੀਨਨ ਹਜ਼ਰਤ ਮੁਹੰਮਦ ਸਾਹਿਬ ਦਾ ਉਕਤ ਉੱਤਰ ਹੀ ਹੋਣਾ ਸੀ।
ਉਪਰੋਕਤ ਵਿਆਖਿਆ ਦਾ ਮਕਸਦ ਇਹ ਹੈ ਕਿ ਜਿਸ ਔਰਤ ਨੂੰ ਸਾਡੇ ਪੈਗੰਬਰਾਂ, ਅਵਤਾਰਾਂ ਅਤੇ ਗੁਰੂਆਂ ਨੇ ਇੱਜ਼ਤ ਦਿੱਤੀ, ਉਸੇ ਨੂੰ ਅੱਜ ਦੇਸ਼ ਵਿਚ ਜਿਸ ਜ਼ਿੱਲਤ ਦਾ ਦਰਦ ਸਹਿਣਾ ਪੈ ਰਿਹਾ ਹੈ, ਉਸ ਦੀ ਉਦਾਹਰਨ ਸ਼ਾਇਦ ਉਸ ਦੌਰ 'ਚੋਂ ਵੀ ਨਹੀਂ ਮਿਲਦੀ ਜਦੋਂ ਮਨੁੱਖ ਜੰਗਲਾਂ ਦਾ ਨਿਵਾਸੀ ਹੋਇਆ ਕਰਦਾ ਸੀ। ਇਸੇ ਮਹੀਨੇ ਉਨਾਵ ਤੇ ਹੈਦਰਾਬਾਦ 'ਚ ਵਾਪਰੀਆਂ ਘਟਨਾਵਾਂ ਨੇ ਇਕ ਵਾਰ ਫਿਰ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਬਹੁਤ ਸਾਰੇ ਪੁਰਾਣੇ ਜ਼ਖ਼ਮਾਂ ਨੂੰ ਫਿਰ ਤੋਂ ਤਾਜ਼ਾ ਕਰ ਦਿੱਤਾ ਹੈ।
ਹੈਦਰਾਬਾਦ ਵਿਚ ਜਬਰ-ਜਨਾਹ ਤੇ ਹੱਤਿਆ ਦੀ ਸ਼ਿਕਾਰ ਹੋਈ ਵੈਟਰਨਰੀ ਡਾਕਟਰ ਦੀ ਹੱਤਿਆ ਦਾ ਮਾਮਲਾ ਜਿਵੇਂ ਹੀ ਦੇਸ਼ ਦੇ ਲੋਕਾਂ ਸਾਹਮਣੇ ਆਇਆ ਤਾਂ ਮੰਨੋ ਕਿ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ। ਹੈਦਰਾਬਾਦ ਦਾ ਉਕਤ ਮਾਮਲਾ ਹਾਲੇ ਸੁਰਖ਼ੀਆਂ ਵਿਚ ਹੀ ਸੀ ਕਿ ਉਨਾਵ ਵਿਚ ਜਬਰ-ਜਨਾਹ ਪੀੜਤਾ ਨੂੰ ਜ਼ਮਾਨਤ 'ਤੇ ਆਏ ਮੁਲਜ਼ਮਾਂ ਨੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਕਾਰਨ ਉਹ ਲਗਪਗ 85 ਫ਼ੀਸਦੀ ਝੁਲਸ ਗਈ ਸੀ। ਉਸ ਨੂੰ ਦਿੱਲੀ ਵਿਖੇ ਇਲਾਜ ਲਈ ਲਿਆਂਦਾ ਗਿਆ ਪਰ ਜੀਵਨ-ਮੌਤ ਦੀ ਜੰਗ ਵਿਚ ਅਖੀਰ ਉਹ ਜੀਵਨ ਦੀ ਜੰਗ ਹਾਰ ਗਈ ਅਤੇ ਮੌਤ ਦੇ ਆਗੋਸ਼ ਵਿਚ ਜਾ ਪਈ। ਬੀਤੀ 6 ਦਸੰਬਰ ਨੂੰ ਤੜਕਸਾਰ ਹੀ ਹੈਦਰਾਬਾਦ ਵਾਲੀ ਦੁਖਦਾਈ ਘਟਨਾ ਦੇ ਮੁਲਜ਼ਮਾਂ ਨੂੰ ਤੇਲੰਗਾਨਾ ਪੁਲਿਸ ਨੇ ਘਟਨਾ ਵਾਲੀ ਥਾਂ ਲਿਜਾ ਕੇ ਮੁਕਾਬਲੇ ਵਿਚ ਢੇਰ ਕਰ ਦਿੱਤਾ।
ਜਿਵੇਂ ਹੀ ਉਕਤ ਐਨਕਾਊਂਟਰ ਵਾਲੀ ਖ਼ਬਰ ਮੀਡੀਆ ਰਾਹੀਂ ਲੋਕਾਂ ਸਾਹਮਣੇ ਆਈ ਤਾਂ ਹੈਦਰਾਬਾਦ ਸਮੇਤ ਪੂਰੇ ਦੇਸ਼ ਦੇ ਲੋਕਾਂ ਵਿਚ ਇਕ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਐਨਕਾਊਂਟਰ ਨੂੰ ਲੈ ਕੇ ਔਰਤਾਂ ਵਿਚ ਬਹੁਤ ਜ਼ਿਆਦਾ ਖ਼ੁਸ਼ੀ ਸੀ। ਇੱਥੋਂ ਤਕ ਕਿ ਉਤਸ਼ਾਹਤ ਔਰਤਾਂ ਪੁਲਿਸ ਵਾਲਿਆਂ ਨਾਲ ਹੱਥ ਮਿਲਾ ਕੇ ਖ਼ੁਸ਼ੀ ਦਾ ਇਜ਼ਹਾਰ ਕਰਦੀਆਂ ਵੀ ਵੇਖੀਆਂ ਗਈਆਂ ਪਰ ਦੂਜੇ ਪਾਸੇ ਕੁਝ ਲੋਕਾਂ ਨੇ ਐਨਕਾਊਂਟਰ ਨੂੰ ਝੂਠਾ ਤੇ ਮੰਦਭਾਗਾ ਕਰਾਰ ਦਿੱਤਾ। ਇਸ ਮਾਮਲੇ 'ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬਡੇ ਨੇ ਕਿਹਾ ਹੈ ਕਿ ਨਿਆਂ ਕਦੇ ਵੀ ਤੁਰੰਤ ਨਹੀਂ ਹੋ ਸਕਦਾ। ਜੇਕਰ ਇਹ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹੈ ਤਾਂ ਨਿਆਂ ਕਦੇ ਵੀ ਨਿਆਂ ਨਹੀਂ ਕਿਹਾ ਜਾ ਸਕਦਾ। ਬਦਲੇ ਦੀ ਭਾਵਨਾ ਨਾਲ ਨਿਆਂ ਆਪਣਾ ਮੂਲ ਰੂਪ ਗੁਆ ਦਿੰਦਾ ਹੈ।
ਲੋਕ ਸਭਾ ਮੈਂਬਰ ਮੇਨਕਾ ਗਾਂਧੀ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਜੋ ਵੀ ਹੋਇਆ, ਬਹੁਤ ਭਿਆਨਕ ਹੋਇਆ ਹੈ। ਇਸ ਦੇਸ਼ ਵਿਚ ਕਿਉਂਕਿ ਤੁਸੀਂ ਕਾਨੂੰਨ ਨੂੰ ਹੱਥ ਵਿਚ ਨਹੀਂ ਲੈ ਸਕਦੇ। ਕਾਨੂੰਨ ਵਿਚ ਉਂਜ ਵੀ ਉਨ੍ਹਾਂ ਨੂੰ ਫਾਂਸੀ ਹੀ ਮਿਲਦੀ। ਮੇਨਕਾ ਗਾਂਧੀ ਨੇ ਅੱਗੇ ਕਿਹਾ ਕਿ ਜੇ ਉਸ ਤੋਂ ਪਹਿਲਾਂ ਹੀ ਤੁਸੀਂ ਉਨ੍ਹਾਂ ਨੂੰ ਬੰਦੂਕਾਂ ਨਾਲ ਮਾਰ ਦਿਓਗੇ ਤਾਂ ਅਦਾਲਤਾਂ , ਪੁਲਿਸ, ਕਾਨੂੰਨ ਦਾ ਕੀ ਫ਼ਾਇਦਾ ਹੈ? ਫਿਰ ਤਾਂ ਤੁਸੀਂ ਬੰਦੂਕ ਚੁੱਕੋ ਤੇ ਜਿਸ ਨੂੰ ਚਾਹੋ ਮਾਰੋ।''
ਮਹਾਰਾਸ਼ਟਰ ਦੇ ਅਮਰਾਵਤੀ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਉਕਤ ਐਨਕਾਊਂਟਰ ਦਾ ਸਵਾਗਤ ਕਰਦਿਆਂ ਕਿਹਾ ਸੀ, ''ਇਕ ਮਾਂ, ਇਕ ਧੀ ਤੇ ਪਤਨੀ ਹੋਣ ਦੇ ਨਾਤੇ ਮੈਂ ਇਸ ਦਾ ਸਵਾਗਤ ਕਰਦੀ ਹਾਂ। ਨਹੀਂ ਤਾਂ ਉਹ ਸਾਲਾਂਬੱਧੀ ਜੇਲ੍ਹ ਵਿਚ ਪਏ ਰਹਿੰਦੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 'ਨਿਰਭੈਆ ਦਾ ਨਾਮ ਵੀ ਨਿਰਭੈਆ ਨਹੀਂ ਸੀ। ਲੋਕਾਂ ਨੇ ਦਿੱਤਾ ਸੀ। ਮੈਨੂੰ ਲੱਗਦਾ ਹੈ ਕਿ ਉਸ ਨੂੰ ਨਾਮ ਦੇਣ ਨਾਲੋਂ ਇਨ੍ਹਾਂ ਨੂੰ ਅਜਿਹਾ ਅੰਜਾਮ ਦੇਣਾ ਜ਼ਰੂਰੀ ਹੈ।'' ਵੈਸੇ ਐਨਕਾਊਂਟਰ ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਸਾਡੀਆਂ ਅੱਖਾਂ ਸਾਹਮਣੇ ਕਿੰਨੇ ਅਣਕਹੇ ਝੂਠੇ ਮੁਕਾਬਲਿਆਂ ਦੀਆਂ ਕਹਾਣੀਆਂ ਦੇ ਦ੍ਰਿਸ਼ ਘੁੰਮ ਜਾਂਦੇ ਹਨ।
ਜੇਕਰ ਉਕਤ ਮੁਕਾਬਲਾ ਵੀ ਝੂਠਾ ਹੈ ਤਾਂ ਇਹ ਅਜੋਕੇ ਸਮੇਂ ਦੀ ਵੱਡੀ ਤ੍ਰਾਸਦੀ ਹੈ ਪਰ ਇਸ ਦੇ ਨਾਲ ਹੀ ਜਿਸ ਤਰ੍ਹਾਂ ਆਮ ਲੋਕਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ, ਉਸ ਤੋਂ ਇਹ ਵੀ ਪਤਾ ਲੱਗਦਾ ਹੈ।ਕਿ ਅੱਜ ਜਨਤਾ ਜਬਰ-ਜਨਾਹ ਜਾਂ ਹੱਤਿਆ ਦੇ ਮਾਮਲਿਆਂ ਵਿਚ ਤੁਰੰਤ ਇਨਸਾਫ਼ ਚਾਹੁੰਦੀ ਹੈ ਪਰ ਸਾਡੀ ਨਿਆਇਕ ਪ੍ਰਕਿਰਿਆ ਜਿਸ ਕਦਰ ਧੀਮੀ ਰਫ਼ਤਾਰ ਨਾਲ ਕੰਮ ਕਰਦੀ ਹੈ, ਜਬਰ-ਜਨਾਹ ਦੇ ਦੋਸ਼ੀਆਂ ਨੂੰ ਉਨ੍ਹਾਂ ਦੇ ਅੰਜਾਮ ਤਕ ਪਹੁੰਚਾਉਣ ਲਈ ਅਕਸਰ ਕਈ ਦਹਾਕੇ ਬੀਤ ਜਾਂਦੇ ਹਨ। ਇਸ ਸਮੇਂ ਦੌਰਾਨ ਪੀੜਤਾ 'ਤੇ ਕੀ ਬੀਤਦੀ ਹੈ ਅਤੇ ਉਹ ਆਪਣੇ-ਆਪ ਨੂੰ ਅਦਾਲਤਾਂ ਦੀਆਂ ਪੇਸ਼ੀਆਂ ਭੁਗਤਦਿਆਂ ਕਿਸ ਕਦਰ ਜ਼ਲੀਲ ਹੋਈ ਅਨੁਭਵ ਕਰਦੀ ਹੈ, ਉਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਯਕੀਨਨ ਇਸ ਦੌਰਾਨ ਜਬਰ-ਜਨਾਹ ਦੀ ਪੀੜਤਾ ਦੀ ਹੋਂਦ ਛਲਣੀ ਹੋ ਜਾਂਦੀ ਹੈ।
ਮੌਜੂਦਾ ਸਮੇਂ ਦੀ ਵਿਡੰਬਨਾ ਇਹ ਹੈ ਕਿ ਜੇ ਜਬਰ-ਜਨਾਹ ਜਾਂ ਹੱਤਿਆ ਦੇ ਮਾਮਲਿਆਂ ਵਿਚ ਮੁਜਰਮਾਂ ਨੂੰ ਅਦਾਲਤਾਂ ਫਾਂਸੀ ਦੀਆਂ ਸਜ਼ਾਵਾਂ ਸੁਣਾ ਦਿੰਦੀਆਂ ਹਨ ਤਾਂ ਵੀ ਉਸ ਸਜ਼ਾ 'ਤੇ ਅਮਲ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਜਿਵੇਂ ਕਿ ਨਿਰਭੈਆ ਕਾਂਡ ਦੇ ਦੋਸ਼ੀਆਂ ਦੀ ਉਦਾਹਰਨ ਪ੍ਰਤੱਖ ਰੂਪ ਵਿਚ ਸਾਡੇ ਸਾਹਮਣੇ ਹੈ। ਇਹੋ ਕਾਰਨ ਹੈ ਕਿ ਅੱਜ ਮੁਲਜ਼ਮਾਂ ਦੇ ਹੌਸਲੇ ਕਿਸ ਕਦਰ ਬੁਲੰਦ ਹਨ ਕਿ ਉਹ ਜ਼ਮਾਨਤ 'ਤੇ ਆ ਕੇ ਵੀ ਆਪਣੇ ਘਿਨਾਉਣੇ ਮਨਸੂਬੇ ਨੂੰ ਅੰਜਾਮ ਦੇ ਜਾਂਦੇ ਹਨ।
ਅਸਲ ਵਿਚ ਅੱਜ ਔਰਤਾਂ ਨੂੰ ਲੈ ਕੇ ਜੋ ਵੀ ਨਿਰਦਈਪੁਣਾ ਵੇਖਣ ਨੂੰ ਮਿਲ ਰਿਹਾ ਹੈ, ਉਸ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਸਾਡੇ ਅੰਦਰਲੀ ਇਨਸਾਨੀਅਤ ਮਰ ਚੁੱਕੀ ਹੈ ਅਤੇ ਅਸੀਂ ਜਾਨਵਰਾਂ ਨਾਲੋਂ ਵੀ ਅੱਗੇ ਲੰਘ ਚੁੱਕੇ ਹਾਂ। ਸਾਨੂੰ ਆਪਣੇ ਘਰ ਦੀ ਬਹੂ-ਬੇਟੀ ਤੇ ਭੈਣ ਤੋਂ ਇਲਾਵਾ ਪਰਾਈ ਔਰਤ ਸਿਰਫ਼ ਇਕ ਜਿਸਮ ਜਾਂ ਗੋਸ਼ਤ ਦਾ ਇਕ ਟੁਕੜਾ ਨਜ਼ਰ ਆਉਂਦੀ ਹੈ। ਉਕਤ ਮਾਨਸਿਕਤਾ 'ਤੇ ਕਟਾਕਸ਼ ਕਰਦਿਆਂ ਉਰਦੂ ਦੇ ਇਕ ਕਵੀ ਨੇ ਕਿਆ ਖ਼ੂਬ ਕਿਹਾ ਹੈ :
'ਗ਼ੈਰ ਕੀ ਜਾਨਿਬ ਬਦ ਨਜ਼ਰ ਸੇ ਦੇਖਨੇ ਵਾਲੇ, ਤੇਰੀ ਬੇਟੀ ਭੀ ਇਕ ਰੋਜ਼ ਸਿਆਨੀ ਹੋਗੀ।'
ਔਰਤ ਦੀ ਅਜੋਕੀ ਹਾਲਤ ਦਾ ਨਕਸ਼ਾ ਸਾਹਿਰ ਨੇ ਆਪਣੀ ਨਜ਼ਮ ਵਿਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਹੈ :
ਲੋਗ ਔਰਤ ਕੋ ਫਕਤ ਜਿਸਮ ਸਮਝ ਲੇਤੇ ਹੈਂ,
ਰੂਹ ਭੀ ਹੋਤੀ ਹੈ ਇਸ ਮੇਂ ਯੇ ਕਹਾਂ ਸੋਚਤੇ ਹੈਂ।
ਕਿਤਨੀ ਸਦੀਓਂ ਸੇ ਯੇ ਵਹਿਸ਼ਤ ਕਾ ਚਲਨ ਜਾਰੀ ਹੈ,
ਕਿਤਨੀ ਸਦੀਓਂ ਸੇ ਕਾਇਮ ਹੈ ਯੇ ਗੁਨਾਹੋਂ ਕਾ ਰਿਵਾਜ।
ਲੋਗ ਔਰਤ ਕੀ ਹਰ ਚੀਖ ਕੋ ਨਗ਼ਮਾ ਸਮਝੇਂ,
ਵੋਹ ਕਬੀਲੋਂ ਕਾ ਜ਼ਮਾਨਾ ਹੋ ਕਿ ਸ਼ਹਿਰੋਂ ਕਾ ਰਿਵਾਜ।
ਸੋ ਸਾਨੂੰ ਸਭ ਨੂੰ ਔਰਤਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਇਸ ਲਈ ਪ੍ਰੇਰੀਏ।
- ਮੋਬਾਈਲ ਨੰ. : 98552-59650