ਸੰਦਲੀ ਪੈੜਾਂ ਪਾ ਰਿਹਾ 'ਪੰਜਾਬੀ ਜਾਗਰਣ'
'ਪੰਜਾਬੀ ਜਾਗਰਣ' ਅੱਜ ਨੌਵੇਂ ਵਰ੍ਹੇ 'ਚ ਪ੍ਰਵੇਸ਼ ਕਰ ਰਿਹਾ ਹੈ
Publish Date: Mon, 17 Jun 2019 08:51 PM (IST)
Updated Date: Tue, 18 Jun 2019 03:58 AM (IST)

ਅੱਜਕੱਲ੍ਹ ਦੇ ਕੰਪਿਊਟਰ ਯੁੱਗ ਵਿਚ ਪੂਰੀ ਦੁਨੀਆ ਗਲੋਬਲ ਪਿੰਡ ਬਣ ਗਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਦੁਨੀਆ ਵਿਚ ਕਿਤੇ ਵੀ ਵਾਪਰੀ ਕੋਈ ਨਿੱਕੀ-ਵੱਡੀ ਘਟਨਾ ਦੀ ਸੂਚਨਾ ਇੰਟਰਨੈਟ, ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਮਿੰਟਾਂ-ਸਕਿੰਟਾਂ ਵਿਚ ਮਿਲ ਜਾਂਦੀ ਹੈ। ਨਿੱਤ ਬਦਲ ਰਹੀ ਤਕਨੀਕ ਕਾਰਨ ਜਦੋਂ ਕਾਗਜ਼ 'ਤੇ ਛਪਦੇ ਪੁਰਾਣੇ ਅਖ਼ਬਾਰਾਂ ਦੀ ਹੋਂਦ ਬਰਕਰਾਰ ਰਹਿਣ 'ਤੇ ਹੀ ਸਵਾਲ ਖੜ੍ਹੇ ਹੋ ਰਹੇ ਹੋਣ, ਅਜਿਹੇ ਹੀ ਚੁਣੌਤੀਆਂ ਭਰੇ ਸਮੇਂ ਵਿਚ 18 ਜੂਨ 2011 ਨੂੰ 'ਪੰਜਾਬੀ ਜਾਗਰਣ' ਦਾ ਉਦੈ ਹੋਇਆ ਜਿਸ ਨੇ ਹੁਣ ਜਵਾਨੀ ਦੀ ਦਹਿਲੀਜ਼ 'ਤੇ ਪਹੁੰਚਦਿਆਂ ਚਾਰ-ਚੁਫੇਰੇ ਚਾਨਣ ਵੰਡ ਕੇ ਹਰ ਪਾਸਾ ਰੁਸ਼ਨਾਇਆ ਹੋਇਆ ਹੈ। ਅੱਜ 'ਪੰਜਾਬੀ ਜਾਗਰਣ' ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦਾ ਹੋਇਆ ਨੌਵੇਂ ਵਰ੍ਹੇ ਵਿਚ ਦਾਖ਼ਲ ਹੋ ਰਿਹਾ ਹੈ ਜੋ ਕਿ ਅਦਾਰੇ ਦੇ ਨਾਲ-ਨਾਲ ਪੰਜਾਬੀ ਲੇਖਕਾਂ ਤੇ ਪਾਠਕਾਂ ਲਈ ਵੱਡੇ ਮਾਣ ਵਾਲੀ ਗੱਲ ਹੈ।
ਇਹ ਇਕ ਕੁਸੈਲੀ ਹਕੀਕਤ ਹੈ ਕਿ ਪਿਛਲੇ ਸਾਲਾਂ ਦੌਰਾਨ ਪੰਜਾਬੀ ਵਿਚ ਬਹੁਤ ਅਖ਼ਬਾਰ ਅਤੇ ਮੈਗਜ਼ੀਨ ਸ਼ੁਰੂ ਹੋਏ ਪਰ ਉਨ੍ਹਾਂ 'ਚੋਂ ਬਹੁਤੇ ਕੁਝ ਮਹੀਨੇ ਚੱਲ ਕੇ ਬੰਦ ਹੋ ਗਏ। ਕਹਿਣ ਦਾ ਭਾਵ ਇਹ ਹੈ ਕਿ ਪੰਜਾਬੀ ਪ੍ਰਿੰਟ ਮੀਡੀਆ ਦਾ ਦਾਇਰਾ ਓਨਾ ਜ਼ਿਆਦਾ ਨਹੀਂ ਹੈ। ਇਸ ਵਿਚ ਵੱਡੇ ਮੀਡੀਆ ਹਾਊਸਿਜ਼ ਦੀ ਹੋਂਦ ਨਾਮਾਤਰ ਰਹੀ ਹੈ। ਵਿੱਤੀ ਸੋਮਿਆਂ ਦੀ ਘਾਟ ਨਾਲ ਪੰਜਾਬੀ ਪ੍ਰਿੰਟ ਮੀਡੀਆ, ਖ਼ਾਸ ਤੌਰ 'ਤੇ ਅਖ਼ਬਾਰਾਂ ਹਮੇਸ਼ਾ ਜੂਝਦੀਆਂ ਰਹੀਆਂ ਹਨ। ਹੋਰ ਵੀ ਅਨੇਕਾਂ ਸਮੱਸਿਆਵਾਂ ਹਨ ਜੋ ਪੰਜਾਬੀ ਅਖ਼ਬਾਰਾਂ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ।
ਇਸ ਸਭ ਤੋਂ ਬੇਪ੍ਰਵਾਹ ਹੋ ਕੇ ਪਿਛਲੇ ਅੱਠ ਸਾਲਾਂ ਤੋਂ 'ਪੰਜਾਬੀ ਜਾਗਰਣ' ਨਿਰੰਤਰ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਹੋਇਆ ਇਕ ਅਜਿਹੇ ਮੁਕਾਮ 'ਤੇ ਪਹੁੰਚ ਚੁੱਕਾ ਹੈ ਜਿਸ 'ਤੇ ਪਹੁੰਚਣ ਲਈ ਦਹਾਕੇ ਲੱਗ ਜਾਂਦੇ ਹਨ। ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਆਪਣੇ ਅੱਠ ਵਰ੍ਹਿਆਂ ਦੇ ਸਫਰ ਦੌਰਾਨ 'ਪੰਜਾਬੀ ਜਾਗਰਣ' ਨੇ ਹਰ ਚੁਣੌਤੀ ਦਾ ਡਟ ਕੇ ਮੁਕਾਬਲਾ ਕੀਤਾ ਹੈ। ਇਸ ਤੋਂ ਇਲਾਵਾ ਇਹ ਅਖ਼ਬਾਰ ਹੱਕ, ਸੱਚ ਦਾ ਪਹਿਰੇਦਾਰ ਬਣ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਬਣ ਕੇ ਸਾਹਮਣੇ ਆਇਆ ਹੈ। ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ 'ਪੰਜਾਬੀ ਜਾਗਰਣ' ਅਖ਼ਬਾਰ ਨੇ ਛੋਟੇ ਜਿਹੇ ਅਰਸੇ ਦੌਰਾਨ ਹੀ ਸੰਦਲੀ ਪੈੜਾਂ ਪਾਈਆਂ ਹਨ।
ਅਖ਼ਬਾਰਾਂ ਦੇ ਇਤਿਹਾਸ ਦੇ ਪੰਨੇ ਫਰੋਲਦਿਆਂ ਪਤਾ ਲੱਗਦਾ ਹੈ ਕਿ 'ਅਖ਼ਬਾਰ' ਦਾ ਜਨਮ 17ਵੀਂ ਸਦੀ ਵਿਚ ਹੋਇਆ, ਭਾਵੇਂ ਉਸ ਸਮੇਂ ਹੱਥ-ਲਿਖਤ ਅਖ਼ਬਾਰ ਹੀ ਸ਼ੁਰੂ ਹੋਏ ਸਨ। ਸੰਨ 1848 ਵਿਚ ਪੈਰਿਸ ਵਿਖੇ ਪਹਿਲੀ ਵਾਰੀ ਅਖ਼ਬਾਰ ਨੂੰ ਵੰਡਣ ਵਾਸਤੇ ਪੈਕਿੰਗ ਕੀਤੀ ਗਈ। ਜੇ ਰੋਮਨ ਸਾਮਰਾਜ ਦੀ ਗੱਲ ਕੀਤੀ ਜਾਵੇ ਤਾਂ ਜੂਲੀਅਸ ਸੀਜ਼ਰ ਦੇ ਹੁਕਮਾਂ ਨਾਲ ਸਰਕਾਰੀ ਸੂਚਨਾਵਾਂ ਲੋਕਾਂ ਨੂੰ ਦੇਣ ਲਈ 'ਐਕਟਾ ਡੀਰੂਨਾ' ਬੁਲੇਟਨ ਨੂੰ ਛਾਪਿਆ ਜਾਂਦਾ ਸੀ। ਇਸੇ ਤਰ੍ਹਾਂ ਭਾਰਤ ਦੇ ਗੁਆਂਢੀ ਮੁਲਕ ਚੀਨ ਵਿਚ ਵੀ ਸਦੀਆਂ ਪਹਿਲਾਂ ਅਖ਼ਬਾਰ ਹੋਂਦ ਵਿਚ ਆ ਗਿਆ ਸੀ। ਯੂਰਪ ਅਤੇ ਹੋਰ ਦੇਸ਼ਾਂ ਵਿਚ ਸ਼ੁਰੂ-ਸ਼ੁਰੂ ਵਿਚ ਅਖ਼ਬਾਰ ਇਕ ਸਰਕਾਰੀ ਬੁਲੇਟਨ ਹੀ ਹੁੰਦੇ ਸਨ ਜਿਨ੍ਹਾਂ ਵਿਚ ਸਰਕਾਰ ਦੇ ਆਦੇਸ਼ਾਂ, ਨੀਤੀਆਂ, ਨੋਟਿਸਾਂ ਅਤੇ ਕੰਮਾਂ ਦਾ ਹੀ ਵੇਰਵਾ ਹੁੰਦਾ ਸੀ। ਹੌਲੀ-ਹੌਲੀ ਛਾਪਾਖਾਨਾ ਹੋਂਦ ਵਿਚ ਆ ਗਿਆ। ਫਿਰ ਅਖ਼ਬਾਰ ਹੱਥਾਂ ਨਾਲ ਚਲਦੀਆਂ ਪ੍ਰਿਟਿੰਗ ਮਸ਼ੀਨਾਂ ਨਾਲ ਛਪਣ ਲੱਗੇ। ਜੇ ਹੁਣ ਪੰਜਾਬੀ ਅਖਬਾਰਾਂ ਦੀ ਗੱਲ ਕਰੀਏ ਤਾਂ ਪੰਜਾਬੀ ਦੇ ਸ਼ੁਰੂਆਤੀ ਅਖ਼ਬਾਰ ਪਹਿਲਾਂ ਹੱਥ ਨਾਲ ਲਿਖ ਕੇ ਤਿਆਰ ਕੀਤੇ ਜਾਂਦੇ ਸਨ। ਫਿਰ ਅਖ਼ਬਾਰਾਂ ਵਿਚ ਪਹਿਲਾਂ ਖ਼ਬਰਾਂ ਤੇ ਲੇਖ ਟਾਈਪ ਮਸ਼ੀਨਾਂ ਉਪਰ ਟਾਈਪ ਕੀਤੇ ਜਾਂਦੇ ਸਨ ਅਤੇ ਸਿੱਕੇ ਨਾਲ ਪੇਜ ਤਿਆਰ ਕਰ ਕੇ ਅਖ਼ਬਾਰ ਛਾਪੇ ਜਾਂਦੇ ਸਨ। ਅਜੋਕੇ ਸਮੇਂ ਅਖ਼ਬਾਰ ਕੰਪਿਊਟਰ 'ਤੇ ਤਿਆਰ ਕੀਤੇ ਜਾਂਦੇ ਹਨ। ਹੁਣ ਤਾਂ ਅਖ਼ਬਾਰ ਤਿਆਰ ਕਰਨ ਤੋਂ ਬਾਅਦ ਜਦੋਂ ਇਹ ਛਪ ਰਿਹਾ ਹੁੰਦਾ ਹੈ ਤਾਂ ਨਾਲ ਦੀ ਨਾਲ ਉਸ ਨੂੰ ਵੈੱਬਸਾਈਟ 'ਤੇ ਪਾ ਦਿੱਤਾ ਜਾਂਦਾ ਹੈ। ਵੈੱਬਸਾਈਟ 'ਤੇ ਅਪਲੋਡ ਕੀਤਾ ਅਖ਼ਬਾਰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਇੰਟਰਨੈਟ 'ਤੇ ਪੜ੍ਹਿਆ ਜਾ ਸਕਦਾ ਹੈ।
ਅਖ਼ਬਾਰ ਵਿਚ ਵਿਸ਼ੇਸ਼ ਦਿਨਾਂ ਅਤੇ ਤਿਉਹਾਰਾਂ ਮੌਕੇ ਵਿਸ਼ੇਸ਼ ਲੇਖ ਛਾਪੇ ਜਾਂਦੇ ਹਨ ਜੋ ਕਿ ਸੰਪਾਦਕੀ ਅਮਲੇ ਦੀ ਦੀ ਕਸੌਟੀ 'ਤੇ ਪਰਖੇ ਜਾਣ ਮਗਰੋਂ ਹੀ ਛਪਦੇ ਹਨ। ਅੱਠ ਵਰ੍ਹਿਆਂ ਦੇ ਸਫਰ ਦੌਰਾਨ 'ਪੰਜਾਬੀ ਜਾਗਰਣ' ਅਖ਼ਬਾਰ ਨੇ ਖ਼ਬਰਾਂ ਰਾਹੀਂ ਜਾਣਕਾਰੀ ਦੇਣ, ਲੇਖਾਂ ਰਾਹੀਂ ਗਿਆਨ ਵਿਚ ਵਾਧਾ ਕਰਨ ਦੇ ਨਾਲ ਹੀ ਆਮ ਲੋਕਾਂ ਵਿਚ ਭਾਈਚਾਰਕ ਸਾਂਝ ਵਧਾਉਣ ਦਾ ਕੰਮ ਕੀਤਾ ਹੈ। ਅੱਠ ਵਰ੍ਹਿਆਂ ਦੇ ਸਫਰ ਦੌਰਾਨ ਇਸ ਅਖ਼ਬਾਰ ਨੇ ਨਿਰਪੱਖ ਭੂਮਿਕਾ ਨਿਭਾਉਂਦੇ ਹੋਏ ਪਾਠਕਾਂ, ਲੇਖਕਾਂ ਅਤੇ ਸਮਾਜ ਦੇ ਹਰ ਵਰਗ ਨਾਲ ਸਬੰਧਤ ਲੋਕਾਂ ਦੇ ਦਿਲਾਂ 'ਚ ਡੂੰਘੀ ਅਤੇ ਨਵੇਕਲੀ ਥਾਂ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ।
ਪਿਛਲੇ ਅੱਠ ਸਾਲਾਂ ਦੌਰਾਨ 'ਪੰਜਾਬੀ ਜਾਗਰਣ' ਸਮੇਂ ਦੇ ਹਾਕਮਾਂ (ਸਰਕਾਰ) ਅਤੇ ਅਵਾਮ ਵਿਚਾਲੇ ਮਜ਼ਬੂਤ ਪੁਲ ਬਣ ਕੇ ਵਿਚਰਦਾ ਆ ਰਿਹਾ ਹੈ। 'ਸੰਡੇ ਮੈਗਜ਼ੀਨ', 'ਯਾਤਰਾ' ਅੰਕ, ਸ਼ਨਿਚਰਵਾਰ ਦਾ 'ਫੁਲਕਾਰੀ', ਸ਼ੁੱਕਰਵਾਰ ਦਾ 'ਚੈਂਪੀਅਨ' ਸੋਮਵਾਰ ਦਾ 'ਹਰਿਆਵਲ' ਅੰਕ, 'ਨਿੱਕੀ ਦੁਨੀਆ' ਅੰਕ, 'ਬੱਲੇ ਬਾਲੀਵੁੱਡ' ਅਤੇ 'ਜੋਸ਼' ਆਪਣੀ ਪਛਾਣ ਆਪ ਹਨ। ਇਨ੍ਹਾਂ ਸਾਰੇ ਅੰਕਾਂ ਦੀ ਉਡੀਕ ਲੇਖਕਾਂ ਅਤੇ ਪਾਠਕਾਂ ਵੱਲੋਂ ਬਹੁਤ ਹੀ ਬੇਸਬਰੀ ਨਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਐਤਵਾਰ ਦੇ ਅੰਕ ਵਿਚ ਛਪਦਾ 'ਅਦਬ' ਅੰਕ ਵੀ ਬਹੁਤ ਵਧੀਆ ਹੁੰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ 'ਪੰਜਾਬੀ ਜਾਗਰਣ' ਪਾਠਕਾਂ ਦੀ ਹਰ ਕਸਵੱਟੀ 'ਤੇ ਖਰਾ ਉਤਰ ਰਿਹਾ ਹੈ। 'ਪੰਜਾਬੀ ਜਾਗਰਣ' ਵਿਚ ਹਰ ਦਿਨ ਕੋਈ ਨਾ ਕੋਈ ਵਿਸ਼ੇਸ਼ ਸਟੋਰੀ ਪਾਠਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਸਮੇਂ ਮੁੱਦਾ ਅੰਕ ਵਿਚ ਜਿਸ ਤਰੀਕੇ ਨਾਲ ਵੱਖ-ਵੱਖ ਮਸਲੇ ਚੁੱਕੇ ਜਾਂਦੇ ਹਨ, ਉਹ ਵੀ ਸ਼ਲਾਘਾਯੋਗ ਹੈ। 'ਪੰਜਾਬੀ ਜਾਗਰਣ' ਵਿਚ ਹੋਰ ਵੀ ਬਹੁਤ ਕੁਝ ਅਜਿਹਾ ਹੁੰਦਾ ਹੈ ਜੋ ਕਿ ਇਸ ਅਖ਼ਬਾਰ ਨੂੰ ਹੋਰ ਪੰਜਾਬੀ ਅਖ਼ਬਾਰਾਂ ਨਾਲੋਂ ਵੱਖਰਾ ਬਣਾਉਂਦਾ ਹੈ। ਸ਼ਾਲਾ! 'ਪੰਜਾਬੀ ਜਾਗਰਣ' ਦਿਨ ਦੂਣੀ ਅਤੇ ਰਾਤ ਚੌਗਣੀ ਤਰੱਕੀ ਕਰੇ ਅਤੇ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇ।
-ਮੋਬਾਈਲ ਨੰ. : 94638-19174