-ਨੂਰਦੀਪ ਕੋਮਲ

ਕਦੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਅਤੇ ਇਤਿਹਾਸਕ ਪਿਛੋਕੜ ਕਾਰਨ ਉਸ ਨੂੰ ਜਾਣਿਆ ਜਾਂਦਾ ਸੀ ਪਰ ਹੁਣ ਉਸ ਦੀ ਅਨਮੋਲ ਵਿਰਾਸਤ ਨਵੀਂ ਪੀੜ੍ਹੀ ਦੀ ਬੇਰੁਖ਼ੀ ਕਾਰਨ ਲਗਾਤਾਰ ਧੁੰਦਲੀ ਪੈ ਰਹੀ ਹੈ। ਇਹ ਉਹੀ ਪੰਜਾਬ ਹੈ ਜਿਸ ਨੂੰ ਕਦੇ ਗੁਰੂਆਂ, ਪੀਰਾਂ-ਫਕੀਰਾਂ ਦੀ ਧਰਤੀ ਆਖ ਕੇ ਦੇਸ਼-ਵਿਦੇਸ਼ ਵਿਚ ਸਨਮਾਨਿਆ ਜਾਂਦਾ ਸੀ। ਪੰਜ ਦਰਿਆਵਾਂ ਦੀ ਧਰਤੀ 'ਤੇ ਹੁਣ ਨਸ਼ੇ ਦੇ ਵਗਦੇ ਛੇਵੇਂ ਦਰਿਆ ਨੇ ਇੱਥੋਂ ਦੀ ਜਵਾਨੀ ਨੂੰ ਰੋੜ੍ਹ ਕੇ ਰੱਖ ਦਿੱਤਾ ਹੈ। ਲਗਪਗ ਹਰ ਘਰ ਵਿਚ ਕੋਈ ਨਾ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ। ਨਸ਼ਾ ਪੰਜਾਬ ਦੇ ਲੋਕਾਂ ਅੰਦਰ ਇੰਨਾ ਘਰ ਕਰ ਚੁੱਕਾ ਹੈ ਕਿ ਉਹ ਆਪਣੀ ਸੋਚਣ-ਸਮਝਣ ਦੀ ਸ਼ਕਤੀ ਵੀ ਗੁਆ ਚੁੱਕੇ ਹਨ। ਨਸ਼ੇ ਦੇ ਮਾੜੇ ਪ੍ਰਭਾਵ ਇਸ ਕਦਰ ਨੌਜਵਾਨ ਪੀੜ੍ਹੀ ਨੂੰ ਲਪੇਟ ਵਿਚ ਲੈ ਰਹੇ ਹਨ ਕਿ ਉਹ ਆਪਣੇ ਖ਼ੂਨ ਦੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਵੀ ਹਲਕੇ ਵਿਚ ਲੈ ਰਹੀ ਹੈ। ਅਖ਼ਬਾਰਾਂ ਨਿੱਤ ਹੀ ਨਸ਼ੇੜੀ ਪੁੱਤ ਦੁਆਰਾ ਪਿਉ ਦਾ ਕਤਲ, ਨਸ਼ੇੜੀ ਪਤੀ ਦੁਆਰਾ ਪਤਨੀ ਦਾ ਕਤਲ ਅਤੇ ਨਸ਼ੇੜੀ ਪਿਉ ਦੁਆਰਾ ਆਪਣੇ ਬੱਚਿਆਂ ਦਾ ਕਤਲ ਜਿਹੀਆਂ ਖ਼ਬਰਾਂ ਨਾਲ ਭਰੀਆਂ ਰਹਿੰਦੀਆਂ ਹਨ। ਇਕ ਨਸ਼ੇੜੀ ਆਪਣੇ ਵਡਮੁੱਲੇ ਜੀਵਨ ਨੂੰ ਤਾਂ ਫਜ਼ੂਲ ਗੁਆਉਂਦਾ ਹੀ ਹੈ, ਨਾਲ ਦੀ ਨਾਲ ਆਪਣੇ ਨਾਲ ਜੁੜੇ ਹਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੰਦਾ ਹੈ। ਇਸ ਤੋਂ ਇਲਾਵਾ ਅਖ਼ਬਾਰਾਂ ਵਿਚ ਰੋਜ਼ ਹੀ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੇ ਮਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਨਸ਼ਿਆਂ ਨੇ ਲੋਕਾਂ ਦੇ ਜੀਵਨ ਵਿਚ ਵੱਡੀਆਂ ਤਰੇੜਾਂ ਪਾ ਦਿੱਤੀਆਂ ਹਨ।

ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਇਹ ਗੱਲ ਸਾਹਮਣੇ ਆਈ ਹੈ ਕਿ ਬਾਕੀ ਨਸ਼ਿਆਂ ਦੇ ਨਾਲ-ਨਾਲ ਪੰਜਾਬ ਵਿਚ ਟੀਕਿਆਂ ਦੁਆਰਾ ਨਸ਼ਾ ਕਰਨ ਦੇ ਰੁਝਾਨ ਵਿਚ ਕਾਫ਼ੀ ਵਾਧਾ ਹੋਇਆ ਹੈ ਜੋ ਏਡਜ਼ ਦੇ ਫੈਲਣ ਦਾ ਕਾਰਨ ਬਣਿਆ ਹੋਇਆ ਹੈ। ਬੜੀ ਦੁਖਦਾਈ ਗੱਲ ਹੈ ਕਿ ਹਰ ਸਾਲ 70,000 ਤੋਂ ਵੱਧ ਲੋਕ ਨਸ਼ੇ ਦੀ ਮਾਰ ਹੇਠ ਆ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਪੰਜਾਬ ਵਿਚ ਹਰ ਵਿਅਕਤੀ ਔਸਤਨ 20 ਬੋਤਲਾਂ ਸ਼ਰਾਬ ਦੀਆਂ ਹਰ ਸਾਲ ਪੀਂਦਾ ਹੈ। ਪੰਜਾਬ ਵਿਚ ਲੁਧਿਆਣਾ ਨੂੰ ਸਭ ਤੋਂ ਵੱਧ ਸ਼ਰਾਬ ਦੀ ਵਰਤੋਂ ਕਰਨ ਵਾਲਾ ਸ਼ਹਿਰ ਮੰਨਿਆ ਗਿਆ ਹੈ। ਵਧਦੇ ਹੋਏ ਨਸ਼ੇ ਦਾ ਮੁੱਖ ਕਾਰਨ ਪੰਜਾਬ ਵਿਚ ਨਸ਼ੇ ਦੀ ਵਿਕਰੀ ਦਾ ਖੁੱਲ੍ਹੇਆਮ ਹੋਣਾ ਹੈ। ਆਸਾਨੀ ਨਾਲ ਉਪਲਬਧ ਹੋਣ ਵਾਲਾ ਨਸ਼ਾ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਕ ਸਰਵੇਖਣ ਅਨੁਸਾਰ ਇਹ ਗੱਲ ਸਪਸ਼ਟ ਹੋਈ ਹੈ ਕਿ ਨਸ਼ੇ ਦੇ ਤਸਕਰ ਨਸ਼ੇ ਦੀ ਵਿਕਰੀ ਵਿਚ ਵਾਧਾ ਕਰਨ ਲਈ ਚਿੱਟੇ ਵਿਚ ਖ਼ਤਰਨਾਕ ਰਸਾਇਣ ਦੀ ਵਰਤੋਂ ਕਰ ਰਹੇ ਹਨ। ਇਸ 'ਚ ਬੈਟਰੀਆਂ 'ਚੋਂ ਨਿਕਲਣ ਵਾਲਾ ਚਿੱਟਾ ਪਾਊਡਰ, ਬਰਾਊਨ ਸ਼ੂਗਰ ਅਤੇ ਹਾਥੀ ਨੂੰ ਬੇਹੋਸ਼ ਕਰਨ ਵਾਲੇ ਇਕ ਫੈਨਾਈਟ ਇੰਜੈਕਸ਼ਨ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਸਰੀਰ ਲਈ ਬਹੁਤ ਜਾਨਲੇਵਾ ਹੈ। ਗੁਰਦਾਸਪੁਰ 'ਚ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਨੇ ਇਕ ਅਧਿਐਨ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਫੈਨਾਈਟ ਸਿਟਰੇਟ ਇਕ ਅਜਿਹਾ ਇੰਜੈਕਸ਼ਨ ਹੈ ਜਿਸ ਦੀ ਵਰਤੋਂ ਡਾਕਟਰਾਂ ਦੁਆਰਾ ਕੈਂਸਰ ਜਾ ਲੰਮੀ ਸਰਜਰੀ ਦੌਰਾਨ ਮਰੀਜ਼ ਦੇ ਦਰਦ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ। ਨਸ਼ੇ ਕਾਰਨ ਹੋ ਰਹੀਆਂ ਮੌਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਸੀ ਕਿ ਬਹੁਤੀਆਂ ਮੌਤਾਂ ਨਸ਼ੇ ਨਾਲ ਨਹੀਂ ਬਲਕਿ ਨਸ਼ੇ ਦੀ ਥੁੜ੍ਹ ਕਾਰਨ ਹੋ ਰਹੀਆਂ ਹਨ। ਪੀਜੀਆਈ ਦੀ ਇਕ ਰਿਪੋਰਟ ਮੁਤਾਬਕ ਸਾਡੇ ਦੇਸ਼ ਵਿਚ 22 ਲੱਖ ਲੋਕ ਸ਼ਰਾਬ ਦਾ, 16 ਲੱਖ ਲੋਕ ਤੰਬਾਕੂ ਦਾ ਅਤੇ 27 ਲੱਖ ਲੋਕ ਚਿੱਟੇ ਦਾ ਸੇਵਨ ਕਰਦੇ ਹਨ। ਤੰਬਾਕੂ ਵੀ ਮਨੁੱਖੀ ਸਿਹਤ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇਸ ਵਿਚ ਨਿਕੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਦੀ ਵਰਤੋਂ ਨਾਲ ਸਾਹ ਦੀਆਂ ਬਿਮਾਰੀਆਂ ਜਿਵੇਂ ਕਿ ਦਮਾ, ਟੀਬੀ ਆਦਿ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਵਾਰੀ ਇਸ ਦੀ ਵਧੇਰੇ ਵਰਤੋਂ ਕਰਨ ਵਾਲਾ ਵਿਅਕਤੀ ਫੇਫੜਿਆਂ ਅਤੇ ਮੂੰਹ ਦੇ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਵੀ ਸ਼ਿਕਾਰ ਹੋ ਜਾਂਦਾ ਹੈ। ਹੁਣੇ ਜਿਹੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਨਸ਼ੇ ਵਿਰੁੱਧ ਇਕ ਪਹਿਲ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਤਸਕਰੀ 'ਤੇ ਰੋਕ ਲਗਾਉਣ ਲਈ ਅੰਤਰਰਾਜੀ ਕਾਨਫਰੰਸ ਕੀਤੀ ਅਤੇ ਕਈ ਫ਼ੈਸਲੇ ਵੀ ਲਏ। ਇਹ ਕਾਨਫਰੰਸ 25 ਜੁਲਾਈ ਨੂੰ ਸੱਦੀ ਗਈ ਸੀ ਜਿਸ ਵਿਚ ਪੰਜਾਬ, ਹਰਿਆਣਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਨੁਮਾਇੰਦੇ ਸ਼ਾਮਲ ਹੋਏ ਸਨ।

ਨਸ਼ਿਆਂ ਦੀ ਸਮੱਸਿਆ ਨੇ ਬੇਸ਼ੱਕ ਪੰਜਾਬ ਅਤੇ ਹਰਿਆਣਾ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ ਪਰ ਦਿੱਲੀ ਅਤੇ ਰਾਜਸਥਾਨ ਵੀ ਨਸ਼ੇ ਨਾਲ ਪ੍ਰਭਾਵਿਤ ਜ਼ਰੂਰ ਹਨ। ਪੰਜਾਬ ਦਾ ਨਸ਼ਿਆਂ ਦੇ ਪੱਖੋਂ ਹਾਲ ਬਹੁਤ ਮੰਦੜਾ ਹੈ। ਕੁਝ ਅਰਸਾ ਪਹਿਲਾਂ 532 ਕਿੱਲੋ ਹੈਰੋਇਨ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 2660 ਕਰੋੜ ਰੁਪਏ ਸੀ, ਉਹ ਪੰਜਾਬ 'ਚੋਂ ਬਰਾਮਦ ਹੋਈ ਜੋ ਪਾਕਿਸਤਾਨ ਤੋਂ ਲੂਣ ਨਾਲ ਭਰੇ ਟਰੱਕਾਂ 'ਚ ਛੁਪਾ ਕੇ ਲਿਆਂਦੀ ਜਾ ਰਹੀ ਸੀ। ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਦੇ ਨਾਲ-ਨਾਲ ਨਸ਼ਾ ਵੇਚਣ ਵਾਲੇ ਤਸਕਰਾਂ ਦੀਆਂ ਜੜ੍ਹਾਂ ਵੀ ਐਨੀਆਂ ਮਜ਼ਬੂਤ ਹੋ ਚੁੱਕੀਆਂ ਹਨ ਕਿ ਸੂਬੇ ਨੂੰ ਨਸ਼ਾ ਰਹਿਤ ਕਰਨਾ ਅਸੰਭਵ ਜਿਹਾ ਜਾਪਦਾ ਹੈ। ਪੰਜਾਬ ਵਿਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ। ਕੁਝ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ। ਪੰਜਾਬ ਅਪਰੇਜ਼ਲ ਰਿਪੋਰਟ 2019-20 ਮੁਤਾਬਕ ਅੱਜ ਦੇਸ਼ ਵਿਚ 15 ਲੱਖ ਨੌਜਵਾਨ ਬੇਰੁਜ਼ਗਾਰ ਹਨ। ਇਹ ਅੰਕੜਾ ਹਰ ਸਾਲ 2 ਲੱਖ ਵੱਧ ਰਿਹਾ ਹੈ। ਪੰਜਾਬ ਦੇ ਹਰ 100 'ਚੋਂ 42 ਲੋਕ ਬੇਰੁਜ਼ਗਾਰ ਹਨ ਅਤੇ ਇਹ ਬੇਰੁਜ਼ਗਾਰੀ ਨੌਜਵਾਨਾਂ ਨੂੰ ਨਸ਼ੇ ਵੱਲ ਧੱਕ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਸਰਕਾਰ ਪਿਛਲੇ ਕਈ ਵਰ੍ਹਿਆਂ ਤੋਂ ਨਸ਼ਾ ਰੋਕਣ ਲਈ ਦਾਅਵੇ ਤਾਂ ਕਰ ਰਹੀ ਹੈ ਪਰ ਉਸ ਨੂੰ ਅਮਲ ਵਿਚ ਨਹੀਂ ਲਿਆ ਰਹੀ। ਹਰ ਰੋਜ਼ ਕਿਸੇ ਨਾ ਕਿਸੇ ਸ਼ਹਿਰ ਵਿਚ ਵੱਡੇ ਪੱਧਰ 'ਤੇ ਨਸ਼ਾ ਬਰਾਮਦ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਸਵਾ ਚਾਰ ਸੌ ਦੇ ਲਗਪਗ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕੀਤੇ ਗਏ। ਇਸ ਦਾ ਵੱਡਾ ਕਾਰਨ ਇਹ ਰਿਹਾ ਕਿ ਇਨ੍ਹਾਂ 'ਚੋਂ ਕੁਝ ਮੈਡੀਕਲ ਸਟੋਰਾਂ ਤੋਂ ਲਗਪਗ 40 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਫੜੀਆਂ ਗਈਆਂ। ਪੰਜਾਬ ਦੀ ਇਸ ਤੋਂ ਭਿਆਨਕ ਦਸ਼ਾ ਹੋਰ ਕੀ ਹੋ ਸਕਦੀ ਹੈ ਕਿ ਸਰਹੱਦ ਪਾਰੋਂ ਨਸ਼ਾ ਬੜੀ ਆਸਾਨੀ ਨਾਲ ਸਾਡੇ ਸੂਬੇ ਵਿਚ ਆ ਰਿਹਾ ਹੈ ਪਰ ਸਰਕਾਰ ਇਸ 'ਤੇ ਰੋਕ ਲਗਾਉਣੋਂ ਅਸਮਰੱਥ ਹੈ।

ਹਰ ਸਰਕਾਰ ਨੂੰ ਸ਼ਰਾਬ ਤੋਂ ਹੋਣ ਵਾਲੀ ਆਮਦਨ ਬਾਕੀ ਚੀਜ਼ਾਂ ਤੋਂ ਹੋਣ ਵਾਲੀ ਆਮਦਨ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਮੰਨਿਆ ਕਿ ਉਹ ਸ਼ਰਾਬ 'ਤੇ ਤਾਂ ਰੋਕ ਨਹੀਂ ਲਗਾ ਸਕਦੀ ਪਰ ਚਿੱਟੇ ਤੇ ਹੋਰ ਰਸਾਇਣਕ ਨਸ਼ਿਆਂ ਨੂੰ ਤਾਂ ਰੋਕ ਹੀ ਸਕਦੀ ਹੈ ਜੋ ਲੋਕਾਂ ਦੀ ਜਾਨ ਦੇ ਖੌਅ ਬਣੇ ਹੋਏ ਹਨ। ਜਿਸ ਹੱਦ ਤਕ ਨਸ਼ੇ ਰੂਪੀ ਇਹ ਭਿਆਨਕ ਬਿਮਾਰੀ ਸਾਡੇ ਸਮਾਜ ਵਿਚ ਫੈਲ ਰਹੀ ਹੈ, ਉਸ ਤੋਂ ਇਹ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੀਆਂ ਨਸਲਾਂ ਨੂੰ ਨਸ਼ੇ ਦੀ ਇਸ ਕੋਹੜ ਰੂਪੀ ਬਿਮਾਰੀ ਵਿਚ ਗ੍ਰਸਤ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਨਸ਼ੇ ਨੂੰ ਖ਼ਤਮ ਕਰਨ ਲਈ ਸਿਰਫ਼ ਸਰਕਾਰਾਂ ਹੀ ਨਹੀਂ ਬਲਕਿ ਸਮਾਜ ਨੂੰ ਵੀ ਸੁਚੇਤ ਹੋਣਾ ਪਵੇਗਾ। ਜੋ ਵਿਅਕਤੀ ਨਸ਼ੇ ਦੇ ਆਦੀ ਹੋ ਚੁੱਕੇ ਹਨ ਜਿੰਨੀ ਦੇਰ ਖ਼ੁਦ ਨਸ਼ੇ ਨੂੰ ਤਿਆਗਣ ਦੀ ਇੱਛਾ ਸ਼ਕਤੀ ਦਾ ਮੁਜ਼ਾਹਰਾ ਨਹੀਂ ਕਰਨਗੇ, ਤਦ ਤਕ ਨਸ਼ੇ ਦਾ ਤਿਆਗ ਨਹੀਂ ਕਰ ਸਕਣਗੇ। ਕੋਈ ਵੀ ਕੰਮ ਅਸੰਭਵ ਨਹੀਂ ਹੈ। ਵਿਅਕਤੀ ਆਪਣੀਆਂ ਮਿਹਨਤਾਂ ਅਤੇ ਕੋਸ਼ਿਸ਼ਾਂ ਨਾਲ ਵੱਡੇ-ਵੱਡੇ ਕੰਮ ਕਰ ਸਕਦਾ ਹੈ ਪਰ ਇਸ ਵਾਸਤੇ ਉਸ ਲਈ ਦ੍ਰਿੜ੍ਹ ਸੰਕਲਪ ਹੋਣਾ ਜ਼ਰੂਰੀ ਹੈ। ਜਦ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰਾਂ ਅਤੇ ਹਰੇਕ ਵਿਅਕਤੀ ਬਰਾਬਰ ਦਾ ਯੋਗਦਾਨ ਪਾਵੇਗਾ ਤਦ ਹੀ ਨਸ਼ਿਆਂ ਦੇ ਇਸ ਕੋਹੜ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਕੂਲਾਂ ਅਤੇ ਕਾਲਜਾਂ ਵਿਚ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਕੈਂਪ ਲਗਾਏ ਜਾਣ ਅਤੇ ਇਸ ਦੇ ਮਾੜੇ ਨਤੀਜਿਆਂ ਨੂੰ ਦਰਸਾਉਣ ਲਈ ਨਾਟਕ ਖੇਡ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ। ਸਕੂਲਾਂ-ਕਾਲਜਾਂ ਦੇ ਨਾਲ-ਨਾਲ ਹਰ ਪਿੰਡ ਅਤੇ ਸ਼ਹਿਰ ਵਿਚ ਜਾ ਕੇ ਲੋਕਾਂ ਨੂੰ ਸੈਮੀਨਾਰ ਲਗਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇ।

Posted By: Sukhdev Singh