ਪੰਜਾਬ ਦੇ ਤਿੰਨ ਹੱਦਾਂ-ਬੰਨੇ ਪਾਕਿਸਤਾਨ, ਹਿਮਾਚਲ ਤੇ ਰਾਜਸਥਾਨ, ਨਸ਼ੇ ਦਾ ਮੁੱਖ ਰਸਤਾ ਬਣੇ। ਪਾਕਿਸਤਾਨ ਵਾਲੇ ਪਾਸਿਓਂ ਹੈਰੋਇਨ ਆਉਣੀ ਸ਼ੁਰੂ ਹੋਈ। ਅਫ਼ਗਾਨਿਸਤਾਨ ’ਚ ਅਫੀਮ ਪੈਦਾ ਹੁੰਦੀ ਹੈ, ਪਾਕਿਸਤਾਨ ’ਚ ਉਸ ਤੋਂ ਹੈਰੋਇਨ ਬਣਦੀ ਹੈ ਤੇ ਪੰਜਾਬ ਸਭ ਤੋਂ ਸੌਖਾ ਰਸਤਾ ਬਣ ਗਿਆ ਇਸ ਨੂੰ ਭਾਰਤ ਦੇ ਬਾਕੀ ਹਿੱਸਿਆਂ ’ਚ ਭੇਜਣ ਲਈ। ਤਸਕਰਾਂ ਨੇ ਵੇਖਿਆ ਕਿ ਰਸਤੇ ’ਚ ਪੈਂਦੇ ਪੰਜਾਬ ਦੇ ਪਿੰਡ ਹੀ ਕਿਉਂ ਨਾ ਗਾਹਕ ਬਣਾ ਲਏ ਜਾਣ।

ਪੰਜਾਬ ਦੀ ਜਵਾਨੀ ਅੱਜ ਜਿਸ ਦਲਦਲ ’ਚ ਫਸੀ ਹੋਈ ਹੈ, ਉਸ ਦਾ ਨਾਂ ਹੈ ਚਿੱਟਾ, ਆਈਸ, ਸਮੈਕ ਤੇ ਨਸ਼ੀਲੀਆਂ ਗੋਲ਼ੀਆਂ। ਇਹ ਕੈਮੀਕਲ ਨਸ਼ੇ ਹਨ। ਭੁੱਕੀ, ਅਫੀਮ, ਸ਼ਰਾਬ ਦਾ ਨਸ਼ਾ ਤਾਂ ਪੰਜਾਬ ਨੇ ਪਹਿਲਾਂ ਵੀ ਵੇਖਿਆ ਸੀ ਪਰ ਇਹ ਨਵੇਂ ਨਸ਼ੇ ਸਿਰਫ਼ ਨਸ਼ਾ ਨਹੀਂ, ਮੌਤ ਦਾ ਦੂਜਾ ਨਾਂ ਹਨ। ਇਹ ਸਿੱਧਾ ਦਿਮਾਗ ’ਤੇ ਹਮਲਾ ਕਰਦੇ ਹਨ, ਸਰੀਰ ਨੂੰ ਖੋਖਲਾ ਕਰਦੇ ਹਨ ਤੇ ਹਫ਼ਤੇ ’ਚ ਹੀ ਬੰਦੇ ਨੂੰ ਜਿਉਂਦੀ ਲਾਸ਼ ਬਣਾ ਦਿੰਦੇ ਹਨ।
ਸਵਾਲ ਇਹ ਹੈ ਕਿ ਇਹ ਜ਼ਹਿਰ ਪੰਜਾਬ ਦੀ ਰਗ-ਰਗ ’ਚ ਪਹੁੰਚਿਆ ਕਿਵੇਂ ਤੇ ਹੁਣ ਇਸ ਨੂੰ ਕੱਢਿਆ ਕਿਵੇਂ ਜਾਵੇ? ਕੈਮੀਕਲ ਨਸ਼ਿਆਂ ਦੀ ਕਹਾਣੀ ਸਿਰਫ਼ ਦਸ-ਪੰਦਰਾਂ ਸਾਲ ਪੁਰਾਣੀ ਹੈ। ਨੱਬੇ ਦੇ ਦਹਾਕੇ ਤੱਕ ਪੰਜਾਬ ’ਚ ਜੇ ਨਸ਼ਾ ਸੀ ਤਾਂ ਦੇਸੀ ਸ਼ਰਾਬ, ਭੁੱਕੀ ਜਾਂ ਅਫੀਮ ਸੀ। ਇਹ ਨਸ਼ੇ ਬੰਦਾ ਕਰਦਾ ਸੀ ਤਾਂ ਕੰਮਕਾਰ ਵੀ ਕਰ ਲੈਂਦਾ ਸੀ, ਘਰ ਵੀ ਸੰਭਾਲ ਲੈਂਦਾ ਸੀ। ਫਿਰ ਸਰਹੱਦਾਂ ਖੁੱਲ੍ਹੀਆਂ, ਵਪਾਰ ਵਧਿਆ ਤੇ ਨਾਲ ਹੀ ਮੌਤ ਦਾ ਵਪਾਰ ਵੀ ਸ਼ੁਰੂ ਹੋ ਗਿਆ।
ਪੰਜਾਬ ਦੇ ਤਿੰਨ ਹੱਦਾਂ-ਬੰਨੇ ਪਾਕਿਸਤਾਨ, ਹਿਮਾਚਲ ਤੇ ਰਾਜਸਥਾਨ, ਨਸ਼ੇ ਦਾ ਮੁੱਖ ਰਸਤਾ ਬਣੇ। ਪਾਕਿਸਤਾਨ ਵਾਲੇ ਪਾਸਿਓਂ ਹੈਰੋਇਨ ਆਉਣੀ ਸ਼ੁਰੂ ਹੋਈ। ਅਫ਼ਗਾਨਿਸਤਾਨ ’ਚ ਅਫੀਮ ਪੈਦਾ ਹੁੰਦੀ ਹੈ, ਪਾਕਿਸਤਾਨ ’ਚ ਉਸ ਤੋਂ ਹੈਰੋਇਨ ਬਣਦੀ ਹੈ ਤੇ ਪੰਜਾਬ ਸਭ ਤੋਂ ਸੌਖਾ ਰਸਤਾ ਬਣ ਗਿਆ ਇਸ ਨੂੰ ਭਾਰਤ ਦੇ ਬਾਕੀ ਹਿੱਸਿਆਂ ’ਚ ਭੇਜਣ ਲਈ। ਤਸਕਰਾਂ ਨੇ ਵੇਖਿਆ ਕਿ ਰਸਤੇ ’ਚ ਪੈਂਦੇ ਪੰਜਾਬ ਦੇ ਪਿੰਡ ਹੀ ਕਿਉਂ ਨਾ ਗਾਹਕ ਬਣਾ ਲਏ ਜਾਣ।
ਸੋ, ਮੁਫ਼ਤ ’ਚ ਪਹਿਲੀ-ਦੂਜੀ ਪੁੜੀ ਦੇਣੀ ਸ਼ੁਰੂ ਕੀਤੀ। ਦੂਜਾ ਵੱਡਾ ਕਾਰਨ ਸੀ ਪੰਜਾਬ ਦੀ ਖੇਤੀ ਦਾ ਸੰਕਟ। ਹਰੀ ਕ੍ਰਾਂਤੀ ਤੋਂ ਬਾਅਦ ਛੋਟਾ ਕਿਸਾਨ ਕਰਜ਼ੇ ’ਚ ਡੁੱਬਣ ਲੱਗ ਪਿਆ। ਜ਼ਮੀਨਾਂ ਵਿਕਣ ਲੱਗੀਆਂ। ਪੜ੍ਹੇ-ਲਿਖੇ ਮੁੰਡਿਆਂ ਨੂੰ ਖੇਤਾਂ ’ਚ ਕੰਮ ਕਰਨ ’ਚ ਸ਼ਰਮ ਮਹਿਸੂਸ ਹੋਣ ਲੱਗੀ ਤੇ ਫੈਕਟਰੀ ਦੀ ਨੌਕਰੀ ਮਿਲੀ ਨਹੀਂ। ਖ਼ਾਲੀ ਬੈਠੇ ਨੌਜਵਾਨ, ਉੱਪਰੋਂ ਪਿੰਡ ’ਚ ਕੋਈ ਖੇਡ ਦਾ ਮੈਦਾਨ ਨਹੀਂ, ਕੋਈ ਲਾਇਬ੍ਰੇਰੀ ਨਹੀਂ, ਕੋਈ ਸੱਭਿਆਚਾਰਕ ਕੇਂਦਰ ਨਹੀਂ। ਵਿਹਲਾ ਦਿਮਾਗ ਸ਼ੈਤਾਨ ਦਾ ਘਰ ਬਣ ਗਿਆ। ਤਸਕਰ ਨੂੰ ਗਾਹਕ ਚਾਹੀਦਾ ਸੀ ਤੇ ਨੌਜਵਾਨਾਂ ਨੂੰ ‘ਟੈਨਸ਼ਨ’ ਭੁਲਾਉਣ ਦਾ ਤਰੀਕਾ।
ਦੋਵਾਂ ਦਾ ਸਵਾਰਥ ਮਿਲ ਗਿਆ। ਤੀਜਾ ਕਾਰਨ ਬਣੀ ਸਿਆਸਤ ਤੇ ਪੁਲਿਸ ਦੀ ਮਿਲੀਭੁਗਤ। ‘ਉੜਤਾ ਪੰਜਾਬ’ ਫਿਲਮ ’ਤੇ ਰੌਲਾ ਪਿਆ ਪਰ ਸੱਚਾਈ ਇਹੀ ਸੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਸਿਆਸੀ ਸਰਪ੍ਰਸਤੀ ਮਿਲੀ ਹੋਈ ਸੀ। ਜਦ ਤੱਕ ਵੱਡੀ ਮੱਛੀ ਫੜੀ ਨਹੀਂ ਜਾਂਦੀ, ਉਦੋਂ ਤੱਕ ਛੋਟੇ ਸਮੱਗਲਰ ਤੇ ਪੁੜੀਆਂ ਵੇਚਣ ਵਾਲੇ ਮੁੰਡੇ ਫੜਨ ਨਾਲ ਕੁਝ ਨਹੀਂ ਬਣਨਾ। ਉਹ ਤਾਂ ਸ਼ਤਰੰਜ ਦੇ ਪਿਆਦੇ ਹਨ। ਚੌਥਾ ਕਾਰਨ ਹੈ ਗੀਤਾਂ ਤੇ ਸੋਸ਼ਲ ਮੀਡੀਆ ਦਾ ਰੁਝਾਨ। ਕੁਝ ਗਾਇਕਾਂ ਨੇ ਹਥਿਆਰ, ਦਾਰੂ ਤੇ ਨਸ਼ੇ ਨੂੰ ਸ਼ਾਨ ਬਣਾ ਕੇ ਪੇਸ਼ ਕੀਤਾ। ਰੀਲ੍ਹਾਂ ਤੇ ਸਟੇਟਸ ’ਚ ਨਸ਼ੇ ਦੀ ਵਡਿਆਈ ਹੋਈ।
ਮਾਪੇ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਸਕੇ ਕਿਉਂਕਿ ਉਹ ਖ਼ੁਦ ਕਰਜ਼ੇ ਤੇ ਡਿਪ੍ਰੈਸ਼ਨ ’ਚ ਡੁੱਬੇ ਹੋਏ ਸਨ। ਨਤੀਜਾ ਇਹ ਨਿਕਲਿਆ ਕਿ 14-15 ਸਾਲਾਂ ਦਾ ਮੁੰਡਾ ਵੀ ਸਰਿੰਜ ਫੜੀ ਬੈਠਾ ਹੈ। ਕੈਮੀਕਲ ਨਸ਼ਿਆਂ ਨੇ ਪੰਜਾਬ ਦਾ ਸਮਾਜਿਕ ਤਾਣਾ-ਬਾਣਾ ਤਹਿਸ-ਨਹਿਸ ਕਰ ਦਿੱਤਾ ਹੈ। ਜਿਸ ਘਰ ’ਚ ਨਸ਼ੇੜੀ ਹੈ, ਉਸ ਘਰੋਂ ਬਰਤਨ ਵਿਕ ਗਏ, ਜ਼ਮੀਨ ਤੇ ਔਰਤਾਂ ਦੇ ਗਹਿਣੇ ਵਿਕ ਗਏ। ਪਿੰਡਾਂ ਦੇ ਸ਼ਮਸ਼ਾਨਘਾਟ ਜਵਾਨਾਂ ਦੀਆਂ ਲਾਸ਼ਾਂ ਨਾਲ ਭਰ ਗਏ।
ਸਭ ਤੋਂ ਮਾੜਾ ਅਸਰ ਪੰਜਾਬ ਦੀ ਆਉਣ ਵਾਲੀ ਪੀੜ੍ਹੀ ’ਤੇ ਪਿਆ। ਹੁਣ ਸਵਾਲ ਇਹ ਹੈ ਕਿ ਇਸ ਦਾ ਹੱਲ ਕੀ ਹੈ? ਇਕ ਗੱਲ ਪੱਕੀ ਹੈ ਕਿ ਸਿਰਫ਼ ਪੁਲਿਸ ਦੇ ਡੰਡੇ ਨਾਲ ਨਸ਼ਾ ਖ਼ਤਮ ਨਹੀਂ ਹੋਣਾ। ਜੇ ਸਿਰਫ਼ ਫੜੋ-ਫੜੀ ਹੀ ਹੱਲ ਹੁੰਦੀ ਤਾਂ ਅਮਰੀਕਾ ਨੇ ਮੈਕਸੀਕੋ ਵਾਲਾ ਨਸ਼ਾ ਕਦੋਂ ਦਾ ਖ਼ਤਮ ਕਰ ਦੇਣਾ ਸੀ। ਪੰਜਾਬ ਨੂੰ ਚਾਰ ਪੱਧਰਾਂ ’ਤੇ ਲੜਾਈ ਲੜਨੀ ਪਵੇਗੀ। ਪਹਿਲਾ ਪੱਧਰ ਹੈ ਸਪਲਾਈ ਲਾਈਨ ਤੋੜਨਾ।
ਜਦ ਤੱਕ ਸਰਹੱਦ ਪਾਰੋਂ ਨਸ਼ਾ ਆਉਣਾ ਬੰਦ ਨਹੀਂ ਹੁੰਦਾ, ਉਦੋਂ ਤੱਕ ਮੰਗ ਘਟਾਉਣ ਦੀ ਗੱਲ ਫ਼ਜ਼ੂਲ ਹੈ। ਬੀਐੱਸਐੱਫ ਨੂੰ ਨਵੀਂ ਤਕਨੀਕ, ਡ੍ਰੋਨ ਰੋਕੂ ਸਿਸਟਮ ਤੇ ਖ਼ੁਫ਼ੀਆ ਤੰਤਰ ਮਜ਼ਬੂਤ ਕਰਨਾ ਪਵੇਗਾ ਪਰ ਸਭ ਤੋਂ ਜ਼ਰੂਰੀ ਹੈ ਕਿ ਪੁਲਿਸ ਤੇ ਸਿਆਸੀ ਲੋਕਾਂ ਦੀ ਮਿਲੀਭੁਗਤ ਤੋੜੀ ਜਾਵੇ। ਜਿਸ ਦਿਨ ਕੋਈ ਵੱਡਾ ਨੇਤਾ, ਕੋਈ ਵੱਡਾ ਅਫ਼ਸਰ ਨਸ਼ੇ ਦੇ ਕੇਸ ’ਚ ਅੰਦਰ ਹੋਇਆ, ਉਸ ਦਿਨ ਹੇਠਲੇ ਪੱਧਰ ’ਤੇ ਆਪੇ ਡਰ ਬੈਠ ਜਾਵੇਗਾ।
ਇਸ ਲਈ ਨਸ਼ਾ ਤਸਕਰੀ ਦੇ ਕੇਸ ਸੀਬੀਆਈ ਜਾਂ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ’ਚ ਚੱਲਣੇ ਚਾਹੀਦੇ ਹਨ ਤਾਂ ਜੋ ਸਥਾਨਕ ਦਬਾਅ ਨਾ ਪੈ ਸਕੇ। ਜਾਇਦਾਦ ਜ਼ਬਤ ਕਰੋ, ਬੇਨਾਮੀ ਸੰਪਤੀ ਸਰਕਾਰੀ ਖ਼ਜ਼ਾਨੇ ’ਚ ਪਾਓ। ਜਦ ਮੁਨਾਫ਼ਾ ਨਹੀਂ ਰਹੇਗਾ ਤਾਂ ਧੰਦਾ ਆਪੇ ਬੰਦ ਹੋ ਜਾਵੇਗਾ। ਦੂਜਾ ਪੱਧਰ ਹੈ ਮੰਗ ਘਟਾਉਣਾ। ਜਦ ਤੱਕ ਨੌਜਵਾਨ ਵਰਗ ਵਿਹਲਾ ਬੈਠਾ ਹੈ, ਉਦੋਂ ਤੱਕ ਉਹ ਗ਼ਲਤ ਰਾਹ ’ਤੇ ਚੱਲੇਗਾ ਹੀ। ਹਰ ਪਿੰਡ ’ਚ ਸਕਿੱਲ ਸੈਂਟਰ ਖੋਲ੍ਹੋ।
ਆਈਟੀਆਈਜ਼ ਨੂੰ ਮਜ਼ਬੂਤ ਕਰੋ। ਖੇਡ ਦੇ ਮੈਦਾਨ ਬਣਾਓ, ਕੋਚ ਲਾਓ। ਪੰਜਾਬ ਦੇ ਨੌਜਵਾਨ ਤਕੜੇ ਜੁੱਸੇ ਵਾਲੇ ਹਨ, ਬਸ ਉਨ੍ਹਾਂ ਨੂੰ ਸਹੀ ਦਿਸ਼ਾ ਚਾਹੀਦੀ ਹੈ। ਫੂਡ ਪ੍ਰੋਸੈਸਿੰਗ, ਡੇਅਰੀ ਫਾਰਮਿੰਗ, ਮੱਛੀ ਪਾਲਣ, ਟੂਰਿਜ਼ਮ -ਇਹੋ ਜਿਹੇ ਧੰਦੇ ਪਿੰਡ-ਪਿੰਡ ਸ਼ੁਰੂ ਕਰੋ ਤਾਂ ਜੋ ਹੱਥਾਂ ਨੂੰ ਕੰਮ ਮਿਲੇ। ਮਨਰੇਗਾ ਨੂੰ ਖੇਤਾਂ ਨਾਲ ਜੋੜੋ ਤਾਂ ਜੋ ਮਜ਼ਦੂਰਾਂ ਨੂੰ ਵੀ ਢੁੱਕਵੀਂ ਮਜ਼ਦੂਰੀ ਮਿਲੇ ਤੇ ਕਿਸਾਨਾਂ ਨੂੰ ਮਦਦ। ਜਦ ਨੌਜਵਾਨਾਂ ਦੀ ਜੇਬ ’ਚ ਹੱਕ-ਹਲਾਲ ਦੀ ਕਮਾਈ ਹੋਵੇਗੀ ਤਾਂ ਉਹ ਸਰਿੰਜ ਵੱਲ ਨਹੀਂ ਵੇਖਣਗੇ। ਤੀਜਾ ਪੱਧਰ ਹੈ ਇਲਾਜ ਤੇ ਮੁੜ ਵਸੇਬਾ। ਨਸ਼ੇੜੀਆਂ ਨੂੰ ਮੁਜਰਮ ਨਹੀਂ, ਮਰੀਜ਼ ਸਮਝੋ। ਉਨ੍ਹਾਂ ਨੂੰ ਜੇਲ੍ਹ ’ਚ ਸੁੱਟਣ ਨਾਲ ਉਹ ਹੋਰ ਵੱਡੇ ਤਸਕਰ ਬਣ ਕੇ ਨਿਕਲਦੇ ਹਨ। ਹਰ ਜ਼ਿਲ੍ਹੇ ’ਚ ਆਧੁਨਿਕ ਨਸ਼ਾ ਛੁਡਾਊ ਕੇਂਦਰ ਹੋਣ ਜਿੱਥੇ ਡਾਕਟਰ, ਮਨੋਵਿਗਿਆਨੀ ਤੇ ਕਾਊਂਸਲਰ ਹੋਣ ਪਰ ਇਲਾਜ ਸਿਰਫ਼ ਦਵਾਈ ਨਾਲ ਨਹੀਂ ਹੋਣਾ।
ਨਸ਼ਾ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਕੰਮ ਚਾਹੀਦਾ ਹੈ। ਸਰਕਾਰ ਤੇ ਸਮਾਜ ਮਿਲ ਕੇ ਉਨ੍ਹਾਂ ਨੂੰ ਰੁਜ਼ਗਾਰ ਦੇਣ। ਜੇ ਅਸੀਂ ਉਨ੍ਹਾਂ ਨੂੰ ਅਪਣਾਵਾਂਗੇ ਨਹੀਂ ਤਾਂ ਉਹ ਦੁਬਾਰਾ ਨਸ਼ੇ ਵੱਲ ਹੀ ਜਾਣਗੇ। ਪੰਚਾਇਤਾਂ, ਕਲੱਬ ਤੇ ਗੁਰੂਘਰ ਇਸ ਕੰਮ ’ਚ ਸਭ ਤੋਂ ਵੱਡੀ ਭੂਮਿਕਾ ਨਿਭਾ ਸਕਦੇ ਹਨ। ਚੌਥਾ ਤੇ ਸਭ ਤੋਂ ਅਹਿਮ ਪੱਧਰ ਹੈ ਸਮਾਜ ਦੀ ਜਾਗ੍ਰਿਤੀ। ਕਾਨੂੰਨ ਤੇ ਸਰਕਾਰ ਆਪਣੀ ਥਾਂ, ਪਰ ਜਦ ਤੱਕ ਸਮਾਜ ਨਹੀਂ ਜਾਗਦਾ, ਉਦੋਂ ਤੱਕ ਕੁਝ ਨਹੀਂ ਬਣਨਾ। ਮਾਂ-ਬਾਪ ਨੂੰ ਆਪਣੇ ਬੱਚੇ ਨਾਲ ਰੋਜ਼ ਕੁਝ ਪਲ ਬੈਠ ਕੇ ਗੱਲਬਾਤ ਕਰਨੀ ਪਵੇਗੀ। ਸਕੂਲਾਂ ’ਚ ਪਹਿਲੀ ਜਮਾਤ ਤੋਂ ਹੀ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣਾ ਪਵੇਗਾ।
ਗਾਇਕਾਂ, ਕਲਾਕਾਰਾਂ ਤੇ ਯੂ-ਟਿਊਬਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਕਿ ਉਹ ਲੱਖਾਂ ਨੌਜਵਾਨਾਂ ਦਾ ਰੋਲ ਮਾਡਲ ਹਨ। ਜੇ ਉਹ ਨਸ਼ਿਆਂ ਦੀ ਵਡਿਆਈ ਕਰਨਗੇ ਤਾਂ ਬੱਚੇ ਉਹੀ ਕਰਨਗੇ। ਧਾਰਮਿਕ ਸੰਸਥਾਵਾਂ ਗੁਰਬਾਣੀ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਤੇ ਹੁਨਰ ਵਿਕਾਸ ਵੱਲ ਲਾਉਣ।
ਮੁੱਕਦੀ ਗੱਲ ਇਹ ਹੈ ਕਿ ਪੰਜਾਬ ਨਸ਼ੇ ਦੀ ਦਲਦਲ ’ਚੋਂ ਨਿਕਲ ਸਕਦਾ ਹੈ। ਇਸ ਨੇ 1947 ਦੀ ਵੰਡ ਝੱਲੀ, 1984 ਦਾ ਸੰਤਾਪ ਝੱਲਿਆ ਤੇ ਹਰ ਵਾਰ ਮੁੜ ਖੜ੍ਹਾ ਹੋਇਆ। ਇਹ ਜੰਗ ਵੀ ਜਿੱਤੀ ਜਾ ਸਕਦੀ ਹੈ, ਸ਼ਰਤ ਇਹ ਹੈ ਕਿ ਅਸੀਂ ਸਾਰੇ-ਸਰਕਾਰ, ਪੁਲਿਸ, ਸਮਾਜ, ਮਾਪੇ, ਅਧਿਆਪਕ, ਨੇਤਾ-ਆਪਣਾ ਫ਼ਰਜ਼ ਨਿਭਾਈਏ। ਨਸ਼ਿਆਂ ਦੀ ਸਪਲਾਈ ਰੋਕੋ, ਮੰਗ ਖ਼ਤਮ ਕਰੋ, ਇਲਾਜ ਕਰੋ ਤੇ ਜਾਗ੍ਰਿਤੀ ਲਿਆਓ। ਜਿਸ ਦਿਨ ਪੰਜਾਬ ਦਾ ਨੌਜਵਾਨ ਹੱਥ ’ਚ ਸਰਿੰਜ ਦੀ ਥਾਂ ਕਿਤਾਬ, ਕਹੀ ਜਾਂ ਹਾਕੀ ਫੜ ਲਵੇਗਾ, ਉਸ ਦਿਨ ਸਮਝ ਲਓ-ਪੰਜਾਬ ਬਚ ਗਿਆ। ਨਸ਼ਾ ਮੁਕਾਉਣਾ ਸਿਰਫ਼ ਸਰਕਾਰ ਦਾ ਕੰਮ ਨਹੀਂ, ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ ਤੇ ਪੰਜਾਬੀ ਕੌਮ ਹਾਰਨਾ ਜਾਣਦੀ ਹੀ ਨਹੀਂ।
-ਰਮੇਸ਼ਵਰ ਸਿੰਘ
-ਸੰਪਰਕ : 70092-44452