ਇਹ ਚਿੰਤਾ ਜਾਇਜ਼ ਵੀ ਹੈ ਕਿਉਂਕਿ ਜੇਕਰ ਅਸੀਂ ਆਪਣੇ-ਆਪ ਨੂੰ ਉਸ ਜਗ੍ਹਾ ’ਤੇ ਰੱਖ ਕੇ ਸੋਚ ਰਹੇ ਹਾਂ ਤਾਂ ਹੀ ਅਸੀਂ ਉਨ੍ਹਾਂ ’ਤੇ ਆਈ ਇਸ ਕੁਦਰਤੀ ਆਫ਼ਤ ਦਾ ਅਹਿਸਾਸ ਕਰ ਪਾ ਰਹੇ ਹਾਂ। ਕਿੰਨੇ ਹੀ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਜਿਵੇਂ ਚਿੜੀ ਤਿਣਕਾ-ਤਿਣਕਾ ਇਕੱਠਾ ਕਰ ਕੇ ਆਪਣਾ ਘਰ ਬਣਾਉਂਦੀ ਹੈ, ਉਸੇ ਤਰ੍ਹਾਂ ਹੀ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਘਰ ਬਣਾਏ ਪਰ ਅੱਜ ਸਭ ਪਾਣੀ ਦੀ ਲਪੇਟ ਵਿਚ ਆ ਗਏ।
ਅੱਜ-ਕੱਲ੍ਹ ਪੰਜਾਬ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੜ੍ਹਾਂ ਨੇ ਹਾਹਾਕਾਰ ਮਚਾਈ ਹੋਈ ਹੈ। ਕੋਈ ਇਸ ਆਫ਼ਤ ਨੂੰ ਕੁਦਰਤ ਦੀ ਕਰੋਪੀ ਕਹਿ ਰਿਹਾ ਹੈ, ਕੋਈ ਮਨੁੱਖ ਦੇ ਕਰਮਾਂ ਦਾ ਫਲ ਤੇ ਕੋਈ ਸਰਕਾਰ ਦੀਆਂ ਨਾਕਾਮਯਾਬੀਆਂ ਦੱਸ ਰਿਹਾ ਹੈ ਜਿਸ ਨੇ ਹੜ੍ਹ ਆਉਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕਰਨੇ ਜ਼ਰੂਰੀ ਨਾ ਸਮਝੇ। ਮੀਡੀਆ ਤੇ ਸੋਸ਼ਲ ਮੀਡੀਆ ਇਸ ਤ੍ਰਾਸਦੀ ਦਾ ਸ਼ਿਕਾਰ ਹੋਏ ਲੋਕਾਂ ਦੀ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਾਫ਼ੀ ਜਾਣਕਾਰੀ ਦੇ ਰਿਹਾ ਹੈ।
ਅੰਕੜਿਆਂ ਅਨੁਸਾਰ ਪੰਜਾਬ ਦੇ 12 ਜ਼ਿਲ੍ਹੇ, 1044 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ ਤੇ 256107 ਲੋਕ ਇਨ੍ਹਾਂ ਤੋਂ ਪੀੜਤ ਹਨ। ਉਣੱਤੀ ਤੋਂ ਵੱਧ ਅਜਿਹੇ ਲੋਕ ਹਨ ਜੋ ਹੁਣ ਤੱਕ ਹੜ੍ਹਾਂ ਕਾਰਨ ਜਾਨਾਂ ਗੁਆ ਚੁੱਕੇ ਹਨ। ਲਗਪਗ 94061 ਏਕੜ ਖੇਤੀਯੋਗ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਆ ਚੁੱਕੀ ਹੈ। ਪਸ਼ੂਧਨ ਦਾ ਜੋ ਨੁਕਸਾਨ ਹੋਇਆ, ਉਸ ਦੀ ਤਾਂ ਜਾਣਕਾਰੀ ਅਜੇ ਇਕੱਠੀ ਹੋ ਰਹੀ ਹੈ। ਹੜ੍ਹਾਂ ਕਾਰਨ ਲੋਕਾਂ ਦੇ ਹੋਏ ਭਾਰੀ ਨੁਕਸਾਨ ਨੂੰ ਦੇਖ-ਸੁਣ ਤੇ ਅੱਜ ਹੜ੍ਹਾਂ ਤੋਂ ਬਹੁਤ ਦੂਰ ਬੈਠਾ ਹਰ ਵਿਅਕਤੀ ਵੀ ਬਹੁਤ ਜ਼ਿਆਦਾ ਚਿੰਤਤ ਹੈ।
ਇਹ ਚਿੰਤਾ ਜਾਇਜ਼ ਵੀ ਹੈ ਕਿਉਂਕਿ ਜੇਕਰ ਅਸੀਂ ਆਪਣੇ-ਆਪ ਨੂੰ ਉਸ ਜਗ੍ਹਾ ’ਤੇ ਰੱਖ ਕੇ ਸੋਚ ਰਹੇ ਹਾਂ ਤਾਂ ਹੀ ਅਸੀਂ ਉਨ੍ਹਾਂ ’ਤੇ ਆਈ ਇਸ ਕੁਦਰਤੀ ਆਫ਼ਤ ਦਾ ਅਹਿਸਾਸ ਕਰ ਪਾ ਰਹੇ ਹਾਂ। ਕਿੰਨੇ ਹੀ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਜਿਵੇਂ ਚਿੜੀ ਤਿਣਕਾ-ਤਿਣਕਾ ਇਕੱਠਾ ਕਰ ਕੇ ਆਪਣਾ ਘਰ ਬਣਾਉਂਦੀ ਹੈ, ਉਸੇ ਤਰ੍ਹਾਂ ਹੀ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਘਰ ਬਣਾਏ ਪਰ ਅੱਜ ਸਭ ਪਾਣੀ ਦੀ ਲਪੇਟ ਵਿਚ ਆ ਗਏ।
ਕਿੰਨੇ ਹੀ ਦੁਧਾਰੂ ਪਸ਼ੂ ਪਾਣੀ ਦੀਆਂ ਲਹਿਰਾਂ ਵਿਚ ਰੁੜ੍ਹ ਗਏ। ਸਕੂਲਾਂ ਵਿਚ ਪਾਣੀ ਭਰ ਜਾਣ ਨਾਲ ਬੱਚੇ ਸਿੱਖਿਆ ਨਾਲੋਂ ਚਾਹੇ ਕੁਝ ਸਮੇਂ ਲਈ ਹੀ ਸਹੀ ਪਰ ਟੁੱਟ ਗਏ। ਮੈਂ ਸੋਚਦੀ ਹਾਂ ਕਿ ਇਹ ਪੰਜਾਬੀਆਂ ਦੀ ਜ਼ਿੰਦਾਦਿਲੀ ਹੈ ਕਿ ਉਹ ਇਸ ਕੁਦਰਤੀ ਆਫ਼ਤ ਦਾ ਹਰ ਪੱਖ ਤੋਂ ਸਾਹਮਣਾ ਕਰਨ ਲਈ ਜੂਝ ਰਹੇ ਹਨ। ਸਾਡੇ ਬਹੁਤ ਸਾਰੇ ਸਮਾਜ ਸੇਵੀ ਹੜ੍ਹਾਂ ਦੀ ਮਾਰ ਹੇਠ ਆਏ ਇਨ੍ਹਾਂ ਪਰਿਵਾਰਾਂ ਕੋਲ ਪਹੁੰਚ ਰਹੇ ਹਨ। ਉਨ੍ਹਾਂ ਲਈ ਖਾਣ-ਪੀਣ ਤੇ ਹੋਰ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕਰ ਰਹੇ ਹਨ, ਗਹਿਰੇ ਪਾਣੀਆਂ ਵਿਚ ਫਸੇ ਲੋਕਾਂ ਨੂੰ ਰੈਸਕਿਊ ਕਰ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਪੰਜਾਬੀ ਕਲਾਕਾਰ, ਪੰਜਾਬ ਦੇ ਸਿਰਕੱਢ ਗਾਇਕ ਤੇ ਗਾਇਕਾਵਾਂ ਵੀ ਪੰਜਾਬ ਦੀ ਇਸ ਜਦੋਜਹਿਦ ਭਰੀ ਹਾਲਤ ਨੂੰ ਸੁਧਾਰਨ ਲਈ ਆਪਣਾ ਯੋਗਦਾਨ ਦੇ ਰਹੇ ਹਨ। ਇੱਥੇ ਇਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਹਰ ਉਹ ਪੰਜਾਬੀ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ ਤੇ ਉਹ ਦੁਨੀਆ ਦੇ ਭਾਵੇਂ ਕਿਸੇ ਵੀ ਹਿੱਸੇ ਵਿਚ ਕਿਉਂ ਨਾ ਰਹਿੰਦਾ ਹੋਵੇ, ਉਸ ਅੰਦਰ ਪੰਜਾਬੀਅਤ ਅੱਜ ਵੀ ਜ਼ਿੰਦਾ ਹੈ। ਬਹੁਤ ਸਾਰੇ ਅਧਿਆਪਕ, ਯੂਟਿਊਬਰ ਤੇ ਬਲੌਗਰ ਵੀ ਹੜ੍ਹ ਪੀੜਤ ਪੰਜਾਬੀਆਂ ਲਈ ਬਹੁਤ ਕੁਝ ਕਰ ਰਹੇ ਹਨ। ਐੱਨਡੀਆਰਐੱਫ, ਐੱਸਬੀਐੱਸਐੱਫ, ਏਅਰ ਫੋਰਸ, ਨੇਵੀ ਅਤੇ ਆਰਮੀ ਦੀਆਂ ਟੀਮਾਂ ਵੀ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਮੌਜੂਦ ਹਨ ਤੇ ਕੋਸ਼ਿਸ਼ ਸਭ ਦੀ ਇਹੀ ਹੈ ਕਿ ਹਰ ਹੜ੍ਹ ਪੀੜਤ ਪੰਜਾਬੀ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਵਾਂਝਾ ਨਾ ਰਹਿ ਜਾਵੇ। ਇਹ ਬਿਪਤਾ ਦੇ ਦਿਨ ਬੀਤ ਜਾਣ ਤੋਂ ਬਾਅਦ ਵੀ ਹੜ੍ਹ ਪੀੜਤ ਪਰਿਵਾਰਾਂ ਨੂੰ ਸਾਡੀ ਹੋਰ ਵੀ ਜ਼ਿਆਦਾ ਸਹਾਇਤਾ ਤੇ ਹੌਸਲੇ ਦੀ ਲੋੜ ਹੋਵੇਗੀ। ਇਹ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਹੜ੍ਹ ਪੀੜਤਾਂ ਨਾਲ ਇਸੇ ਤਰ੍ਹਾਂ ਡਟ ਕੇ ਖੜ੍ਹੇ ਰਹੀਏ। ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਇੰਤਜ਼ਾਮ ਕੀਤਾ ਜਾਵੇ।
-ਜਸਵਿੰਦਰ ਕੌਰ
ਗੋਨਿਆਣਾ।
-ਮੋਬਾਈਲ : 94176-49542