ਪਿਛਲੇ ਦਿਨੀਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਹਰੀਕੇ ਕਲਾਂ ਵਿਚ ਇਕ ਨਸ਼ੇੜੀ ਪਿੰਡ ਦੇ ਹੀ ਤਸਕਰ ਕੋਲ ਚਿੱਟਾ ਲੈਣ ਗਿਆ। ਤਸਕਰ ਨੇ ਉਸ ਦੀ ਮੰਗ ਅਨੁਸਾਰ ਚਿੱਟੇ ਦੇ ਨਾਲ ਉਸ ਨੂੰ ਸਰਿੰਜ ਵੀ ਦੇ ਦਿੱਤੀ। ਨਸ਼ੇੜੀ ਨੇ ਉਸ ਦੀ ਹਵੇਲੀ ਦੇ ਵਿਹੜੇ ਵਿਚ ਹੀ ਚਿੱਟੇ ਦਾ ਟੀਕਾ ਲਾ ਲਿਆ। ਕੁਝ ਪਲਾਂ ਬਾਅਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਉਪਰੰਤ ਤਸਕਰ ਤਾਂ ਆਪਣੇ ਪਰਿਵਾਰ ਸਮੇਤ ਭੱਜ ਗਿਆ ਪਰ ਅੱਕੇ ਹੋਏ ਲੋਕਾਂ ਨੇ ਉਸ ਦੇ ਘਰ ਅੱਗੇ ਰੋਸ ਧਰਨਾ ਲਗਾ ਦਿੱਤਾ

-ਮੋਹਨ ਸ਼ਰਮਾ
ਪਿਛਲੇ ਦਿਨੀਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਹਰੀਕੇ ਕਲਾਂ ਵਿਚ ਇਕ ਨਸ਼ੇੜੀ ਪਿੰਡ ਦੇ ਹੀ ਤਸਕਰ ਕੋਲ ਚਿੱਟਾ ਲੈਣ ਗਿਆ। ਤਸਕਰ ਨੇ ਉਸ ਦੀ ਮੰਗ ਅਨੁਸਾਰ ਚਿੱਟੇ ਦੇ ਨਾਲ ਉਸ ਨੂੰ ਸਰਿੰਜ ਵੀ ਦੇ ਦਿੱਤੀ। ਨਸ਼ੇੜੀ ਨੇ ਉਸ ਦੀ ਹਵੇਲੀ ਦੇ ਵਿਹੜੇ ਵਿਚ ਹੀ ਚਿੱਟੇ ਦਾ ਟੀਕਾ ਲਾ ਲਿਆ। ਕੁਝ ਪਲਾਂ ਬਾਅਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਉਪਰੰਤ ਤਸਕਰ ਤਾਂ ਆਪਣੇ ਪਰਿਵਾਰ ਸਮੇਤ ਭੱਜ ਗਿਆ ਪਰ ਅੱਕੇ ਹੋਏ ਲੋਕਾਂ ਨੇ ਉਸ ਦੇ ਘਰ ਅੱਗੇ ਰੋਸ ਧਰਨਾ ਲਗਾ ਦਿੱਤਾ। ਧਰਨੇ ਵਿਚ ਪਿੰਡ ਦੀ ਪੰਚਾਇਤ, ਔਰਤਾਂ, ਭਾਰੀ ਗਿਣਤੀ ਵਿਚ ਮਰਦ ਅਤੇ ਨੌਜਵਾਨ ਸ਼ਾਮਲ ਹੋਏ। ਸਰਪੰਚ ਨੇ ਭਰੇ ਮਨ ਨਾਲ ਪ੍ਰਗਟਾਵਾ ਕੀਤਾ ਕਿ ਪਿੰਡ ਵਿਚ ਚਿੱਟਾ ਰਿਓੜੀਆਂ ਦੀ ਤਰ੍ਹਾਂ ਵਿਕ ਰਿਹਾ ਹੈ। ਪਿਛਲੇ ਕੁਝ ਸਮੇਂ ’ਚ ਹੀ ਪਿੰਡ ਦੇ 30 ਨੌਜਵਾਨਾਂ ਨੂੰ ਚਿੱਟੇ ਨੇ ਨਿਗਲ ਲਿਆ ਹੈ ਅਤੇ ਅੰਦਾਜ਼ਨ 150 ਨੌਜਵਾਨ ਚਿੱਟੇ ਕਾਰਨ ਸਿਵਿਆਂ ਦੇ ਰਾਹ ਪਏ ਹੋਏ ਹਨ। ਉਸ ਨੇ ਇਹ ਵੀ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਤੇ ਤਸਕਰਾਂ ’ਤੇ ਕਾਨੂੰਨੀ ਕਾਰਵਾਈ ਲਈ ਥਾਣੇ ਅਤੇ ਹੋਰ ਦਫ਼ਤਰਾਂ ਵਿੱਚ ਬਹੁਤ ਵਾਰ ਧੱਕੇ ਖਾਧੇ ਹਨ ਪਰ ਪੰਚਾਇਤ ਦੀ ਕੋਈ ਸੁਣਵਾਈ ਨਹੀਂ ਹੋਈ। ਧਰਨਾ ਰਾਤ ਭਰ ਚੱਲਦਾ ਰਿਹਾ। ਅਗਲੇ ਦਿਨ ਪੁਲਿਸ ਵੀ ਪਹੁੰਚ ਗਈ। ਲੋਕਾਂ ਦੇ ਏਕੇ ਅਤੇ ਰੋਹ ਸਾਹਮਣੇ ਪੁਲਿਸ ਵੀ ਬੇਵੱਸ ਸੀ। ਤਸਕਰ ਦੀ ਕੋਠੀ ਮੂਹਰੇ ਖ਼ੂਨ ਦੇ ਅੱਥਰੂ ਕੇਰਦੇ ਮਾਪੇ, ਲੋਕਾਂ ਦੀ ਪ੍ਰਸ਼ਾਸਨ ਅਤੇ ਤਸਕਰਾਂ ਵਿਰੁੱਧ ਬੁਲੰਦ ਆਵਾਜ਼ ਅਤੇ ਤਸਕਰ ਦੇ ਵਿਹੜੇ ਵਿਚ ਪਈ ਨੌਜਵਾਨ ਦੀ ਲਾਸ਼ ਇਕ ਦਰਦਨਾਕ ਮੰਜ਼ਰ ਪੇਸ਼ ਕਰ ਰਹੀ ਸੀ। ਦੋ ਦਿਨਾਂ ਦੇ ਧਰਨੇ ਤੋਂ ਬਾਅਦ ਪੁਲਿਸ ਵੱਲੋਂ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਉਪਰੰਤ ਹੀ ਉਸ ਨੌਜਵਾਨ ਦਾ ਸਸਕਾਰ ਕੀਤਾ ਗਿਆ। ਇਹ ਸਿਰਫ਼ ਇਕ ਪਿੰਡ ਦੀ ਹੀ ਦਾਸਤਾਨ ਨਹੀਂ ਹੈ। ਕਈ ਪਿੰਡਾਂ ਦੇ ਲੋਕਾਂ ਨੇ ਤਾਂ ਉੱਪਰੋਥਲੀ ਹੋਈਆਂ ਤਿੰਨ-ਚਾਰ ਮੌਤਾਂ ਕਾਰਨ ਲਾਸ਼ਾਂ ਨੂੰ ਸੜਕਾਂ ’ਤੇ ਰੱਖ ਕੇ ਮੁਜ਼ਾਹਰੇ ਕਰਦਿਆਂ ਨਸ਼ੇ ਨੂੰ ਨੱਥ ਪਾਉਣ ਦੀ ਦੁਹਾਈ ਵੀ ਦਿੱਤੀ। ਅਜਿਹੇ ਭਾਣੇ ਕਈ ਪਿੰਡਾਂ ਅਤੇ ਸ਼ਹਿਰਾਂ ਵਿਚ ਵਾਪਰੇ ਹਨ। ਪੀੜਤ ਲੋਕ ਖੁੱਲ੍ਹੇ ਤੌਰ ’ਤੇ ਕਹਿੰਦੇ ਹਨ ਕਿ ਦੁਕਾਨ ਤੋਂ ਜ਼ਰੂਰੀ ਸਾਮਾਨ ਲਿਆਉਣ ਲੱਗਿਆਂ ਦੇਰ ਲੱਗ ਸਕਦੀ ਹੈ ਪਰ ਨਸ਼ਾ ਘਰਾਂ ਤੱਕ ਪੁੱਜਦਾ ਕਰਨ ਲਈ ਤੇਜ਼ ਸਰਵਿਸ ਮਿਲ ਰਹੀ ਹੈ। ਇਸ ਤਰ੍ਹਾਂ ਹੀ ਜਗਰਾਉਂ ਤਹਿਸੀਲ ਦੇ ਇਕ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਅੱਧੇ ਘਰਾਂ ਦੇ ਲੋਕ ਚਿੱਟਾ ਵੇਚਦੇ ਹਨ। ਚਿੱਟਾ ਖ਼ਰੀਦਣ ਵਾਲਿਆਂ ਦੀਆਂ ਧਾੜਾਂ ਦੂਰ-ਦੂਰ ਤੋਂ ਆਉਂਦੀਆਂ ਹਨ। ਉਸ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਨਸ਼ਾ ਵੇਚਣ ਵਾਲੇ ਕੰਡਾ ਅਤੇ ਚਿੱਟਾ ਜੇਬਾਂ ਵਿਚ ਪਾ ਕੇ ਸ਼ਰੇਆਮ ਘੁੰਮ ਰਹੇ ਹਨ ਅਤੇ ਕਈ ਥਾਵਾਂ ’ਤੇ ਤਾਂ ਰੇਲਵੇ ਸਟੇਸ਼ਨ ’ਤੇ ਟਿਕਟਾਂ ਲੈਣ ਵਾਂਗ ਲੰਬੀਆਂ ਕਤਾਰਾਂ ਵਿਚ ਖੜ੍ਹ ਕੇ ਨਸ਼ੇੜੀ ਚਿੱਟਾ ਪ੍ਰਾਪਤ ਕਰਦੇ ਹਨ।
ਅਜਿਹੇ ਦੁਖਾਂਤ ਵੀ ਸਾਹਮਣੇ ਆਏ ਹਨ ਜਿੱਥੇ ਬਾਪ ਨੌਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਉਪਰੰਤ ਭੁੱਬਾਂ ਮਾਰ ਕੇ ਦੱਸਦਾ ਹੈ, ‘‘ਇਸ ਪੁੱਤ ਦਾ ਸਿਵਾ ਹਾਲੇ ਠੰਢਾ ਨਹੀਂ ਹੋਣਾ, ਮੇਰਾ ਦੂਜਾ ਪੁੱਤ ਵੀ ਚਿੱਟੇ ਕਾਰਨ ਬਸ ਦੋ-ਚਾਰ ਦਿਨ ਹੀ ਕੱਟੇਗਾ। ਅਸੀਂ ਤਾਂ ਕੱਖੋਂ ਹੌਲੇ ਹੋ ਗਏ ਹਾਂ।’’ ਤਰਨਤਾਰਨ ਜ਼ਿਲ੍ਹੇ ਵਿਚ ਇਕ ਬਦਨਸੀਬ ਔਰਤ ਦਾ ਪਤੀ ਸ਼ਰਾਬ ਨੇ ਨਿਗਲ ਲਿਆ। ਚਿੱਟੇ ਨੇ ਵਿਧਵਾ ਨਸੀਬ ਕੌਰ ਦੇ ਪੰਜ ਪੁੱਤਾਂ ਨੂੰ ਥੋੜ੍ਹੇ-ਥੋੜ੍ਹੇ ਫ਼ਰਕ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪੁੱਤਾਂ ਅਤੇ ਪਤੀ ਤੋਂ ਸੱਖਣੇ ਘਰ ਵਿਚ ਨਸੀਬ ਕੌਰ ਤੁਰਦੀ-ਫਿਰਦੀ ਲਾਸ਼ ਜਿਹੀ ਬਣ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਹੀ ਇਕ ਪੁਲਿਸ ਮੁਲਾਜ਼ਮ ਦਾ ਇਕਲੌਤਾ ਪੁੱਤ ਚਿੱਟੇ ਦੀ ਭੇਟ ਚੜ੍ਹ ਗਿਆ। ਪੁਲਿਸ ਵਾਲੇ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਉਸ ਨੇ ਪ੍ਰਗਟਾਵਾ ਕੀਤਾ, ‘‘ਅੰਮ੍ਰਿਤਸਰ ਦੇ ਕਈ ਮੁਹੱਲਿਆਂ ਵਿਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਆਪਣੇ ਬੱਚਿਆਂ ਨੂੰ ਜੇਕਰ ਸੁਰੱਖਿਅਤ ਰੱਖਣਾ ਹੈ ਤਾਂ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਭੇਜ ਦਿਉ।’’ ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਤਾਂ ਸਰਪੰਚ ਦੀ ਅਗਵਾਈ ਵਿਚ ਸਾਰਾ ਪਿੰਡ ਇਕੱਠਾ ਹੋ ਕੇ ਤਸਕਰ ਨੂੰ ਪਿੰਡ ਛੱਡ ਕੇ ਜਾਣ ਅਤੇ ਜਾਂ ਮੁੱਖਧਾਰਾ ਵਿਚ ਆਉਣ ਦੀ ਚਿਤਾਵਨੀ ਦੇ ਕੇ ਆਇਆ ਸੀ। ਸਰਪੰਚ ਨੇ ਦ੍ਰਿੜ ਵਿਸ਼ਵਾਸ ਨਾਲ ਪ੍ਰਗਟਾਵਾ ਕੀਤਾ, ‘‘ਹੁਣ ਭਵਿੱਖ ਵਿਚ ਨਸ਼ਿਆਂ ਕਾਰਨ ਜਵਾਨੀ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ।’’
ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ। ਸਰਪੰਚ ਨੂੰ ਉਸ ਕਮੇਟੀ ਦਾ ਮੁਖੀ ਲਾਇਆ ਗਿਆ ਹੈ। ਨਸ਼ੇ ਦੀ ਰੋਕਥਾਮ ਲਈ ਪਿੰਡਾਂ ਵਿਚ ਵਲੰਟੀਅਰ ਵੀ ਲਾਏ ਗਏ ਹਨ ਪਰ ਕਈ ਸਰਪੰਚਾਂ ਨੂੰ ਹੀ ਨਸ਼ਾ ਵੇਚਦਿਆਂ ਰੰਗੇ ਹੱਥੀਂ ਫੜਿਆ ਗਿਆ। ਖੇਮਕਰਨ ਇਲਾਕੇ ਦੇ ਇਕ ਪਿੰਡ ਦੇ ਸਰਪੰਚ ਦੇ ਘਰੋਂ ਕੇਂਦਰੀ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ 18 ਕਿੱਲੋ ਹੈਰੋਇਨ ਬਰਾਮਦ ਕੀਤੀ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 90 ਕਰੋੜ ਹੈ। ਰਿਪੋਰਟਾਂ ’ਚ ਪ੍ਰਗਟਾਵਾ ਕੀਤਾ ਗਿਆ ਹੈ ਕਿ ‘ਡਿਫੈਂਸ ਕਮੇਟੀ’ ਦਾ ਇਹ ਪ੍ਰਧਾਨ ਡ੍ਰੋਨ ਰਾਹੀਂ ਪਾਕਿਸਤਾਨ ਦੇ ਤਸਕਰਾਂ ਤੋਂ ਹੈਰੋਇਨ ਸਪਲਾਈ ਕਰਵਾਉਂਦਾ ਸੀ। ਜਦੋਂ ਅਜਿਹੇ ਸਰਪੰਚ ਵਾਂਗ ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਮਾਲਕ ਦੀ ਜਾਨ ਅਤੇ ਮਾਲ, ਦੋਨਾਂ ਨੂੰ ਹੀ ਗੰਭੀਰ ਖ਼ਤਰਾ ਪੈਦਾ ਹੋ ਜਾਂਦਾ ਹੈ। ਜਦੋਂ ਬਾਗ ਦੇ ਮਾਲੀ ਦਗ਼ਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ। ਦੂਸਰੇ ਪਾਸੇ ਭੂਸਰੇ ਹੋਏ ਕਈ ਤਸਕਰਾਂ ਨੇ ਪੁਲਿਸ ਪਾਰਟੀਆਂ ਅਤੇ ਸਰਪੰਚਾਂ ’ਤੇ ਵੀ ਹਮਲੇ ਕੀਤੇ ਹਨ ਅਤੇ ਕਈਆਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਹੈ। ਇਕ ਪਾਸੇ ਸਰਹੱਦ ’ਤੇ ਰਾਖੀ ਕਰਦਿਆਂ ਸਾਡੇ ਫ਼ੌਜੀ ਸ਼ਹੀਦ ਹੋ ਰਹੇ ਹਨ ਅਤੇ ਦੂਜੇ ਪਾਸੇ ਚਿੱਟੇ ਦੀ ਰੋਕਥਾਮ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਤਸਕਰ ਮਾਰ-ਮੁਕਾ ਰਹੇ ਹਨ। ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਵਿਚ ਅਜਿਹੇ ਭਾਣੇ ਵਰਤ ਚੁੱਕੇ ਹਨ। ਬਠਿੰਡਾ ਜ਼ਿਲ੍ਹੇ ਦੇ ਇਕ ਪਿੰਡ ’ਚ ਤਾਂ ਨਸ਼ਾ ਤਸਕਰਾਂ ਤੋਂ ਅੱਕੇ ਹੋਏ ਲੋਕਾਂ ਨੇ ‘ਸਾਡਾ ਪਿੰਡ ਵਿਕਾਊ ਹੈ’ ਦੇ ਬੋਰਡ ਵੀ ਲਾ ਦਿੱਤੇ ਸਨ। ਨਸ਼ੇ ਦੀ ਮਾਰ ਕਾਰਨ ਕਿਸਾਨੀ ਸੰਕਟ ਵੀ ਵਧਿਆ ਹੈ। ਕਿਸਾਨਾਂ ਦੀਆਂ ਮੋਟਰਾਂ, ਟਰਾਂਸਫਾਰਮਰ ਅਤੇ ਕੇਬਲ ਤਾਰਾਂ ਦੀ ਚੋਰੀ ਵੀ ਨਸ਼ੇੜੀ ਮਿਲ ਕੇ ਕਰਦੇ ਹਨ। ਟਰਾਂਸਫਾਰਮਰ ਦਾ ਅੰਦਾਜ਼ਨ 90 ਲੀਟਰ ਤੇਲ 100 ਰੁਪਏ ਪ੍ਰਤੀ ਲੀਟਰ ਵੇਚ ਕੇ ਅਤੇ ਤਾਰਾਂ ਵਿੱਚੋਂ ਤਾਂਬਾ ਕੱਢ ਕੇ ਇਹ ਸਾਮਾਨ ਕਬਾੜੀਆਂ ਨੂੰ ਵੇਚਿਆ ਜਾਂਦਾ ਹੈ। ਫੜੇ ਜਾਣ ’ਤੇ ਨਸ਼ੇੜੀ ਕਿਸਾਨਾਂ ’ਤੇ ਜਾਨਲੇਵਾ ਹਮਲਾ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਤਰ੍ਹਾਂ ਨਸ਼ਿਆਂ ਕਾਰਨ ਜਵਾਨੀ ਅਤੇ ਕਿਸਾਨੀ, ਦੋਵੇਂ ਹੀ ਗੰਭੀਰ ਸੰਕਟ ਵਿਚ ਹਨ। ਭਾਰਤ ਦੀ ਕੁੱਲ ਆਬਾਦੀ ਦਾ 2.23% ਹਿੱਸਾ ਪੰਜਾਬ ’ਚ ਵਸਦਾ ਹੈ ਪਰ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਾ 21% ਹਿੱਸਾ ਇਕੱਲੇ ਪੰਜਾਬ ਦਾ ਹੈ। ਸਾਰੇ ਦੇਸ਼ ਦੀ ਹੈਰੋਇਨ ਬਰਾਮਦਗੀ ਦਾ 45% ਹਿੱਸਾ ਪੰਜਾਬ ਵਿੱਚੋਂ ਬਰਾਮਦ ਹੁੰਦਾ ਹੈ। ਪੰਜਾਬ ਦੀਆਂ 25 ਜੇਲ੍ਹਾਂ ਜਿਨ੍ਹਾਂ ਵਿਚ 26 ਹਜ਼ਾਰ ਕੈਦੀ ਰੱਖਣ ਦੀ ਸਮਰੱਥਾ ਹੈ, ਪਰ ਉਨ੍ਹਾਂ ’ਚ ਅੰਦਾਜ਼ਨ 31 ਹਜ਼ਾਰ ਕੈਦੀ ਅਤੇ ਬੰਦੀ ਰੱਖੇ ਹੋਏ ਹਨ। ਇਨ੍ਹਾਂ ਵਿੱਚੋਂ 45% ਨਸ਼ਾ ਤਸਕਰੀ ਨਾਲ ਸਬੰਧਤ ਹਨ। ਸਰਕਾਰੀ ਅੰਕੜਿਆਂ ਅਨੁਸਾਰ 163 ਨਸ਼ਾ ਤਸਕਰੀ ਕਰਨ ਵਾਲਿਆਂ ’ਤੇ ਹਰ ਰੋਜ਼ ਕਾਨੂੰਨੀ ਕਾਰਵਾਈ ਹੁੰਦੀ ਹੈ। ਇਸ ਤੋਂ ਇਲਾਵਾ 177 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਅਤੇ 706 ਓਟ ਕਲੀਨਿਕਾਂ ਨੇ ਅੰਦਾਜ਼ਨ 10 ਲੱਖ ਨਸ਼ੇੜੀਆਂ ਨੂੰ ਦਾਖ਼ਲ ਕੀਤਾ ਹੋਇਆ ਹੈ। ਓਟ ਕਲੀਨਿਕਾਂ ਰਾਹੀਂ ਅੰਦਾਜ਼ਨ 102 ਕਰੋੜ ਰੁਪਏ ਸਾਲਾਨਾ ਦਵਾਈਆਂ ’ਤੇ ਖ਼ਰਚ ਹੁੰਦੇ ਹਨ। ਸਰਹੱਦੀ ਖੇਤਰ ’ਚ ਨਸ਼ਾ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਨੋ-ਐਂਟੀ ਡ੍ਰੋਨ ਯੂਨਿਟ ਵੀ ਲਾਏ ਗਏ ਹਨ ਜਿਨ੍ਹਾਂ ’ਤੇ 54.41 ਕਰੋੜ ਖ਼ਰਚਾ ਹੋਇਆ ਹੈ। ਇਨ੍ਹਾਂ ਸਭ ਯਤਨਾਂ ਦੇ ਬਾਵਜੂਦ ਪੰਜਾਬ ਵਿਚ ਨਸ਼ਿਆਂ ਦੀ ਮੰਗ ਤੇ ਸਪਲਾਈ ਨੂੰ ਖੋਰਾ ਨਹੀਂ ਲੱਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਨਸ਼ੇ ਦੀ ਰੋਕਥਾਮ ਲਈ ਉਨ੍ਹਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਸਬੰਧੀ ਆਯੋਜਿਤ ਵੱਖ-ਵੱਖ ਸੈਮੀਨਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਮਹਾਮਾਰੀ ਤੋਂ ਬਚਣ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿਚ ਹਰ ਨਾਗਰਿਕ ਦਾ ਸ਼ਾਮਲ ਹੋਣਾ ਜ਼ਰੂਰੀ ਹੈ, ਤਦ ਹੀ ਨਸ਼ਿਆਂ ਕਾਰਨ ਨਸਲਾਂ ’ਤੇ ਮੰਡਰਾਉਂਦਾ ਗੰਭੀਰ ਖ਼ਤਰਾ ਟਾਲਿਆ ਜਾ ਸਕਦਾ ਹੈ।
-ਸੰਪਰਕ : 94171-48866