ਇਨ੍ਹਾਂ ਜਮਾਤਾਂ ਸਣੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਹਾਸਲ ਕੀਤੀਆਂ ਪੁਜ਼ੀਸ਼ਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਦੇ ਨਤੀਜਿਆਂ ਲਈ ਸਕੂਲ ਦੇ ਅਧਿਆਪਕ ਜਾਂ ਘਰਾਂ ’ਚ ਸਿਰਫ਼ ਮਾਪੇ ਜ਼ਿੰਮੇਵਾਰ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਾਲੀਆ 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ’ਚ ਇਕ ਵਾਰ ਫਿਰ ਸਿਖ਼ਰਲੀਆਂ ਥਾਵਾਂ ’ਤੇ ਲੜਕੀਆਂ ਕਾਬਜ਼ ਹੋਈਆਂ ਹਨ। ਦਸਵੀਂ ’ਚ ਵਿਦਿਆਰਥਣ ਹਰਲੀਨ ਸ਼ਰਮਾ 646/650 ਅੰਕ ਲੈ ਕੇ ਅੱਵਲ ਰਹੀ। ਦੂਜੀ ਥਾਂ ’ਤੇ ਮਨੀਮਹੇਸ਼ ਸ਼ਰਮਾ ਰਿਹਾ ਜਿਸ ਨੇ 645/650 ਅੰਕ ਪ੍ਰਾਪਤ ਕੀਤੇ ਅਤੇ ਤੀਜੀ ਥਾਂ ’ਤੇ ਰੀਆ ਰਾਣੀ ਰਹੀ। ਉਸ ਨੇ ਵੀ 645/650 ਅੰਕ ਹਾਸਲ ਕੀਤੇ।
ਪਾਸ ਫ਼ੀਸਦ ਦੇਖਿਆ ਜਾਵੇ ਤਾਂ ਇਨ੍ਹਾਂ ਵਿਦਿਆਰਥੀਆਂ ਨੇ 99% ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ 12ਵੀਂ ਦੇ ਨਤੀਜਿਆਂ ’ਚ ਵੀ ਪਹਿਲੀਆਂ ਤਿੰਨ ਥਾਵਾਂ ’ਤੇ ਕੁੜੀਆਂ ਆਈਆਂ ਹਨ। ਇਨ੍ਹਾਂ ’ਚ ਪਹਿਲੀ ਥਾਂ ’ਤੇ ਸੁਪਨੀਤ ਕੌਰ 500/500, ਦੂਜੀ ਥਾਂ ’ਤੇ ਸੁਹਾਨੀ ਚੌਹਾਨ 500/500 ਅਤੇ ਤੀਜੀ ਥਾਂ ’ਤੇ ਦਿਵਾਂਸ਼ੀ ਰਹੀ ਜਿਸ ਨੇ 500/500 ਅੰਕ ਹਾਸਲ ਕੀਤੇ। ਇਨ੍ਹਾਂ ਅੰਕਾਂ ਮੁਤਾਬਕ ਇਨ੍ਹਾਂ ਬੱਚਿਆਂ ਨੇ 100 ਫ਼ੀਸਦ ਅੰਕ ਹਾਸਲ ਕੀਤੇ ਹਨ ਜੋ ਕਿ ਕਾਬਿਲੇਤਾਰੀਫ਼ ਪ੍ਰਦਰਸ਼ਨ ਹੈ। ਪੰਜਾਬ ’ਚ ਸਮੁੱਚੇ ਤੌਰ ’ਤੇ 10ਵੀਂ ਜਮਾਤ ਦਾ ਪਾਸ ਫ਼ੀਸਦ 94.52% ਰਿਹਾ ਹੈ।
ਜਦਕਿ 12ਵੀਂ ਦਾ ਪਾਸ ਫ਼ੀਸਦ 91.46 ਹੈ। ਕੁੱਲ ਮਿਲਾ ਕੇ ਸਥਿਤੀ ਸੰਤੋਸ਼ਜਨਕ ਹੈ। ਜੇਕਰ ਇਨ੍ਹਾਂ ਜਮਾਤਾਂ ਦਾ ਪਿਛਲੇ ਪੰਜ ਸਾਲਾਂ ਦਾ ਰੁਝਾਨ ਦੇਖਿਆ ਜਾਵੇ ਤਾਂ ਸਾਲ 2022 ਦੀ ਮੈਰਿਟ ਸੂਚੀ ’ਚ ਲੜਕੀਆਂ ਦੀ ਵੱਡੀ ਦਾਅਵੇਦਾਰੀ ਸੀ। ਸਵਾਲ ਇਹ ਨਹੀਂ ਹੈ ਕਿ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ’ਤੇ ਵਿਦਿਆਰਥੀਆਂ ਦੇ ਮੁੰਡਿਆਂ ਤੇ ਕੁੜੀਆਂ ਦੇ ਵਰਗ ’ਚੋਂ ਕਿਹੜਾ ਬਾਜ਼ੀ ਮਾਰ ਗਿਆ ਹੈ ਪਰ ਜੇਕਰ ਕੋਈ ਕੜੀ ਲਗਾਤਾਰ ਕਮਜ਼ੋਰ ਜਾਂ ਪਿੱਛੇ ਰਹਿ ਰਹੀ ਹੈ ਤਾਂ ਇਸ ’ਤੇ ਮੰਥਨ ਜ਼ਰੂਰ ਹੋਣਾ ਚਾਹੀਦਾ ਹੈ।
ਇਨ੍ਹਾਂ ਜਮਾਤਾਂ ਸਣੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਹਾਸਲ ਕੀਤੀਆਂ ਪੁਜ਼ੀਸ਼ਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਦੇ ਨਤੀਜਿਆਂ ਲਈ ਸਕੂਲ ਦੇ ਅਧਿਆਪਕ ਜਾਂ ਘਰਾਂ ’ਚ ਸਿਰਫ਼ ਮਾਪੇ ਜ਼ਿੰਮੇਵਾਰ ਹਨ।
ਕਿਸੇ ਇਕ ਧਿਰ ਨੂੰ ਕਟਹਿਰੇ ’ਚ ਖੜ੍ਹਾ ਨਹੀਂ ਕੀਤਾ ਜਾ ਸਕਦਾ ਪਰ ਮੁੰਡਿਆਂ ਜਾਂ ਕੁੜੀਆਂ ’ਚੋਂ ਜੇਕਰ ਕੋਈ ਇਕ ਧਿਰ ਪੜ੍ਹਾਈ ਜਾਂ ਪੁਜ਼ੀਸ਼ਨਾਂ ਹਾਸਲ ਕਰਨ ਵਿਚ ਕਮਜ਼ੋਰ ਚੱਲਦੀ ਹੈ ਤਾਂ ਇਹ ਜ਼ਰੂਰ ਚਿੰਤਾ ਦਾ ਵਿਸ਼ਾ ਬਣਨਾ ਚਾਹੀਦਾ ਹੈ। ਹਾਲਾਂਕਿ ਅਜਿਹਾ ਨਹੀਂ ਹੈ ਕਿ ਇਨ੍ਹਾਂ ਪ੍ਰੀਖਿਆਵਾਂ ’ਚ ਲੜਕਿਆਂ ਦੇ ਨਤੀਜਿਆਂ ਦੀ ਸਥਿਤੀ ਜ਼ਿਆਦਾ ਖ਼ਰਾਬ ਹੈ ਪਰ ਕਿਤੇ ਨਾ ਉਹ ਮੁਕਾਬਲੇਬਾਜ਼ੀ ’ਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਪੱਛੜ ਰਹੇ ਹਨ।
ਇਸ ਦੀ ਉਨ੍ਹਾਂ ਨੂੰ ਆਪਣੇ ਪੱਧਰ ’ਤੇ ਵੀ ਪੜਚੋਲ ਕਰਨ ਦੀ ਲੋੜ ਹੈ। ਦੂਜੇ ਪਾਸੇ 10ਵੀਂ ਤੇ 12ਵੀਂ ਉਹ ਜਮਾਤਾਂ ਹਨ, ਜਿਨ੍ਹਾਂ ਨਾਲ ਵਿਦਿਆਰਥੀਆਂ ਦਾ ਅਗਲੀਆਂ ਜਮਾਤਾਂ ’ਚ ਚੰਗੇ ਅੰਕਾਂ ਨਾਲ ਡਿਗਰੀਆਂ ਹਾਸਲ ਕਰਨ ਦਾ ਮੁੱਢ ਬੱਝਦਾ ਹੈ। ਵੱਡੀਆਂ ਜਮਾਤਾਂ ’ਚ ਹਾਸਲ ਡਿਗਰੀਆਂ ਨਾਲ ਵਿਦਿਆਰਥੀਆਂ ਦੇ ਰੁਜ਼ਗਾਰ ਲਈ ਰਾਹ ਖੁੱਲ੍ਹਦੇ ਹਨ ਅਤੇ ਰੁਜ਼ਗਾਰ ਹਾਸਲ ਕਰਨ ਲਈ ਵੱਖਰੀ ਤਰ੍ਹਾਂ ਦੀ ਮੁਕਾਬਲੇਬਾਜ਼ੀ ’ਚੋਂ ਲੰਘਣਾ ਪੈਂਦਾ ਹੈ।
ਇਸ ’ਚ ਕਾਮਯਾਬੀ ਤਾਂ ਹੀ ਸੰਭਵ ਹੈ ਜੇ ਉਨ੍ਹਾਂ ਦੇ ਅੰਕ ਤਸੱਲੀਬਖ਼ਸ਼ ਹੋਣ। ਇਸ ਗੱਲੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਘਰਾਂ ’ਚ ਲੜਕਿਆਂ ਨੂੰ ਲੜਕੀਆਂ ਦੇ ਮੁਕਾਬਲੇ ਜ਼ਿਆਦਾ ਢਿੱਲ ਮਿਲਦੀ ਹੈ। ਹਾਲਾਂਕਿ ਹੁਣ ਮੁੰਡਿਆਂ ਤੇ ਕੁੜੀਆਂ ’ਤੇ ਲੱਗਣ ਵਾਲੀਆਂ ਸਮਾਜਿਕ ਪਾਬੰਦੀਆਂ ਪ੍ਰਤੀ ਮਾਪਿਆਂ ਤੇ ਸਮਾਜ ਦੀ ਸੋਚ ਬਦਲ ਰਹੀ ਹੈ। ਸਕੂਲਾਂ ਦਾ ਮਾਹੌਲ ਵੀ ਲੋੜੋਂ ਵੱਧ ਤਣਾਅ ਵਾਲਾ ਨਹੀਂ ਹੈ ਪਰ ਇਸ ਦਾ ਨਤੀਜਾ ਇਹ ਨਹੀਂ ਹੋਣਾ ਚਾਹੀਦਾ ਕਿ ਮੁੰਡਿਆਂ-ਕੁੜੀਆਂ ਦਾ ਭਵਿੱਖ ਕਿਸੇ ਗੱਲੋਂ ਮਾਤ ਖਾਵੇ। ਮਾਪਿਆਂ, ਸਕੂਲਾਂ ਤੇ ਬੁੱਧੀਜੀਵੀ ਵਰਗ ਦਾ ਫ਼ਰਜ਼ ਹੈ ਕਿ ਮੁੰਡਿਆਂ ਤੇ ਕੁੜੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਾਸਤੇ ਉਹ ਆਪੋ-ਆਪਣੀ ਭੂਮਿਕਾ ਨਿਭਾਉਣ।