ਖ਼ੈਰ, ਮੈਨੂੰ ਵੱਖਰਿਆਂ ਕਰ ਕੇ ਉਸ ਮਾਡਲ ਦੀ ਤਾਰੀਫ਼ ਕੀਤੀ ਅਤੇ ਅਕਲ ਦਿੱਤੀ ਕਿ ਕਾਲਜ ’ਚ ਪੈਂਟ ਪਾ ਕੇ ਆਈਦਾ ਹੈ। ਪਹਿਲਾਂ-ਪਹਿਲ ਪੈਂਟ ਵੀ ਪਜਾਮੇ ਵਾਂਗ, ਕਮੀਜ਼ ਬਾਹਰ ਰੱਖ ਕੇ ਪਾਉਂਦੇ ਸਾਂ। ਫਿਰ ਝਾਕਾ ਦੂਰ ਹੋ ਗਿਆ। ਏਸੇ ਦੌਰਾਨ ਇਕ ਦਿਨ, ਇਕ ਅਪ੍ਰੇਟਸ ਮੇਰੀ ਖੁੱਲ੍ਹੀ ਕਮੀਜ਼ ਨਾਲ ਅੜ ਕੇ ਡਿੱਗ ਪਿਆ।

ਪ੍ਰੋ. ਆਰਐੱਨ ਬਾਲੀ ਤੁਰਲੇ ਵਾਲੀ ਚਿੱਟੀ ਪੱਗ ਬੰਨ੍ਹ ਕੇ ਰੱਖਦੇ ਸਨ। ਉਹ ਫਜ਼ਿਕਸ ਵਿਭਾਗ ਦੇ ਮੁਖੀ ਸਨ ਅਤੇ ਆਪਣੇ ਨਿੱਕੇ ਜਿਹੇ ਕਮਰੇ ਵਿਚ ਕੋਈ-ਨਾ-ਕੋਈ ਪ੍ਰਯੋਗ ਕਰਦੇ ਰਹਿੰਦੇ ਸਨ। ਉਹ ਰਿਟਾਇਰਮੈਂਟ ਦੇ ਨੇੜੇ ਸਨ। ਬੋਲਦੇ ਬਹੁਤ ਘੱਟ ਸਨ ਅਤੇ ਉਹ ਵੀ ਬਹੁਤ ਹੌਲੀ-ਹੌਲੀ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਮਸ਼ਹੂਰ ਸਨ। ਇਕ ਦਿਨ ਉਨ੍ਹਾਂ ਦਾ ਛੇ-ਸੱਤ ਸਾਲ ਦਾ ਲੜਕਾ ਕਲਾਸ ’ਚ ਆ ਗਿਆ। ਕਿਸੇ ਪਿਛਲੇ ਬੈਂਚ ਤੋਂ ਆਵਾਜ਼ ਆਈ ‘ਏਹ ਬਾਲੀ ਸਾਹਿਬ ਦਾ ਪਾਕੇਟ ਐਡੀਸ਼ਨ ਹੈ’। ਉਹ ਹੱਸਣ ਲੱਗੇ। ਇਸ ਤੋਂ ਪਹਿਲਾਂ ਕਿਸੇ ਨੇ ਵੀ ਕਦੇ ਉਨ੍ਹਾਂ ਨੂੰ ਹੱਸਦੇ ਨਹੀਂ ਸੀ ਵੇਖਿਆ।
ਬਾਲੀ ਸਾਹਿਬ ਤੋਂ ਬਾਅਦ ਪ੍ਰੋਫੈੱਸਰ ਦੇਵ ਦੱਤ ਹੈੱਡ ਬਣੇ। ਓਦੋਂ, 1955-57 ਵਿਚ ਪੀਐੱਚਡੀ ਕੋਈ ਨਹੀਂ ਸੀ ਹੁੰਦਾ। ਦੇਵ ਦੱਤ ਕਲਾਸ ਵਿਚ ਕਿਸੇ ਨੂੰ ‘ਖੰਘਣ ਨਹੀਂ ਸਨ ਦਿੰਦੇ। ਇਕ ਦਿਨ ਇਕ ਲੜਕੇ ਨੂੰ ਕੋਈ ਸਵਾਲ ਪੁੱਛਿਆ। ਜਵਾਬ ਅਸਪਸ਼ਟ ਜਿਹਾ ਸੀ। ਕਹਿਣ ਲੱਗੇ, ‘‘ਤੈਨੂੰ ਮੇਰਾ ਨਾਂ ਪਤਾ ਹੈ?’’ ਲੜਕੇ ਨੇ ਸਿਰ ਹਿਲਾਇਆ। ਫਿਰ ਪੁੱਛਿਆ ਤਾਂ ਜਵਾਬ ਆਇਆ ‘ਦੇਵ ਦਾਸ’। ਉਦੋਂ ਦਲੀਪ ਕੁਮਾਰ ਵਾਲੀ ਫਿਲਮ ‘ਦੇਵ ਦਾਸ’ਨਵੀਂ-ਨਵੀਂ ਆਈ ਸੀ।
ਦੇਵ ਦੱਤ ਸਾਰਿਆਂ ਸਾਹਮਣੇ ਦੇਵ ‘ਦਾਸ’ ਬਣ ਗਿਆ। ਭਾਵੇਂ ਉਨ੍ਹਾਂ ਆਪਣੇ ਨਾਂ ਦੀ ਨਿੱਕੀ ਜਿਹੀ ਪਲੇਟ ਵੀ ਬਣਵਾਈ ਪਰ ਦੇਵ ਦਾਸ ਤਾਂ ਹੁਣ ਮੂੰਹਾਂ ’ਤੇ ਚੜ੍ਹ ਚੁੱਕਾ ਸੀ। ਮੈਂ ਅਤੇ ਮੇਰਾ ਇਕ ਦੋਸਤ ਵਰਿੰਦਰ ਭਾਟੀਆ (ਬਾਅਦ ਵਿਚ ਪੰਜਾਬ ਯੂਨੀਵਰਸਿਟੀ ਫਜ਼ਿਕਸ ਡਿਪਾਰਟਮੈਂਟ ਦਾ ਹੈੱਡ) ਕੁੜਤਾ-ਪਜਾਮਾ ਹੀ ਪਾਉਂਦੇ ਸਾਂ। ਭਾਟੀਆ ਤਾਂ ਇਕ ਥੈਲਾ ਵੀ ਰੱਖਦਾ ਸੀ ਅਤੇ ਹਰ ਕਿਤਾਬ ਉਸ ਦੇ ਕੋਲ ਹੁੰਦੀ ਸੀ। ਲਾਇਕ ਵੀ ਬਹੁਤ ਸੀ।
ਦੇਵ ਦੱਤ ਰੋਸ਼ਨੀ ਕੀ ਹੁੰਦੀ ਹੈ, ਇਕ ਥਾਂ ਤੋਂ ਇਸ ਦਾ ਪਸਾਰ ਕਿਵੇਂ ਹੁੰਦਾ ਹੈ, ਇਹ ਸਭ ਸਮਝਾ ਰਹੇ ਸਨ। ਉਨ੍ਹਾਂ ਨੇ ਇਕ ਸ਼ਕਲ ਵੀ ਬਣਾਈ ਬਲੈਕ ਬੋਰਡ ’ਤੇ ਅਤੇ ਆਪਣੀਆਂ ਉਂਗਲਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਆਪਣਾ ਹੱਥ ਭਾਟੀਏ ਦੇ ਝੋਲੇ ਵਿਚ ਪਾਇਆ ਹੋਇਆ ਸੀ। ਮੈਂ ਆਪਣਾ ਇਕ ਗੱਤੇ ਦਾ ਬਣਾਇਆ ਹੋਇਆ ਰੋਸ਼ਨੀ ਦਾ ਮਾਡਲ ਕੱਢਿਆ ਜੋ ਮੈਂ ਇਕ ਵਲੈਤੀ ਕਿਤਾਬ ’ਚੋਂ ਵੇਖ ਕੇ ਬਣਾਇਆ ਸੀ। ਪ੍ਰੋਫੈਸਰ ਸਾਹਿਬ ਨੂੰ ਉਹ ਸਹਾਇਕ ਸਮੱਗਰੀ ਬੜੀ ਪਸੰਦ ਆਈ ਤੇ ਮੇਰਾ ਕੁਝ ਪ੍ਰਭਾਵ ਬਣ ਗਿਆ, ਹਾਲਾਂਕਿ ਥਿਊਰੀ ਵਿਚ ਸਮਝਣ ਵਾਲੀਆਂ ਬਹੁਤ ਗੱਲਾਂ ਅਜੇ ਸਮਝ ਨਹੀਂ ਸਨ ਆਈਆਂ।
ਖ਼ੈਰ, ਮੈਨੂੰ ਵੱਖਰਿਆਂ ਕਰ ਕੇ ਉਸ ਮਾਡਲ ਦੀ ਤਾਰੀਫ਼ ਕੀਤੀ ਅਤੇ ਅਕਲ ਦਿੱਤੀ ਕਿ ਕਾਲਜ ’ਚ ਪੈਂਟ ਪਾ ਕੇ ਆਈਦਾ ਹੈ। ਪਹਿਲਾਂ-ਪਹਿਲ ਪੈਂਟ ਵੀ ਪਜਾਮੇ ਵਾਂਗ, ਕਮੀਜ਼ ਬਾਹਰ ਰੱਖ ਕੇ ਪਾਉਂਦੇ ਸਾਂ। ਫਿਰ ਝਾਕਾ ਦੂਰ ਹੋ ਗਿਆ। ਏਸੇ ਦੌਰਾਨ ਇਕ ਦਿਨ, ਇਕ ਅਪ੍ਰੇਟਸ ਮੇਰੀ ਖੁੱਲ੍ਹੀ ਕਮੀਜ਼ ਨਾਲ ਅੜ ਕੇ ਡਿੱਗ ਪਿਆ। ਸ਼ੀਸ਼ੇ ਦੀ ਟਿਊਬ ਟੁੱਟ ਗਈ। ਸਾਰਾ ਪਾਰਾ ਖਿੱਲਰ ਗਿਆ। ਪਾਣੀ ਵੀ ਡੁੱਲ੍ਹ ਗਿਆ। ਖੜਾਕ ਵੀ ਕਾਫ਼ੀ ਹੋਇਆ ਸੀ।
ਸਾਰੇ ਭੱਜੇ-ਭੱਜੇ ਆਏ। ਪ੍ਰੋਫੈਸਰ ਸਾਹਿਬ ਵੀ ਆਏ। ਪੈਂਟ ਤਾਂ ਮੈਂ ਪਾਈ ਹੋਈ ਸੀ ਪਰ ਕਮੀਜ਼ ਅੰਦਰ ਨਾ ਦਿੱਤੀ ਹੋਣ ਕਰਕੇ ਉਹ ਸਾਊਂਡ-ਅਪ੍ਰੇਟਸ ਡਿੱਗ ਪਿਆ ਸੀ ਪਰ ਉਨ੍ਹਾਂ ਦੇ ਚਿਹਰੇ ’ਤੇ ਕੋਈ ਗੁੱਸਾ, ਕੋਈ ਨਾਰਾਜ਼ਗੀ ਨਹੀਂ ਸੀ ਦਿਸ ਰਹੀ। ਹੱਸਦੇ-ਹੱਸਦੇ ਆਖਣ ਲੱਗੇ ‘ਹੁਣ ਪਤਾ ਲੱਗੂ ਜਦੋਂ ਜੁਰਮਾਨਾ ਹੋਇਆ’। ਵੀਹ ਰੁਪਏ ਜੁਰਮਾਨਾ ਲਿਖ ਕੇ ਫਾਈਨ ਰਜਿਸਟਰ ਮੇਰੇ ਸਾਹਮਣੇ ਰੱਖ ਦਿੱਤਾ ਕਿ ਦਸਤਖ਼ਤ ਕਰ।
ਓਧਰੋਂ ਕਲਾਸ ਦਾ ਸਭ ਤੋਂ ਲਾਇਕ ਅਤੇ ਮੋਹਤਬਰ ਵਿਦਿਆਰਥੀ ਬਖਤਾਵਰ ਸਿੰਘ ਇਕ ਬੀਕਰ ਲੈ ਕੇ ਆ ਗਿਆ ਕਿ ‘ਸਰ, ਜਿੰਨਾ ਪਾਰਾ ਡੁੱਲਿ੍ਹਆ ਸੀ ਉਹ ਸਾਰੇ ਦਾ ਸਾਰਾ ਇਕੱਠਾ ਕਰ ਲਿਆ ਹੈ’। ਉਸ ਨੇ ਨਿੱਕੇ-ਨਿੱਕੇ ਕੁਝ ਕਾਗਜ਼ ਲੜਕਿਆਂ ਨੂੰ ਦਿੱਤੇ ਹੋਏ ਸਨ ਤੇ ਸਾਰਿਆਂ ਨੇ ਚੁੱਕ-ਚੁੱਕ ਕੇ ਸਾਰਾ ਪਾਰਾ ਇਕੱਠਾ ਕਰ ਲਿਆ ਸੀ। ਪਾਰਾ ਕਿਸੇ ਚੀਜ਼ ’ਚ ਘੁਲਦਾ ਨਹੀਂ ਤੇ ਭਾਵੇਂ ਕੱਚੀ ਥਾਂ ਹੋਵੇ, ਉਹ ਗੋਲ-ਗੋਲ ਤੁਪਕਿਆਂ ਵਾਂਗ ਹੁੰਦਾ ਹੈ ਅਤੇ ਕਾਗਜ਼ ’ਤੇ ਚੁੱਕ ਸਕੀਦਾ ਹੈ। ਪਾਰੇ ਨੂੰ ਹੱਥ ਨਹੀਂ ਲਾਈਦਾ। ਪ੍ਰੋਫੈਸਰ ਦੇਵ ਦੱਤ ਨਿੰਮ੍ਹਾ ਜਿਹਾ ਮੁਸਕਰਾਏ।
ਸਰ ਦਾ ਮੂਡ ਵੇਖ ਕੇ ਮੈਂ ਰਜਿਸਟਰ ਦੇ ਲਿਖੇ ਵੀਹ ਰੁਪਏ ਦੇ ਦੂਏ (2) ਦੇ ਦੋਵੇਂ ਪਾਸੇ ਇਕ-ਇਕ ਡੈਸ਼ (/) ਖਿੱਚ ਕੇ ਉਸ ਵੀਹ ਰੁਪਏ ਨੂੰ ਦੋ ਆਨੇ ਬਣਾ ਦਿੱਤਾ। ਉਦੋਂ ਅਜੇ ਨਵੇਂ ਪੈਸੇ ਸ਼ੁਰੂ ਨਹੀਂ ਸਨ ਹੋਏ। ਮੇਰਾ ‘ਦੁਆਨੀ’ ਨਾਲ ਛੁਟਕਾਰਾ ਹੋ ਗਿਆ। ਦੇਵ ਦੱਤ ਨੇ ਮੇਰੀ ਇਸ ਫੁਰਤੀ ਦਾ ਜਵਾਬ ਕੇਵਲ ਮੁਸਕਰਾ ਕੇ ਹੀ ਦਿੱਤਾ। ਦੋਸਤੀ ਡੂੰਘੀ ਹੋ ਗਈ।
ਉਦੋਂ ਟਿਊਟੋਰੀਅਲ ਗਰੁੱਪ ਹੁੰਦੇ ਸਨ। ਹਰ ਪ੍ਰੋਫੈਸਰ ਨੂੰ ਵੱਖ-ਵੱਖ ਜਮਾਤਾਂ ਦੇ ਵੀਹ-ਪੰਝੀ ਲੜਕੇ ਦਿੱਤੇ ਹੁੰਦੇ ਸਨ। ਵਿਦਿਆਰਥੀ ਇਕ-ਦੂਜੇ ਵਿਚ ਰਚ-ਮਿਚ ਜਾਂਦੇ ਸਨ। ਮੈਂ ਕੁਦਰਤੀ ਪ੍ਰੋਫੈਸਰ ਦੱਤ ਦੇ ਗਰੁੱਪ ’ਚ ਆ ਗਿਆ। ਇਕ ਦਿਨ ਸਕੀਮ ਬਣੀ ਕਿ ਕੰਪਨੀ ਬਾਗ ਵਿਚ ਗਰੁੱਪ ਦੀ ਕੋਈ ਪਾਰਟੀ ਕੀਤੀ ਜਾਵੇ। ਪ੍ਰੋਫੈਸਰ ਸਾਹਿਬ ਦਾ ਸੁਝਾਅ ਸੀ ਕਿ ਮੂਨ-ਲਾਈਟ ਪਿਕਨਿਕ ਹੋਵੇ। ਸ਼ਾਮ ਹੋਣ ਕਰਕੇ ਸਾਰੇ ਤਾਂ ਨਾ ਆਏ ਪਰ ਤਾਂ ਵੀ ਦਸ-ਬਾਰਾਂ ਲੜਕੇ ਅੱਪੜ ਗਏ। ਖਾਣ-ਪੀਣ ਦਾ ਸਾਮਾਨ ਇਕੱਠਾ ਕੀਤਾ ਤੇ ਹੁਣ ਪਤਾ ਲੱਗਾ ਕਿ ਚੰਦਰਮਾ ਦਾ ਤਾਂ ਹਨੇਰਲਾ ਪੱਖ ਚੱਲ ਰਿਹਾ ਹੈ ਪੂਰਨਮਾਸ਼ੀ ਤੋਂ ਬਾਅਦ ਦਾ। ਚੰਦਰਮਾ ਨੇ ਬੜੀ ਦੇਰ ਬਾਅਦ ਚੜ੍ਹਨਾ ਸੀ।
ਹਨੇਰੇ ਵਿਚ ਸਟੋਵ ’ਤੇ ਚਾਹ ਬਣਾਈ। ਸਾਰਿਆਂ ਨੇ ਕੁਝ ਨਾ ਕੁਝ ਸੁਣਾਇਆ। ਦੇਵ ਦੱਤ ਨੇ ਵੀ ਗਾਉਣਾ ਸ਼ੁਰੂ ਕੀਤਾ, ਉਹ ਫਿਲਮ ਦੇਵਦਾਸ ਦਾ ਹੀ ਕੋਈ ਗੀਤ ਸੀ। ਮੈਂ ਆਪਣੇ ਮੰਗ ਕੇ ਲਿਆਂਦੇ ਸਾਈਕਲ ਦੀ ਡੈਨਮੋ ਚਲਾਉਣੀ ਸ਼ੁਰੂ ਕਰ ਦਿੱਤੀ, ਹੱਥ ਨਾਲ ਪੈਡਲ ਘੁਮਾ ਕੇ। ਸਰ ਨੇ ਮਿੱਠਾ ਜਿਹਾ ਗੁੱਸਾ ਵੀ ਕੀਤਾ ਅਤੇ ਇਕ-ਦੂਜੇ ਨੂੰ ਦੋਸ਼ ਲੱਗੇ ਕਿ ‘ਚੰਨ ਦੀ ਚਾਨਣੀ’ ਵਿਚ ਪਿਕਨਿਕ ਦੀ ਸਲਾਹ ਕੀਹਨੇ ਦਿੱਤੀ ਸੀ। ਕੰਪਨੀ ਬਾਗ ਦੀ ਉੱਲੂ ਪਾਰਕ ਦੇ ਕੰਢੇ ਤਾਰਿਆਂ ਦੀ ਛਾਵੇਂ ਕੀਤੀ ਉਹ ਪਿਕਨਿਕ ਮੈਨੂੰ ਕਦੇ ਨਹੀਂ ਭੁੱਲ ਸਕਦੀ। ਬੜੀ ਦੇਰ ਬਾਅਦ ਮੈਂ ਸਕੂਲਾਂ ਵਿਚ ਫਜ਼ਿਕਸ ਪੜ੍ਹਾਉਂਦਾ ਹੋਇਆ ਅੰਗਰੇਜ਼ੀ ਦਾ ਪ੍ਰੋਫੈਸਰ ਬਣ ਗਿਆ ਅਤੇ ਲੱਗ ਵੀ ਖ਼ਾਲਸਾ ਕਾਲਜ ’ਚ ਗਿਆ।
ਹੁਣ ਅਸੀਂ ਭਾਵੇਂ ਹਮਰੁਤਬਾ ਸਹਿਕਰਮੀ ਸਾਂ ਪਰ ਦੱਤ ਸਾਹਿਬ ਨੂੰ ਵੀ ਪੁਰਾਣਾ ਸਮਾਂ ਯਾਦ ਸੀ ਅਤੇ ਮੈਨੂੰ ਵੀ ਉਹ ਦਿਨ ਯਾਦ ਸਨ ਜਦੋਂ ਮੈਂ ਤੇ ਭਾਟੀਆ ਬੜੇ ਚਾਅ ਨਾਲ ਬਾਹਰੋਂ ਆਏ ਨਵੇਂ ਸਾਮਾਨ (ਉਪਕਰਨਾਂ) ਦੀਆਂ ਪੇਟੀਆਂ ਖੋਲ੍ਹਦੇ ਹੁੰਦੇ ਸਾਂ ਅਤੇ ਪੂੰਝ-ਪਾਂਝ ਕੇ ਅਲਮਾਰੀਆਂ ਵਿਚ ਟਿਕਾਉਂਦੇ ਹੁੰਦੇ ਸਾਂ। ਲਿਖਿਆ ਹੋਇਆ ਵੇਰਵਾ ਪੜ੍ਹ ਦਾ ਬੜਾ ਉਤਸ਼ਾਹ ਹੁੰਦਾ ਸੀ। ਲੈਬ ਸਹਾਇਕ ਵਿੱਚੋਂ ਬੜੇ ਖ਼ੁਸ਼ ਸਨ ਕਿ ਉਨ੍ਹਾਂ ਦਾ ਕੰਮ ਅਸੀਂ ਕਰ ਦਿੰਦੇ ਸਾਂ।
ਸਾਨੂੰ ਉਚੇਚਾ ਲਾਭ ਸੀ ਕਿ ਨਵੇਂ ਉਪਕਰਨਾਂ ਨੂੰ ਵੇਖ ਕੇ ਸਾਨੂੰ ਕੋਈ ਝਾਕਾ ਨਹੀਂ ਸੀ ਰਿਹਾ। ਕੱਪੜੇ ਮੈਲੇ ਹੋ ਜਾਣਗੇ, ਸਾਨੂੰ ਇਸ ਦਾ ਕੋਈ ਫ਼ਿਕਰ ਨਹੀਂ ਸੀ ਹੁੰਦਾ। ਕੁਝ ਦੇਰ ਬਾਅਦ ਪ੍ਰੋਫੈਸਰ ਦੇਵ ਦੱਤ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬਤੌਰ ਭੌਤਿਕ ਵਿਗਿਆਨ ਦੇ ਮੁਖੀ ਰਿਟਾਇਰ ਹੋ ਗਏ ਅਤੇ ਪਤਾ ਲੱਗਾ ਕਿ ਉਹ ਆਪਣੀ ਇੱਕੋ-ਇੱਕ ਔਲਾਦ ਲੜਕੀ ਕੋਲ ਕੈਨੇਡਾ ਚਲੇ ਗਏ ਹਨ।
ਉੱਡਦੀ-ਉੱਡਦੀ ਖ਼ਬਰ ਆਉਂਦੀ ਸੀ ਕਿ ਰਾਜ਼ੀ-ਖ਼ੁਸ਼ੀ ਹਨ। ਜਦੋਂ ਮੈਂ ਵੀ ਸੰਨ 1995 ਵਿਚ ਸੇਵਾ ਮੁਕਤ ਹੋ ਗਿਆ ਤਾਂ ਪ੍ਰੋਫੈਸਰ ਸਾਹਿਬ ਨੇ ਕਿਸੇ ਦੇ ਹੱਥ ਇਕ ਨਿੱਕਾ ਜਿਹਾ ਰੇਡੀਓ ਭੇਜਿਆ ਜਿਹੜਾ ਮਾਚਿਸ ਦੀ ਡੱਬੀ ਵਿਚ ਪੈ ਸਕਦਾ ਸੀ ਅਤੇ ਈਅਰ-ਫੋਨਜ਼ ਨਾਲ ਸੁਣੀਦਾ ਸੀ।
ਇਹ ਚੰਗਾ-ਭਲਾ ਉੱਥੇ ਚੱਲਦਾ ਸੀ, ਪਤਾ ਨਹੀਂ ਕੀ ਨੁਕਸ ਪੈ ਗਿਆ। ਮੈਂ ਬੜੀ ਦੇਰ ਰੱਖ ਛੱਡਿਆ। ਇਕ ਦਿਨ ਛੱਤ ’ਤੇ ਜਾ ਕੇ ਲਾਇਆ ਤਾਂ ਬੜੀ ਸਪਸ਼ਟ ਅਤੇ ਮਧੁਰ ਆਵਾਜ਼ ਵਿਚ ਫਿਲਮੀ ਗਾਣੇ ਲੱਗੇ ਹੋਏ ਸਨ। ਮੈਂ ਜਦੋਂ ਰੇਡੀਓ ਠੀਕ ਹੋਣ ਬਾਰੇ ਉਨ੍ਹਾਂ ਨੂੰ ਦੱਸਿਆ ਤਾਂ ਉਨ੍ਹਾਂ ਦਾ ਉੱਤਰ ਆਇਆ, “ਮੈਨੂੰ ਪਤਾ ਸੀ, ਤੂੰ ਠੀਕ ਕਰ ਦੇਣਾ ਹੈ।’’ ਪਤਾ ਨਹੀਂ ਕਦੋਂ ਪ੍ਰੋਫੈਸਰ ਸਾਹਿਬ ਮੁੜ ਕੈਨੇਡਾ ਚਲੇ ਗਏ ਅਤੇ ਓਥੇ ਹੀ …ਆਖ਼ਰੀ ਸਵਰਗ ਸਿਧਾਰ ਗਏ।
-ਪ੍ਰੋ. ਮੋਹਣ ਸਿੰਘ
-ਮੋਬਾਈਲ : 80545-97595