ਬਿਜਲੀ ਦੀ ਕਮੀ ਨੂੰ ਬਿਜਲੀ ਦੀ ਪੈਦਾਵਾਰ ਵਧਾ ਕੇ ਜਾਂ ਬਿਜਲੀ ਦੀ ਬੱਚਤ ਰਾਹੀਂ ਹੀ ਪੂਰਾ ਕੀਤਾ ਜਾ ਸਕਦਾ ਹੈ। ਬਿਜਲੀ ਦੀ ਪੈਦਾਵਾਰ ਨੂੰ ਵਧਾਉਣ ਲਈ ਨਵੇਂ ਬਿਜਲੀ ਉਤਪਾਦਨ ਪ੍ਰਾਜੈਕਟ ਸਥਾਪਤ ਕਰਨੇ ਪੈਂਦੇ ਹਨ। ਜਿਨ੍ਹਾਂ ਦੀ ਉਸਾਰੀ ਲਈ ਲੰਬਾ ਸਮਾਂ, ਵਿੱਤੀ ਸਾਧਨ ਅਤੇ ਵੱਖ-ਵੱਖ ਇਕਾਈਆਂ ਦੀਆਂ ਸਰਕਾਰੀ ਪ੍ਰਵਾਨਗੀਆ ਦੀ ਲੋੜ ਹੁੰਦੀ ਹਨ ਪਰ ਬਿਜਲੀ ਦੀ ਬੱਚਤ ਨਾਲ ਬਹੁਤ ਘੱਟ ਸਮੇਂ ਵਿਚ ਬਿਜਲੀ ਦੀ ਘਾਟ ਦੇ ਖੱਪੇ ਨੂੰ ਪੂਰਾ ਕਰ ਸਕਦੇ ਹਾਂ।

ਬਿਜਲੀ ਇਕ ਕੌਮੀ ਸਰਮਾਇਆ ਹੈ ਅਤੇ ਮਨੁੱਖਤਾ ਲਈ ਇਕ ਬਹੁਤ ਵਡਮੁੱਲਾ ਤੋਹਫ਼ਾ ਹੈ। ਅੱਜ ਮਨੁੱਖ ਲਈ ਭੋਜਨ ਤੋਂ ਬਿਨਾਂ ਇਕ ਦਿਨ ਰਿਹਾ ਜਾ ਸਕਦਾ ਹੈ ਪਰ ਬਿਜਲੀ ਤੋਂ ਬਿਨਾਂ ਸੁੱਖਮਈ ਜੀਵਨ ਬਤੀਤ ਕਰਨਾ ਸੰਭਵ ਨਹੀਂ। ਕਿਸੇ ਵੀ ਦੇਸ਼ ਜਾਂ ਸੂਬੇ ਦੇ ਵਿਕਾਸ ਵਿਚ ਬਿਜਲੀ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ। ਕਿਸੇ ਵੀ ਸੂਬੇ ਦੇ ਵਿਕਾਸ ਦਾ ਮਾਪਦੰਡ ਉਸ ਸੂਬੇ ਦੇ ਨਾਗਰਿਕਾਂ ਵੱਲੋਂ ਖਪਤ ਕੀਤੀ ਗਈ ਬਿਜਲੀ ਨੂੰ ਹੀ ਮੰਨਿਆ ਜਾਂਦਾ ਹੈ।
ਬਿਜਲੀ ਦੀ ਕਮੀ ਨੂੰ ਬਿਜਲੀ ਦੀ ਪੈਦਾਵਾਰ ਵਧਾ ਕੇ ਜਾਂ ਬਿਜਲੀ ਦੀ ਬੱਚਤ ਰਾਹੀਂ ਹੀ ਪੂਰਾ ਕੀਤਾ ਜਾ ਸਕਦਾ ਹੈ। ਬਿਜਲੀ ਦੀ ਪੈਦਾਵਾਰ ਨੂੰ ਵਧਾਉਣ ਲਈ ਨਵੇਂ ਬਿਜਲੀ ਉਤਪਾਦਨ ਪ੍ਰਾਜੈਕਟ ਸਥਾਪਤ ਕਰਨੇ ਪੈਂਦੇ ਹਨ। ਜਿਨ੍ਹਾਂ ਦੀ ਉਸਾਰੀ ਲਈ ਲੰਬਾ ਸਮਾਂ, ਵਿੱਤੀ ਸਾਧਨ ਅਤੇ ਵੱਖ-ਵੱਖ ਇਕਾਈਆਂ ਦੀਆਂ ਸਰਕਾਰੀ ਪ੍ਰਵਾਨਗੀਆ ਦੀ ਲੋੜ ਹੁੰਦੀ ਹਨ ਪਰ ਬਿਜਲੀ ਦੀ ਬੱਚਤ ਨਾਲ ਬਹੁਤ ਘੱਟ ਸਮੇਂ ਵਿਚ ਬਿਜਲੀ ਦੀ ਘਾਟ ਦੇ ਖੱਪੇ ਨੂੰ ਪੂਰਾ ਕਰ ਸਕਦੇ ਹਾਂ। ਭਾਰਤ ਵਿਚ ਹਰ ਸਾਲ 14 ਦਸੰਬਰ ਰਾਸ਼ਟਰੀ ਊਰਜਾ ਬੱਚਤ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਭਾਰਤ ਸਰਕਾਰ ਵੱਲੋਂ ਐਨਰਜੀ ਕੰਜ਼ਰਵੇਸ਼ਨ ਐਕਟ 2001 ਅਧੀਨ ਬਿਊਰੋ ਆਫ ਐਨਰਜੀ ਐਫੀਸੈਂਸ਼ੀ ਸਥਾਪਤ ਕੀਤਾ ਗਿਆ ਹੈ ਜਿਸ ਦਾ ਮੁੱਖ ਉਦੇਸ਼ ਊਰਜਾ ਸੰਜਮ ਸਬੰਧੀ ਨੀਤੀਆਂ, ਨਿਯਮ ਅਤੇ ਰਾਸ਼ਟਰੀ ਪੱਧਰ ’ਤੇ ਬਿਜਲੀ ਦੀ ਬੱਚਤ ਸਬੰਧੀ ਜਾਗਰੂਕਤਾ ਲਈ ਲੋੜੀਂਦੇ ਯਤਨ ਕਰਨਾ ਹੈ। ਭਾਰਤ ਭਰ ਵਿਚ ਵੱਖ-ਵੱਖ ਰਾਜਾਂ ਦੀਆਂ ਬਿਜਲੀ ਇਕਾਈਆਂ ਵੱਲੋਂ ਬਿਜਲੀ ਦੀ ਮੰਗ ਅਤੇ ਬਿਜਲੀ ਦੀ ਪੈਦਾਵਾਰ ਵਿਚਕਾਰ ਖੱਪੇ ਨੂੰ ਪੂਰਾ ਕਰਨ ਲਈ ਸਮੇਂ-ਸਮੇਂ ਉਪਰਾਲੇ ਕੀਤੇ ਜਾਂਦੇ ਹਨ। ਬਿਜਲੀ ਦੀ ਬੱਚਤ ਨਾ ਸਿਰਫ਼ ਸੂਬੇ ਜਾਂ ਭਾਰਤ ਸਗੋਂ ਪੂਰੇ ਵਿਸ਼ਵ ਪੱਧਰ ਦੀ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਲੋਕ ਸਭਾ ਤੇ ਰਾਜ ਸਭਾ ਵੱਲੋਂ ਵੀ ਬਿਜਲੀ ਦੀ ਬੱਚਤ ਸਬੰਧੀ ਬਿੱਲ ਪਾਸ ਕੀਤੇ ਹੋਏ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦੱਖਣ ਸੰਚਾਲਨ ਜ਼ੋਨ ਦੇ ਮੁੱਖ ਇੰਜੀਨੀਅਰ ਰਤਨ ਮਿੱਤਲ ਨੇ ਇਕ ਸੰਦੇਸ਼ ਵਿਚ ਰਾਸ਼ਟਰੀ ਊਰਜਾ ਦਿਵਸ ’ਤੇ ਦੇਸ਼ ਵਾਸੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਉਜਵਲ ਭਵਿੱਖ ਲਈ ਬਿਜਲੀ ਦੀ ਬੱਚਤ ਦੀ ਅਪੀਲ ਕੀਤੀ ਹੈ। ਪੰਜਾਬ ’ਚ ਪਾਵਰਕਾਮ ਵੱਖ-ਵੱਖ ਸ਼੍ਰੇਣੀਆਂ ਦੇ ਇਕ ਕਰੋੜ ਤੋਂ ਵੱਧ ਖਪਤਕਾਰਾਂ ਦੇ ਘਰ-ਬਾਰਾਂ ਤੇ ਕਾਰੋਬਾਰਾਂ ਤੇ ਹੋਰ ਅਦਾਰਿਆਂ ਨੂੰ ਬਿਜਲੀ ਨਾਲ ਰੁਸ਼ਨਾ ਰਿਹਾ ਹੈ। ਜੇਕਰ ਪੰਜਾਬ ਦਾ ਹਰ ਖਪਤਕਾਰ ਰੋਜ਼ਾਨਾ ਇਕ ਯੂਨਿਟ ਬਿਜਲੀ ਦੀ ਬੱਚਤ ਕਰੇ ਤਾਂ ਇਸ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਕਿੰਨੇ ਵੱਡੇ ਪੱਧਰ ’ਤੇ ਬਿਜਲੀ ਦੀ ਬੱਚਤ ਹੋਵੇਗੀ।
ਪਾਵਰਕਾਮ ਦੇ ਐਨਰਜੀ ਆਡਿਟ ਤੇ ਇਨਫੋਰਸਮੈਂਟ ਵਿੰਗ ਦੇ ਮੁੱਖ ਇੰਜੀਨੀਅਰ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਟਿਊਬਵੈੱਲ ਕੁਨੈਕਸ਼ਨਾਂ ਵਿਚ ਨਿਯਮਾਂ ਅਨੁਸਾਰ 40 ਵਾਟੇਜ ਦੇ 2 ਸੀਐੱਫਐੱਲ ਬੱਲਬਾਂ ਨੂੰ ਵਰਤਣ ਦੀ ਪ੍ਰਵਾਨਗੀ ਪਾਵਰਕਾਮ ਵੱਲੋਂ ਦਿੱਤੀ ਗਈ ਸੀ ਜਿਸ ਨੂੰ ਐੱਲਈਡੀ ਬੱਲਬ ਨਾਲ ਬਦਲਣ ਉਪਰੰਤ ਤਕਰੀਬਨ ਅੱਧੀ ਬਿਜਲੀ (ਲਗਪਗ 22 ਵਾਟ) ਦੀ ਬੱਚਤ ਹੁੰਦੀ ਹੈ। ਘਰੇਲੂ ਖੇਤਰ ਵਿਚ ਅਜੇ ਵੀ 40, 60 ਅਤੇ 100 ਵਾਟ ਦੇ ਰਵਾਇਤੀ ਬੱਲਬ ਲੱਗੇ ਹੋਏ ਹਨ ਜਿਨਾਂ ਨੂੰ ਐੱਲਈਡੀ ਬੱਲਬ ਅਤੇ ਟਿਊਬਾਂ ਨਾਲ ਬਦਲਣ ਉਪਰੰਤ 80 ਪ੍ਰਤੀਸ਼ਤ ਤੱਕ ਬਿਜਲੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਲਈ ਪੰਜਾਬ ਦੇ ਸਮੁੱਚੇ ਬਿਜਲੀ ਖਪਤਕਾਰਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਪੱਧਰ ’ਤੇ ਬਿਜਲੀ ਦੀ ਬੱਚਤ ਕੀਤੀ ਜਾਵੇ ਅਤੇ ਪੰਜਾਬ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ ਜਾਵੇ।
ਪਾਵਰਕਾਮ ਦੇ ਡੀਐੱਸਐੱਮ ਦੇ ਉਪ ਮੁੱਖ ਇੰਜੀਨੀਅਰ ਸਲੀਮ ਮੁਹੰਮਦ ਅਨੁਸਾਰ ਡੀਐੱਸਐੱਮ ਵੱਲੋਂ ਪਾਵਰਕਾਮ ਦੇ ਡਿਸਕੌਮ ਖੇਤਰ ਅਧੀਨ ਊਰਜਾ ਤਿਮਾਹੀ ਅਤੇ ਸਾਲਾਨਾ ਖਾਤਿਆਂ ਦਾ ਲੇਖਾ-ਜੋਖਾ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਅਤੇ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਊਰਜਾ ਮੰਤਰਾਲਾ ਭਾਰਤ ਸਰਕਾਰ ਨੂੰ ਭੇਜਿਆ ਜਾਂਦਾ ਹੈ। ਇਸ ਉਪਰੰਤ ਬਿਜਲੀ ਖੇਤਰ ਲਈ ਲੋੜੀਂਦੇ ਨਿਯਮਾਂ ਅਨੁਸਾਰ ਵਿੱਤੀ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ।
ਇਕ ਮਾਰਚ 2023 ਨੂੰ ਭਾਰਤ ਸਰਕਾਰ ਵੱਲੋਂ ਪਾਵਰਕਾਮ ਨੂੰ ਉੱਤਮ ਕਾਰਗੁਜ਼ਾਰੀ ਲਈ ਐਵਾਰਡ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ। ਬਿਜਲੀ ਮੰਤਰਾਲੇ ਵੱਲੋਂ ਪੀਏਟੀ ਸਾਈਕਲ -2 ਦੌਰਾਨ ਪੀਐੱਸਪੀਸੀਐੱਲ ਨੂੰ 80,686 ਐਨਰਜੀ ਸੇਵਿੰਗ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪੀਏਟੀ ਸਾਈਕਲ -7 ਦੇ ਆਡਿਟ ਦੌਰਾਨ ਪੀਐੱਸਪੀਸੀਐੱਲ ਵੱਲੋਂ ਬੀਈਈ ਵੱਲੋਂ ਦਿੱਤੇ ਟੀਚਿਆਂ ਨੂੰ ਪੂਰਾ ਕੀਤਾ ਗਿਆ ਅਤੇ ਇਸ ਅਧੀਨ ਲਗਪਗ 4183 ਐਨਰਜੀ ਸੇਵਿੰਗ ਸਰਟੀਫਿਕੇਟ ਮਿਲਣਯੋਗ ਹਨ।
ਪਾਵਰਕਾਮ ਦੇ ਮੁੱਖ ਇੰਜੀਨੀਅਰ ਟੈਕਨੀਕਲ ਆਡਿਟ ਅਤੇ ਪੜਤਾਲ ਇੰਦਰਜੀਤ ਸਿੰਘ ਅਨੁਸਾਰ ਪਾਵਰਕਾਮ ਵੱਲੋਂ ਆਪਣੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਬੱਚਤ, ਇਸ ਦੀ ਮਹੱਤਤਾ ਅਤੇ ਇਸ ਦੀ ਬੱਚਤ ਨਾਲ ਹੋਣ ਵਾਲੇ ਅਨੇਕ ਫ਼ਾਇਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਮੇਂ-ਸਮੇਂ ’ਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਪੰਜਾਬ ਭਰ ਵਿਚ ਸਕੂਲਾਂ ਦੇ ਵਿਦਿਆਰਥੀਆਂ ਦੇ ਬਿਜਲੀ ਦੀ ਬੱਚਤ, ਇਸ ਦੀ ਮਹੱਤਤਾ ਅਤੇ ਬੱਚਤ ਨਾਲ ਸਮਾਜ ਨੂੰ ਹੋਣ ਵਾਲੇ ਆਰਥਿਕ ਲਾਭਾਂ ਸਬੰਧੀ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਵੀ ਜਾਂਦਾ ਹੈ। ਕਿਸਾਨ ਮਿਲਣੀਆਂ ਵਿਚ ਖੇਤੀਬਾੜੀ ਖਪਤਕਾਰਾਂ ਨੂੰ ਚੰਗੀ ਕੰਪਨੀ ਦੇ ਸ਼ੰਟ ਕਪੈਸਟਰ ਦੀ ਵਰਤੋਂ ਕਰਨ ਸਬੰਧੀ ਰੰਗਦਾਰ ਛਪਣ ਸਮੱਗਰੀ ਰਾਹੀਂ ਅਪੀਲ ਤੇ ਜਾਣਕਾਰੀ ਦਿੱਤੀ ਜਾਂਦੀ ਹੈ।
ਪੇਡਾ ਯਾਨੀ ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਟੀ ਵੱਲੋਂ ਪੰਜਾਬ ਵਿਚ ਬਿਜਲੀ ਦੀ ਬੱਚਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਈ ਯੋਜਨਾਵਾਂ ਅਤੇ ਕੰਮ ਕਰਵਾਏ ਜਾਂਦੇ ਹਨ ਜਿਨਾਂ ਵਿਚ ਐਨਰਜੀ ਆਡਿਟ ਲਈ ਸਿਫ਼ਾਰਸ਼ਾਂ, ਬਿਜਲੀ ਦੀ ਬੱਚਤ ਲਈ ਐੱਲਈਡੀ ਲਾਈਟਾਂ, ਬਿਜਲੀ ਦੀ ਬੱਚਤ ਸਬੰਧੀ ਸੂਚਨਾ ਅਤੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ, ਵਰਕਸ਼ਾਪਾਂ ਅਤੇ ਬਿਲਡਿੰਗ ਕੋਡ ਸਬੰਧੀ ਯਤਨ ਸ਼ਾਮਲ ਹਨ। ਪੇਡਾ ਵੱਲੋਂ ਸਨਅਤੀ ਖੇਤਰ ਵਿਚ ਬਿਜਲੀ ਦੀ ਬੱਚਤ ’ਤੇ ਜ਼ੋਰ ਦਿੱਤਾ ਜਾਂਦਾ ਹੈ।
ਪੰਜਾਬ ਵਿਚ ਘਰੇਲੂ ਖਪਤਕਾਰਾਂ ਦੇ ਸਹਿਯੋਗ ਨਾਲ ਚੰਗੇ ਬਿਜਲੀ ਉਪਕਰਨਾਂ ਦੀ ਵਰਤੋਂ, ਬਿਜਲੀ ਲੋਡ ਦਾ ਸਹੀ ਪ੍ਰਬੰਧਨ ਕਰ ਕੇ ਬਿਜਲੀ ਦੀ ਸੰਜਮ ਨਾਲ ਵਰਤੋਂ ਰਾਹੀਂ ਬਿਜਲੀ ਦੀ ਖਪਤ ਵਿੱਚੋਂ ਵੱਡੀ ਬੱਚਤ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਵਡਮੁੱਲੇ ਪ੍ਰਸ਼ਾਸਕੀ ਉਪਰਾਲੇ ਤਹਿਤ ਰਾਜ ਭਰ ਦੇ ਸਾਰੇ ਦਫ਼ਤਰਾਂ ਦਾ 2 ਮਈ ਤੋਂ 15 ਜੁਲਾਈ 2023 ਤੱਕ ਸਮਾਂ 7:30 ਤੋਂ ਬਾਅਦ ਦੁਪਹਿਰ 2:00 ਵਜੇ ਕਰਦੇ ਹੋਏ ਬਿਜਲੀ ਦੀ ਬੱਚਤ ਕੀਤੀ ਗਈ।
ਪੀਐੱਸਪੀਸੀਐੱਲ ਦੀ ਵੈੱਬਸਾਈਟ ’ਤੇ ਬਿਜਲੀ ਖਪਤਕਾਰਾਂ ਲਈ ਬਿਜਲੀ ਦੀ ਬੱਚਤ ਕਰਨ ਲਈ ਉਪਰਾਲਿਆਂ ਦੀ ਜਾਣਕਾਰੀ ਉਪਲਬਧ ਹੈ ਅਤੇ ਖਪਤਕਾਰ ਉਨ੍ਹਾਂ ਉੱਤੇ ਰੋਜ਼ਾਨਾ ਜੀਵਨ ਵਿਚ ਅਮਲ ਕਰ ਕੇ ਇਕ ਵਿਕਸਤ ਭਾਰਤ ਦਾ ਨਿਰਮਾਣ ਕਰਨ ਵਿਚ ਆਪਣਾ ਯੋਗਦਾਨ ਦੇ ਸਕਦੇ ਹਨ।
-ਮਨਮੋਹਨ ਸਿੰਘ
ਲੋਕ ਸੰਪਰਕ ਸਲਾਹਕਾਰ, ਉਪ ਸਕੱਤਰ ਲੋਕ ਸੰਪਰਕ ( ਸੇਵਾ ਮੁਕਤ ), ਪਾਵਰਕਾਮ।
-ਮੋਬਾਈਲ : 84377-25172