ਜੇ ਇਕ ਵਿਅਕਤੀ ਦੀ ਠੀਕ-ਠਾਕ ਆਮਦਨ ਹੋਵੇ ਪਰ ਉਸ ਦੇ ਬੱਚੇ ਸਕੂਲ ਦੂਰ ਹੋਣ ਕਾਰਨ ਪੜ੍ਹਨ ਨਹੀਂ ਜਾ ਸਕਦੇ ਹੋਣ ਜਾਂ ਉਸ ਨੂੰ ਪੀਣ ਵਾਲਾ ਪਾਣੀ ਤਿੰਨ ਕਿਲੋਮੀਟਰ ਦਰ ਤੋਂ ਲਿਆਉਣਾ ਪੈਂਦਾ ਹੈ ਜਾਂ ਸਿਹਤ ਸੇਵਾਵਾਂ ਦੀ ਘਾਟ ਵਿਚ ਉਸ ਦੇ ਬੱਚੇ ਪੰਜ ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਕਾਲ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫਿਰ ਰਸੋਈ ਗੈਸ ਦੀ ਕਮੀ ਕਾਰਨ ਉਸ ਦੀ ਪਤਨੀ ਦਮੇ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਕੀ ਉਸ ਨੂੰ ਗ਼ਰੀਬੀ ਦੀ ਹੱਦ ਤੋਂ ਉੱਪਰ ਮੰਨਿਆ ਜਾਵੇਗਾ? ਜੇ ਉਸ ਨੂੰ ਇਨ੍ਹਾਂ ਵਿਚੋਂ ਕੁਝ ਸਹੂਲਤਾਂ ਹਾਸਲ ਹਨ ਅਤੇ ਕੁਝ ਨਹੀਂ ਤਾਂ ਅਜਿਹੇ ਪਰਿਵਾਰ ਜਾਂ ਵਿਅਕਤੀ ਨੂੰ ਕਿਸ ਸ੍ਰੇਣੀ ਵਿਚ ਰੱਖਿਆ ਜਾਵੇਗਾ? ਜੇ ਇਸ ਵਿਅਕਤੀ ਦੇ ਪਰਿਵਾਰ ਵਿਚ ਇਕ ਬੱਚਾ ਸਿਹਤਮੰਦ ਹੋਵੇ ਪਰ ਦੂਜਾ ਕੁਪੋਸ਼ਣ ਦਾ ਸ਼ਿਕਾਰ ਤਾਂ ਪਰਿਵਾਰ ਦੀ ਆਮਦਨ ਦੇ ਆਧਾਰ 'ਤੇ ਉਸ ਨੂੰ ਗ਼ਰੀਬ ਨਹੀਂ ਮੰਨਿਆ ਜਾਵੇਗਾ? ਆਰਥਿਕ ਮਾਪਦੰਡਾਂ 'ਤੇ ਗ਼ਰੀਬੀ ਮਾਪਣ ਦੀ ਇਕ ਗ਼ਲਤ ਧਾਰਨਾ ਕਾਰਨ ਦੇਸ਼ ਦੇ ਕਰੋੜਾਂ ਲੋਕ ਗ਼ਰੀਬੀ ਦੀ ਤ੍ਰਾਸਦੀ ਸਹਾਰਦੇ ਹੋਏ ਵੀ ਇਸ ਸ੍ਰੇਣੀ ਵਿਚ ਮਿਲਣ ਵਾਲੀ ਮਦਦ ਤੋਂ ਵਿਰਵੇ ਰਹੇ ਹਨ। ਗ਼ਰੀਬੀ ਨਿਰਧਾਰਨ ਦੇ ਹੁਣ ਤਕ ਦੇ ਮੰਨਣਯੋਗ ਤਰੀਕੇ ਅਨੁਸਾਰ ਹਰੇਕ ਵਿਅਕਤੀ ਦੀ ਆਮਦਨ ਭਾਵ ਸਮੁੱਚੀ ਰਾਸ਼ਟਰੀ ਆਮਦਨ ਨੂੰ ਜਨਸੰਖਿਆ ਨਾਲ ਤਕਸੀਮ ਕਰ ਕੇ ਕੱਢ ਲਿਆ ਜਾਂਦਾ ਸੀ ਬਿਨਾਂ ਇਹ ਸੋਚੇ ਕਿ ਇਸ ਆਮਦਨ ਵਿਚ ਦੇਸ਼ ਦੇ ਤਮਾਮ ਕਾਰੋਬਾਰੀ ਮਹਾਰਥੀਆਂ ਦੇ ਨਾਲ ਹੀ ਪਿੰਡ ਦੇ ਗ਼ਰੀਬ-ਗੁਰਬਿਆਂ ਦੀ ਆਮਦਨ ਵੀ ਸ਼ਾਮਲ ਹੈ। ਬਾਅਦ ਵਿਚ ਇਸ ਵਿਚ ਤਬਦੀਲੀ ਕੀਤੀ ਗਈ ਅਤੇ ਸਿਹਤ, ਸਿੱਖਿਆ ਅਤੇ ਜੀਵਨ ਦੀ ਗੁਣਵੱਤਾ ਦੇ ਆਧਾਰ 'ਤੇ ਗ਼ਰੀਬੀ ਨੂੰ ਦਸ ਪੈਮਾਨਿਆਂ 'ਤੇ ਮਾਪਣ ਦਾ ਸਿਲਸਿਲਾ ਸ਼ੁਰੂ ਹੋਇਆ ਪਰ ਭਾਰਤ ਵਿਚ ਫਿਰ ਵੀ ਆਰਥਿਕ ਆਧਾਰ ਨੂੰ ਮੁੱਖ ਕਾਰਕ ਮੰਨਿਆ ਗਿਆ। ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੇਸ਼ ਵਿਚ ਘੁੰਮ-ਘੁੰਮ ਕੇ ਭਾਰਤ ਨੂੰ ਪੰਜ ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਾਉਣ ਦੀ ਗੱਲ ਕਰ ਰਹੇ ਹਨ। ਮਨੁੱਖੀ ਸੱਭਿਅਤਾ ਦਾ ਲਿਖਤੀ ਇਤਿਹਾਸ ਲਗਪਗ ਤਿੰਨ ਹਜ਼ਾਰ ਸਾਲ ਦਾ ਹੈ ਪਰ ਅਸੀਂ ਸਭ ਤੋਂ ਵੱਡੀ ਸਮੱਸਿਆ ਭਾਵ ਗ਼ਰੀਬੀ ਦੀ ਸਹੀ ਪਛਾਣ ਅੱਜ ਤਕ ਨਹੀਂ ਕਰ ਸਕੇ ਹਾਂ। ਭਲਾ ਹੋਵੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਭਾਵ ਯੂਐੱਨਡੀਪੀ ਅਤੇ ਆਕਸਫੋਰਡ ਗ਼ਰੀਬੀ ਅਤੇ ਮਨੁੱਖੀ ਵਿਕਾਸ ਸੂਚਕ ਅੰਕ (ਆਈਐੱਚਡੀਆਈ) ਦੀ ਸਾਂਝੀ ਕੋਸ਼ਿਸ਼ ਦਾ ਅਤੇ ਨਾਲ ਹੀ ਕੁਝ ਹੋਰ ਖੋਜਾਰਥੀਆਂ ਦੀ ਮਿਹਨਤ ਦਾ ਕਿ ਉਨ੍ਹਾਂ ਨੇ ਵਿਸ਼ਵ ਦਾ ਧਿਆਨ ਆਰਥਿਕ ਗ਼ਰੀਬੀ ਤੋਂ ਹਟਾ ਕੇ ਅਸਲ ਗ਼ਰੀਬੀ ਅਤੇ ਉਸ ਵਿਚ ਵੀ ਕੁਝ ਨਵੇਂ ਪੈਮਾਨਿਆਂ ਵੱਲ ਖਿੱਚਿਆ। ਉਨ੍ਹਾਂ ਦੀ ਹਾਲੀਆ ਰਿਪੋਰਟ ਵਿਚ ਕੁਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ ਜੋ ਭਾਰਤ ਸਮੇਤ ਦੁਨੀਆ ਦੇ ਤਮਾਮ ਗ਼ੈਰ-ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਿੱਥੇ ਆਪਣੀ ਲੋਕ ਭਲਾਈ ਦੀ ਨੀਤੀ ਨੂੰ ਬਦਲਣ ਲਈ ਮਜਬੂਰ ਕਰਨਗੇ, ਓਥੇ ਹੀ ਆਪਣੇ ਸਮਾਜਾਂ ਨੂੰ ਵੀ ਨਾਂਹ-ਪੱਖੀ ਸੋਚ ਬਦਲਣ ਲਈ ਪ੍ਰੇਰਿਤ ਕਰਨਗੇ।

-ਐੱਨਕੇ ਸਿੰਘ।

Posted By: Jagjit Singh