ਇਸ ਵਾਰ ਉਹ ਇਸ ਖੋਖਲੇ ਤਰਕ ਦੀ ਆੜ ਵਿਚ ਲੁਕਦੇ ਦਿਸ ਰਹੇ ਹਨ ਕਿ ਕਿਉਂਕਿ ਜਿੱਤ ਭਾਜਪਾ ਨੂੰ ਮਿਲੀ ਹੈ, ਇਸ ਲਈ ਹਿੰਸਾ ਰੋਕਣ ਦੀ ਜ਼ਿੰਮੇਵਾਰੀ ਉਸੇ ਦੀ ਹੈ ਪਰ ਇਹ ਧਿਆਨ ਰਹੇ ਕਿ ਹਾਲੇ ਨਵੀਂ ਸਰਕਾਰ ਦਾ ਗਠਨ ਨਹੀਂ ਹੋਇਆ ਹੈ। ਇਹ ਮੰਨਣ ਦੇ ਪੁਖਤਾ ਕਾਰਨ ਹਨ ਕਿ ਬੰਗਾਲ ਵਿਚ ਹਿੰਸਾ ਇਸ ਲਈ ਹੋ ਰਹੀ ਹੈ ਕਿਉਂਕਿ ਤ੍ਰਿਣਮੂਲ ਕਾਂਗਰਸ ਦੇ ਨੇਤਾ-ਵਰਕਰ ਹਾਰ ਦਾ ਗੁੱਸਾ ਭਾਜਪਾ ਦੇ ਹਮਾਇਤੀਆਂ ’ਤੇ ਕੱਢ ਰਹੇ ਹਨ।

ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਤੇ ਉਨ੍ਹਾਂ ਦੌਰਾਨ ਤਾਂ ਹਿੰਸਾ ਤੋਂ ਬਚਿਆ ਰਿਹਾ ਪਰ ਚੋਣਾਂ ਤੋਂ ਬਾਅਦ ਹਿੰਸਾ ਤੋਂ ਨਹੀਂ ਬਚ ਪਾ ਰਿਹਾ ਹੈ। ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਬਾਵਜੂਦ ਜਿਸ ਤਰ੍ਹਾਂ ਹਿੰਸਾ ਜਾਰੀ ਹੈ, ਉਸ ਨੂੰ ਦੇਖਦੇ ਹੋਏ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੀ ਭਿਆਨਕ ਹਿੰਸਾ ਦੀ ਯਾਦ ਤਾਜ਼ਾ ਹੋ ਗਈ ਹੈ। ਉਦੋਂ ਮਮਤਾ ਦੀ ਸੱਤਾ ਵਿਚ ਵਾਪਸੀ ਹੋਈ ਸੀ ਅਤੇ ਉਨ੍ਹਾਂ ਦੇ ਆਗੂ-ਵਰਕਰ ਨਿਰੰਕੁਸ਼ ਹੋ ਕੇ ਵਿਰੋਧੀ ਪਾਰਟੀਆਂ ਦੇ ਸਮਰਥਕਾਂ ’ਤੇ ਟੁੱਟ ਪਏ ਸਨ। ਉਸ ਸਮੇਂ ਮਮਤਾ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਹਾਲੇ ਉਨ੍ਹਾਂ ਨੇ ਸਹੁੰ ਨਹੀਂ ਚੁੱਕੀ ਹੈ।
ਇਸ ਵਾਰ ਉਹ ਇਸ ਖੋਖਲੇ ਤਰਕ ਦੀ ਆੜ ਵਿਚ ਲੁਕਦੇ ਦਿਸ ਰਹੇ ਹਨ ਕਿ ਕਿਉਂਕਿ ਜਿੱਤ ਭਾਜਪਾ ਨੂੰ ਮਿਲੀ ਹੈ, ਇਸ ਲਈ ਹਿੰਸਾ ਰੋਕਣ ਦੀ ਜ਼ਿੰਮੇਵਾਰੀ ਉਸੇ ਦੀ ਹੈ ਪਰ ਇਹ ਧਿਆਨ ਰਹੇ ਕਿ ਹਾਲੇ ਨਵੀਂ ਸਰਕਾਰ ਦਾ ਗਠਨ ਨਹੀਂ ਹੋਇਆ ਹੈ। ਇਹ ਮੰਨਣ ਦੇ ਪੁਖਤਾ ਕਾਰਨ ਹਨ ਕਿ ਬੰਗਾਲ ਵਿਚ ਹਿੰਸਾ ਇਸ ਲਈ ਹੋ ਰਹੀ ਹੈ ਕਿਉਂਕਿ ਤ੍ਰਿਣਮੂਲ ਕਾਂਗਰਸ ਦੇ ਨੇਤਾ-ਵਰਕਰ ਹਾਰ ਦਾ ਗੁੱਸਾ ਭਾਜਪਾ ਦੇ ਹਮਾਇਤੀਆਂ ’ਤੇ ਕੱਢ ਰਹੇ ਹਨ।
ਮਮਤਾ ਨੇ ਇਹ ਕਹਿ ਕੇ ਇਕ ਤਰ੍ਹਾਂ ਨਾਲ ਆਪਣੇ ਸਮਰਥਕਾਂ ਨੂੰ ਉਕਸਾਇਆ ਹੀ ਹੈ ਕਿ ਉਹ ਹਾਰੀ ਨਹੀਂ ਬਲਕਿ ਉਨ੍ਹਾਂ ਨੂੰ ਹਰਾਇਆ ਗਿਆ ਹੈ ਅਤੇ ਇਸ ਲਈ ਉਹ ਅਸਤੀਫ਼ਾ ਨਹੀਂ ਦੇਣਗੇ। ਸਪਸ਼ਟ ਹੈ ਕਿ ਉਹ ਚੋਣਾਂ ਤੋਂ ਬਾਅਦ ਹਿੰਸਾ ਭੜਕਾਉਣ ਦੇ ਦੋਸ਼ਾਂ ਤੋਂ ਬਚ ਨਹੀਂ ਸਕਦੇ। ਸਪਸ਼ਟ ਇਹ ਵੀ ਹੈ ਕਿ ਤ੍ਰਿਣਮੂਲ ਸਮਰਥਕ ਦਹਿਸ਼ਤ ਫੈਲਾਉਣ ਵਾਲੀ ਹਿੰਸਾ ਦਾ ਜੋ ਸਬੂਤ ਦੇ ਰਹੇ ਹਨ, ਉਹ ਉਸ ਹਿੰਸਕ ਸਿਆਸੀ ਸੰਸਕ੍ਰਿਤੀ ਦੀ ਦੇਣ ਹੈ ਜਿਸ ਨੂੰ ਮਮਤਾ ਨੇ ਬੀਤੇ 15 ਸਾਲਾਂ ਵਿਚ ਉਸੇ ਤਰ੍ਹਾਂ ਸੁਰੱਖਿਅਤ ਰੱਖਿਆ ਜਿਵੇਂ ਇਕ ਸਮੇਂ ਖੱਬੇ-ਪੱਖੀ ਪਾਰਟੀਆਂ ਕਰਦੀਆਂ ਸਨ।
ਬੰਗਾਲ ਵਿਚ ਦਹਿਸ਼ਤ ਫੈਲਾ ਰਹੇ ਹਿੰਸਕ ਅਨਸਰ ਕਿੰਨੇ ਜ਼ਿਆਦਾ ਨਿਡਰ ਹਨ, ਇਸ ਦਾ ਖ਼ੌਫ਼ਨਾਕ ਸਬੂਤ ਹੈ ਭਾਜਪਾ ਦੇ ਸੀਨੀਅਰ ਨੇਤਾ ਅਤੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਚੰਦਰਨਾਥ ਰਥ ਦੀ ਗੋਲ਼ੀ ਮਾਰ ਕੇ ਹੱਤਿਆ ਕਰਨਾ। ਸੁਵੇਂਦੂ ਦਾ ਇਹ ਦੋਸ਼ ਸੱਚ ਹੋਵੇ ਤਾਂ ਹੈਰਾਨੀ ਨਹੀਂ ਕਿ ਰਥ ਦੀ ਟਾਰਗੈਟ ਕਿਲਿੰਗ ਇਸ ਲਈ ਹੋਈ ਕਿਉਂਕਿ ਉਨ੍ਹਾਂ ਨੇ ਮਮਤਾ ਨੂੰ ਚੁਣਾਵੀ ਮਾਤ ਦਿੱਤੀ।
ਇਸ ਹੱਤਿਆ ਦੇ ਨਾਲ ਹੀ ਭਾਜਪਾ ਹਮਾਇਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹੋਰ ਹਿੰਸਕ ਘਟਨਾਵਾਂ ਦੇ ਪਿੱਛੇ ਤ੍ਰਿਣਮੂਲ ਹਮਾਇਤੀਆਂ ਦਾ ਹੱਥ ਹੋਣ ਦੀ ਬਹੁਤ ਸ਼ੰਕਾ ਇਸ ਲਈ ਹੈ ਕਿਉਂਕਿ ਅਤੀਤ ਵਿਚ ਵੀ ਉਨ੍ਹਾਂ ਨੇ ਅਜਿਹੀ ਹਿੰਸਾ ਕੀਤੀ ਹੈ ਤੇ ਸਭ ਜਾਣਦੇ ਹਨ ਕਿ ਮਮਤਾ ਨੇ ਕਦੇ ਉਸ ਦੀ ਪਰਵਾਹ ਨਹੀਂ ਕੀਤੀ। ਇਹ ਚੰਗਾ ਹੋਇਆ ਕਿ ਅਸਤੀਫ਼ਾ ਨਾ ਦੇਣ ਦੀ ਜ਼ਿੱਦ ’ਤੇ ਅੜੀ ਮਮਤਾ ਨੂੰ ਬਰਖ਼ਾਸਤ ਤਾਂ ਕਰ ਦਿੱਤਾ ਗਿਆ ਪਰ ਜਦ ਤੱਕ ਭਾਜਪਾ ਸੱਤਾ ਨਹੀਂ ਸੰਭਾਲਦੀ, ਉਦੋਂ ਤੱਕ ਚੋਣ ਕਮਿਸ਼ਨ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਦੇਖਣਾ ਹੋਵੇਗਾ ਕਿ ਮੌਜੂਦਾ ਹਿੰਸਾ ’ਤੇ ਕਿਵੇਂ ਲਗਾਮ ਲੱਗੇ।
ਉਂਜ ਤਾਂ ਚੋਣਾਂ ਤੋਂ ਬਾਅਦ 60 ਦਿਨਾਂ ਤੱਕ ਕੇਂਦਰੀ ਨੀਮ ਫ਼ੌਜੀ ਬਲਾਂ ਨੂੰ ਉੱਥੇ ਤਾਇਨਾਤ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਸ਼ਾਇਦ ਉਨ੍ਹਾਂ ਦੀ ਤਾਇਨਾਤੀ ਹੋਰ ਵਧਾਉਣੀ ਪਵੇ। ਜੋ ਵੀ ਹੋਵੇ, ਭਾਜਪਾ ਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਉਸ ਦੇ ਸਾਹਮਣੇ ਹੋਰ ਅਨੇਕ ਚੁਣੌਤੀਆਂ ਦੇ ਨਾਲ-ਨਾਲ ਕਾਨੂੰਨ ਅਤੇ ਵਿਵਸਥਾ ਦੇ ਮੁਹਾਜ਼ ਨੂੰ ਠੀਕ ਕਰਨ ਦੀ ਗੰਭੀਰ ਚੁਣੌਤੀ ਵੀ ਹੈ। ਉਸ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨਾ ਹੀ ਹੋਵੇਗਾ ਕਿਉਂਕਿ ਇਸ ਨਾਲ ਹੀ ਸੂਬੇ ਨੂੰ ਲੀਹ ’ਤੇ ਪਾਇਆ ਜਾ ਸਕਦਾ ਹੈ।