ਹਜ਼ਰਤਬਲ ਦਰਗਾਹ ਦੀ ਪ੍ਰਸਿੱਧੀ ਇਕ ਪਵਿੱਤਰ ਅਵਸ਼ੇਸ਼, ਪੈਗੰਬਰ ਮੁਹੰਮਦ ਦੀ ਦਾੜ੍ਹੀ ਦੇ ਇਕ ਬਾਲ ਕਾਰਨ ਹੈ, ਜਿਸ ਨੂੰ ਮੋਈ-ਏ-ਮੁਕਦੱਸ ਕਿਹਾ ਜਾਂਦਾ ਹੈ।ਇਸ ਨੂੰ ਪੈਗੰਬਰ ਦੇ ਨਿੱਜੀ ਪ੍ਰਤੀਕ ਦੇ ਰੂਪ ’ਚ ਸਨਮਾਨ ਦਿੱਤਾ ਜਾਂਦਾ ਹੈ, ਹਾਲਾਂਕਿ ਇਸ ਦੀ ਰਸਮੀ ਤੌਰ ’ਤੇ ਇਬਾਦਤ ਨਹੀਂ ਕੀਤੀ ਜਾਂਦੀ।
ਸ੍ਰੀਨਗਰ ਦੀ ਪ੍ਰਸਿੱਧ ਹਜ਼ਰਤਬਲ ਦਰਗਾਹ ਦੀ ਸੰਗਮਰਮਰ ਦੀ ਤਖ਼ਤੀ ’ਤੇ ਰਾਸ਼ਟਰੀ ਪ੍ਰਤੀਕ ਅਸ਼ੋਕ ਚੱਕਰ ਦੀ ਮੌਜੂਦਗੀ ਨੇ ਈਦ-ਏ-ਮਿਲਾਦ (ਪੈਗੰਬਰ ਦਾ ਜਨਮ ਦਿਨ ਪੰਜ ਸਤੰਬਰ) ’ਤੇ ਮਸਜਿਦ ਜਾਣ ਵਾਲੇ ਕੁਝ ਕਸ਼ਮੀਰੀ ਮੁਸਲਮਾਨਾਂ ’ਚ ਗੁੱਸਾ ਭੜਕਾ ਦਿੱਤਾ ਹੈ। ਅਸ਼ੋਕ ਚੱਕਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਭੰਨ ਤੋੜ ਦੀ ਘਟਨਾ ਨੇ ਪੂਰੇ ਦੇਸ਼ ਦੀਆਂ ਭਾਵਨਾਵਾਂ ਨੂੰ ਠੇਸ
ਪਹੁੰਚਾਈ। ਇਹ ਮੁੱਦਾ ਇਸਲਾਮ ਦੇ ਅੰਦਰ ਤੇ ਇਸਲਾਮ ਅਤੇ ਗ਼ੈਰ-ਇਸਲਾਮ ਦੇ ਅੰਦਰ ਦੀਆਂ ਸੰਵੇਦਨਸ਼ੀਲਤਾਵਾਂ ਨਾਲ
ਜੁੜਿਆ ਹੈ। ਕਿਉਂਕਿ ਸਿਆਸਤ ਇਸ ਵਿਵਾਦ ’ਚ ਸ਼ਾਮਲ ਹੋ ਗਈ।
ਇਸ ਲਈ ਇਸ ਵਿਸ਼ੇ ਦੀ ਨਿਰਪੱਖ ਪੜਤਾਲ ਜ਼ਰੂਰੀ ਹੈ। ਜੰਮੂ-ਕਸ਼ਮੀਰ ਵਕਫ਼ ਬੋਰਡ ਨੇ ਅੱਸਰੀ ਸ਼ਰੀਫ਼ ਹਜ਼ਰਤਬਲ ਦਰਗਾਹ ਦਾ ਕਾਇਆਕਲਪ ਕਰਵਾਇਆ ਸੀ। ਇਸ ਦਾ ਉਦਘਾਟਨ ਤਿੰਨ ਸਤੰਬਰ, 2025 ਨੂੰ ਜੰਮੂ-ਕਸ਼ਮੀਰ ਵਕਫ਼ ਬੋਰਡ ਦੀ ਪ੍ਰਧਾਨ ਡਾ. ਸਈਅਦ ਦਰਖਸ਼ਾਂ ਅੰਦਰਾਬੀ ਨੇ ਕੀਤਾ। ਤਖ਼ਤੀ ’ਤੇ ਅੰਕਿਤ ਹੋਰ ਮੈਂਬਰਾਂ ’ਚ ਸਈਅਦ ਮੁਹੰਮਦ ਹੁਸੈਨ, ਡਾ. ਗੁਲਾਮ ਨਬੀ ਹਲੀਮ, ਬੋਰਡ ਦੇ ਤਹਿਸੀਲਦਾਰ ਇਸ਼ਤਿਆਕ ਮੋਹਿਊਦੀਨ ਤੇ ਇੰਜੀਨੀਅਰ ਸਈਅਦ ਗੁਲਾਮ ਏ ਮੁਰਤਜਾ ਸ਼ਾਮਲ ਸਨ।
ਤਖ਼ਤੀ ਦੇ ਸਿਖਰ ਦੇ ਵਿਚਾਲੇ ਇਕ ਉਰਦੂ ਪਾਠ ਹੈ। ਸੱਜੇ ਪਾਸੇ ਅਰਧ ਚੰਦਰ ਦੇ ਉੱਪਰ ਮਸਜਿਦ ਦੀ ਤਸਵੀਰ ਹੈ ਤੇ ਖੱਬੇ ਪਾਸੇ ਉਸੇ ਆਕਾਰ ਦਾ ਅਸ਼ੋਕ ਚੱਕਰ ਦਾ ਪ੍ਰਤੀਕ ਹੈ। ਨਾ ਤਾਂ ਇਹ ਤਖ਼ਤੀ ਤੇ ਨਾ ਹੀ ਉਸ ’ਤੇ ਅੰਕਿਤ ਕੋਈ ਵੀ ਪ੍ਰਤੀਕ ਇਬਾਦਤ ਦਾ ਸੀ। ਇਹ ਪੱਕਾ ਹੈ ਕਿ ਅਸ਼ੋਕ ਚੱਕਰ ’ਤੇ ਤਿੰਨ ਸਤੰਬਰ ਨੂੰ ਹੀ ਧਿਆਨ ਦਿੱਤਾ ਗਿਆ। ਫਿਰ ਵੀ ਚਾਰ ਸਤੰਬਰ ਤੱਕ ਅਸਹਿਮਤੀ ਜਾਂ ਵਿਰੋਧ ਦੀ ਕੋਈ ਆਵਾਜ਼ ਨਹੀਂ ਉੱਠੀ। ਪੰਜ ਸਤੰਬਰ ਨੂੰ ਹੀ ਵਿਰੋਧ ਜ਼ਾਹਰ ਕੀਤਾ ਗਿਆ। ਪਹਿਲਾਂ ਮਰਦਾਂ ਤੇ ਫਿਰ ਔਰਤਾਂ ਦੇ ਇਕ ਸਮੂਹ ਨੇ ਪੱਥਰ ਮਾਰ-ਮਾਰ ਕੇ ਤਖ਼ਤੀ ’ਤੇ ਅੰਕਿਤ ਪ੍ਰਤੀਕ ’ਚ ਭੰਨ ਤੋੜ ਕਰ ਕੇ ਉਸ ਨੂੰ ਮਿਟਾ ਦਿੱਤਾ।
ਅਜਿਹਾ ਲੱਗਦਾ ਹੈ ਕਿ ਇਹ ਹਰਕਤ ਸੋਚ ਸਮਝ ਕੇ ਕੀਤੀ ਗਈ। ਹੈਰਾਨੀਜਨਕ ਤੌਰ ’ਤੇ ਸਿਆਸੀ ਆਗੂਆਂ ਵੱਲੋਂ ਇਸ ਭੰਨਤੋੜ ਦਾ ਬਚਾਅ ਕੀਤਾ ਗਿਆ। ਉਹ ਇਸ ਮਾਮਲੇ ਨੂੰ ਬੋਰਡ ਜਾਂ ਰਾਜਪਾਲ ਦੇ ਸਾਹਮਣੇ ਨਿੱਜੀ ਤੌਰ ’ਤੇ ਉਠਾ ਸਕਦੇ ਸਨ, ਪਰ ਉਨ੍ਹਾਂ ਨੇ ਇਸ ਤੋਂ ਵੱਖ ਲੋਕਾਂ ਨੂੰ ਭੜਕਾਉਣ ਵਾਲਾ ਰਵੱਈਆ ਅਪਣਾਇਆ। ਉਨ੍ਹਾਂ ਦਾ ਇਰਾਦਾ ਕਸ਼ਮੀਰ ਦੇ ਨਾਲ ਦੇਸ਼ ’ਚ ਭਾਵਨਾਵਾਂ ਨੂੰ ਭੜਕਾਉਣ ਦਾ ਲੱਗਾ। ਇਹ ਤਰਕ ਪੂਰੀ ਤਰ੍ਹਾਂ ਖੋਖਲਾ ਲੱਗਦਾ ਹੈ ਕਿ ਦਿੱਲੀ ’ਚ ਸੰਸਦ ਭਵਨ ’ਚ ਬਣੇ ਸ਼ੇਰ ਪ੍ਰਤੀਕਾਤਮਕ ਹਨ ਤੇ ਦਰਗਾਹ ਦੇ ਧਾਰਮਿਕ ਕਦਰਾਂ ਕੀਮਤਾਂ ਤੋਂ ਬੇਮੇਲ ਹਨ।
ਹਜ਼ਰਤਬਲ ਦਰਗਾਹ ਦੀ ਪ੍ਰਸਿੱਧੀ ਇਕ ਪਵਿੱਤਰ ਅਵਸ਼ੇਸ਼, ਪੈਗੰਬਰ ਮੁਹੰਮਦ ਦੀ ਦਾੜ੍ਹੀ ਦੇ ਇਕ ਬਾਲ ਕਾਰਨ ਹੈ, ਜਿਸ ਨੂੰ ਮੋਈ-ਏ-ਮੁਕਦੱਸ ਕਿਹਾ ਜਾਂਦਾ ਹੈ।ਇਸ ਨੂੰ ਪੈਗੰਬਰ ਦੇ ਨਿੱਜੀ ਪ੍ਰਤੀਕ ਦੇ ਰੂਪ ’ਚ ਸਨਮਾਨ ਦਿੱਤਾ ਜਾਂਦਾ ਹੈ, ਹਾਲਾਂਕਿ ਇਸ ਦੀ ਰਸਮੀ ਤੌਰ ’ਤੇ ਇਬਾਦਤ ਨਹੀਂ ਕੀਤੀ ਜਾਂਦੀ। ਸਵਾਲ ਉੱਠਦਾ ਹੈ ਕਿ ਕੀ ਅਸ਼ੋਕ ਚੱਕਰ ਨੂੰ ਗਣਤੰਤਰ ਦੇ ਪ੍ਰਤੀਕ ਦੇ ਰੂਪ ’ਚ ਉਸ ਤਖ਼ਤੀ ’ਤੇ ਸਨਮਾਨ ਨਹੀਂ ਦਿੱਤਾ ਜਾ ਸਕਦਾ, ਜਿੱਥੇ ਉਸ ਦੀ ਰਸਮੀ ਤੌਰ ’ਤੇ ਇਬਾਦਤ ਨਹੀਂ ਕੀਤੀ ਜਾ ਰਹੀ ਸੀ? ਅੰਦਰਾਬੀ ਨੇ ਇਸ ਭੰਨ ਤੋੜ ਦੀ ਨਿੰਦਾ ਕਰਦੇ ਹੋਏ ਇਸ ਨੂੰ ਇਕ ‘‘ਅੱਤਵਾਦੀ ਹਮਲਾ’ ਤੇ ਸੰਵਿਧਾਨ, ਦਰਗਾਹ ਦੇ ਮਾਣ-ਸਨਮਾਨ ਤੇ ਰਾਸ਼ਟਰੀ ਪ੍ਰਤੀਕਾਂ ’ਤੇ ਹਮਲਾ ਦੱਸਿਆ। ਉਨ੍ਹਾਂ ਨੇ ਇਸ ਹੰਗਾਮੇ ਲਈ ਨੈਸ਼ਨਲ ਕਾਨਫਰੰਸ ਦੇ ਕਾਰਕੁਨਾਂ ਨੂੰ ਜ਼ਿੰਮੇਵਾਰ ਦੱਸਿਆ ਤੇ ਇਸ ਨੂੰ ਵਕਫ਼ ਬੋਰਡ ’ਤੇ ਕੰਟਰੋਲ ਨਾ ਰੱਖ ਸਕਣ ਦੀ ਉਨ੍ਹਾਂ ਦੀ ਨਿਰਾਸ਼ਾ ਨਾਲ ਜੋੜਿਆ। ਇਸ ਕਥਨ ’ਚ ਕੁਝ ਦਮ ਨਜ਼ਰ ਆਉਂਦਾ ਹੈ। ਇਸ ਲਈ ਹੋਰ ਵੀ, ਕਿਉਂਕਿ ਸਾਬਕਾ ਮੁੱਖ ਮੰਤਰੀ ਸ਼ੇਖ਼ ਅਬਦੁੱਲਾ ਨੇ ਮਸਜਿਦਾਂ ਤੇ ਦਰਗਾਹਾਂ ’ਤੇ ਕੰਟਰੋਲ ਕਰ ਕੇ ਤੇ ਉਨ੍ਹਾਂ ਨੂੰ ਵਕਫ਼ ਬੋਰਡ ਦੇ ਅਧੀਨ ਲਿਆ ਕੇ ਕਸ਼ਮੀਰੀ ਮੁਸਲਮਾਨਾਂ ਦੇ ਇਕ ਮੁੱਖ ਆਗੂ ਦੇ ਰੂਪ ’ਚ ਆਪਣਾ ਜਨਤਕ ਅਕਸ ਬਣਾਇਆ ਸੀ। ਇਹ ਉਨ੍ਹਾਂ ਦੀ ਸਿਆਸਤ ਦਾ ਆਧਾਰ ਸੀ। ਸ਼ਾਇਦ ਨੈਸ਼ਨਲ ਕਾਨਫਰੰਸ ਨੂੰ ਵਕਫ਼ ਬੋਰਡ ’ਤੇ ਆਪਣਾ ਕੰਟਰੋਲ ਨਾ ਹੋਣ ਦਾ ਅਫ਼ਸੋਸ ਹੈ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਕ ਤਰ੍ਹਾਂ ਦਰਗਾਹ ਦੀ ਤਖ਼ਤੀ ’ਚ ਅਸ਼ੋਕ ਚੱਕਰ ਦੇ ਨਾਲ ਕੀਤੀ ਗਈ ਭੰਨ ਤੋੜ ਦਾ ਸਮਰਥਨ ਕੀਤਾ। ਉਨ੍ਹਾਂ ਨੇ ਮਜ਼ਹਬੀ ਥਾਂ ’ਤੇ ਅਸ਼ੋਕ ਚਿੰਨ੍ਹ ਲਾਉਣ ’ਤੇ ਸਵਾਲ ਉਠਾਇਆ ਤੇ ਭੰਨਤੋੜ ’ਚ ਸ਼ਾਮਲ ਲੋਕਾਂ ’ਤੇ ਜਨ ਸੁਰੱਖਿਆ ਐਕਟ (ਪੀਐੱਸਏ) ਲਾਉਣ ਦਾ ਵੀ ਵਿਰੋਧ ਕੀਤਾ। ਉਮਰ ਅਬਦੁੱਲਾ ਦੀਆਂ ਗੱਲਾਂ ਦਾ ਸਮਰਥਨ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਆਗੂ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਉਨ੍ਹਾਂ ਦੀ ਧੀ ਨੇ ਵੀ ਕੀਤਾ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਦਰਗਾਹ ’ਤੇ ਰਾਸ਼ਟਰੀ ਪ੍ਰਤੀਕ ਚਿੰਨ੍ਹ ਰੱਖਣਾ ਈਸ਼ ਨਿੰਦਾ ਦੇ ਵਾਂਗ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਵਿਰੋਧ ਪ੍ਰਦਰਸ਼ਨ ‘‘ਪ੍ਰਤੀਕ ਚਿੰਨ੍ਹ ਖ਼ਿਲਾਫ਼ ਨਹੀਂ’’, ਬਲਕਿ ‘‘ਮੂਰਤੀ ਪੂਜਾ’’ ਖ਼ਿਲਾਫ਼ ਸੀ। ਸੀਪੀਐੱਮ ਆਗੂ ਤੇ ਵਿਧਾਇਕ ਐੱਮਵਾਈ ਤਾਰੀਗਾਮੀ ਤੇ ਮੀਰਵਾਈਜ ਉਮਰ ਫਾ਼ਰੂਕ ਨੇ ਵੀ ਪ੍ਰਦਰਸ਼ਨਕਾਰੀਆਂ ਦਾ ਪੱਖ ਲਿਆ।
ਇਸ ਮਾਮਲੇ ’ਚ ਇਹ ਸਵਾਲ ਆਪਣੀ ਥਾਂ ਮੌਜੂਦ ਹੈ ਕਿ ਆਖ਼ਰ ਤਿੰਨ ਜਾਂ ਚਾਰ ਸਤੰਬਰ ਨੂੰ ਕਿਸੇ ਨੇ ਆਵਾਜ਼ ਕਿਉਂ ਨਹੀਂ ਉਠਾਈ? ਇਸ ਸਵਾਲ ਵਿਚਾਲੇ ਕੁਝ ਮੁਸਲਮਾਨਾਂ ਨੇ ਪ੍ਰਦਰਸ਼ਨਕਾਰੀਆਂ ਦੀ ਇਹ ਕਹਿੰਦੇ ਹੋਏ ਨਿੰਦਾ ਕੀਤੀ ਕਿ ਅਸ਼ੋਕ ਸਤੰਭ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਤੇ ਰਾਸ਼ਟਰੀ ਪ੍ਰਤੀਕ ਹੈ। ਮਸਜਿਦ ਦੇ ਬਾਹਰ ਤਖ਼ਤੀ ’ਤੇ ਉਸ ਦੀ ਮੌਜੂਦਗੀ ਨਾ ਤਾਂ ਨਮਾਜ਼ ’ਚ ਅੜਿੱਕਾ ਪਾਉਂਦੀ ਹੈ ਤੇ ਨਾ ਹੀ ਮਜ਼ਹਬੀ ਆਸਥਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਅਸ਼ੋਕ ਚੱਕਰ ਹਜ ਪਛਾਣ ਪੱਤਰਾਂ ’ਤੇ ਵੀ ਅੰਕਿਤ ਹੈ ਤੇ ਭਾਰਤੀ ਪਾਸਪੋਰਟ ’ਤੇ ਵੀ। ਇਸੇ ਕਾਰਨ ਅਜਿਹੇ ਸਵਾਲ ਚੁੱਕੇ ਜਾ ਰਹੇ ਹਨ ਕਿ ਅਸ਼ੋਕ ਚੱਕਰ ਦਾ ਵਿਰੋਧ ਕਰਨ ਵਾਲੇ ਕੀ ਹਜ ਯਾਤਰਾ ਦੌਰਾਨ ਭਾਰਤੀ ਪਾਸਪੋਰਟ ਦਾ ਵਿਰੋਧ ਕਰਨਗੇ? ਇਸ ਵਿਵਾਦ ਵਿਚਾਲੇ ਅੱਠ ਸਤੰਬਰ ਨੂੰ ਸੋਸ਼ਲ ਮੀਡੀਆ ’ਤੇ ਹਜ਼ਰਤਬਲ ਦਰਗਾਹ ’ਤੇ ਲੱਗੇ ਇਕ ਹਰੇ ਤੇ ਚਿੱਟੇ ਰੰਗ ਦੇ ਹੋਰਡਿੰਗ ਦੀ ਤਸਵੀਰ ਸਾਹਮਣੇ ਆਈ। ਪੀਡੀਪੀ-ਭਾਜਪਾ ਗੱਠਜੋੜ ਸਰਕਾਰ ਦੌਰਾਨ (2017-2022) ਲਾਏ ਗਏ ਇਸ ਹੋਰਡਿੰਗ ’ਤੇ ਅਸ਼ੋਕ ਚੱਕਰ ਅੰਕਿਤ ਹੈ ਤੇ ਯੋਜਨਾ ਦਾ ਸੰਦੇਸ਼ ਲਿਖਿਆ ਹੈ। ਇਹ ਕੇਂਦਰੀ ਸੈਰ-ਸਪਾਟਾ ਮੰਤਰਾਲੇ (2014-15) ਦੀ ਇਕ ਪਹਿਲ ਸੀ, ਜੋ ਇਤਿਹਾਸਕ ਮਹੱਤਵ ਦੇ ਤੀਰਥ ਸਥਾਨਾਂ ਦੇ ਵਿਕਾਸ ਲਈ ਸੀ। ਜੇ ਆਲੋਚਕ ਇਸ ਨਤੀਜੇ ’ਤੇ ਪਹੁੰਚ ਰਹੇ ਹਨ ਕਿ ਨੈਸ਼ਨਲ ਕਾਨਫਰੰਸ ਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰੀ ਪ੍ਰਤੀਕ ਦਾ ਵਿਰੋਧ ਪੂਰੀ ਤਰ੍ਹਾਂ ਸਿਆਸੀ ਹੈ ਤਾਂ ਉਨ੍ਹਾਂ ਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ। ਇਸ ਲਈ ਹੋਰ ਵੀ ਨਹੀਂ, ਕਿਉਂਕਿ ਕਈ ਇਸਲਾਮੀ ਦੇਸ਼ਾਂ ਦੀਆਂ ਮਸਜਿਦਾਂ ਦੇ ਹੋਰਡਿਗੰਜ਼-ਤਖ਼ਤੀਆਂ ’ਚ ਉਥੇ ਦੇ ਰਾਸ਼ਟਰੀ ਪ੍ਰਤੀਕ ਅੰਕਿਤ ਹਨ।
ਭਾਰਤ ਦੇ ਮੁਸਲਮਾਨਾਂ ਨੂੰ ਅਰਬ ਦੇ ਕੁਝ ਇਸਲਾਮੀ ਦੇਸ਼ਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਜਿੱਥੇ ਇਸਲਾਮ ਦਾ ਜਨਮ ਹੋਇਆ। ਉਹ ਇਕ ਉਦਾਰ ਇਸਲਾਮ ਦਾ ਸਮਰਥਨ ਕਰ ਰਹੇ ਹਨ। ਇੰਨਾ ਹੀ ਨਹੀਂ, ਇਹ ਦੇਸ਼ ਕੱਟੜਪੰਥੀਆਂ ਦੀ ਸੋਚ ਤੇ ਉਨ੍ਹਾਂ ਦੇ ਜ਼ੁਲਮ ਤੋਂ ਆਪਣੇ ਨੌਜਵਾਨਾਂ ਨੂੰ ਦੂਰ ਰੱਖ ਰਹੇ ਹਨ। ਇਹ ਇਸਲਾਮੀ ਦੇਸ਼ ਆਪਣੇ ਦੇਸ਼ ਦੇ ਲੋਕਾਂ ਨੂੰ ਚੰਗੇ ਨਾਗਰਿਕ ਬਣਨ ਦੀ ਪ੍ਰੇਰਣਾ ਵੀ ਦੇ ਰਹੇ ਹਨ। ਆਖ਼ਰ ਭਾਰਤ ਦੇ ਮੁਸਲਮਾਨ ਇਨ੍ਹਾਂ ਇਸਲਾਮੀ ਦੇਸ਼ਾਂ ਦੇ ਮੁਸਲਮਾਨਾਂ ਮੁਤਾਬਕ ਆਪਣੇ ਆਪ ’ਚ ਤਬਦੀਲੀ ਕਿਉਂ ਨਹੀਂ ਲਿਆ ਸਕਦੇ?
ਸੰਧਿਆ ਜੈਨ
(ਲੇਖਿਕਾ ਸੀਨੀਅਰ ਪੱਤਰਕਾਰ ਅਤੇ ਕਾਲਮ ਨਵੀਸ ਹੈ)
-response@jagran.com