ਇਸ ਦੇ ਬਾਵਜੂਦ ਵੀ ਪੁਲਿਸ ਆਪਣੀ ਮਿਹਨਤ ਅਤੇ ਹੌਸਲੇ ਦੇ ਬਲਬੂਤੇ ਅਨੇਕਾਂ ਕੇਸਾਂ ਵਿਚ ਕਾਮਯਾਬੀ ਹਾਸਲ ਕਰਦੀ ਹੈ। ਇੱਥੇ ਕਿਸੇ ਤਰਫ਼ਦਾਰੀ ਦੀ ਗੱਲ ਨਹੀਂ, ਸਗੋਂ ਉਹ ਸੱਚਾਈ ਦਰਸਾਈ ਜਾ ਰਹੀ ਹੈ ਜੋ ਅਕਸਰ ਸਾਡੇ ਸਾਹਮਣੇ ਹੁੰਦੀ ਹੈ। ਪੁਲਿਸ ਪ੍ਰਸ਼ਾਸਨ ਦਾ ਮੁੱਢਲਾ ਫ਼ਰਜ਼ ਜਨਤਾ ਦੀ ਸੇਵਾ ਕਰਨਾ ਹੈ।

ਪੁਲਿਸ ਅਤੇ ਜਨਤਾ ਦਾ ਆਪਸੀ ਸੰਬੰਧ ਕਿਸੇ ਵੀ ਸੁਚੱਜੇ ਅਤੇ ਸੁਰੱਖਿਅਤ ਸਮਾਜ ਦੀ ਮਜ਼ਬੂਤ ਨੀਂਹ ਹੁੰਦਾ ਹੈ। ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਲਈ ਜਿੱਥੇ ਪੁਲਿਸ ਆਪਣਾ ਫ਼ਰਜ਼ ਨਿਭਾਉਂਦੀ ਹੈ, ਉੱਥੇ ਜਨਤਾ ਦਾ ਸਹਿਯੋਗ ਵੀ ਓਨਾ ਹੀ ਜ਼ਰੂਰੀ ਬਣ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਤਦ ਹੀ ਪੂਰੀ ਤਰ੍ਹਾਂ ਕਾਮਯਾਬ ਹੋ ਸਕਦਾ ਹੈ ਜੇ ਲੋਕ ਪਾਰਦਰਸ਼ੀ ਅਤੇ ਜ਼ਿੰਮੇਵਾਰੀ ਸਮਝ ਕੇ ਪੁਲਿਸ ਦਾ ਸਾਥ ਦੇਣ। ਅਕਸਰ ਵੇਖਣ ਵਿਚ ਆਉਂਦਾ ਹੈ ਕਿ ਕਈ ਮਾਮਲਿਆਂ ਵਿਚ ਪੁਲਿਸ ਨੂੰ ਜਨਤਾ ਦਾ ਪੂਰਾ ਸਹਿਯੋਗ ਨਹੀਂ ਮਿਲਦਾ, ਜਿਸ ਕਾਰਨ ਜਾਂਚ ਪ੍ਰਕਿਰਿਆ ਲੰਬੀ ਹੋ ਜਾਂਦੀ ਹੈ।
ਇਸ ਦੇ ਬਾਵਜੂਦ ਵੀ ਪੁਲਿਸ ਆਪਣੀ ਮਿਹਨਤ ਅਤੇ ਹੌਸਲੇ ਦੇ ਬਲਬੂਤੇ ਅਨੇਕਾਂ ਕੇਸਾਂ ਵਿਚ ਕਾਮਯਾਬੀ ਹਾਸਲ ਕਰਦੀ ਹੈ। ਇੱਥੇ ਕਿਸੇ ਤਰਫ਼ਦਾਰੀ ਦੀ ਗੱਲ ਨਹੀਂ, ਸਗੋਂ ਉਹ ਸੱਚਾਈ ਦਰਸਾਈ ਜਾ ਰਹੀ ਹੈ ਜੋ ਅਕਸਰ ਸਾਡੇ ਸਾਹਮਣੇ ਹੁੰਦੀ ਹੈ। ਪੁਲਿਸ ਪ੍ਰਸ਼ਾਸਨ ਦਾ ਮੁੱਢਲਾ ਫ਼ਰਜ਼ ਜਨਤਾ ਦੀ ਸੇਵਾ ਕਰਨਾ ਹੈ। ਇਕ ਉੱਚ ਅਧਿਕਾਰੀ ਤੋਂ ਲੈ ਕੇ ਇਕ ਕਾਂਸਟੇਬਲ ਤੱਕ ਹਰ ਕਰਮਚਾਰੀ ਦਿਨ-ਰਾਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ।
ਚਾਹੇ ਅੱਤ ਦੀ ਗਰਮੀ ਹੋਵੇ ਜਾਂ ਕੜਾਕੇ ਦੀ ਸਰਦੀ, ਪੁਲਿਸ ਮੁਲਾਜ਼ਮ ਆਪਣੀ ਡਿਊਟੀ ’ਤੇ ਡਟੇ ਰਹਿੰਦੇ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕੁਝ ਦਿਨ ਪਹਿਲਾਂ ਇਕ ਟਰੈਫਿਕ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਲਗਾਤਾਰ ਘੰਟਿਆਂ ਖੜ੍ਹੇ ਰਹਿ ਕੇ ਡਿਊਟੀ ਨਿਭਾਉਣ ਕਾਰਨ ਕਈ ਵਾਰ ਪੈਰਾਂ ਵਿਚ ਸੋਜ ਅਤੇ ਦਰਦ ਹੋ ਜਾਂਦਾ ਹੈ, ਪਰ ਫਿਰ ਵੀ ਉਹ ਆਪਣੇ ਫ਼ਰਜ਼ ਤੋਂ ਪਿੱਛੇ ਨਹੀਂ ਹਟਦੇ।
ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਟਰੈਫਿਕ ਪ੍ਰਬੰਧ ਸੁਚਾਰੂ ਢੰਗ ਨਾਲ ਚੱਲਦਾ ਰਹੇ ਅਤੇ ਲੋਕ ਸੁਰੱਖਿਅਤ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ। ਅਜਿਹੇ ਵਿਚ ਜਨਤਾ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰੇ ਅਤੇ ਪੁਲਿਸ ਨਾਲ ਸਹਿਯੋਗਾਤਮਕ ਰਵੱਈਆ ਅਪਣਾਏ। ਇਸ ਤੋਂ ਇਲਾਵਾ ਪੁਲਿਸ ਕਈ ਮਾਮਲਿਆਂ ਨੂੰ ਪਿਆਰ ਅਤੇ ਸਮਝਦਾਰੀ ਨਾਲ ਸੁਲਝਾ ਕੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੀ ਹੈ। ਚੋਰੀ ਜਾਂ ਗੁੰਮ ਹੋਈਆਂ ਵਸਤਾਂ ਦੀ ਬਰਾਮਦਗੀ ਕਰ ਕੇ ਜਦੋਂ ਉਨ੍ਹਾਂ ਨੂੰ ਮੁੜ ਮਾਲਕਾਂ ਤੱਕ ਪਹੁੰਚਾਇਆ ਜਾਂਦਾ ਹੈ, ਤਾਂ ਲੋਕਾਂ ਦੇ ਚਿਹਰਿਆਂ ’ਤੇ ਮੁੜ ਖ਼ੁਸ਼ੀ ਵਾਪਸ ਆ ਜਾਂਦੀ ਹੈ।
ਜੇ ਤਾਜ਼ਾ ਉਦਾਹਰਨ ਪਠਾਨਕੋਟ ਜ਼ਿਲ੍ਹੇ ਦੀ ਲਈਏ ਤਾਂ ਪਿਛਲੇ ਦਿਨੀਂ ਉਥੇ ਦੇ ਐੱਸਐੱਸਪੀ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਪੁਲਿਸ ਨੇ 125 ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰ ਕੇ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚਾਏ ਹਨ। ਇਸ ਤੋਂ ਇਲਾਵਾ ਕਰੀਬ 100 ਹੋਰ ਮੋਬਾਈਲ ਫੋਨ ਅਜੇ ਪ੍ਰਕਿਰਿਆ ਅਧੀਨ ਹਨ, ਜਿਨ੍ਹਾਂ ਨੂੰ ਵੀ ਜਲਦ ਹੀ ਲੋਕਾਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ ਹੈ। ਇਹ ਸਿਰਫ਼ ਇਕ ਜ਼ਿਲ੍ਹੇ ਦੀ ਮਿਸਾਲ ਹੈ। ਜੇ ਪੰਜਾਬ ਭਰ ਦੀ ਗੱਲ ਕੀਤੀ ਜਾਵੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਵੱਲੋਂ ਬਰਾਮਦ ਕੀਤੀਆਂ ਵਸਤਾਂ ਲੋਕਾਂ ਲਈ ਕਿੰਨੀ ਵੱਡੀ ਰਾਹਤ ਅਤੇ ਖ਼ੁਸ਼ੀ ਦਾ ਕਾਰਨ ਬਣਦੀਆਂ ਹਨ।
ਅਜਿਹੀਆਂ ਕਾਰਵਾਈਆਂ ਨਾਲ ਜਨਤਾ ਦਾ ਭਰੋਸਾ ਵੀ ਮਜ਼ਬੂਤ ਹੁੰਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਪ੍ਰਤੀ ਸਤਿਕਾਰ ਵਧਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਜਨਤਾ ਅਤੇ ਪੁਲਿਸ ਮਿਲ ਕੇ ਕੰਮ ਕਰਨ ਤਾਂ ਕਾਮਯਾਬੀ ਹੋਰ ਵੀ ਤੇਜ਼ੀ ਨਾਲ ਮਿਲ ਸਕਦੀ ਹੈ। ਪੁਲਿਸ ਵੱਲੋਂ ਇਹ ਭਰੋਸਾ ਵੀ ਦਿੱਤਾ ਜਾਂਦਾ ਹੈ ਕਿ ਘਟਨਾ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾ ਸਕਦਾ ਹੈ। ਫਿਰ ਵੀ ਕਈ ਲੋਕ “ਸਾਨੂੰ ਕੀ ਲੋੜ ਹੈ” ਵਾਲੀ ਸੋਚ ਕਾਰਨ ਪੁਲਿਸ ਦੀ ਮਦਦ ਲਈ ਅੱਗੇ ਨਹੀਂ ਆਉਂਦੇ। ਦਰਅਸਲ ਇਹ ਸੋਚ ਸਮਾਜ ਲਈ ਘਾਤਕ ਹੈ।
ਭਲੇ ਕੰਮ ਵਿਚ ਅੱਗੇ ਆਉਣਾ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਹੋਣਾ ਚਾਹੀਦਾ ਹੈ। ਇਹ ਵੀ ਸੱਚ ਹੈ ਕਿ ਪੁਲਿਸ ਅਤੇ ਜਨਤਾ ਦੇ ਰਿਸ਼ਤੇ ਦਾ ਇਹ ਸਿਰਫ਼ ਇਕ ਸਕਾਰਾਤਮਕ ਪਹਿਲੂ ਹੈ। ਸਮਾਜ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ ਜਿੱਥੇ ਲੋਕਾਂ ਨੂੰ ਪੁਲਿਸ ਪ੍ਰਣਾਲੀ ਪ੍ਰਤੀ ਸ਼ਿਕਾਇਤਾਂ ਹੁੰਦੀਆਂ ਹਨ। ਪਰ ਇਸ ਦੇ ਨਾਲ-ਨਾਲ ਅਨੇਕਾਂ ਉਦਾਹਰਨਾਂ ਅਜਿਹੀਆਂ ਵੀ ਹਨ ਜਿੱਥੇ ਪੁਲਿਸ ਆਪਣੀ ਇਮਾਨਦਾਰੀ, ਮਨੁੱਖਤਾ ਅਤੇ ਸਮਰਪਣ ਨਾਲ ਲੋਕਾਂ ਦਾ ਭਰੋਸਾ ਜਿੱਤਦੀ ਹੈ।
ਇਸ ਲਈ ਲੋੜ ਹੈ ਕਿ ਦੋਵੇਂ ਪੱਖ ਆਪਸੀ ਵਿਸ਼ਵਾਸ, ਸਹਿਯੋਗ ਅਤੇ ਸੰਵਾਦ ਨੂੰ ਮਜ਼ਬੂਤ ਕਰਨ ਤਾਂ ਜੋ ਸਮਾਜ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋ ਸਕੇ। ਜਦੋਂ ਜਨਤਾ ਅਤੇ ਪੁਲਿਸ ਵਿਚਕਾਰ ਭਰੋਸੇ, ਸਹਿਯੋਗ ਅਤੇ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਹੋਵੇਗੀ, ਤਦ ਹੀ ਸਾਡੇ ਸ਼ਹਿਰ, ਸੂਬੇ ਅਤੇ ਪੂਰੇ ਦੇਸ਼ ਨੂੰ ਤਰੱਕੀ ਅਤੇ ਅਮਨ ਦੀ ਸਹੀ ਮੰਜ਼ਿਲ ਮਿਲ ਸਕੇਗੀ।
-ਰਾਜਿੰਦਰ ਸਿੰਘ ਰਾਜਨ, ਪਠਾਨਕੋਟ
9417427656