ਮ੍ਰਿਤਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਵਾਲਿਆਂ ਦੇ ਮੁਤਾਬਕ ਉਹ ਰੋਜ਼ਾਨਾ ਆਪਣੀ ਕਾਰ ਰਾਹੀਂ ਡਿਊਟੀ ’ਤੇ ਜਾਂਦੇ ਸਨ ਪਰ ਐਤਵਾਰ ਨੂੰ ਕਾਰ ਪੈਂਚਰ ਹੋਣ ਕਾਰਨ ਉਨ੍ਹਾਂ ਵੱਲੋਂ ਲਿਆ ਗਿਆ ਐਕਟਿਵਾ ’ਤੇ ਜਾਣ ਦਾ ਫ਼ੈਸਲਾ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ।

ਪੰਜਾਬ ਨੇ ਕਾਲੇ ਦਿਨਾਂ ਦੀ ਜੋ ਦਹਿਸ਼ਤ ਆਪਣੇ ਪਿੰਡੇ ’ਤੇ ਹੰਢਾਈ ਹੈ, ਉਸ ਦੇ ਜ਼ਖ਼ਮ ਕਿਤੇ ਨਾ ਕਿਤੇ ਲੋਕਾਂ ਦੇ ਦਿਲ-ਦਿਮਾਗ਼ ’ਤੇ ਹਾਲੇ ਵੀ ਤਾਜ਼ਾ ਹਨ। ਪਿਛਲੇ ਦਹਾਕਿਆਂ ’ਚ ਸੂਬੇ ’ਚ ਵਾਪਰੀਆਂ ਘਟਨਾਵਾਂ ਨੇ ਇਸ ਦੇ ਵਿਕਾਸ ਨੂੰ ਵੀ ਵੱਡੇ ਪੱਧਰ ’ਤੇ ਸੱਟ ਮਾਰੀ ਹੈ। ਇਕ ਤਰ੍ਹਾਂ ਨਾਲ ਇਹ ਸੰਦੇਸ਼ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਮਾਹੌਲ ਮਨੁੱਖੀ ਜ਼ਿੰਦਗੀ ਲਈ ਸੁਖਾਵਾਂ ਨਹੀਂ ਹੈ।
ਖਾਸਕਰ ਇਸ ਵੇਲੇ ਪੁਲਿਸ ਪ੍ਰਸ਼ਾਸਨ ਤੇ ਸੂਬੇ ਦਾ ਹੋਰ ਸੁਰੱਖਿਆ ਪ੍ਰਬੰਧ ਨਿਸ਼ਾਨੇ ’ਤੇ ਲੱਗ ਰਿਹਾ ਹੈ। ਅੰਮ੍ਰਿਤਸਰ ਵਿਚ ਪੁਲਿਸ ਮੁਲਾਜ਼ਮ ਜੋਗਾ ਸਿੰਘ ਨੂੰ ਗੋਲ਼ੀਆਂ ਮਾਰ ਕੇ ਮਾਰਨਾ ਇਸੇ ਕੜੀ ਦਾ ਹਿੱਸਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਆਮ ਜਨਤਾ ਦੀ ਸੁਰੱਖਿਆ ਕਰਨੀ ਹੈ, ਉਹ ਹੀ ਸੁਰੱਖਿਅਤ ਨਹੀਂ ਹਨ। ਤੜਕਸਾਰ ਵਾਪਰੀ ਇਸ ਘਟਨਾ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਸਰੇਆਮ ਵਾਰਦਾਤਾਂ ਕਰਨ ਵਾਲੇ ਕਿੰਨੇ ਬੇਖ਼ੌਫ਼ ਹਨ।
ਮ੍ਰਿਤਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਵਾਲਿਆਂ ਦੇ ਮੁਤਾਬਕ ਉਹ ਰੋਜ਼ਾਨਾ ਆਪਣੀ ਕਾਰ ਰਾਹੀਂ ਡਿਊਟੀ ’ਤੇ ਜਾਂਦੇ ਸਨ ਪਰ ਐਤਵਾਰ ਨੂੰ ਕਾਰ ਪੈਂਚਰ ਹੋਣ ਕਾਰਨ ਉਨ੍ਹਾਂ ਵੱਲੋਂ ਲਿਆ ਗਿਆ ਐਕਟਿਵਾ ’ਤੇ ਜਾਣ ਦਾ ਫ਼ੈਸਲਾ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ। ਮਜੀਠਾ ਤੋਂ ਸਿਰਫ਼ ਇਕ ਕਿਲੋਮੀਟਰ ਬਾਹਰ ਫ਼ਤਹਿਗੜ੍ਹ ਚੂੜੀਆਂ ਰੋਡ ’ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਪਿਸਤੌਲ ਨਾਲ ਫਾਇਰ ਕਰ ਕੇ ਉਨ੍ਹਾਂ ਦੀ ਜਾਨ ਲੈ ਲਈ।
ਏਐੱਸਆਈ ਜੋਗਾ ਸਿੰਘ ਨੇ ਬੇਸ਼ੱਕ ਕੁਦਰਤੀ ਤੌਰ ’ਤੇ ਕਾਰ ਨੂੰ ਛੱਡ ਕੇ ਐਕਟਿਵਾ ਰਾਹੀਂ ਡਿਊਟੀ ’ਤੇ ਜਾਣ ਦਾ ਫ਼ੈਸਲਾ ਲਿਆ ਹੋਵੇਗਾ ਪਰ ਕਿਤੇ ਨਾ ਕਿਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੀ ਰੇਕੀ ਕੀਤੀ ਗਈ ਹੋਵੇ। ਇਹ ਵੀ ਹੋ ਸਕਦਾ ਹੈ ਕਿ ਇਹ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੋਵੇ। ਬੇਸ਼ੱਕ ਪੁਲਿਸ ਕਿਸੇ ਪੁਰਾਣੀ ਰੰਜਿਸ਼ ਦੇ ਖ਼ਦਸ਼ੇ ਨੂੰ ਮੁੱਖ ਰੱਖ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜਿਹੀਆਂ ਘਟਨਾਵਾਂ ਪੁਲਿਸ ਮੁਲਾਜ਼ਮਾਂ ਦੇ ਮਨਾਂ ਵਿਚ ਜ਼ਰੂਰ ਦਹਿਸ਼ਤ ਭਰਦੀਆਂ ਹਨ। ਸਵਾਲ ਇਹ ਵੀ ਉੱਠਦਾ ਹੈ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਨਿਸ਼ਾਨੇ ’ਤੇ ਸੂਬੇ ਦਾ ਸੁਰੱਖਿਆ ਪ੍ਰਬੰਧ ਹੀ ਕਿਉਂ ਹੈ।
ਇਸ ਤੋਂ ਪਹਿਲਾਂ ਗੁਰਦਾਸਪੁਰ ਵਿਚ ਵੀ ਦੋ ਪੁਲਿਸ ਮੁਲਾਜ਼ਮਾਂ ਦੀ ਥਾਣੇ ਵਿਚ ਵੜ ਕੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਨੂੰ ਸਿਰੇ ਚਾੜ੍ਹਨ ਵਾਲਿਆਂ ਨੇ ਬਾਕਾਇਦਾ ਇਸ ਵਾਰਦਾਤ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ। ਹਾਲੀਆ ਘਟਨਾ ਵਿਚ ਜਲੰਧਰ ਵਿਚ ਸੀਮਾ ਸੁਰੱਖਿਆ ਬਲ ਦੇ ਮੁੱਖ ਗੇਟ ਦੇ ਬਿਲਕੁਲ ਨਾਲ ਐਕਟਿਵਾ ਰਾਹੀਂ ਧਮਾਕਾ ਕੀਤਾ ਗਿਆ। ਪੰਜਾਬ ਸਰਹੱਦੀ ਸੂਬਾ ਹੈ ਤੇ ਅਜਿਹੀਆਂ ਘਟਨਾਵਾਂ ਦੀਆਂ ਪਹਿਲੀਆਂ ਤਾਰਾਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਆਈਐੱਸਆਈ ਨਾਲ ਜੁੜਦੀਆਂ ਰਹੀਆਂ ਹਨ।
ਅੰਮ੍ਰਿਤਸਰ ’ਚ ਜੋ ਏਐੱਸਆਈ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ, ਉਸ ਨੂੰ ਲੈ ਕੇ ਪਾਕਿਸਤਾਨ ’ਚ ਬੈਠੇ ਗੈਂਗਸਟਰ ਭੱਟੀ ਵੱਲੋਂ ਇਕ ਚਿਤਾਵਨੀ ਵਾਲਾ ਬਿਆਨ ਵੀ ਸਾਹਮਣੇ ਆ ਚੁੱਕਾ ਹੈ। ਇਸ ’ਚ ਉਹ ਸਪੱਸ਼ਟ ਕਹਿ ਚੁੱਕਾ ਹੈ ਕਿ ਸਾਡੇ ਨਿਸ਼ਾਨੇ ’ਤੇ ਗੁਆਂਢੀ ਮੁਲਕ ਦੇ ਸੁਰੱਖਿਆ ਮੁਲਾਜ਼ਮ ਹਨ। ਇਸ ਤੋਂ ਬਾਅਦ ਸੂਬੇ ਦੇ ਪੁਲਿਸ ਅਧਿਕਾਰੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਵਾਧੂ ਹਥਿਆਰਾਂ ਨਾਲ ਤਾਇਨਾਤ ਰਹਿਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਘਟਨਾਵਾਂ ਦੀਆਂ ਜੜ੍ਹਾਂ ਵਿਚ ਬੇਸ਼ੱਕ ਕੁਝ ਹੋਰ ਰਿਝ ਪੱਕ ਰਿਹਾ ਹੋਵੇ ਪਰ ਇਨ੍ਹਾਂ ਨਾਲ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਵਿਚ ਵਿਸ਼ਵਾਸ ਜ਼ਰੂਰ ਡੋਲਦਾ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਕੇ ਅਸਲ ਹਕੀਕਤ ਤੇ ਦੋਸ਼ੀ ਜਨਤਾ ਸਾਹਮਣੇ ਰੱਖੇ ਜਾਣੇ ਚਾਹੀਦੇ ਹਨ।