ਇਕ ਸਾਲ ਪਹਿਲਾਂ, ਅੱਜ ਹੀ ਪਹਿਲਗਾਮ ਵਿਚ 25 ਸੈਲਾਨੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਉਨ੍ਹਾਂ ਦਾ ਧਰਮ ਪੁੱਛ ਕੇ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ ਸੀ। ਇਸ ਵਹਿਸ਼ੀ ਘਟਨਾ ’ਤੇ ਦੇਸ਼ ਭਰ ਵਿਚ ਰੋਸਸ ਅਤੇ ਗੁੱਸਾ ਪ੍ਰਗਟ ਕੀਤਾ ਗਿਆ ਸੀ ਅਤੇ ਫਿਰ ਆਪ੍ਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਦੇ ਅੱਤਵਾਦੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

-ਰਾਜੀਵ ਸਚਾਨ
ਇਕ ਸਾਲ ਪਹਿਲਾਂ, ਅੱਜ ਹੀ ਪਹਿਲਗਾਮ ਵਿਚ 25 ਸੈਲਾਨੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਉਨ੍ਹਾਂ ਦਾ ਧਰਮ ਪੁੱਛ ਕੇ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ ਸੀ। ਇਸ ਵਹਿਸ਼ੀ ਘਟਨਾ ’ਤੇ ਦੇਸ਼ ਭਰ ਵਿਚ ਰੋਸਸ ਅਤੇ ਗੁੱਸਾ ਪ੍ਰਗਟ ਕੀਤਾ ਗਿਆ ਸੀ ਅਤੇ ਫਿਰ ਆਪ੍ਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਦੇ ਅੱਤਵਾਦੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪਹਿਲਗਾਮ ਵਿਚ ਪਾਕਿਸਤਾਨ ਤੋਂ ਆਏ ਤਿੰਨ ਅੱਤਵਾਦੀ ਨਿਰਦੋਸ਼-ਨਿਹੱਥੇ ਲੋਕਾਂ ਨੂੰ ਇਸ ਲਈ ਆਸਾਨੀ ਨਾਲ ਮਾਰਨ ਵਿਚ ਸਫਲ ਰਹੇ ਕਿਉਂਕਿ ਚਾਰ ਸਥਾਨਕ ਅਨਸਰਾਂ ਨੇ ਉਨ੍ਹਾਂ ਨੂੰ ਸਹਾਇਤਾ ਦਿੱਤੀ ਸੀ। ਆਪ੍ਰੇਸ਼ਨ ਸਿੰਧੂਰ ਵਿਚ ਪਸਤ ਹੋਣ ਦੇ ਬਾਵਜੂਦ ਪਾਕਿਸਤਾਨ ਸੁਧਰਿਆ ਨਹੀਂ ਅਤੇ ਨਾ ਹੀ ਉਨ੍ਹਾਂ ਅੱਤਵਾਦੀ ਅਨਸਰਾਂ ਦੀ ਹਿਮਾਕਤ ਵਿਚ ਕੋਈ ਕਮੀ ਆਈ ਹੈ ਜੋ ਉਸ ਦੇ ਇਸ਼ਾਰੇ ’ਤੇ ਜਾਂ ਆਪਣੇ ਪੱਧਰ ’ਤੇ ਜਾਂ ਫਿਰ ‘ਲੋਨ ਵੁਲਫ’ ਬਣ ਕੇ ਅੱਤਵਾਦੀ ਹਮਲਿਆਂ ਦੀਆਂ ਸਾਜ਼ਿਸ਼ਾਂ ਘੜਦੇ ਰਹਿੰਦੇ ਹਨ। ਇਸ ਦੀ ਉਦਾਹਰਨ ਡਾਕਟਰਾਂ ਦੇ ਅੱਤਵਾਦੀ ਧੜੇ ਵੱਲੋਂ ਪਿਛਲੇ ਸਾਲ ਨਵੰਬਰ ਵਿਚ ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਕਾਰ ਬੰਬ ਵਿਸਫੋਟ ਹੈ। ਦੇਸ਼ ਭਰ ਵਿਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਜਾਣ ਦਾ ਸਿਲਸਿਲਾ ਕਾਇਮ ਹੀ ਰਹਿੰਦਾ ਹੈ। ਸ਼ੱਕੀ ਅੱਤਵਾਦੀਆਂ ਦੀ ਗ੍ਰਿਫਤਾਰੀ ਦਾ ਇਹ ਲਗਾਤਾਰ ਚਲਨ ਇਹ ਦਰਸਾਉਂਦਾ ਹੈ ਕਿ ਉਹ ਜ਼ਹਿਰੀਲੀ ਵੇਲ੍ਹ ਵਾਂਗ ਵਧਦੇ ਜਾ ਰਹੇ ਹਨ। ਪਿਛਲੇ ਦਿਨੀਂ ਗੁਜਰਾਤ ਪੁਲਿਸ ਨੇ ਇਰਫਾਨ ਖ਼ਾਨ ਅਤੇ ਮੁਰਸ਼ੀਦ ਜਾਹਿਦ ਨੂੰ ਗ੍ਰਿਫ਼ਤਾਰ ਕੀਤਾ। ਇਹ ‘ਸੈਲਫ ਰੈਡੀਕਲਾਈਜ਼ਡ’ ਹੋ ਕੇ ਗਜ਼ਵਾ ਹਿੰਦ ਦਾ ਤਾਣਾ-ਬਾਣਾ ਬੁਣ ਰਹੇ ਸਨ। ਅਠਾਰਾਂ ਅਪ੍ਰੈਲ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਇਸਲਾਮਿਕ ਸਟੇਟ (ਆਈਐੱਸ) ਤੋਂ ਪ੍ਰਭਾਵਿਤ ਚਾਰ ਸ਼ੱਕੀ ਅੱਤਵਾਦੀਆਂ ਨੂੰ ਮਹਾਰਾਸ਼ਟਰ, ਓਡੀਸ਼ਾ ਅਤੇ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਦਸ ਹੋਰ ਸਾਥੀਆਂ ਦੀ ਤਲਾਸ਼ ਜਾਰੀ ਹੈ।
ਫੜੇ ਗਏ ਅੱਤਵਾਦੀਆਂ ਦਾ ਇਰਾਦਾ ਰਾਮ ਮੰਦਰ, ਸੰਸਦ ਭਵਨ ਅਤੇ ਫ਼ੌਜੀ ਅਦਾਰਿਆਂ ’ਤੇ ਹਮਲੇ ਕਰਨ ਦਾ ਸੀ। ਇਨ੍ਹਾਂ ਦਾ ਟੀਚਾ ਦੇਸ਼ ਵਿਚ ‘ਖ਼ਿਲਾਫ਼ਤ’ ਜਾਂ ਇਸਲਾਮੀ ਰਾਜ ਸਥਾਪਤ ਕਰਨਾ ਸੀ। ਪਿਛਲੇ ਕੁਝ ਸਮੇਂ ਵਿਚ ਭਾਰਤ ਨੂੰ ਇਸਲਾਮੀ ਦੇਸ਼ ਬਣਾਉਣ ਜਾਂ ਗਜ਼ਵਾ ਹਿੰਦ ਦੇ ਫਿਤੂਰ ਤੋਂ ਗ੍ਰਸਤ ਇੰਨੇ ਜ਼ਿਆਦਾ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਗਿਣਤੀ ਕਰਨਾ ਮੁਸ਼ਕਲ ਹੈ। ਇਨ੍ਹਾਂ ਵਿੱਚੋਂ ਕੋਈ ਆਈਐੱਸ ਤੋਂ ਪ੍ਰਭਾਵਿਤ ਹੁੰਦਾ ਹੈ, ਕੋਈ ਅਲਕਾਇਦਾ ਤੋਂ ਤੇ ਕੋਈ ਜੈਸ਼ ਜਾਂ ਲਸ਼ਕਰ ਤੋਂ। ਕੁਝ ਅਜਿਹੇ ਵੀ ਹੁੰਦੇ ਹਨ ਜੋ ਸਿਮੀ ਜਾਂ ਪੀਐੱਫਆਈ ਵਾਂਗ ਆਪਣਾ ਹੀ ਕੋਈ ਅੱਤਵਾਦੀ ਧੜਾ ਬਣਾ ਲੈਂਦੇ ਹਨ। ਸਾਰਿਆਂ ਦਾ ਮਕਸਦ ਇਕ ਹੀ ਹੁੰਦਾ ਹੈ- ਭਾਰਤ ਨੂੰ ਇਸਲਾਮੀ ਦੇਸ਼ ਬਣਾਉਣਾ ਜਾਂ ਗਜ਼ਵਾ ਹਿੰਦ ਕਰਨਾ। ਪਤਾ ਨਹੀਂ ਉਨ੍ਹਾਂ ਦੀ ਇਸ ਮਾੜੀ ਪ੍ਰੇਰਨਾ ਦੇ ਸਰੋਤ ਕੀ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਰਿਆਂ ਦੇ ਸਾਰੇ ਇਸ ਮਜ਼ਹਬੀ ਸਨਕ ਤੋਂ ਗ੍ਰਸਤ ਹਨ ਕਿ ਅੱਤਵਾਦ ਦੇ ਸਹਾਰੇ ਭਾਰਤ ਨੂੰ ਇਸਲਾਮੀ ਦੇਸ਼ ਬਣਾਇਆ ਜਾ ਸਕਦਾ ਹੈ।
ਸ਼ਾਇਦ ਹੀ ਕੋਈ ਮਹੀਨਾ ਅਜਿਹਾ ਹੋਵੇ ਜਦੋਂ ਅੰਨ੍ਹੀ ਮਜ਼ਹਬੀ ਸਨਕ ਤੋਂ ਗ੍ਰਸਤ ਸ਼ੱਕੀ ਅੱਤਵਾਦੀ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਗ੍ਰਿਫ਼ਤਾਰ ਨਾ ਕੀਤੇ ਜਾਂਦੇ ਹੋਣ। ਇਸੇ ਚਾਰ ਅਪ੍ਰੈਲ ਨੂੰ ਦਿੱਲੀ ਅਤੇ ਯੂਪੀ ਪੁਲਿਸ ਦੀ ਸੰਯੁਕਤ ਕਾਰਵਾਈ ਵਿਚ ਕੁਸ਼ੀਨਗਰ ਤੋਂ ਆਈਐੱਸ ਨਾਲ ਜੁੜੇ ਰਿਜ਼ਵਾਨ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਅੱਤਵਾਦੀਆਂ ਦੀ ਭਰਤੀ ਵਿਚ ਲੱਗਾ ਹੋਇਆ ਸੀ। ਤੀਹ ਮਾਰਚ ਨੂੰ ਲਸ਼ਕਰ-ਏ-ਤੋਇਬਾ ਦੇ ਹੈਂਡਲਰ ਸ਼ਬੀਰ ਅਹਿਮਦ ਲੋਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਦਿੱਲੀ ਵਿਚ ਮੈਟਰੋ ’ਤੇ ਅੱਤਵਾਦ ਸਮਰਥਕ ਪੋਸਟਰ ਚਿਪਕਾਉਣ ਵਾਲੇ ਮਾਡਿਊਲ ਦਾ ਮੁੱਖ ਮੁਲਜ਼ਮ ਸੀ। ਮਾਰਚ ਤੋਂ ਪਹਿਲਾਂ ਫਰਵਰੀ ਅਤੇ ਜਨਵਰੀ ਵਿਚ ਵੀ ਦੇਸ਼ ਦੇ ਕਈ ਹਿੱਸਿਆਂ ਤੋਂ ਸ਼ੱਕੀ ਅੱਤਵਾਦੀ ਪੁਲਿਸ ਦੇ ਹੱਥ ਲੱਗੇ ਸਨ। ਸਮੱਸਿਆ ਭਾਰਤ ਵਿਚ ਜੇਹਾਦ ਕਰ ਕੇ ਉਸ ਨੂੰ ਇਸਲਾਮੀ ਰਾਜ ਬਣਾਉਣ ਦਾ ਮਗਾਲਤਾ ਪਾਲਣ ਵਾਲੇ ਤੱਤ ਹੀ ਨਹੀਂ ਹਨ। ਸਮੱਸਿਆ ਉਹ ਵੀ ਹਨ, ਜੋ ਛਲ-ਬਲ, ਲੋਭ-ਲਾਲਚ, ਪ੍ਰੇਮ-ਪ੍ਰਸੰਗ ਜ਼ਰੀਏ ਧਰਮ ਪਰਿਵਰਤਨ ਕਰਵਾ ਕੇ ਭਾਰਤ ਨੂੰ ਇਸਲਾਮੀ ਦੇਸ਼ ਬਣਾਉਣ ਦੇ ਇਰਾਦੇ ਨਾਲ ਲੈਸ ਹਨ ਜਿਵੇਂ ਕਿ ਟੀਸੀਐੱਸ ਨਾਸਿਕ ਦੇ ਕਰਮਚਾਰੀ। ਇਹ ਵੀ ਆਪਣੇ ਵੱਲੋਂ ਜੇਹਾਦ ਹੀ ਕਰ ਰਹੇ ਸਨ। ਅਸਲ ਵਿਚ ਅਜਿਹੇ ਜੇਹਾਦੀ ਅਨਸਰ ਵੀ ਕੌੜੀ ਵੇਲ੍ਹ ਬਣ ਗਏ ਹਨ ਅਤੇ ਉਹ ਵੀ ਅਕਸਰ ਗ੍ਰਿਫ਼ਤਾਰ ਹੁੰਦੇ ਰਹਿੰਦੇ ਹਨ। ਟੀਸੀਐੱਸ ਨਾਸਿਕ ਵਿਚ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨਾ ਅਤੇ ਪ੍ਰੇਮ-ਜਾਲ਼ ਦੇ ਸਹਾਰੇ ਹਿੰਦੂ ਲੜਕੀਆਂ ਨੂੰ ਇਸਲਾਮ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਦੀਆਂ ਪੂਰੀਆਂ ਪਰਤਾਂ ਅਜੇ ਖੁੱਲ੍ਹੀਆਂ ਨਹੀਂ ਸਨ ਕਿ ਨਾਗਪੁਰ ਵਿਚ ਇਕ ਐੱਨਜੀਓ ਦਾ ਸੰਚਾਲਕ ਰਿਆਜ਼ ਕਾਦਰੀ ਗ੍ਰਿਫ਼ਤਾਰ ਕੀਤਾ ਗਿਆ ਜਿਸ ’ਤੇ ਉੱਥੇ ਕੰਮ ਕਰਨ ਵਾਲੀਆਂ ਹਿੰਦੂ ਲੜਕੀਆਂ ਨੇ ਦੋਸ਼ ਲਾਇਆ ਕਿ ਉਹ ਉਨ੍ਹਾਂ ਨੂੰ ਰੋਜ਼ਾ ਰੱਖਣ, ਨਮਾਜ਼ ਪੜ੍ਹਨ ਅਤੇ ਖ਼ੁਦਾ ਹਾਫਿਜ਼ ਬੋਲਣ ਲਈ ਕਹਿੰਦਾ ਸੀ। ਇਨ੍ਹਾਂ ਕੁੜੀਆਂ ਨੇ ਉਸ ’ਤੇ ਸੈਕਸ ਸ਼ੋਸ਼ਣ ਤੇ ਇਸਲਾਮ ਵਿਚ ਸ਼ਾਮਲ ਹੋਣ ਲਈ ਦਬਾਅ ਪਾਉਣ ਦੇ ਦੋਸ਼ ਵੀ ਲਗਾਏ। ਇਸ ਤੋਂ ਵੀ ਗੰਭੀਰ ਤੇ ਸਨਸਨੀਖੇਜ਼ ਮਾਮਲਾ ਭੋਪਾਲ ਦਾ ਹੈ। ਇੱਥੇ ਸਪਾ ਅਤੇ ਬਿਊਟੀ ਪਾਰਲਰ ਚਲਾਉਣ ਵਾਲੀਆਂ ਮੁਸਲਿਮ ਲੜਕੀਆਂ ਗ਼ਰੀਬ ਹਿੰਦੂ ਕੁੜੀਆਂ ਨੂੰ ਨੌਕਰੀ ’ਤੇ ਰੱਖਦੀਆਂ। ਫਿਰ ਆਪਣੇ ਸਾਥੀਆਂ ਨਾਲ ਉਨ੍ਹਾਂ ਦਾ ਸੈਕਸ ਸ਼ੋਸ਼ਣ ਕਰਵਾਉਂਦੀਆਂ ਤੇ ਉਨ੍ਹਾਂ ਦੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਮੁਸਲਿਮ ਬਣਨ ਲਈ ਕਹਿੰਦੀਆਂ। ਇਸ ਗਿਰੋਹ ਨੇ ਇਸ ਤਰ੍ਹਾਂ ਦੀ ਬਲੈਕਮੇਲਿੰਗ ਨਾਲ ਤਿੰਨ ਨਾਬਾਲਗ ਹਿੰਦੂ ਲੜਕੀਆਂ ਦਾ ਧਰਮ ਪਰਿਵਰਤਨ ਵੀ ਕਰਵਾ ਲਿਆ ਸੀ। ਇਸ ’ਤੇ ਹੈਰਾਨ ਨਾ ਹੋਵੋ ਕਿ ਹੁਣ ਮੁਸਲਿਮ ਲੜਕੀਆਂ ਵੀ ਜੇਹਾਦ ਵਿਚ ਮਦਦ ਕਰਨ ਲਈ ਤਿਆਰ ਹਨ।
ਇਸਲਾਮੀ ਕੱਟੜਪੰਥ ਅੱਤਵਾਦ ਨੂੰ ਖੁਰਾਕ-ਪਾਣੀ ਦੇਣ ਦੇ ਨਾਲ-ਨਾਲ ਸੰਭਾਵੀ ਅੱਤਵਾਦੀਆਂ ਦੀ ਪਨੀਰੀ ਨੂੰ ਵੀ ਤਿਆਰ ਕਰਨ ਦਾ ਕੰਮ ਕਰਦਾ ਹੈ। ਪੂਰੀ ਦੁਨੀਆ ਵਿਚ ਜੇਹਾਦ ਅੱਤਵਾਦ ਦਾ ਪ੍ਰਤੀਕ ਹੈ। ਇਸ ਦਾ ਸਬੂਤ ਇਹ ਹੈ ਕਿ ਕਈ ਇਸਲਾਮੀ ਅੱਤਵਾਦੀ ਧੜਿਆਂ ਨੇ ਆਪਣੇ ਨਾਂ ਵਿਚ ਹੀ ਜੇਹਾਦ ਸ਼ਬਦ ਨੱਥੀ ਕਰ ਰੱਖਿਆ ਹੈ ਜਿਵੇਂ ‘ਜਮਾਤ ਅਲ-ਤੌਹੀਦ ਵਲ-ਜੇਹਾਦ’ ਅਤੇ ‘ਹਰਕਤ-ਉਲ-ਜੇਹਾਦ-ਅਲ-ਇਸਲਾਮੀ’। ਇਸ ਤੋਂ ਬਾਅਦ ਵੀ ਜੇਹਾਦ ਨੂੰ ਪਵਿੱਤਰ ਦੱਸ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਯਾਦ ਕਰੋ ਲਾਲ ਕਿਲ੍ਹਾ ਬੰਬ ਧਮਾਕਾ ਕਾਂਡ ਦੇ ਕੁਝ ਹੀ ਦਿਨਾਂ ਬਾਅਦ ‘ਜਮੀਅਤ ਉਲਮਾ-ਏ-ਹਿੰਦ’ ਦੇ ਮੁਖੀ ਮੌਲਾਨਾ ਮਹਿਮੂਦ ਮਦਨੀ ਨੇ ਕਿਸ ਤਰ੍ਹਾਂ ਜੇਹਾਦ ਨੂੰ ਪਾਕ ਦੱਸ ਕੇ ਕਿਹਾ ਸੀ, ਇਹ ਜ਼ੁਲਮ ਅਤੇ ਹਿੰਸਾ ਨੂੰ ਖ਼ਤਮ ਕਰਨ ਲਈ ਕੀਤਾ ਜਾਂਦਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਜਦੋਂ-ਜਦੋਂ ਜ਼ੁਲਮ ਹੋਵੇਗਾ, ਤਦ-ਤਦ ਜੇਹਾਦ ਹੋਵੇਗਾ। ਅਜਿਹੇ ਬਿਆਨ ਜੇਹਾਦੀ ਅਨਸਰਾਂ ਨੂੰ ਤਾਕਤ ਹੀ ਪ੍ਰਦਾਨ ਕਰਦੇ ਹਨ।
-(ਲੇਖਕ ‘ਦੈਨਿਕ ਜਾਗਰਣ’ ਵਿਚ ਐਸੋਸੀਏਟ ਐਡੀਟਰ ਹਨ)।