ਪੰਜਾਬੀ ਬੋਲੀ ਦੇ ਮੁਦਈ, ਸਾਹਿਤਕਾਰ, ਪ੍ਰਸਿੱਧ ਸਮਾਜ ਸੇਵਕ, ਕਾਲਮ ਨਵੀਸ ਤੇ ਕਾਨੂੰਨਦਾਨ ਦਲੀਪ ਸਿੰਘ ਵਾਸਨ 89 ਸਾਲ ਦੀ ਉਮਰ ਵਿਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲੇ ਬਹੁ-ਪੱਖੀ, ਬਹੁ-ਮੰਤਵੀ, ਬਹੁ-ਵਿਧਾਵੀ ਲੇਖਕ ਸਨ। ਉਨ੍ਹਾਂ ਦੀਆਂ ਰਚਨਾਵਾਂ ਸੱਚਾਈ ਤੇ ਸਾਰਥਿਕਤਾ ਦਾ ਪ੍ਰਮਾਣ ਹਨ। ਉਹ 60 ਸਾਲ ਤੋਂ ਪੰਜਾਬੀ ਮਾਂ-ਬੋਲੀ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਸਨ।

-ਉਜਾਗਰ ਸਿੰਘ
ਪੰਜਾਬੀ ਬੋਲੀ ਦੇ ਮੁਦਈ, ਸਾਹਿਤਕਾਰ, ਪ੍ਰਸਿੱਧ ਸਮਾਜ ਸੇਵਕ, ਕਾਲਮ ਨਵੀਸ ਤੇ ਕਾਨੂੰਨਦਾਨ ਦਲੀਪ ਸਿੰਘ ਵਾਸਨ 89 ਸਾਲ ਦੀ ਉਮਰ ਵਿਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲੇ ਬਹੁ-ਪੱਖੀ, ਬਹੁ-ਮੰਤਵੀ, ਬਹੁ-ਵਿਧਾਵੀ ਲੇਖਕ ਸਨ। ਉਨ੍ਹਾਂ ਦੀਆਂ ਰਚਨਾਵਾਂ ਸੱਚਾਈ ਤੇ ਸਾਰਥਿਕਤਾ ਦਾ ਪ੍ਰਮਾਣ ਹਨ। ਉਹ 60 ਸਾਲ ਤੋਂ ਪੰਜਾਬੀ ਮਾਂ-ਬੋਲੀ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਸਨ। ਵਾਸਨ ਜੀ ਨੇ ਆਪਣਾ ਸਾਹਿਤਕ ਸਫ਼ਰ 1957 ’ਚ ਪਹਿਲੀ ਕਹਾਣੀ ‘ਮੱਕੀ ਦੀ ਰੋਟੀ’ ਨਾਲ ਸ਼ੁਰੂ ਕੀਤਾ ਸੀ ਜਿਹੜੀ ਪ੍ਰੀਤਲੜੀ ਰਸਾਲੇ ਵਿਚ ਪ੍ਰਕਾਸ਼ਿਤ ਹੋਈ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਉਹ ਲਿਖਦੇ ਰਹੇ। ਦਲੀਪ ਸਿੰਘ ਵਾਸਨ ਨੇ ਸਾਹਿਤ ਦੇ ਵੱਖ-ਵੱਖ ਰੂਪਾਂ ਵਿਚ ਮਨੁੱਖ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਲਿਖੀਆਂ ਸਨ। ਉਨ੍ਹਾਂ ਦੇ ਸਮਾਜਿਕ ਵਿਸ਼ਿਆਂ ’ਤੇ ਲਿਖੇ ਦੋ ਨਾਵਲ ‘ਸੋਢੀਆਂ ਦਾ ਫਾਰਮ’ 1978 ਅਤੇ ‘ਹੜਤਾਲ’ 1982 ਸਾਹਿਤਕ ਖੇਤਰ ਵਿਚ ਚਰਚਾ ਦਾ ਵਿਸ਼ਾ ਰਹੇ ਸਨ। ਮੁੱਖ ਤੌਰ ’ਤੇ ਉਹ ਵਾਰਤਕ ਲੇਖਕ ਤੇ ਕਾਲਮ ਨਵੀਸ ਸਨ। ਵਾਸਨ ਦੀਆਂ ਬਹੁਤੀਆਂ ਪੁਸਤਕਾਂ ਜ਼ਿੰਦਗੀ ਜਿਉਣ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੰਦੀਆਂ ਹਨ। ਉਨ੍ਹਾਂ ਦੀ ਆਪਣੀ ਜ਼ਿੰਦਗੀ ਅੱਤ ਦੀ ਕਠਿਨ ਤੇ ਜਦੋਜਹਿਦ ਵਾਲੀ ਰਹੀ ਸੀ, ਇਸ ਕਰਕੇ ਉਹ ਆਪਣੀ ਹਰ ਰਚਨਾ ਵਿਚ ਸਮਾਜ ਨੂੰ ਬਿਹਤਰੀਨ ਜ਼ਿੰਦਗੀ ਜਿਉਣ ਦੇ ਨੁਕਤਿਆਂ ਬਾਰੇ ਵਧੀਆ ਢੰਗ ਨਾਲ ਬਿਰਤਾਂਤ ਸਿਰਜਦੇ ਸਨ। ਅਸਲ ਵਿਚ ਉਹ ਨੌਜਵਾਨ ਪੀੜ੍ਹੀ ਵਿਚ ਆਤਮ-ਵਿਸ਼ਵਾਸ਼ ਪੈਦਾ ਕਰਨ ਦਾ ਉਪਰਾਲਾ ਕਰਦੇ ਰਹਿੰਦੇ ਸਨ। ਉਹ ਜਿਹੋ ਜਿਹੇ ਬਾਹਰੋਂ ਸਨ, ਉਹੋ ਜਿਹੇ ਹੀ ਅੰਦਰੋਂ ਸਨ। ਉਹ ਸਾਦਾ ਅਤੇ ਸਰਲ ਜੀਵਨ ਬਤੀਤ ਕਰਦੇ ਸਨ। ਕਹਿਣੀ ਤੇ ਕਰਨੀ ਵਿਚ ਕੋਈ ਫ਼ਰਕ ਨਹੀਂ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਜਿੰਨੇ ਵੱਡੇ ਇਨਸਾਨ ਅਤੇ ਵਿਦਵਾਨ ਸਨ, ਓਨੀ ਹੀ ਸਰਲ ਭਾਸ਼ਾ ਅਤੇ ਸ਼ੈਲੀ ਵਿਚ ਜੀਵਨ ਦੀ ਵਿਚਾਰਧਾਰਾ ਨੂੰ ਅਜਿਹੇ ਢੰਗ ਨਾਲ ਲਿਖਦੇ ਸਨ ਕਿ ਉਨ੍ਹਾਂ ਦੇ ਹਰ ਸ਼ਬਦ ਨੂੰ ਪਾਠਕ ਪੱਲੇ ਬੰਨ੍ਹਣ ਦਾ ਪ੍ਰਣ ਕਰ ਲੈਂਦਾ ਸੀ। ਉਨ੍ਹਾਂ ਦੀਆਂ ਰਚਨਾਵਾਂ ਦੇ ਛੋਟੇ-ਛੋਟੇ ਸ਼ਬਦ ਤੇ ਨਿੱਕੇ-ਨਿੱਕੇ ਵਾਕ ਪਾਠਕ ਦੇ ਮਨ-ਮਸਤਕ ’ਤੇ ਮੀਂਹ ਦੀਆਂ ਕਣੀਆਂ ਦੀ ਫੁਹਾਰ ਦੀ ਤਰ੍ਹਾਂ ਠੰਢਕ ਪੈਦਾ ਕਰ ਕੇ ਸਕੂਨ ਦਿੰਦੇ ਸਨ। ਵੈਸੇ ਤਾਂ ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿਚ 50 ਤੋਂ ਵੱਧ ਪੁਸਤਕਾਂ ਲਿਖੀਆਂ ਸਨ ਪਰ ਖ਼ੁਦ ਨੂੰ ਕਦੇ ਵੀ ਲੇਖਕ ਨਹੀਂ ਕਿਹਾ ਸੀ, ਸਗੋਂ ਆਪਣੇ-ਆਪ ਨੂੰ ਪੰਜਾਬੀ ਮਾਂ-ਬੋਲੀ ਦਾ ਸੇਵਾਦਾਰ ਹੀ ਕਹਿੰਦੇ ਰਹੇ। ਉਨ੍ਹਾਂ ਦੀਆਂ ਕੁਝ ਪ੍ਰਮੁੱਖ ਪੁਸਤਕਾਂ ਹਨ- ‘ਸੋਢੀਆਂ ਦਾ ਫਾਰਮ’, ‘ਹੜਤਾਲ’, ‘ਜੀਵਨ ਇਕ ਸੱਚਾਈ’, ‘ਆਤਮ-ਵਿਸ਼ਵਾਸ’, ‘ਆਪਣੀ ਕਿਸਮਤ’, ‘ਭਾਰਤ ਮੇਰੀ ਨਜ਼ਰ ਵਿਚ’, ‘ਫਰਿਆਦੀ ਫਰਿਆਦ ਕਰੇ’, ‘ਕੜਵੇ ਗੁਲਾਬ ਜਾਮੁਨ’, ‘ਕੁੱਜੇ ਵਿਚ ਸਮੁੰਦਰ’, ‘ਗ਼ਮ ਨਾ ਕਰ ਮੁਸਕਰਾ’, ‘ਕਲਯੁਗ ਅੰਦਰ ਨਾਨਕਾ’, ‘ਕਿਣਕਾ ਕਿਣਕਾ ਪਰਬਤ’, ‘ਵਿਚਾਰਾਂਜਲੀ’ ਅਤੇ ਅੰਗਰੇਜ਼ੀ ਦੀਆਂ ‘ਬੇਸਿਕ ਪ੍ਰਾਬਲਮਜ਼ ਆਫ ਲਾਈਫ’, ‘ਐਜ਼ ਆਈ ਥਿੰਕ ਇਟ’, ‘ਕੰਸਰਨ ਆਫ ਯੂਥ’, ‘ਗ੍ਰੇਟ ਪੀਪਲ’, ‘ਮੇਕ ਦਿ ਕੰਟਰੀ’, ‘ਇੰਟਰੋਸਪੈਕਸ਼ਨ’, ‘ਲਾਸਟ ਲੈਟਰ’, ‘ਲੈਟ ਅਸ ਰਿਡਿਊਸ ਟੈਨਸ਼ਨ’ ਅਤੇ ‘ਸੈਲਫ ਸਟਾਰਟ ਟੀਚਿੰਗ’। ਵਾਸਨ ਦਾ ਪਹਿਲਾ ਨਾਵਲ ‘ਸੋਢੀਆਂ ਦਾ ਫਾਰਮ’ ਸੀ। ਇਸ ਤੋਂ ਇਲਾਵਾ ਦੋ ਕਾਲਮ ‘ਤੁਹਾਡੀਆਂ ਸਮੱਸਿਆਵਾਂ ਦਾ ਹੱਲ’ ਅਤੇ ‘ਬੱਚਿਆਂ ਲਈ ਕਾਨੂੰਨੀ ਸੇਵਾਵਾਂ’ ਅਖ਼ਬਾਰਾਂ ਵਿਚ ਲਗਾਤਾਰ ਲੰਬਾ ਸਮਾਂ ਪ੍ਰਕਾਸ਼ਤ ਹੁੰਦੇ ਰਹੇ। ਉਹ ਆਪਣੀ ਹਰ ਰਚਨਾ ਵਿਚ ਜ਼ਿੰਦਗੀ ਦੀਆਂ ਅਟੱਲ ਸੱਚਾਈਆਂ ’ਤੇ ਆਧਾਰਤ ਜਾਣਕਾਰੀ ਦਿੰਦੇ ਸਨ। ਵਾਸਨ ਕਹਿੰਦੇ ਸਨ ਕਿ ਮਨੁੱਖ ਝੂਠ ਨੂੰ ਹੀ ਜੀਵਨ ਦਾ ਆਧਾਰ ਬਣਾਉਂਦਾ ਹੈ ਜਿਸ ਕਰਕੇ ਉਸ ਨੂੰ ਕਦਮ-ਕਦਮ ’ਤੇ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ। ਇਕ-ਨਾ-ਇਕ ਦਿਨ ਝੂਠ ਦਾ ਮਹਿਲ ਢਹਿ-ਢੇਰੀ ਹੋ ਜਾਂਦਾ ਹੈ। ਕੋਈ ਵੀ ਮਨੁੱਖ ਪੂਰਾ ਸੱਚ ਨਹੀਂ ਬੋਲਦਾ। ਜਿਹੜੇ ਸੱਚ ਬੋਲਣ ਦੀ ਨਸੀਹਤ ਦੇ ਰਹੇ ਹੁੰਦੇ ਹਨ, ਉਹ ਵੀ ਝੂਠ ਬੋਲ ਰਹੇ ਹੁੰਦੇ ਹਨ। ਇਹ ਠੀਕ ਹੈ ਕਿ ਝੂਠ ਮੁਸੀਬਤਾਂ ਖੜ੍ਹੀਆਂ ਕਰਦਾ ਹੈ ਕਿਉਂਕਿ ਇਕ ਝੂਠ ਨੂੰ ਛੁਪਾਉਣ ਲਈ ਅਨੇਕ ਝੂਠ ਬੋਲਣੇ ਪੈਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਸੱਚ ’ਤੇ ਪਹਿਰਾ ਦੇਣ ਦੀ ਤਾਕੀਦ ਕਰਦੀਆਂ ਸਨ। ਦਲੀਪ ਸਿੰਘ ਵਾਸਨ ਫਾਈਵ-ਇਨ-ਵਨ ਸੀ। ਉਹ ਸਾਹਿਤਕਾਰ, ਕਾਲਮ-ਨਵੀਸ, ਰੁਜ਼ਗਾਰ ਅਧਿਕਾਰੀ, ਕਾਨੂੰਨਦਾਨ, ਸਮਾਜ ਸੇਵਕ ਅਤੇ ਦੋਸਤਾਂ ਦੇ ਦੋਸਤ ਸਨ।
ਵਾਸਨ ਨੂੰ ਮੈਂ ਉਦੋਂ ਤੋਂ ਜਾਣਨ ਲੱਗਿਆ ਜਦੋਂ 1969 ਵਿਚ ਮੈਂ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਵਿੱਚੋਂ ਜੂਨੀਅਰ ਬੇਸਿਕ ਟਰੇਨਿੰਗ ਕਰਨ ਤੋਂ ਬਾਅਦ ਨੌਕਰੀ ਲੈਣ ਲਈ ਰੁਜ਼ਗਾਰ ਦਫ਼ਤਰ ਵਿਚ ਆਪਣਾ ਨਾਂ ਦਰਜ ਕਰਵਾਉਣ ਗਿਆ ਸੀ। ਪਹਿਲੀ ਮੁਲਾਕਾਤ ਵਿਚ ਹੀ ਪਤਾ ਲੱਗ ਗਿਆ ਸੀ ਕਿ ਉਹ ਇਕ ਬੜੇ ਹੀ ਸੁਹਿਰਦ ਮਨੁੱਖ ਸਨ। ਉਸ ਤੋਂ ਬਾਅਦ ਜਦੋਂ ਅਸੀਂ 1973 ਵਿਚ ਪਟਿਆਲਾ ਤੋਂ ਰਲ-ਮਿਲ ਕੇ ਪੰਜਾਬੀ ਦਾ ਮਾਸਿਕ ਰਸਾਲਾ ‘ਵਹਿਣ’ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਤਾਂ ਵਾਸਨ ਨਾਲ ਸਾਹਿਤਕ ਪ੍ਰਵਿਰਤੀ ਕਰਕੇ ਤਾਲਮੇਲ ਦੋਸਤੀ ਵਿਚ ਬਦਲ ਗਿਆ। ਫਿਰ ਮੈਂ ਪੰਜ ਸਾਲ ਚੰਡੀਗੜ੍ਹ ਰਿਹਾ ਤੇ ਜਾਗਰਿਤੀ ਪੰਜਾਬੀ ਦਾ ਸਹਾਇਕ ਸੰਪਾਦਕ ਅਤੇ ਬਾਅਦ ਵਿਚ ਸੰਪਾਦਕ ਹੋਣ ਸਮੇਂ ਵੀ ਸਾਡਾ ਸਾਹਿਤਕ ਪਿਆਰ ਗੂੜ੍ਹਾ ਹੁੰਦਾ ਰਿਹਾ। ਫਿਰ 1979 ’ਚ ਜਦੋਂ ਮੈਂ ਲੋਕ ਸੰਪਰਕ ਵਿਭਾਗ ਪਟਿਆਲਾ ਵਿਚ ਸਹਾਇਕ ਲੋਕ ਸੰਪਰਕ ਅਧਿਕਾਰੀ ਨਿਯੁਕਤ ਹੋਇਆ ਤਾਂ ਉਨ੍ਹਾਂ ਨੂੰ ਬਾਕਾਇਦਾ ਮਿਲਣ-ਗਿਲਣ ਦਾ ਮੌਕਾ ਮਿਲਦਾ ਰਿਹਾ ਕਿਉਂਕਿ ਉਹ ਵੀ ਉਸ ਸਮੇਂ ਪਟਿਆਲਾ ਵਿਖੇ ਰੁਜ਼ਗਾਰ ਅਧਿਕਾਰੀ ਲੱਗੇ ਹੋਏ ਸਨ। ਸੰਨ 1984 ਵਿਚ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਹੋਏ ਕਤਲੇਆਮ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਰੁਜ਼ਗਾਰ ਦੇਣ ਸਮੇਂ ਵਾਸਨ ਦਾ ਯੋਗਦਾਨ ਬਹੁਤ ਮਹੱਤਵਪੂਰਨ ਰਿਹਾ ਸੀ ਕਿਉਂਕਿ ਉਹ ਰੁਜ਼ਗਾਰ ਦੇਣ ਵਾਲੀ ਪਟਿਆਲਾ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਨੇ ਰੁਜ਼ਗਾਰ ਵਿਭਾਗ ’ਚ 33 ਸਾਲ ਨੌਕਰੀ ਕਰਨ ਤੋਂ ਬਾਅਦ 1988 ਵਿਚ ਸਵੈ-ਇੱਛਾ ਨਾਲ ਸੇਵਾ ਮੁਕਤੀ ਲੈ ਕੇ ਜ਼ਿਲ੍ਹਾ ਕਚਹਿਰੀਆਂ ’ਚ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ 2022 ਤੱਕ ਵਕਾਲਤ ਕਰਦੇ ਰਹੇ। ਉਹ ਗ਼ਰੀਬਾਂ ਦੀ ਮੁਫ਼ਤ ਵਕਾਲਤ ਕਰਦੇ ਸਨ ਕਿਉਂਕਿ ਉਨ੍ਹਾਂ ਨੇ ਖ਼ੁਦ ਗ਼ਰੀਬੀ ਨੇੜਿਓਂ ਵੇਖੀ ਸੀ। ਉਹ ਗ਼ਰੀਬ ਲੋਕਾਂ ਦੀਆਂ ਮਜਬੂਰੀਆਂ ਨੂੰ ਮਹਿਸੂਸ ਕਰਦੇ ਸਨ। ਉਹ ਪਟਿਆਲਾ ਦੀਆਂ ਸਾਹਿਤਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਪੰਜਾਬੀ ਸਾਹਿਤ ਸਭਾ ਅਤੇ ਤਿ੍ਰਵੈਣੀ ਪ੍ਰੀਸ਼ਦ ਦੇ ਉਹ ਮੈਂਬਰ ਤੇ ਕਾਨੂੰਨੀ ਸਲਾਹਕਾਰ ਵੀ ਸਨ। ਉਨ੍ਹਾਂ ਨੂੰ ਬਹੁਤ ਸਾਰੀਆਂ ਸਮਾਜਿਕ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਨੇ ਸਨਮਾਨਤ ਕੀਤਾ ਸੀ ਜਿਨ੍ਹਾਂ ’ਚ ਸਾਹਿਤ ਸਭਾ ਪਟਿਆਲਾ ਅਤੇ ਬਾਰ ਕੌਂਸਲ ਪਟਿਆਲਾ ਵਰਣਨਯੋਗ ਹਨ।
ਦਲੀਪ ਸਿੰਘ ਵਾਸਨ ਦਾ ਜਨਮ ਬਰਤਾਨਵੀ ਭਾਰਤ ਦੇ ਹਜ਼ਾਰਾ/ਮੁਲਤਾਨ ਜ਼ਿਲ੍ਹੇ ਦੇ ਪਿੰਡ ਬੋਦਲਾ ਵਿਚ 4 ਮਈ 1937 ਨੂੰ ਹੋਇਆ ਸੀ। ਦੇਸ਼ ਦੀ ਵੰਡ ਸਮੇਂ ਵਾਸਨ ਜੀ ਆਪਣੇ ਪਰਿਵਾਰ ਤੋਂ ਵਿੱਛੜ ਗਏ ਸਨ। ਧੱਕੇ-ਧੌਲੇ ਖਾਂਦੇ ਪਹਿਲਾਂ ਉਹ ਸੰਗਰੂਰ, ਸਮਾਣਾ ਤੇ ਅਖ਼ੀਰ ਪਟਿਆਲਾ ਪਹੁੰਚ ਗਏ। ਉਨ੍ਹਾਂ ਦੀ ਜ਼ਿੰਦਗੀ ਦਾ ਇਮਤਿਹਾਨ ਉਦੋਂ ਹੀ ਸ਼ੁਰੂ ਹੋ ਗਿਆ ਜਦੋਂ ਰੋਜ਼ੀ-ਰੋਟੀ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਸਨ। ਸਭ ਤੋਂ ਪਹਿਲਾਂ ਬਾਗ ’ਚ ਪੰਛੀਆਂ ਨੂੰ ਉਡਾਉਣ ਲਈ ਨੌਕਰੀ ਤੇ ਫਿਰ ਚਾਹ ਦੀ ਦੁਕਾਨ ’ਤੇ ਕੰਮ ਕਰਨਾ ਪਿਆ। ਚਾਹ ਦੀ ਦੁਕਾਨ ’ਤੇ ਕੰਮ ਕਰਨਾ ਉਨ੍ਹਾਂ ਲਈ ਵਰਦਾਨ ਸਾਬਿਤ ਹੋਇਆ ਕਿਉਂਕਿ ਜਦੋਂ ਉਹ ਸਕੂਲ ਵਿਚ ਚਾਹ ਦੇਣ ਜਾਂਦੇ ਸਨ ਤਾਂ ਅਧਿਆਪਕ ਖ਼ੁਸ਼ੀ ਰਾਮ ਨੇ ਉਨ੍ਹਾਂ ਦੀ ਪੜ੍ਹਨ ਦੀ ਉਤਸੁਕਤਾ ਦੀ ਪਛਾਣ ਕਰਦਿਆਂ ਪੜ੍ਹਨ ਲਈ ਉਤਸ਼ਾਹਤ ਕੀਤਾ। ਵਾਸਨ ਨੇ ਦਸਵੀਂ ਫਸਟ ਡਵੀਜ਼ਨ ਵਿੱਚ ਪਾਸ ਕੀਤੀ। ਪਟਿਆਲਾ ਆ ਕੇ ਪਿ੍ਰੰਸੀਪਲ ਮੋਹਨ ਸਿੰਘ ਪ੍ਰੇਮ ਦੇ ਗਿਆਨੀ ਕਾਲਜ ਵਿੱਚੋਂ ਗਿਆਨੀ, ਜੇਬੀਟੀ, ਬੀਏ, ਬੀਐੱਡ ਅਤੇ ਕਾਨੂੰਨ ਦੀ ਪੜ੍ਹਾਈ ਪ੍ਰਾਈਵੇਟ ਤੌਰ ’ਤੇ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਪ੍ਰਾਈਵੇਟ ਟਾਈਪਿਸਟ ਅਤੇ ਕੁਝ ਸਮਾਂ ਅਧਿਆਪਕ ਦੀ ਨੌਕਰੀ ਕੀਤੀ। ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਯੋਗਤਾ ਦਾ ਮੁੱਲ ਪਿਆ ਜਿਸ ਕਰਕੇ ਰੁਜ਼ਗਾਰ ਦਫ਼ਤਰ ਵਿਚ ਕਲਰਕ ਦੀ ਸਰਕਾਰੀ ਨੌਕਰੀ ਮਿਲ ਗਈ। ਕਲਰਕ ਤੋਂ ਤਰੱਕੀ ਕਰਦਿਆਂ ਸਹਾਇਕ, ਹੈੱਡ ਕਲਰਕ, ਸੁਪਰਡੈਂਟ, ਸਹਾਇਕ ਰੁਜ਼ਗਾਰ ਅਧਿਕਾਰੀ ਤੇ ਅਖ਼ੀਰ ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਬਣ ਕੇ ਸੇਵਾ ਮੁਕਤ ਹੋਏ। ਉਨ੍ਹਾਂ ਦਾ ਵਿਆਹ ਮਨਮੋਹਨ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਮਹਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਲੜਕੀ ਨਿਰਮਲ ਜੋਤ ਕੌਰ ਹੈ। ਵਾਸਨ 25 ਅਪ੍ਰੈਲ ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੀ ਅੰਤਿਮ ਅਰਦਾਸ ਤੇ ਭੋਗ ਅੱਜ ਨੂੰ ਗੁਰਦੁਆਰਾ ਸਿੰਘ ਸਭਾ ਸੇਵਾ ਸਿੰਘ ਠੀਕਰੀਵਾਲਾ ਨਗਰ ਪਟਿਆਲਾ ਵਿਖੇ ਦੁਪਹਿਰ 12 ਤੋਂ ਵਜੇ 1 ਤੱਕ ਹੋਵੇਗਾ।
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।
-ਮੋਬਾਈਲ : 94178-13072