ਓਸਾਕਾ ਯੂਨੀਵਰਸਿਟੀ ਵਿਚ ਜਾਪਾਨੀ ਮੂਲ ਦਾ ‘ਡਾ. ਤੋਮੀਓ ਮੀਜ਼ੋਕਾਮੀ’ ਜ਼ਰੂਰ ਹੈ ਜਿਸ ਨੇ ਕੁਝ ਕਹਾਣੀਆਂ ਪੰਜਾਬੀ ’ਚ ਅਨੁਵਾਦ ਕੀਤੀਆਂ ਹਨ। ਜਦੋਂ ਜਾਪਾਨੀ ਤੇ ਪੰਜਾਬੀ ਸਾਹਿਤ ਦੀ ਗੱਲ ਚੱਲਦੀ ਹੈ ਤਾਂ ਸੋਢੀ ਆਖਦਾ ਹੈ ਕਿ ‘ਪੰਜਾਬੀ ਸਾਹਿਤ ਕਹਾਣੀ, ਕਵਿਤਾ ਤੇ ਨਾਟਕ ਦੀ ਵਿਧਾ ’ਚ ਜਾਪਾਨੀ ਸਾਹਿਤ ਦੇ ਬਰਾਬਰ ਰੱਖਿਆ ਜਾ ਸਕਦਾ ਹੈ।

ਡਾ. ਹਰਿਭਜਨ ਸਿੰਘ ਨੇ ਆਪਣੀ ਆਤਮ ਕਥਾ ‘ਚੋਲਾ ਟਾਕੀਆਂ ਵਾਲਾ’ ਵਿਚ ਕਵਿਤਾ ਨੂੰ ਕਰਾਮਾਤ ਨਾਲ ਤਸ਼ਬੀਹ ਦਿੰਦਿਆਂ ਲਿਖਿਆ ਹੈ ਕਿ ‘ਕਵੀ ਲਈ ਦੋ ਤੱਤਾਂ ਦੀ ਲਾਜ਼ਮੀ ਲੋੜ ਹੈ-ਇਕ ਦੁੱਖ ਤੇ ਦੂਜਾ ਬਾਲਪਣ’। ਕਵਿਤਾ ਕੋਈ ਕਰਾਮਾਤ ਹੈ ਜੋ ਦੁਖੀ ਮਾਨਵਤਾ ਦੇ ਜੀਵਨ ਵਿਚ ਵਾਪਰਦੀ ਹੈ। ਇਸ ਨੂੰ ਰਚਣ ਜਾਂ ਸਮਝਣ ਲਈ ਬੱਚੇ ਵਰਗੀ ਸਾਦਗੀ ਦੀ ਲੋੜ ਹੈ। ਪ੍ਰਸੰਗ ਅਨੁਕੂਲ ਜੇ ਇੱਥੇ ਸਿਰਫ਼ ਕਵੀਆਂ ਦੀ ਗੱਲ ਹੀ ਕਰੀਏ ਤਾਂ ਕਹਿ ਸਕਦੇ ਹਾਂ ਕਿ ਜਾਪਾਨ ’ਚ ਵਸਦੇ ਸਾਡੇ ਪ੍ਰਸਿੱਧ ਪੰਜਾਬੀ ਕਵੀ ਪਰਮਿੰਦਰ ਸੋਢੀ ਦੀ ਕਵਿਤਾ ਅੰਦਰ ਇਹ ਗੁਣ ਮੌਜੂਦ ਹਨ ਜਿਸ ਦੇ ਹੁਣ ਤੱਕ ਦੇ ਅਦਬੀ ਅਨੁਭਵ ’ਤੇ ਕਿਸੇ ਦਾ ਇਹ ਸ਼ਿਅਰ ਪੂਰਾ ਢੁੱਕਦਾ ਹੈ :
ਦੇਖਾ ਹੈ ਜ਼ਿੰਦਗੀ ਕੋ ਇਤਨਾ ਕਰੀਬ ਸੇ, ਚਿਹਰੇ ਤਮਾਮ ਲਗਨੇ ਲਗੇਂ ਹੈਂ ਅਜੀਬ ਸੇ।
ਪਰਮਿੰਦਰ ਸੋਢੀ ਦਾ ਜਨਮ 27 ਸਤੰਬਰ 1960 ਨੂੰ ਪਿਤਾ ਰਾਜਿੰਦਰ ਸਿੰਘ ਸੋਢੀ ਅਤੇ ਮਾਤਾ ਸੰਤੋਸ਼ ਕੁਮਾਰੀ ਦੇ ਘਰ ਫਿਰੋਜ਼ਪੁਰ ਵਿਖੇ ਹੋਇਆ ਸੀ। ਸੋਢੀ ਦੀ ਵਿੱਦਿਅਕ ਯੋਗਤਾ ‘ਬੈਚੂਲਰ ਆਫ ਜਨਰਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ’ ਤੇ ਐੱਮਏ (ਪੰਜਾਬੀ) ਹੈ। ਉਸ ਨੇ ਉੱਘੇ ਆਲੋਚਕ ਡਾ. ਅਤਰ ਸਿੰਘ ਦੀ ਅਗਵਾਈ ਹੇਠ ਫ਼ਰੀਦ ਬਾਣੀ ’ਤੇ ਖੋਜ ਕਾਰਜ ਵੀ ਕੀਤਾ ਹੋਇਆ ਹੈ। ਪਿਛਲੇ ਤਕਰੀਬਨ 32 ਸਾਲਾਂ ਤੋਂ ਉਹ ਜਾਪਾਨ ਵਿਚ ਹੈ। ਜਾਪਾਨੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਵਿਚ ਵੀ ਉਸ ਦੀ ਡੂੰਘੀ ਦਿਲਚਸਪੀ ਹੈ। ਜਾਪਾਨ ਜਾਂਦਿਆਂ ਜਾਂ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਅੰਤਰਰਾਸ਼ਟਰੀ ਏਅਰਪੋਰਟ ‘ਟੋਕੀਓ ਨਰਿਟਾ’ ਉੱਤੇ ਥੋੜ੍ਹੀ ਜਿਹੀ ਸਟੇਅ ਦੌਰਾਨ ਰੁਕਦਿਆਂ ਵੀ ਸੋਢੀ ਦੀ ਯਾਦ ਆ ਜਾਣੀ ਸੁਭਾਵਕ ਹੈ। ‘ਟੋਕੀਓ ਨਰਿਟਾ’ ਅੰਤਰਰਾਸ਼ਟਰੀ ਏਅਰਪੋਰਟ ’ਤੇ ਅੱਠ ਕੁ ਘੰਟੇ ਵਿਚਰਦਿਆਂ ਮੈਂ ਉੱਥੇ ਇਕ ਵੱਡੀ ਕਿਤਾਬਾਂ ਦੀ ਦੁਕਾਨ ਵੀ ਨਿਹਾਰੀ ਜਿਸ ’ਚੋਂ ਜਾਪਾਨੀ ਲੋਕਾਂ ਦੀਆਂ ਵੱਡਮੁੱਲੀਆਂ ਕਿਤਾਬਾਂ ਉਨ੍ਹਾਂ ਦੀ ਸਾਹਿਤ ਪ੍ਰਤੀ ਸੁਹਿਰਦਤਾ ਦੀ ਸ਼ਾਹਦੀ ਭਰਦੀਆਂ ਸਨ। ਇਨ੍ਹਾਂ ਜਾਪਾਨੀ ਲੋਕਾਂ ਦੀ ਜਾਪਾਨੀ ਭਾਸ਼ਾ ਵਿਚ ਸਾਡੇ ਪਰਮਿੰਦਰ ਸੋਢੀ ਨੂੰ ਪੂਰੀ ਮੁਹਾਰਤ ਹੈ। ਉਹ ਭਾਵੇਂ ਜਾਪਾਨ ਦੇ ਮਹਾਂਨਗਰ ਓਸਾਕਾ ਵਿਚ ਰਹਿੰਦਾ ਹੈ ਪਰ ਉਸ ਨੂੰ ਜਾਪਾਨੀ ਲੋਕਾਂ ਦੇ ਸਮੂਹ ਵਿਚ ਵਿਚਰਨ ਦੀ ਤੇ ਉਨ੍ਹਾਂ ਦੀ ਸਮੂਹਿਕ ਬਿਰਤੀ ਵਾਲੀ ਸੋਚ ਦੀ ਵਿਸਤ੍ਰਿਤ ਜਾਣਕਾਰੀ ਹੈ।
ਪਰਮਿੰਦਰ ਸੋਢੀ ਦੇ ਕਾਵਿ-ਜਗਤ ਵੱਲ ਆਈਏ ਤਾਂ ਇਕ ਗੱਲ ਹੋਰ ਯਾਦ ਆ ਜਾਂਦੀ ਹੈ ਕਿ ਸ਼ਬਦਾਂ ਦੀ ਛਾਵੇਂ ਉਹੀ ਤੁਰ ਸਕਦਾ ਹੈ ਜਿਸ ਕੋਲ ਸ਼ਬਦ-ਸ਼ਿਲਪ ਦੀ ਮੁਹਾਰਤ, ਕਲਪਨਾ ਦਾ ਕ੍ਰਿਸ਼ਮਾ ਕਰਨ ਦੀ ਕਲਾ ਤੇ ਅਨੁਭਵ ਦੀ ਵਧੀਆ ਐਨਕ ਹੋਵੇ। ਇਸ ਪੱਖੋਂ ਤਸੱਲੀ ਵਾਲੀ ਗੱਲ ਹੈ ਕਿ ਪਰਮਿੰਦਰ ਦਾ ਕਾਵਿ-ਜਗਤ ਸ਼ਬਦਾਂ ਦੀ ਸੰਘਣੀ ਛਾਵੇਂ ਤੁਰਦਾ ਹੈ। ਉਹ ਸ਼ਾਬਦਿਕ ਧੁੱਪ ਤੋਂ ਮੁਕਤ ਹੈ।
ਸੋਢੀ ਦੀਆਂ ਹੁਣ ਤੱਕ ਕੁਲ 12 ਕਾਵਿ-ਪੁਸਤਕਾਂ ‘ਉਤਸਵ’, ‘ਤੇਰੇ ਜਾਣ ਤੋਂ ਬਾਅਦ’, ‘ਇਕ ਚਿੜੀ ਅਤੇ ਮਹਾਨਗਰ’, ‘ਸਾਂਝੇ ਸਾਹ ਲੈਂਦਿਆਂ’, ‘ਝੀਲ ਵਾਂਗ ਰੁਕੋ’,‘ਪੱਤੇ ਦੀ ਮਹਾਯਾਤਰਾ’, ‘ਪਲ ਜੀਣਾ’, ‘ਤੁਸੀਂ ਵਸਦੇ ਰਹੋ’, ‘ਅਚਾਨਕ ਆਈ ਪਤਝੜ’, ‘ਬਰਸਦੇ ਨੀਲਕਣ’, ‘ਕਿਤਾਬ ਵਿਚ ਲੁਕ ਗਿਆ ਕੋਈ’ ਤੇ ‘ਛੂਹ ਕੇ ਲੰਘਦੀ ਸ਼ਾਮ’ ਆ ਚੁੱਕੀਆਂ ਹਨ। ਉਸ ਦੀ ਇਕ 168 ਪੰਨਿਆਂ ਦੀ ਪੁਸਤਕ ‘ਬਾਬਾਣੀਆ ਕਹਾਣੀਆਂ’ ਨਾਂ ਦੀ ਹੈ ਜਿਸ ਵਿਚ ਕ੍ਰਮਵਾਰ ਜੈਨ, ਚੀਨੀ, ਸੂਫ਼ੀ ਤੇ ਪੱਛਮੀ ਪਰੰਪਰਾ ਦੀਆਂ ਬਹੁਤ ਦਿਲਚਸਪ ਤੇ ਪ੍ਰੇਰਨਾ ਭਰਪੂਰ ਕਹਾਣੀਆਂ ਹਨ ਜਿਨ੍ਹਾਂ ਨੂੰ ‘ਬੱਚਿਆਂ ਦੇ ਨਾਂ’ ਕੀਤਾ ਗਿਆ ਹੈ। ‘ਰੱਬ ਦੇ ਡਾਕੀਏ’, ‘ਕੁਦਰਤ ਦੇ ਡਾਕੀਏ’ ਤੇ ‘ਮੈਂ ਚਰਖਾ ਤੂੰ ਕੱਤਣ ਵਾਲੀ’ ਸੋਢੀ ਦੀਆਂ ਤਿੰਨ ਵਾਰਤਕ ਪੁਸਤਕਾਂ ਹਨ। ਇਨ੍ਹਾਂ ’ਚੋਂ ਸੋਢੀ ਦੀ ਪੁਸਤਕ ‘ਕੁਦਰਤ ਦੇ ਡਾਕੀਏ’ ਹੀ ਪੜ੍ਹ ਲਓ ਤਾਂ ਇਸ ਪੁਸਤਕ ਦੇ ਕੁੱਲ 116 ਪੰਨਿਆਂ ਨਾਲ ਹੀ ਪਾਠਕ ਨੂੰ ਸੋਢੀ ਦੀ ਵਾਰਤਕ ਨਾਲ ਪਿਆਰ ਹੋ ਜਾਂਦਾ ਹੈ। ਜ਼ਿੰਦਗੀ ਦੇ ਮੁੱਢਲੇ ਤੱਤ ਸਮਝਣ ਵਾਲੇ ਮਨੁੱਖਾਂ ਲਈ ਇਹ ਪੁਸਤਕ ਵਰਦਾਨ ਹੈ। ਚੀਨੀ ਦਰਸ਼ਨ ‘ਤਾਓਵਾਦ’ ਬਾਰੇ ਵੀ 1997 ’ਚ ਉਸ ਦੀ ਇਕ ਪੁਸਤਕ ਆਈ ਹੈ। ਤਿੰਨ ਉਸ ਦੀਆਂ ਕੋਸ਼ ਦੀਆਂ ਪੁਸਤਕਾਂ ਹਨ-‘ਸੰਸਾਰ ਪ੍ਰਸਿੱਧ ਮੁਹਾਵਰੇ’, ‘ਸੰਸਾਰ ਪ੍ਰਸਿੱਧ ਕਥਨ’ ਤੇ ‘ਮੇਰਾ ਸ਼ਬਦ ਕੋਸ਼’। ਸੋਢੀ ਨੇ 7 ਪੁਸਤਕਾਂ ਅਨੁਵਾਦ ਵੀ ਕੀਤੀਆਂ ਹਨ। ‘ਸੰਸਾਰ ਪ੍ਰਸਿੱਧ ਮੁਹਾਵਰੇ’ ਉਸ ਦੀ ਕਈ ਐਡੀਸ਼ਨਾਂ ’ਚ ਛਪ ਚੁੱਕੀ ਪੁਸਤਕ ਹੈ ਜਿਸ ਵਿਚ ਸੋਢੀ ਨੇ ਦੁਨੀਆ ਦੇ 130 ਦੇਸ਼ਾਂ ਤੇ 200 ਬੋਲੀਆਂ ਦੇ ਲਗਪਗ 4000 ਮੁਹਾਵਰੇ/ਕਹਾਵਤਾਂ ਦਰਜ ਕੀਤੇ ਹਨ। ਇਸੇ ਤਰ੍ਹਾਂ ‘ਇਕ ਸੌ ਦਸ’ ਪੰਨਿਆਂ ਦੀ ਪੁਸਤਕ ‘ਮੇਰਾ ਸ਼ਬਦ ਕੋਸ਼’ ਵਿਚ ਸੰਸਾਰ ਦੀਆਂ ਤਕਰੀਬਨ 16 ਬੋਲੀਆਂ ’ਚੋਂ ਪੰਜਾਬੀ ’ਚ ਆਏ ਸ਼ਬਦਾਂ ਦਾ ਵਿਸਥਾਰਤ ਵੇਰਵਾ ਹੈ।
ਪਰਮਿੰਦਰ ਦੇ ਨਾਂ ਨਾਲ ਪਰਵਾਸੀ ਸ਼ਬਦ ਲਾਉਣਾ ਉਸ ਨਾਲ ਜ਼ਿਆਦਤੀ ਹੋਵੇਗੀ ਕਿਉਂਕਿ ਉਹ ਪੰਜਾਬ ਦਾ ਗੇੜਾ ਅਕਸਰ ਮਾਰਦਾ ਰਹਿੰਦਾ ਹੈ ਆਪਣੀਆਂ ਜੜ੍ਹਾਂ ਨੂੰ ਹਰੀਆਂ ਰੱਖਣ ਲਈ। ਉਸ ਨਾਲ ਵਿਚਾਰ-ਵਟਾਂਦਰਾ ਵੀ ਹੁੰਦਾ ਰਹਿੰਦਾ ਹੈ। ਆਪਣੀ ਕਵਿਤਾ ਬਾਰੇ ਉਸ ਦਾ ਆਖਣਾ ਹੈ ਕਿ ‘ਮੇਰੀ ਕਵਿਤਾ ਅਜੋਕੇ ਮਨੁੱਖ ਦੀ ‘ਸਤਿ-ਚਿਤ-ਆਨੰਦ’ ਵੱਲ ਦੀ ਯਾਤਰਾ ਨੂੰ ਪ੍ਰਗਟ ਕਰਦੀ ਹੈ। ਨੱਠ-ਭੱਜ ਨੇ ਸਾਨੂੰ ਮਨੁੱਖਤਾਵਾਦੀ ਗੁਣਾਂ ਤੋਂ ਦੂਰ ਕੀਤਾ ਹੈ। ਸੋਢੀ ਲਿਖਣ ਨਾਲੋਂ ਪੜ੍ਹਨ ਨੂੰ ਬਹੁਤ ਮਹੱਤਵਪੂਰਨ ਸਮਝਦਾ ਹੈ। ਇਸ ਵੇਲੇ ਉਹ ਜਾਪਾਨ ਵਿਚ ਪੰਜਾਬੀ ਮਾਂ-ਬੋਲੀ ਦਾ ਇਕਲੌਤਾ ਝੰਡਾਬਰਦਾਰ ਹੈ।
ਓਸਾਕਾ ਯੂਨੀਵਰਸਿਟੀ ਵਿਚ ਜਾਪਾਨੀ ਮੂਲ ਦਾ ‘ਡਾ. ਤੋਮੀਓ ਮੀਜ਼ੋਕਾਮੀ’ ਜ਼ਰੂਰ ਹੈ ਜਿਸ ਨੇ ਕੁਝ ਕਹਾਣੀਆਂ ਪੰਜਾਬੀ ’ਚ ਅਨੁਵਾਦ ਕੀਤੀਆਂ ਹਨ। ਜਦੋਂ ਜਾਪਾਨੀ ਤੇ ਪੰਜਾਬੀ ਸਾਹਿਤ ਦੀ ਗੱਲ ਚੱਲਦੀ ਹੈ ਤਾਂ ਸੋਢੀ ਆਖਦਾ ਹੈ ਕਿ ‘ਪੰਜਾਬੀ ਸਾਹਿਤ ਕਹਾਣੀ, ਕਵਿਤਾ ਤੇ ਨਾਟਕ ਦੀ ਵਿਧਾ ’ਚ ਜਾਪਾਨੀ ਸਾਹਿਤ ਦੇ ਬਰਾਬਰ ਰੱਖਿਆ ਜਾ ਸਕਦਾ ਹੈ। ਉਂਜ ਪੰਜਾਬੀ ਸਾਹਿਤ ਜਗਤ ਅੰਦਰ ਨਾਵਲ, ਕਵਿਤਾ ਤੇ ਕਹਾਣੀ ਦੇ ਖੇਤਰ ’ਚ ਕਾਫ਼ੀ ਸੰਸਾਰ ਪੱਧਰ ਦਾ ਗੰਭੀਰ ਕੰਮ ਹੋ ਰਿਹਾ ਹੈ ਜੋ ਸ਼ੁਭ ਸ਼ਗਨ ਹੈ। ਦਰਅਸਲ, ਸਾਡਾ ਪਰਮਿੰਦਰ ਸੋਢੀ ਮੋਹ-ਮਾਇਆ ਤੋਂ ਮੁਕਤ ਅਜਿਹੀ ਸੂਖਮ ਸੂਝ ਵਾਲਾ ਕਵੀ ਹੈ ਜਿਸ ਨੂੰ ਕਿਸੇ ਵਿਲਾਸ ਰਾਗ ਦੀ ਬਜਾਏ ਕਿਸੇ ਲੋਕ ਗੀਤ ਦੀ ਹੇਕ ਚੰਗੀ ਲੱਗਦੀ ਹੈ। ਜਿਸ ਨੂੰ ਕਿਤਾਬ ਦੁਨੀਆ ਦੀ ਸਭ ਤੋਂ ਸੋਹਣੀ ਝੀਲ ਦੇ ਪਾਣੀਆਂ ਉੱਪਰ ਤਰਦੀ ਬੇੜੀ ਲੱਗਦੀ ਹੈ। ਅੱਜ ਜਾਪਾਨ ਦੇ ਇਸ ਪ੍ਰਸਿੱਧ ਪੰਜਾਬੀ ਕਵੀ ਨੂੰ ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੰਜਵੀਂ ਐਲੂਮਨੀ ਮਿਲਣੀ 2025 ਤਹਿਤ ਐਲੂਮਨੀ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਸਮਾਰੋਹ ਵਿਚ ਉਸ ਦੀ ਜਾਣ-ਪਛਾਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨ ਡਾ. ਯੋਗਰਾਜ ਕਰਵਾਉਣਗੇ। ਸੋਢੀ ਨੂੰ ਇਹ ਸਨੇਮਾਨ ਅੱਜ ਸਵੇਰੇ 11 ਵਜੇ ਮੋਹਨ ਸਿੰਘ ਦੀਵਾਨਾ ਹਾਲ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਦਿੱਤਾ ਜਾ ਰਿਹਾ ਹੈ।
.jpg) 
 
-ਹਰਮੀਤ ਸਿੰਘ ਅਟਵਾਲ
-ਮੋਬਾਈਲ : 98155-05287