ਸਿਆਣੇ ਕਹਿੰਦੇ ਹਨ ਕਿ, ‘ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਮਨ ਵਸਦਾ ਹੈ।’ ਇਹ ਕਹਾਵਤ ਇੱਥੇ ਪੂਰੀ ਤਰ੍ਹਾਂ ਸਹੀ ਸਾਬਿਤ ਹੁੰਦੀ ਹੈ। ਬੋਰਡ ਪ੍ਰੀਖਿਆ ਸਮੇਂ ਮਾਪਿਆਂ ਦੀ ਭੂਮਿਕਾ ਸਿਰਫ਼ ਨਿਗਰਾਨੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਬੱਚਿਆਂ ਨਾਲ ਦੋਸਤਾਂ ਵਾਂਗ ਗੱਲਬਾਤ ਕਰਨਾ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਲੱਭਣ ਵਿਚ ਮਦਦ ਕਰਨਾ ਬਹੁਤ ਜ਼ਰੂਰੀ ਹੈ।

ਬੋਰਡ ਪ੍ਰੀਖਿਆਵਾਂ ਕਿਸੇ ਵੀ ਵਿਦਿਆਰਥੀ ਦੇ ਜੀਵਨ ਦਾ ਉਹ ਮੋੜ ਹੁੰਦੀਆਂ ਹਨ ਜੋ ਉਸ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਹ ਪ੍ਰੀਖਿਆਵਾਂ ਸਿਰਫ਼ ਪਾਠਕ੍ਰਮ ਦੀ ਪੜ੍ਹੇ ਹੋਣ ਦੀ ਪਰਖ਼ ਹੀ ਨਹੀਂ ਕਰਦੀਆਂ, ਸਗੋਂ ਵਿਦਿਆਰਥੀਆਂ ਦੇ ਮਾਨਸਿਕ ਪੱਧਰ, ਅਨੁਸ਼ਾਸਨ, ਸਮੇਂ ਦੀ ਸਮਝ ਅਤੇ ਆਤਮ-ਵਿਸ਼ਵਾਸ ਨੂੰ ਵੀ ਪਰਖਦੀਆਂ ਹਨ। ਵੇਖਣ ਵਿਚ ਆਉਂਦਾ ਹੈ ਕਿ ਇਸ ਨਾਜ਼ੁਕ ਅਤੇ ਮਹੱਤਵਪੂਰਨ ਦੌਰ ਵਿਚ ਮਾਪਿਆਂ ਦੀ ਭੂਮਿਕਾ ਕੇਂਦਰੀ ਅਤੇ ਨਿਰਣਾਇਕ ਬਣ ਜਾਂਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਦੀ ਕਾਮਯਾਬੀ ਪਿੱਛੇ ਮਾਪਿਆਂ ਦੀ ਸੋਚ, ਸਹਿਯੋਗ ਅਤੇ ਪ੍ਰੇਰਨਾ ਦੀ ਵੱਡੀ ਭੂਮਿਕਾ ਹੁੰਦੀ ਹੈ। ਬੋਰਡ ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਤਣਾਅ, ਡਰ ਅਤੇ ਅਨਿਸ਼ਚਿਤਤਾ ਮਹਿਸੂਸ ਕਰਦੇ ਹਨ। ਵੱਡੀਆਂ ਉਮੀਦਾਂ, ਸਮਾਜਿਕ ਦਬਾਅ ਅਤੇ ਕਰੀਅਰ ਨਾਲ ਜੁੜੀਆਂ ਚਿੰਤਾਵਾਂ ਉਨ੍ਹਾਂ ਨੂੰ ਤਣਾਅਗ੍ਰਸਤ ਕਰ ਦਿੰਦੀਆਂ ਹਨ। ਅਜਿਹੇ ਸਮੇਂ ਮਾਪੇ ਬੱਚਿਆਂ ਲਈ ਸਭ ਤੋਂ ਵੱਡਾ ਸਹਾਰਾ ਬਣਦੇ ਹਨ। ਉਨ੍ਹਾਂ ਦੇ ਪਿਆਰ ਭਰੇ ਸ਼ਬਦ, ਧੀਰਜ ਅਤੇ ਸਮਝ-ਬੂਝ ਬੱਚੇ ਦੇ ਡਰ ਨੂੰ ਵਿਸ਼ਵਾਸ ਵਿਚ ਬਦਲ ਸਕਦੇ ਹਨ। ਜਦੋਂ ਮਾਪੇ ਬੱਚੇ ਨੂੰ ਇਹ ਯਕੀਨ ਦਿਵਾਉਂਦੇ ਹਨ ਕਿ ਅੰਕ ਜੀਵਨ ਦਾ ਅੰਤ ਨਹੀਂ, ਸਗੋਂ ਇਕ ਪੜਾਅ ਹਨ, ਤਾਂ ਬੱਚਾ ਬੇਫ਼ਿਕਰ ਹੋ ਕੇ ਆਪਣੀ ਪ੍ਰੀਖਿਆ ਦੀ ਤਿਆਰੀ ਕਰ ਸਕਦਾ ਹੈ। ਮਾਪਿਆਂ ਦਾ ਸਭ ਤੋਂ ਪਹਿਲਾ ਅਤੇ ਅਹਿਮ ਫ਼ਰਜ਼ ਬੱਚੇ ਦੀ ਮਾਨਸਿਕ ਸਿਹਤ ਦਾ ਖ਼ਿਆਲ ਰੱਖਣਾ ਹੈ। ਕਈ ਵਾਰ ਅਣਜਾਣੇ ਵਿਚ ਮਾਪੇ ਆਪਣੇ ਸੁਪਨੇ ਬੱਚਿਆਂ ਉੱਤੇ ਲੱਦ ਦਿੰਦੇ ਹਨ ਜੋ ਉਨ੍ਹਾਂ ਲਈ ਦਬਾਅ ਬਣ ਜਾਂਦੇ ਹਨ। ਇਸ ਦੇ ਉਲਟ, ਜੇ ਮਾਪੇ ਬੱਚੇ ਦੀ ਯੋਗਤਾ, ਰੁਚੀ ਅਤੇ ਸਮਰੱਥਾ ਨੂੰ ਸਮਝ ਕੇ ਉਸ ਦੀ ਹੌਸਲਾ-ਅਫ਼ਜ਼ਾਈ ਕਰਦੇ ਹਨ ਤਾਂ ਉਨ੍ਹਾਂ ਦਾ ਬੱਚਾ ਹੋਰ ਭਰੋਸੇ ਨਾਲ ਅੱਗੇ ਵਧਦਾ ਹੈ। ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਸਕਾਰਾਤਮਕ ਸੋਚ ਅਤੇ ਸਹਿਯੋਗੀ ਰਵੱਈਆ ਵਿਦਿਆਰਥੀਆਂ ਨੂੰ ਅਸਫਲਤਾ ਦੇ ਡਰ ਤੋਂ ਮੁਕਤ ਕਰਦਾ ਹੈ। ਇਸ ਤੋਂ ਇਲਾਵਾ, ਮਾਪੇ ਪੜ੍ਹਾਈ ਲਈ ਢੁੱਕਵਾਂ ਮਾਹੌਲ ਤਿਆਰ ਕਰਨ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਘਰ ਦਾ ਸ਼ਾਂਤ ਵਾਤਾਵਰਨ, ਪੜ੍ਹਨ ਲਈ ਨਿਰਧਾਰਤ ਸਮਾਂ ਅਤੇ ਜ਼ਰੂਰੀ ਸਾਧਨਾਂ ਦੀ ਉਪਲਬਧਤਾ ਬੱਚੇ ਦੀ ਤਿਆਰੀ ਨੂੰ ਸੁਚੱਜੀ ਬਣਾਉਂਦੀ ਹੈ। ਮਾਪਿਆਂ ਵੱਲੋਂ ਤਿਆਰ ਕੀਤਾ ਗਿਆ ਇਕ ਅਨੁਸ਼ਾਸਿਤ ਰੁਟੀਨ-(ਪੜ੍ਹਾਈ, ਆਰਾਮ ਅਤੇ ਮਨੋਰੰਜਨ ਦਾ ਸੰਤੁਲਨ) ਬੱਚੇ ਨੂੰ ਥਕਾਵਟ ਤੋਂ ਬਚਾਉਂਦਾ ਹੈ। ਬੱਚਿਆਂ ਦੀ ਸਿਹਤ ਵੀ ਬੋਰਡ ਪ੍ਰੀਖਿਆਵਾਂ ਦੇ ਦੌਰਾਨ ਬਹੁਤ ਅਹਿਮ ਹੁੰਦੀ ਹੈ। ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਦੀ ਖੁਰਾਕ, ਨੀਂਦ ਅਤੇ ਆਰਾਮ ਦਾ ਖ਼ਾਸ ਧਿਆਨ ਰੱਖਣ। ਪੌਸ਼ਟਿਕ ਭੋਜਨ, ਪੂਰੀ ਨੀਂਦ ਅਤੇ ਥੋੜ੍ਹਾ ਜਿਹਾ ਮਨੋਰੰਜਨ ਬੱਚਿਆਂ ਨੂੰ ਤੰਦਰੁਸਤ ਅਤੇ ਤਾਜ਼ਗੀ ਭਰਿਆ ਰੱਖਦਾ ਹੈ। ਸਿਆਣੇ ਕਹਿੰਦੇ ਹਨ ਕਿ, ‘ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਮਨ ਵਸਦਾ ਹੈ।’ ਇਹ ਕਹਾਵਤ ਇੱਥੇ ਪੂਰੀ ਤਰ੍ਹਾਂ ਸਹੀ ਸਾਬਿਤ ਹੁੰਦੀ ਹੈ। ਬੋਰਡ ਪ੍ਰੀਖਿਆ ਸਮੇਂ ਮਾਪਿਆਂ ਦੀ ਭੂਮਿਕਾ ਸਿਰਫ਼ ਨਿਗਰਾਨੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਬੱਚਿਆਂ ਨਾਲ ਦੋਸਤਾਂ ਵਾਂਗ ਗੱਲਬਾਤ ਕਰਨਾ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਲੱਭਣ ਵਿਚ ਮਦਦ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਬੱਚਾ ਆਪਣੀਆਂ ਘਬਰਾਹਟਾਂ ਮਾਪਿਆਂ ਨਾਲ ਸਾਂਝੀਆਂ ਕਰਦਾ ਹੈ ਤਾਂ ਉਸ ਦਾ ਮਨ ਹੌਲਾ ਹੋ ਜਾਂਦਾ ਹੈ। ਇਸ ਤਰ੍ਹਾਂ ਮਾਪੇ ਬੱਚੇ ਦੇ ਭਰੋਸੇਮੰਦ ਸਾਥੀ ਬਣ ਜਾਂਦੇ ਹਨ। ਇਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਮਾਪੇ ਬੱਚੇ ਦੀ ਤੁਲਨਾ ਹੋਰਨਾਂ ਨਾਲ ਨਾ ਕਰਨ। ਹਰ ਬੱਚਾ ਵੱਖਰਾ ਹੁੰਦਾ ਹੈ ਅਤੇ ਹਰੇਕ ਦੀ ਸਮਰੱਥਾ ਵੀ ਵੱਖ-ਵੱਖ ਹੁੰਦੀ ਹੈ। ਤੁਲਨਾ ਕਰਨ ਨਾਲ ਬੱਚੇ ਵਿਚ ਹੀਣ ਭਾਵਨਾ ਪੈਦਾ ਹੋ ਸਕਦੀ ਹੈ ਜੋ ਉਸ ਦੇ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ। ਬੋਰਡ ਪ੍ਰੀਖਿਆਵਾਂ ਦੇ ਨਤੀਜੇ ਚਾਹੇ ਕਿਹੋ ਜਿਹੇ ਵੀ ਹੋਣ, ਮਾਪਿਆਂ ਦਾ ਰਵੱਈਆ ਸਥਿਰ ਤੇ ਸਹਿਯੋਗੀ ਹੋਣਾ ਚਾਹੀਦਾ ਹੈ। ਸਫਲਤਾ ਵੇਲੇ ਹੰਕਾਰ ਤੋਂ ਬਚਾਉਣਾ ਤੇ ਅਸਫਲਤਾ ਵੇਲੇ ਹੌਸਲਾ ਬਰਕਰਾਰ ਰੱਖਣਾ ਮਾਪਿਆਂ ਦੀ ਸਮਝਦਾਰੀ ਨੂੰ ਦਰਸਾਉਂਦਾ ਹੈ। ਬੱਚੇ ਨੂੰ ਇਹ ਸਿਖਾਉਣਾ ਕਿ ਜਿੱਤ ਅਤੇ ਹਾਰ, ਦੋਵੇਂ ਜੀਵਨ ਦੇ ਹਿੱਸੇ ਹਨ, ਉਸ ਦੀ ਸ਼ਖ਼ਸੀਅਤ ਨੂੰ ਮਜ਼ਬੂਤ ਬਣਾਉਂਦਾ ਹੈ। ਮਾਪਿਆਂ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਬੱਚੇ ਨੂੰ ਸਿਰਫ਼ ਅੰਕਾਂ ਦੀ ਦੌੜ ਵਿਚ ਨਾ ਫਸਾਉਣ, ਸਗੋਂ ਉਸ ਦੇ ਸਰਬਪੱਖੀ ਵਿਕਾਸ ਉੱਤੇ ਧਿਆਨ ਦੇਣ। ਨੈਤਿਕ ਕਦਰਾਂ-ਕੀਮਤਾਂ, ਸਵੈ-ਅਨੁਸ਼ਾਸਨ ਅਤੇ ਜੀਵਨ ਦੀ ਸਹੀ ਸੋਚ ਬੱਚੇ ਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਹਨ। ਮਾਪਿਆਂ ਦਾ ਪਿਆਰ, ਸਹਿਯੋਗ, ਸਮਝਦਾਰੀ ਅਤੇ ਪ੍ਰੇਰਨਾ ਬੱਚਿਆਂ ਨੂੰ ਨਾ ਸਿਰਫ਼ ਪ੍ਰੀਖਿਆਵਾਂ ਵਿਚ ਸਫਲ ਬਣਾਉਂਦੇ ਹਨ ਸਗੋਂ ਜੀਵਨ ਦੀਆਂ ਸਭ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦੇ ਯੋਗ ਵੀ ਬਣਾਉਂਦੇ ਹਨ।
-ਪ੍ਰਕਾਸ਼ ਸਿੰਘ ਗਿੱਲ, ਦਿੱਲੀ।
-ਮੋਬਾਈਲ : 92126-32234