ਬਹੁਤ ਸਾਰੇ ਨਿਰਦੋਸ਼ ਸਿੱਖ ਸ਼ਹੀਦੀ ਜਾਮ ਪੀ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੱਖੜੀ-ਖੱਖੜੀ ਹੋਈ ਇਮਾਰਤ, ਦਰਸ਼ਨੀ ਡਿਉੜੀ ਵਿਚ ਹੋਏ ਮਘੋਰਿਆਂ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਗੋਲ਼ੀਆਂ ਦਾ ਨਿਸ਼ਾਨਾ ਬਣ ਜਾਣਾ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾੜਿਆ ਜਾਣਾ ਤੇ ਅਮੀਰ ਸਾਹਿਤਕ ਸਰਮਾਏ ਲੈ ਜਾਣ ਨਾਲ ਸਿੱਖ ਮਾਨਸਿਕਤਾ ਨੂੰ ਅਜਿਹਾ ਜ਼ਖ਼ਮੀ ਕੀਤਾ ਕਿ ਧਰਮੀ ਜਿਉੜਿਆਂ ਦਾ ਤਨ-ਮਨ ਛਲਣੀ-ਛਲਣੀ ਹੋ ਗਿਆ।

ਜੂਨ-1984 ’ਚ ਸਰਕਾਰ ਨੇ ਮਾਨਵਤਾ ਦੇ ਸਰਬ-ਸਾਂਝੇ ਧਰਮ ਮੰਦਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫ਼ੌਜੀ ਹਮਲਾ ਕਰ ਕੇ ਸਿੱਖ ਮਾਨਸਿਕਤਾ ਨੂੰ ਐਸੇ ਜਖ਼ਮ ਦਿੱਤੇ ਜਿਹੜੇ ਰਿਸਦੇ-ਰਿਸਦੇ ਨਾਸੂਰ ਬਣ ਚੁੱਕੇ ਹਨ। ਜੂਨ 1984 ’ਚ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਭਾਰਤੀ ਫ਼ੌਜ ਨੇ ਜੋ ਹਮਲਾ ਕੀਤਾ ਉਹ ਦੁਸ਼ਮਣ ਦੇਸ਼, ਦੁਸ਼ਮਣ ਦੇਸ਼ ਦੇ ਸੈਨਿਕਾਂ ’ਤੇ ਨਹੀਂ ਸੀ ਸਗੋਂ ਆਪਣੇ ਦੇਸ਼ ’ਚ ਵਸਣ ਵਾਲੇ ਆਪਣੇ ਨਾਗਰਿਕਾਂ ’ਤੇ ਸੀ ਜਿਸ ’ਚ ਨਿਰਦੋਸ਼ ਸਿੱਖ ਬੱਚੇ-ਬੁੱਢੇ, ਜਵਾਨ ਮਰਦ-ਔਰਤਾਂ ਮਾਰੇ ਗਏ ਸਨ।
ਇਹ ਫ਼ੌਜੀ ਹਮਲਾ ‘ਸ੍ਰੀ ਹਰਿਮੰਦਰ ਸਾਹਿਬ’ ਉੱਤੇ ਕੀਤਾ ਗਿਆ ਜਿਸ ਨੂੰ ਬ੍ਰਹਿਮੰਡ ’ਚ ਮਾਨਵਤਾ ਦਾ ਸਰਬ-ਸਾਂਝਾ ਧਰਮ ਮੰਦਰ ਹੋਣ ਦਾ ਸ਼ਰਫ਼ ਤੇ ਮਾਣ-ਸਤਿਕਾਰ ਹਾਸਲ ਹੈ। ਬਾਬਾ ਕਬੀਰ ਜੀ ਦਾ ਪਾਵਨ ਕਥਨ ਹੈ, ਕਿ ਐਸਾ ਕੋਈ ਮਨੁੱਖ ਨਹੀਂ ਜੋ ਆਪਣੇ ਘਰ-ਮੰਦਰ-ਮਹਿਲ ਨੂੰ ਜਲਾ ਦੇਵੇ : ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ॥ (ਪੰਨਾ 1368)।
ਤਾਜ ਹੋਟਲ ਮੁੰਬਈ, ਹਜ਼ਰਤ ਬਲ ਸ੍ਰੀਨਗਰ ’ਚੋਂ ਵਿਦੇਸ਼ੀ-ਦੁਸ਼ਮਣ ਦੇਸ਼ ਦੇ ਅੱਤਵਾਦੀ ਕੱਢਣ ਸਮੇਂ ਇਨ੍ਹਾਂ ਸਥਾਨਾਂ ਦੀ ਵਿਰਾਸਤੀ ਅਹਿਮੀਅਤ ਨੂੰ ਤਰਜੀਹ ਦਿੱਤੀ ਗਈ ਸੀ। ਕੀ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਵਿਰਾਸਤ ਦਾ ਹਿੱਸਾ ਨਹੀਂ ਸੀ? ਪਰ ਡਾਹਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਏ! ਇਹ ਫ਼ੌਜੀ ਹਮਲਾ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ’ਤੇ ਉਸ ਸਮੇਂ ਕੀਤਾ ਗਿਆ ਜਦ ਸਮੁੱਚੀ ਮਾਨਵਤਾ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ ਜਿਨ੍ਹਾਂ ਨੇ ਮਨੁੱਖਤਾ ਨੂੰ ਸਰਬ-ਸਾਂਝਾ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਰਬ-ਸਾਂਝਾ ਧਰਮ ਮੰਦਰ ਸ੍ਰੀ ਹਰਿਮੰਦਰ ਸਾਹਿਬ ਦਿੱਤਾ ਤੇ ਬੁਜ਼ਦਿਲ ਤੇ ਕਾਇਰ ਗੁਲਾਮ ਲੋਕਾਂ ਵਾਸਤੇ ਸ਼ਹਾਦਤ ਦੇ ਕੇ ਗੌਰਵਮਈ ਸ਼ਹੀਦੀ ਸਿਧਾਂਤ ਤੇ ਪਰੰਪਰਾ ਦੀ ਨੀਂਹ ਰੱਖੀ। ਨਹੀਂ ਤਾਂ ਭਾਰਤ ਵਿਚ ਬਲੀਦਾਨ ਤਾਂ ਦਿੱਤਾ ਜਾਂਦਾ ਸੀ, ਉਹ ਵੀ ਆਪਣੇ ਭਲੇ ਵਾਸਤੇ ਕਿਸੇ ਹੋਰ ਜੀਵ ਦਾ। ਵਿਸ਼ਵ ਦੇ ਇਤਿਹਾਸ ਵਿਚ ਜੂਨ 1984 ਦਾ ਪਹਿਲਾ ਹਫ਼ਤਾ ਕਾਲੇ ਅੱਖਰਾਂ ਵਿਚ ਉਕਰਿਆ ਗਿਆ ਹੈ।
ਇਹ ਉਹ ਦਿਨ ਸੀ ਜਦ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਕੱਤਰ ਹੋ ਕੇ ਅੰਮ੍ਰਿਤਮਈ ਗੁਰਬਾਣੀ ਨਾਲ ਸ਼ਰਸਾਰ, ਅੰਮ੍ਰਿਤਸਰ ਸਰੋਵਰ ’ਚ ਇਸ਼ਨਾਨ ਕਰ ਕੇ ਤਨ-ਮਨ ਨੂੰ ਸੀਤਲ ਕਰ ਰਹੀਆਂ ਸਨ। ਉਸ ਸਮੇਂ ਜਾਬਰ ਸਰਕਾਰ ਦੇ ਫ਼ੌਜੀ ਹਮਲੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਂਤ ਚਿੱਤ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ ਨੂੰ ਟੈਂਕਾਂ ਦੇ ਗੋਲਿਆਂ, ਬੰਬਾਂ ਦਾ ਨਿਸ਼ਾਨਾ ਬਣਾਇਆ। ਬਹੁਤ ਸਾਰੇ ਨਿਰਦੋਸ਼ ਸਿੱਖ ਸ਼ਹੀਦੀ ਜਾਮ ਪੀ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੱਖੜੀ-ਖੱਖੜੀ ਹੋਈ ਇਮਾਰਤ, ਦਰਸ਼ਨੀ ਡਿਉੜੀ ਵਿਚ ਹੋਏ ਮਘੋਰਿਆਂ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਗੋਲ਼ੀਆਂ ਦਾ ਨਿਸ਼ਾਨਾ ਬਣ ਜਾਣਾ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾੜਿਆ ਜਾਣਾ ਤੇ ਅਮੀਰ ਸਾਹਿਤਕ ਸਰਮਾਏ ਲੈ ਜਾਣ ਨਾਲ ਸਿੱਖ ਮਾਨਸਿਕਤਾ ਨੂੰ ਅਜਿਹਾ ਜ਼ਖ਼ਮੀ ਕੀਤਾ ਕਿ ਧਰਮੀ ਜਿਉੜਿਆਂ ਦਾ ਤਨ-ਮਨ ਛਲਣੀ-ਛਲਣੀ ਹੋ ਗਿਆ।
ਸਿੱਖਾਂ ’ਤੇ ਇਸ ਤੀਸਰੇ ਘੱਲੂਘਾਰੇ ਰਾਹੀਂ ਸਿੱਖ ਨਸਲਕੁਸ਼ੀ ਦਾ ਘਿਨਾਉਣਾ ਕਾਰਨਾਮਾ ਕੀਤਾ ਗਿਆ ਹੈ ਜੋ 39 ਸਾਲ ਬੀਤ ਜਾਣ ਤੋਂ ਬਾਅਦ ਵੀ ਜ਼ਖ਼ਮੀ ਹਿਰਦੇ ਜਿਉਂ ਦੇ ਤਿਉਂ ਹੀ ਹਨ। ਇਹ ਜ਼ਖ਼ਮ ਹੀ ਅਜਿਹੇ ਹਨ ਜਿਨ੍ਹਾਂ ਦਾ ਪੂਰੀ ਤਰ੍ਹਾਂ ਠੀਕ ਹੋ ਜਾਣਾ ਤਾਂ ਅਸੰਭਵ ਹੈ। ਕੁਝ ਘਟਨਾਵਾਂ, ਕੁਝ ਸਾਕੇ ਹੀ ਅਜਿਹੇ ਵਾਪਰ ਜਾਂਦੇ ਹਨ ਜੋ ਆਪਣੀ ਅਮਿੱਟ ਛਾਪ ਲੋਕ-ਹਿਰਦਿਆਂ ਉੱਪਰ ਸਦੀਵੀ ਕਾਲ ਲਈ ਛੱਡ ਜਾਂਦੇ ਹਨ।
ਜੂਨ, 1984 ਵਿਚ ਵੀ ਅਜਿਹਾ ਹੀ ਭਾਣਾ ਵਾਪਰਿਆ ਜਿਸ ਦੀ ਆਸ ਦੁਸ਼ਮਣਾਂ ਪਾਸੋਂ ਵੀ ਨਹੀਂ ਸੀ ਕੀਤੀ ਜਾ ਸਕਦੀ ਪਰ ‘ਆਪਣਿਆਂ’ ਕਰ ਵਿਖਾਇਆ। ਮੈਂ ਇਨ੍ਹਾਂ ਅਤਿ ਦੁਖਦ-ਕਾਲੇ ਦਿਨਾਂ ਦੀ ਤੁਲਨਾ ਸਿੱਖ ਕੌਮ ਦੇ ਇਤਿਹਾਸ ਵਿਚ ਪਹਿਲੇ ਵਾਪਰੇ ਘੱਲੂਘਾਰਿਆਂ ਨਾਲ ਕਰਦੇ ਹੋਏ ਇਸ ਨੂੰ ਤੀਜੇ ਘੱਲੂਘਾਰੇ ਦਾ ਨਾਮ ਦਿੰਦਾ ਹਾਂ।
ਅਸੀਂ ਦੇਖਣਾ ਹੈ ਕਿ ਪਹਿਲਾਂ ਵਾਪਰੇ ਦੋ ਘੱਲੂਘਾਰਿਆਂ ਤੋਂ ਇਹ ਕਿਵੇਂ ਭਿੰਨ ਹੈ? ਪਹਿਲਾ ਘੱਲੂਘਾਰਾ ਜੂਨ, 1746 ਦੇ ਪਹਿਲੇ ਹਫ਼ਤੇ ਹੀ ਵਾਪਰਿਆ ਸੀ ਜਦ 15000 ਦੇ ਕਰੀਬ ਸਿਦਕੀ ਸਿੰਘ ਸਮੇਂ ਦੀ ਜਾਬਰ ਹਕੂਮਤ ਦਾ ਮੁਕਾਬਲਾ ਕਰਦੇ ਹੋਏ ਜਾਮ-ਏ-ਸ਼ਹੀਦੀ ਪੀ ਗਏ ਸਨ। ਇਹ ਕਹਿਰ ਉਸ ਸਮੇਂ ਦੇ ਹਾਕਮ ਯਹੀਆ ਖ਼ਾਨ ਦੇ ਇਕ ਅਹਿਲਕਾਰ ਲਖਪਤਿ ਰਾਏ ਨੇ ਕਮਾਇਆ ਸੀ ਜਿਸ ਨੇ ਇਹ ਕਸਮ ਖਾਧੀ ਸੀ ਕਿ ਉਹ ਸਿੱਖ ਕੌਮ ਦਾ ਖੁਰਾ-ਖੋਜ ਮਿਟਾ ਕੇ ਹੀ ਸਾਹ ਲਵੇਗਾ। ਪਰ ਵਿਚਾਰਾ ਆਪ ਹੀ ਮਿਟ ਗਿਆ। ਅੱਜ ਸਿੱਖ ਸਰਦਾਰ ਬ੍ਰਹਿਮੰਡੀ ਸ਼ਹਿਰੀ ਬਣ ਕੇ ਮਾਣ-ਸਤਿਕਾਰ ਹਾਸਲ ਕਰ ਰਹੇ ਹਨ। ਦੂਸਰੀ ਵਾਰੀ ਫਿਰ ਸਿੱਖ ਕੌਮ ਦਾ ਖੁਰਾ-ਖੋਜ ਮਿਟਾਉਣ ਲਈ ਅਹਿਮਦ ਸ਼ਾਹ ਅਬਦਾਲੀ ਨੇ 1762 ’ਚ ਮਲੇਰਕੋਟਲੇ ਦੇ ਨਜ਼ਦੀਕ ਕੁੱਪ ਰਹੀੜਾ ਦੇ ਲਾਗੇ 30,000 ਦੇ ਲਗਪਗ ਸਿੰਘਾਂ ਨੂੰ ਘੇਰੇ ਵਿਚ ਲੈ ਕੇ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਦਾ ਕਤਲੇਆਮ ਕੀਤਾ। ਬਹੁਤ ਸਾਰੇ ਸਿਦਕੀ ਸਿੰਘ ਆਖ਼ਰੀ ਦਮ ਤਕ ਲੜਦੇ ਰਹੇ।
ਇਸ ਘੱਲੂਘਾਰੇ ਵਿਚ ਸਿੱਖ ਕੌਮ ਦੇ ਜਾਨੀ ਨੁਕਸਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦ ਅਬਦਾਲੀ ਲਾਹੌਰ ਵੱਲ ਵਾਪਸ ਜਾ ਰਿਹਾ ਸੀ ਤਾਂ ਉਸ ਦੇ ਲਸ਼ਕਰ ਨਾਲ 50 ਗੱਡੇ ਐਸੇ ਸਨ ਜਿਨ੍ਹਾਂ ਵਿਚ ਸ਼ਹੀਦ ਸਿੰਘਾਂ ਦੇ ਸਿਰ ਲੱਦੇ ਹੋਏ ਸਨ। ਇਸ ਘੱਲੂਘਾਰੇ ਵਿਚ ਪਹਿਲੇ ਘੱਲੂਘਾਰੇ ਨਾਲੋਂ ਜਾਨੀ ਤੇ ਮਾਲੀ ਨੁਕਸਾਨ ਜ਼ਿਆਦਾ ਹੋਇਆ ਸੀ। ਇਸ ਕਰਕੇ ਇਸ ਨੂੰ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ। ਪਹਿਲੇ ਘੱਲੂਘਾਰੇ ਦੁਸ਼ਮਣ ਵੱਲੋਂ ਸ਼ੁਰੂ ਕੀਤੇ ਗਏ ਪਰ ਇਹ ਆਜ਼ਾਦ ਭਾਰਤ ਵਿਚ ਆਪਣਿਆਂ ਵੱਲੋਂ ਕੀਤਾ ਗਿਆ।
ਦੂਸਰਾ, ਜਾਨੀ-ਮਾਲੀ ਨੁਕਸਾਨ ਦੇ ਨਾਲ-ਨਾਲ ਇਸ ਘੱਲੂਘਾਰੇ ਵਿਚ ਜੋ ਇਤਿਹਾਸਕ ਵਿਰਸੇ ਤੇ ਵਿਰਾਸਤ ਦਾ ਨੁਕਸਾਨ ਆਪਣਿਆਂ ਨੇ ਕੀਤਾ, ਉਹ ਪਹਿਲੇ ਘੱਲੂਘਾਰਿਆਂ ਨੂੰ ਮਾਤ ਪਾ ਗਿਆ। ਇਹ ਘੱਲੂਘਾਰਾ ਪਹਿਲੇ ਵਾਪਰੇ ਘੱਲੂਘਾਰਿਆਂ ਨਾਲੋਂ ਭਿਆਨਕ ਤੇ ਮਾਰੂ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸਿੰਘ-ਸਿੰਘਣੀਆਂ, ਬੱਚੇ-ਬੱਚੀਆਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਛੋਟੇ-ਛੋਟੇ ਬੱਚਿਆਂ ਨੂੰ ਮਾਵਾਂ ਦੀ ਮਮਤਾ ਤੋਂ ਵਾਂਝਿਆਂ ਹੀ ਨਹੀਂ ਕੀਤਾ ਗਿਆ ਸਗੋਂ ਜਿਊਂਦੇ ਜੀਅ ਚੀਰ ਦੇਣਾ, ਗੋਲ਼ੀਆਂ ਨਾਲ ਭੁੰਨ ਸੁੱਟਣਾ, ਸਰਾਵਾਂ ਵਿਚ ਆਰਾਮ ਕਰ ਰਹੇ ਯਾਤਰੂਆਂ ਨੂੰ ਗੋਲ਼ੀਆਂ ਦਾ ਨਿਸ਼ਾਨਾ ਬਣਾਉਣਾ ਨਾਦਰਸ਼ਾਹੀ ਜ਼ੁਲਮਾਂ ਨੂੰ ਵੀ ਮਾਤ ਪਾ ਗਿਆ।
ਜੂਨ 1984 ਤੋਂ ਸ਼ੁਰੂ ਹੋਏ ਘੱਲੂਘਾਰੇ ਵਿਚ ਵੀ ਬਹਾਦਰ ਸ਼ਾਹ ਬਾਦਸ਼ਾਹ ਦੇ ਉਸ ਹੁਕਮ ਦੀ ਪਾਲਣਾ ਹੁੰਦੀ ਜਾਪਦੀ ਹੈ ਜਿਸ ਰਾਹੀਂ ਉਸ ਦਾ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਮੂਲੋਂ ਹੀ ਖ਼ਤਮ ਕਰਨ ਦਾ ਇਰਾਦਾ ਜ਼ਾਹਰ ਹੁੰਦਾ ਸੀ: ਨਾਨਕ ਪ੍ਰਸਤਾ ਰਾ ਹਰ ਜਾ ਕਿ ਬਿਆਬੰਦ ਬਾ ਕਾਤਲ...।
ਇਸ ਸਮੇਂ ਦੌਰਾਨ ਜਿਹੜਾ ਸਿੱਖ ਧਰਮ ਤੇ ਸਮਾਜ ਦਾ ਨੁਕਸਾਨ ਹੋਇਆ, ਉਸ ਦੇ ਨਾਲ ਹੀ ਪੰਜਾਬ ਨੂੰ ਤਬਾਹ ਕਰਨ ਦੇ ਆਧੁਨਿਕ ਹਾਲਾਤ ਪੈਦਾ ਕਰਨ ਵਿਚ ਇਹ ਘੱਲੂਘਾਰਾ ਹੀ ਬਹੁਤ ਵੱਡਾ ਕਾਰਨ ਸੀ। ਸਦੀਆਂ ਤੀਕ ਵੀ ਇਹ ਜ਼ਖ਼ਮ ਰਿਸਦੇ ਤੇ ਅੱਲੇ ਹੀ ਰਹਿਣਗੇ।
-ਡਾ. ਰੂਪ ਸਿੰਘ
-ਮੋਬਾਈਲ : 98146-37979