ਗੁਰਦੁਆਰਾ ਉਸ ਦਿਨ ਤੋਂ ਹੀ ਸੁਸ਼ੋਭਿਤ ਹੈ ਤੇ ਪ੍ਰੋਗਰਾਮ ਲਗਾਤਾਰ ਕੀਤੇ ਜਾਂਦੇ ਹਨ। ਪਰ ਅੱਜ ਤੱਕ ਯੂਪੀ ਸਰਕਾਰ ਨੇ ਇਸ ਜ਼ਮੀਨ ਨੂੰ ਗੁਰਦੁਆਰੇ ਲਈ ਸਥਾਈ ਤੌਰ ’ਤੇ ਦੇਣ ਲਈ ਕੋਈ ਪੱਤਰ ਨਹੀ ਭੇਜਿਆ ਹੈ। ਉੱਤਰਾਖੰਡ ਵਿਚ ਪਿਛਲੇ 5 ਸਾਲਾਂ ਤੋਂ ਸਿੱਖ ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਹਨ ਪਰ ਉਹ ਵੀ ਇਹ ਪ੍ਰਵਾਨਗੀ ਪ੍ਰਾਪਤ ਨਹੀਂ ਕਰ ਸਕੇ।

ਹਰਜੀਤ ਸਿੰਘ ਦੁਆ, ਜਿਨ੍ਹਾਂ ਨੇ ਹਰਿਦੁਆਰ ਵਿਚ ਗਿਆਨ ਗੋਦੜੀ ਗੁਰਦੁਆਰਾ ਬਣਾਉਣ ਦੀ ਮੁਹਿਮ ਆਰੰਭ ਕੀਤੀ ਸੀ, ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਜਨਮ 90 ਸਾਲ ਪਹਿਲਾਂ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਵਿਚ ਹੋਇਆ ਸੀ। ਪਾਕਿਸਤਾਨ ਤੋਂ ਸਹਾਰਨਪੁਰ ਆਏ ਤੇ ਫਿਰ 1970 ਵਿਚ ਪੱਕੇ ਤੌਰ ’ਤੇ ਹਰਿਦੁਆਰ ਵਿਚ ਰਹਿਣ ਲੱਗ ਪਏ ਤੇ ਉੱਚ ਕੋਟੀ ਦੇ ਵਪਾਰੀ ਬਣੇ। ਇਸ ਸ਼ਹਿਰ ਵਿਚ ਸਿੱਖਾਂ ਦੀ ਵਸੋਂ ਕੁਝ ਸੌ ਹੀ ਹੈ। ਸ. ਦੁਆ ਸਿੰਘ ਸਭਾ ਗੁਰਦੁਆਰੇ ਦੇ ਪ੍ਰਧਾਨ ਰਹੇ ਅਤੇ ਸਾਰੀਆਂ ਸਿੱਖ ਸੁਸਾਇਟੀਆਂ ਦੀ ਆਵਾਜ਼ ਬਣੇ।
ਉਹ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਦੀ ਯਾਦ ਵਿਚ ਇਕ ਗੁਰਦੁਆਰਾ ਬਣਾਉਣ ਲਈ ਮੰਦਰ ਅਧਿਕਾਰੀਆਂ ਤੇ ਸਰਕਾਰ ਨਾਲ ਗੱਲਬਾਤ ਕਰਦੇ ਰਹੇ ਸਨ। ਉਨ੍ਹਾਂ ਨੂੰ ਨਿਸ਼ਚੇ ਹੋ ਗਿਆ ਕਿ ਸਰਕਾਰ ਅਤੇ ਧਾਰਮਿਕ ਆਗੂ ਮੰਦਰ ਦੇ ਸਾਹਮਣੇ ਹਰ ਕੀ ਪੌੜੀ ’ਤੇ ਗੁਰਦੁਆਰਾ ਬਣਾਉਣ ਲਈ ਤਿਆਰ ਨਹੀ ਹਨ। ਮੈਨੂੰ ਯਾਦ ਹੈ ਕਿ ਜਦੋਂ ਸੁਰਜੀਤ ਸਿੰਘ ਬਰਨਾਲਾ ਉੱਤਰਾਖੰਡ ਦੇ ਗਵਰਨਰ ਬਣੇ ਤਾਂ ਉਨ੍ਹਾਂ ਨੇ ਮੈਨੂੰ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਇਸ ਮੁੱਦੇ ਨੂੰ ਹੱਲ ਕਰਨ ਲਈ ਕਿਹਾ। ਮੁੱਖ ਸਕੱਤਰ ਉੱਤਰਾਖੰਡ, ਮੰਦਰ ਅਧਿਕਾਰੀ ਅਤੇ ਸਿੱਖ ਨੁਮਾਇੰਦਿਆਂ ਦੀਆਂ ਕਈ ਸਾਂਝੀਆਂ ਮੀਟਿੰਗਾਂ ਕੀਤੀਆਂ ਗਈਆਂ। ਮੇਰੇ ਦਫ਼ਤਰ ਦਿੱਲੀ ’ਚ ਅੰਤਿਮ ਮੀਟਿੰਗ ਹੋਈ ਅਤੇ ਇਹ ਫ਼ੈਸਲਾ ਲਿਆ ਗਿਆ ਕਿ ਮੰਦਰ ਦੇ ਨੇੜੇ ਗੰਗਾ ਦਰਿਆ ਤੇ ਕਿਨਾਰੇ ਗੁਰਦੁਆਰਾ ਬਣਾਉਣ ਲਈ ਜ਼ਮੀਨ ਦਿੱਤੀ ਜਾਵੇਗੀ।
ਇਸ ਫ਼ੈਸਲੇ ਅਨੁਸਾਰ ਜਗ੍ਹਾ ਦੀ ਚੋਣ ਕਰ ਲਈ ਗਈ ਤੇ ਸਰਕਾਰ ਤੇ ਸਿੱਖਾਂ ਵੱਲੋਂ ਇਸ ਅਹਿਦਨਾਮੇ ’ਤੇ ਦਸਤਖ਼ਤ ਕਰ ਦਿੱਤੇ ਗਏ। ਇਹ ਪਲਾਟ ਨਹਿਰ ਦੇ ਕਿਨਾਰੇ ਸੀ ਤੇ ਨਹਿਰ ਯੂਪੀ ਸਰਕਾਰ ਦੇ ਅਧਿਕਾਰ ਵਿਚ ਸੀ। ਇਸ ਲਈ ਚੀਫ ਸੈਕਟਰੀ ਉੱਤਰਾਖੰਡ ਨੇ ਚੀਫ ਸੈਕਟਰੀ ਯੂਪੀ ਨੂੰ ਜ਼ਮੀਨ ਦੇ ਉਸ ਟੁਕੜੇ ਨੂੰ ਸਿੱਖਾਂ ਨੂੰ ਪੱਕੇ ਤੌਰ ’ਤੇ ਦੇਣ ਲਈ ਲਿਖ ਦਿੱਤਾ। ਇਸ ਦੇ ਨਾਲ ਹੀ ਇਸ ਪਲਾਟ ਦਾ ਕਬਜ਼ਾ ਸਿੱਖਾਂ ਨੂੰ ਦੇ ਦਿੱਤਾ ਗਿਆ। ਇੱਥੇ ਸੰਗਤ ਨੇ ਇਕ ਸ਼ੈੱਡ ਅਤੇ ਨਿਸ਼ਾਨ ਸਾਹਿਬ ਲਗਾ ਦਿੱਤਾ ਜੋ ਕਿ ਅੱਜ ਵੀ ਮੌਜੂਦ ਹੈ।
ਗੁਰਦੁਆਰਾ ਉਸ ਦਿਨ ਤੋਂ ਹੀ ਸੁਸ਼ੋਭਿਤ ਹੈ ਤੇ ਪ੍ਰੋਗਰਾਮ ਲਗਾਤਾਰ ਕੀਤੇ ਜਾਂਦੇ ਹਨ। ਪਰ ਅੱਜ ਤੱਕ ਯੂਪੀ ਸਰਕਾਰ ਨੇ ਇਸ ਜ਼ਮੀਨ ਨੂੰ ਗੁਰਦੁਆਰੇ ਲਈ ਸਥਾਈ ਤੌਰ ’ਤੇ ਦੇਣ ਲਈ ਕੋਈ ਪੱਤਰ ਨਹੀ ਭੇਜਿਆ ਹੈ। ਉੱਤਰਾਖੰਡ ਵਿਚ ਪਿਛਲੇ 5 ਸਾਲਾਂ ਤੋਂ ਸਿੱਖ ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਹਨ ਪਰ ਉਹ ਵੀ ਇਹ ਪ੍ਰਵਾਨਗੀ ਪ੍ਰਾਪਤ ਨਹੀਂ ਕਰ ਸਕੇ। ਮੈਨੂੰ ਯਾਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ’ਤੇ ਸਿੱਖਾਂ ਨਾਲ ਹੋਈ ਪਹਿਲੀ ਗੱਲਬਾਤ ਦੌਰਾਨ ਦੁਆ ਜੀ ਨੇ ਉਸ ਮੀਟਿੰਗ ਵਿਚ ਉੱਤਰਖੰਡ ਦੇ ਸਿੱਖਾਂ ਦੀ ਨੁਮਾਇੰਦਗੀ ਕੀਤੀ ਸੀ।
ਹਰਿਦੁਆਰ ਦੇ ਵਸਦੇ ਸਥਾਨਕ ਸਿੱਖ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਹਰ ਕੀ ਪੌੜੀ ’ਤੇ ਗੁਰਦੁਆਰਾ ਬਣਾਉਣਾ ਅਸੰਭਵ ਲੱਗਦਾ ਹੈ ਪਰ ਨਹਿਰ ਵਾਲੀ ਥਾਂ ’ਤੇ ਇਕ ਸੁੰਦਰ ਗੁਰਦੁਆਰਾ ਬਣਨ ਨਾਲ ਗੁਰੂ ਨਾਨਕ ਦੇਵ ਜੀ ਦੀ ਸਦੀਵੀ ਯਾਦ ਬਣ ਜਾਵੇਗੀ। ਮੈਨੂੰ ਚਿੰਤਾ ਹੈ ਕਿ ਦੁਆ ਜੀ ਦੇ ਅਕਾਲ ਚਲਾਣੇ ਪਿੱਛੋਂ ਅਸੀਂ ਮੌਜੂਦਾ ਗੁਰਦੁਆਰੇ ਦਾ ਕਬਜ਼ਾ ਵੀ ਗੁਆ ਨਾ ਬੈਠੀਏ। ਇਸ ਬਾਰੇ ਸਾਰੀ ਸਿੱਖ ਲੀਡਰਸ਼ਿਪ ਨੂੰ ਚਿੰਤਤ ਹੋਣਾ ਚਾਹੀਦਾ ਹੈ।
ਮੈਂ ਉੱਤਰਾਖੰਡ ਤੇ ਯੂਪੀ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ 2003 ਵਿਚ ਹੋਏ ਸਮਝੌਤੇ ਦਾ ਸਨਮਾਨ ਕੀਤਾ ਜਾਵੇ। ਸ. ਹਰਜੀਤ ਸਿੰਘ ਦੁਆ ਜੀ ਦੀ ਯਾਦ ਵਿਚ ਅੰਤਿਮ ਅਰਦਾਸ ਦਾ ਭੋਗ ਗੁਰਦੁਆਰਾ ਸਿੰਘ ਸਭਾ ਸੈਕਟਰ 69, ਮੋਹਾਲੀ ਵਿਚ ਅੱਜ ਦੁਪਹਿਰੇ 12:30 ਤੋਂ 1:30 ਵਜੇ ਤੱਕ ਹੋਵੇਗਾ।
-ਤਰਲੋਚਨ ਸਿੰਘ, ਸਾਬਕਾ ਐੱਮਪੀ।