ਪੋਖਰਣ ਪ੍ਰੀਖਣਾਂ ਦੇ ਤਿੰਨ ਦਹਾਕਿਆਂ ਬਾਅਦ ਭਾਰਤ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਬਦਲੇ ਹੋਏ ਹਾਲਾਤ ਵਿਚ ਨਵੇਂ ਸਿਰੇ ਤੋਂ ਪਰਮਾਣੂ ਪ੍ਰੀਖਣ ’ਤੇ ਵਿਚਾਰ ਕਰੇ।

ਹਾਲ ਹੀ ਵਿਚ ਭਾਰਤ ਦੇ ਪਰਮਾਣੂ ਪ੍ਰੋਗਰਾਮ ਨੇ ਇਕ ਮਹੱਤਵਪੂਰਨ ਮੀਲ ਦਾ ਪੱਥਰ ਉਦੋਂ ਪਾਰ ਕੀਤਾ ਜਦੋਂ ਕਿ ਕਲਪੱਕਮ ਸਥਿਤ ਫਾਸਟ ਬ੍ਰੀਡਰ ਰਿਐਕਟਰ ਨੇ ਕ੍ਰਿਟਿਕਲਿਟੀ ਪ੍ਰਾਪਤ ਕੀਤੀ। ‘ਕ੍ਰਿਟਿਕਲਿਟੀ’ ਉਹ ਸਥਿਤੀ ਹੈ ਜਦੋਂ ਪਰਮਾਣੂ ਵਿਖੰਡਨ ਦੀ ਲੜੀ ਪ੍ਰਕਿਰਿਆ ਆਤਮ-ਨਿਰਭਰ ਹੋ ਜਾਂਦੀ ਹੈ।
ਇਸ ਸਵਦੇਸ਼ੀ ਤਕਨੀਕ ’ਤੇ ਆਧਾਰਤ ਪ੍ਰਾਪਤੀ ਦੇ ਨਾਲ ਹੀ ਭਾਰਤ ਨੇ 1950 ਵਿਚ ਹੋਮੀ ਭਾਭਾ ਦੁਆਰਾ ਤਿਆਰ ਕੀਤੇ ਗਏ ਤਿੰਨ ਪੜਾਅ ਵਾਲੇ ਪਰਮਾਣੂ ਪ੍ਰੋਗਰਾਮ ਦਾ ਦੂਜਾ ਗੇੜ ਪੂਰਾ ਕਰ ਲਿਆ, ਜਿਸ ਮੁਤਾਬਕ ਪਰਮਾਣੂ ਊਰਜਾ ਪਲਾਂਟ ਜਿੰਨਾ ਪਰਮਾਣੂ ਈਂਧਨ ਖ਼ਰਚ ਕਰਦਾ ਹੈ, ਉਸ ਤੋਂ ਵੱਧ ਉਤਪਾਦਨ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਗੇੜ ਵਿਚ ਬਣਨ ਵਾਲੇ ਯੂਰੇਨੀਅਮ-233 ਨੂੰ ਜਦੋਂ ਤੀਜੇ ਗੇੜ ਵਿਚ ਥੋਰੀਅਮ-232 ਨਾਲ ਵਰਤਿਆ ਜਾਂਦਾ ਹੈ ਤਾਂ ਇਹ ਹੋਰ ਜ਼ਿਆਦਾ ਯੂਰੇਨੀਅਮ-233 ਬਣਾਉਂਦਾ ਹੈ ਅਤੇ ਅੰਤ ਵਿਚ ਇਸ ਪੂਰੀ ਪ੍ਰਕਿਰਿਆ ਨੂੰ ਚਲਾਉਣ ਲਈ ਸਿਰਫ਼ ਥੋਰੀਅਮ ਦੀ ਹੀ ਜ਼ਰੂਰਤ ਰਹਿ ਜਾਂਦੀ ਹੈ। ਇਸ ਦਾ ਮਹੱਤਵ ਇਸ ਕਾਰਨ ਹੋਰ ਵਧ ਜਾਂਦਾ ਹੈ ਕਿ ਦੁਨੀਆ ਭਰ ਵਿਚ ਥੋਰੀਅਮ ਦਾ ਇਕ ਚੌਥਾਈ ਭੰਡਾਰ ਭਾਰਤ ਕੋਲ ਹੈ। ਇਸ ਪਰਮਾਣੂ ਪ੍ਰੋਗਰਾਮ ਦਾ ਤੀਜਾ ਗੇੜ ਪੂਰਾ ਹੋਣ ’ਤੇ ਭਾਰਤ ਅਗਲੇ ਕਈ ਦਹਾਕਿਆਂ ਤੱਕ ਥੋਰੀਅਮ ਤੋਂ ਊਰਜਾ ਦਾ ਉਤਪਾਦਨ ਕਰਦਾ ਰਹਿ ਸਕਦਾ ਹੈ। ਫ਼ਿਲਹਾਲ ਵਪਾਰਕ ਇਸਤੇਮਾਲ ਲਈ ਊਰਜਾ ਉਤਪਾਦਨ ਲਈ ਰੂਸ ਅਤੇ ਭਾਰਤ ਹੀ ਦੂਜੇ ਗੇੜ ਵਿਚ ਫਾਸਟ ਬ੍ਰੀਡਰ ਰਿਐਕਟਰਾਂ ਨੂੰ ਚਲਾਉਣ ਦਾ ਕੰਮ ਕਰ ਰਹੇ ਹਨ।
ਬੇਸ਼ੱਕ, ਕਲਪੱਕਮ ਵਿਚ ਪ੍ਰਾਪਤ ਹੋਈ ਸਫਲਤਾ ਨਾਗਰਿਕਾਂ ਦੀ ਵਰਤੋਂ ਲਈ ਪਰਮਾਣੂ ਊਰਜਾ ਉਤਪਾਦਨ ਦੇ ਖੇਤਰ ਵਿਚ ਬੇਮਿਸਾਲ ਉਪਲਬਧੀ ਹੈ ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਭਾਰਤ ਦਾ ਪਰਮਾਣੂ ਹਥਿਆਰ ਪ੍ਰੋਗਰਾਮ ਵੀ ਓਨੀ ਹੀ ਤੇਜ਼ੀ ਨਾਲ ਅੱਗੇ ਵਧੇ।
ਅਸੀਂ ਅੱਜ ਤੱਕ ਦੋ ਵਾਰ ਹੀ ਪਰਮਾਣੂ ਪ੍ਰੀਖਣ ਕੀਤੇ ਹਨ। ਪਹਿਲੀ ਵਾਰ ਮਈ 1974 ਵਿਚ ਅਤੇ ਆਖ਼ਰੀ ਵਾਰ 11 ਅਤੇ 13 ਮਈ 1998 ਨੂੰ। ਸੰਨ 1974 ਦੇ ਪ੍ਰੀਖਣਾਂ ਵਿਚ ਸਿਰਫ਼ ਇਕ ਡਿਵਾਈਸ ਦਾ ਪ੍ਰੀਖਣ ਕੀਤਾ ਗਿਆ ਸੀ ਜਦਕਿ 1998 ਵਿਚ ਪ੍ਰੀਖਣਾਂ ਵਿਚ ਪਹਿਲੇ ਦਿਨ ਤਿੰਨ ਅਤੇ ਫਿਰ ਦੋ ਨਿਊਕਲੀਅਰ ਡਿਵਾਈਸਾਂ ਦਾ ਪਰੀਖਣ ਕੀਤਾ ਗਿਆ। ਸੰਨ 1998 ਵਿਚ ਪਹਿਲੇ ਦਿਨ ਪ੍ਰੀਖਣ ਕੀਤੀ ਗਈ ਸ਼ਕਤੀ-1 ਦੀ ਸਮਰੱਥਾ ਭਾਰਤ ਦੇ ਦਾਅਵੇ ਮੁਤਾਬਕ 58 ਕਿੱਲੋ ਟਨ ਰਹੀ ਸੀ ਜਦਕਿ ਅੰਤਰਰਾਸ਼ਟਰੀ ਮਾਹਿਰਾਂ ਦਾ ਅੰਦਾਜ਼ਾ ਇਸ ਦੇ ਲਗਪਗ 40 ਕਿੱਲੋ ਟਨ ਰਹਿਣ ਦਾ ਸੀ। ਜੇਕਰ ਸਰਕਾਰ ਦੇ ਦਾਅਵੇ ਨੂੰ ਵੀ ਸਹੀ ਮੰਨਿਆ ਜਾਵੇ ਤਾਂ ਇਹ ਇਸ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਕਿਉਂਕਿ ਚੀਨ ਕੋਲ 650 ਕਿੱਲੋ ਟਨ ਤੋਂ ਲੈ ਕੇ 3-4 ਮੈਗਾ ਟਨ ਦੇ ਪਰਮਾਣੂ ਹਥਿਆਰ ਹਨ। ਚੀਨ ਦੇ ਹਲਕੇ ਪਰਮਾਣੂ ਹਥਿਆਰ ਵੀ 150 ਕਿੱਲੋ ਟਨ ਸਮਰੱਥਾ ਦੇ ਹਨ।
ਪ੍ਰੀਖਣ ਹੀ ਕਿਸੇ ਵਿਗਿਆਨਕ ਸਮਰੱਥਾ ਨੂੰ ਹਾਸਲ ਕਰਨ ਦਾ ਪ੍ਰਮਾਣ ਹੁੰਦਾ ਹੈ। ਇਹੀ ਕਾਰਨ ਹੈ ਕਿ ਅਮਰੀਕਾ ਨੇ ਅੱਜ ਤੱਕ ਲਗਪਗ 1000 ਤੋਂ ਵੱਧ, ਰੂਸ ਨੇ 715 ਅਤੇ ਚੀਨ ਨੇ 45 ਵਾਰ ਪਰਮਾਣੂ ਪ੍ਰੀਖਣ ਕੀਤੇ ਹਨ। ਇਸ ਦੇ ਉਲਟ, ਭਾਰਤ ਨੇ ਬਹੁਤ ਹੀ ਘੱਟ ਸਮਰੱਥਾ ਦੇ ਸਿਰਫ਼ ਛੇ ਪਰਮਾਣੂ ਪ੍ਰੀਖਣ ਹੀ ਕੀਤੇ ਹਨ। ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਤੋਂ ਪਰਮਾਣੂ ਪ੍ਰੀਖਣ ਕਰਨ ਦੀ ਗੱਲ ਆਖੀ ਸੀ।
ਜੇਕਰ ਅਮਰੀਕਾ ਪਰਮਾਣੂ ਪ੍ਰੀਖਣ ਕਰੇਗਾ ਤਾਂ ਫਿਰ ਰੂਸ ਵੀ ਪਿੱਛੇ ਨਹੀਂ ਰਹਿਣ ਵਾਲਾ ਹੈ। ਟਰੰਪ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਰੂਸ, ਚੀਨ, ਉੱਤਰੀ ਕੋਰੀਆ ਅਤੇ ਪਾਕਿਸਤਾਨ ਗੁਪਤ ਤੌਰ ’ਤੇ ਭੂਮੀਗਤ ਪਰਮਾਣੂ ਪ੍ਰੀਖਣ ਕਰ ਰਹੇ ਹਨ। ਚੀਨ ਪਿਛਲੇ ਕਈ ਸਾਲਾਂ ਤੋਂ ਗੁਪਤ ਤੌਰ ’ਤੇ ਛੋਟੇ ਪਰਮਾਣੂ ਪ੍ਰੀਖਣ ਕਰਨ ਵਿਚ ਲੱਗਾ ਹੋਇਆ ਹੈ। ਸੰਨ 2024-25 ਵਿਚ ਉਸ ਨੇ ਪਰਮਾਣੂ ਬੰਬ ਬਣਾਏ। ਮਿਜ਼ਾਈਲ ਰੋਕੂ ਪ੍ਰਣਾਲੀਆਂ ਦੀਆਂ ਵਧਦੀਆਂ ਸਮਰੱਥਾਵਾਂ ਅਤੇ ਚੀਨ ਦੇ ਆਬਾਦੀ ਦੀ ਬਹੁਤਾਤ ਵਾਲੇ ਖੇਤਰਾਂ ਦਾ ਭਾਰਤ ਦੀ ਸਰਹੱਦ ਤੋਂ ਬਹੁਤ ਦੂਰ ਸਥਿਤ ਹੋਣ, ਹਾਈਪਰਸੋਨਿਕ ਮਿਜ਼ਾਈਲ ਤਕਨੀਕ ਵਿਚ ਸਾਡੇ ਨਾਲੋਂ ਕਾਫ਼ੀ ਅੱਗੇ ਹੋਣ ਵਰਗੇ ਪਹਿਲੂਆਂ ਨੂੰ ਦੇਖਦੇ ਹੋਏ ਭਾਰਤ ਲਈ ਚੀਨ ਦੇ ਸਾਹਮਣੇ ਭਰੋਸੇਯੋਗ ਪਰਮਾਣੂ ਪ੍ਰਤੀਰੋਧਕ ਸਮਰੱਥਾ ਬਣਾਈ ਰੱਖਣ ਲਈ ਆਪਣੇ ਪਰਮਾਣੂ ਹਥਿਆਰ ਪ੍ਰੋਗਰਾਮ ਦਾ ਵਿਸਥਾਰ ਕਰਨਾ ਜ਼ਰੂਰੀ ਹੈ।
ਟਰੰਪ ਦੇ ਦੌਰ ਵਿਚ ਭਾਰਤ ਨੂੰ ਲੈ ਕੇ ਅਮਰੀਕਾ ਦੀਆਂ ਨੀਤੀਆਂ ਵਿਚ ਹਮਲਾਵਰ ਰੌਂਅ ਵੀ ਦੇਖਿਆ ਜਾ ਸਕਦਾ ਹੈ। ਇਸ ਨੂੰ ਦੇਖਦੇ ਹੋਏ ਵੀ ਸਾਨੂੰ ਆਪਣੀ ਫ਼ੌਜੀ ਤਿਆਰੀ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਇਹ ਨਾ ਭੁੱਲਿਆ ਜਾਵੇ ਕਿ 2021 ਵਿਚ ਲਕਸ਼ਦੀਪ ਵਿਚ ਅਮਰੀਕੀ ਜੰਗੀ ਬੇੜਾ ਯੂਐੱਸਐੱਸ ਜੋਨ ਪੋਲ ਜੋਨਜ਼ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਭਾਰਤ ਦੇ ਐਕਸਕਲਿਊਸਿਵ ਇਕੋਨੋਮਿਕ ਜ਼ੋਨ ਵਿਚ ਦਾਖ਼ਲ ਹੋ ਗਿਆ ਸੀ।
ਪਿਛਲੇ ਦਿਨੀਂ ਵੀ ਭਾਰਤ ਤੋਂ ਜੰਗੀ ਮਸ਼ਕਾਂ ਕਰ ਕੇ ਵਾਪਸ ਆ ਰਹੇ ਈਰਾਨੀ ਸਮੁੰਦਰੀ ਫ਼ੌਜ ਦੇ ਜਹਾਜ਼ ਨੂੰ ਸ੍ਰੀਲੰਕਾ ਦੇ ਨੇੜੇ ਅਮਰੀਕੀ ਨੇਵੀ ਨੇ ਡੁਬੋ ਦਿੱਤਾ ਸੀ। ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਅਮਰੀਕਾ ਸਾਡੇ ਗੁਆਂਢੀ ਦੇਸ਼ਾਂ ਵਿਚ ਭਾਰਤ ਵਿਰੋਧੀ ਸ਼ਕਤੀਆਂ ਨੂੰ ਉਸੇ ਤਰ੍ਹਾਂ ਹਵਾ ਦੇ ਰਿਹਾ ਹੈ ਜਿਵੇਂ ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੇ ਰੂਸ ਦੇ ਗੁਆਂਢੀ ਦੇਸ਼ਾਂ ਵਿਚ ਰੂਸ ਦੇ ਵਿਰੁੱਧ ਦਿੱਤੀ ਸੀ।
ਇਸ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਅਮਰੀਕੀ ਹਮਲਾਵਰ ਰੌਂਅ ਨਾਲ ਨਿਪਟਣ ਲਈ ਰੂਸ ਨੇ ਵੀ ਸਮਾਰਟ ਪਰਮਾਣੂ ਹਥਿਆਰਾਂ ਦੇ ਵਿਕਾਸ ਅਤੇ ਪ੍ਰੀਖਣ ਦਾ ਹੀ ਰਸਤਾ ਚੁਣਿਆ ਹੈ। ਉਸ ਨੇ ਪਰਮਾਣੂ ਊਰਜਾ ਨਾਲ ਚਲਾਈ ਜਾਂਦੀ ਬਿਊਰੇਵੇਸਟਨਿਕ ਨਾਈਨ ਐੱਮ 730 ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਜੋ ਬੇਹੱਦ ਘੱਟ ਉੱਚਾਈ ਜਿਵੇਂ ਸਿਰਫ਼ 50 ਤੋਂ 100 ਮੀਟਰ ’ਤੇ ਹਫ਼ਤਿਆਂ ਤੱਕ ਉਡਾਣ ਭਰਦੀ ਰਹਿ ਸਕਦੀ ਹੈ ਕਿਉਂਕਿ ਇਸ ਦੇ ਅੰਦਰ ਲੱਗਾ ਬੇਹੱਦ ਛੋਟਾ ਪਰਮਾਣੂ ਪਲਾਂਟ ਇਸ ਨੂੰ ਬਹੁਤ ਲੰਬੇ ਸਮੇਂ ਤੱਕ ਊਰਜਾ ਮੁਹੱਈਆ ਕਰਵਾਉਂਦਾ ਰਹਿੰਦਾ ਹੈ। ਅਸੀਮਤ ਈਂਧਨ ਹੋਣ ਕਾਰਨ ਇਹ ਸਿੱਧੇ ਰਸਤੇ ਦੀ ਬਜਾਏ ਚੱਕਰ ਕੱਟ ਕੇ ਜਾਂ ਸਮੁੰਦਰ ਦੇ ਉੱਪਰੋਂ ਘੁੰਮ ਕੇ ਕਿਸੇ ਵੀ ਦਿਸ਼ਾ ਤੋਂ ਟੀਚੇ ’ਤੇ ਹਮਲਾ ਕਰ ਸਕਦੀ ਹੈ। ਮੌਜੂਦਾ ਮਿਜ਼ਾਈਲ ਰੋਕੂ ਪ੍ਰਣਾਲੀਆਂ ਉਸ ਨੂੰ ਰੋਕ ਨਹੀਂ ਸਕਦੀਆਂ।
ਅਕਤੂਬਰ 2025 ਵਿਚ ਕੀਤੇ ਗਏ ਪ੍ਰੀਖਣ ਵਿਚ ਇਸ ਮਿਜ਼ਾਈਲ ਨੇ ਲਗਾਤਾਰ 15 ਘੰਟਿਆਂ ਤੱਕ ਉਡਾਣ ਭਰੀ ਅਤੇ 14,000 ਕਿੱਲੋਮੀਟਰ ਦੀ ਦੂਰੀ ਤਹਿ ਕੀਤੀ। ਰੂਸ ਦੁਆਰਾ ਵਿਕਸਤ ਪੋਸੀਡਾਨ ਨੂੰ ਵੀ ਦੁਨੀਆ ਦਾ ਸਭ ਤੋਂ ਅਨੋਖਾ ਅਤੇ ਖਤਰਨਾਕ ਪਰਮਾਣੂ ਹਥਿਆਰ ਮੰਨਿਆ ਜਾਂਦਾ ਹੈ। ਇਹ ਇਕ ਵਿਸ਼ਾਲ ਪਰਮਾਣੂ-ਸੰਚਾਲਿਤ ਅੰਤਰ-ਮਹਾਦੀਪੀ ਟਾਰਪੀਡੋ ਹੈ। ਇਸ ਵਿਚ ਲੱਗਾ ਛੋਟਾ ਪਰਮਾਣੂ ਰਿਐਕਟਰ ਇਸ ਨੂੰ ਅਸੀਮਤ ਦੂਰੀ ਤੱਕ ਲਿਜਾਣ ਦੀ ਸਮਰੱਥਾ ਦਿੰਦਾ ਹੈ ਅਤੇ ਇਹ ਹਫ਼ਤਿਆਂ ਤੱਕ ਇਕ ਕਿੱਲੋਮੀਟਰ ਤੋਂ ਵੱਧ ਦੀ ਡੂੰਘਾਈ ’ਚ ਸਮੁੰਦਰ ਵਿਚ ਘੁੰਮਦਾ ਰਹਿ ਸਕਦਾ ਹੈ।
ਇਸ ਦੇ ਹਮਲੇ ਨਾਲ ਅਜਿਹੀਆਂ ਸੁਨਾਮੀ ਲਹਿਰਾਂ ਪੈਦਾ ਹੋ ਸਕਦੀਆਂ ਹਨ ਜੋ ਨਿਊਯਾਰਕ ਜਾਂ ਲੰਡਨ ਵਰਗੇ ਸਮੁੰਦਰੀ ਤਟ ਨਾਲ ਲੱਗਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦੀਆਂ ਹਨ ਅਤੇ ਉਸ ਪੂਰੇ ਖੇਤਰ ਨੂੰ ਦਹਾਕਿਆਂ ਲਈ ਰੇਡੀਓ-ਐਕਟਿਵ ਪ੍ਰਦੂਸ਼ਣ ਨਾਲ ਅਣਉਪਯੋਗੀ ਬਣਾ ਸਕਦੀਆਂ ਹਨ। ਪੋਖਰਣ ਪ੍ਰੀਖਣਾਂ ਤੋਂ ਤਿੰਨ ਦਹਾਕੇ ਬਾਅਦ ਭਾਰਤ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਬਦਲੇ ਹੋਏ ਮੁਹਾਂਦਰੇ ਨੂੰ ਦੇਖਦੇ ਹੋਏ ਨਵੇਂ ਸਿਰੇ ਤੋਂ ਪਰਮਾਣੂ ਪ੍ਰੀਖਣ ਕਰੇ। ਇਸ ਦੇ ਨਾਲ ਹੀ ਮਿਜ਼ਾਈਲ ਰੋਕੂ ਪ੍ਰਣਾਲੀਆਂ ਨੂੰ ਚਕਮਾ ਦੇਣ ਵਾਲੇ ਸਮਾਰਟ ਪਰਮਾਣੂ ਹਥਿਆਰਾਂ ਅਤੇ ਉਨ੍ਹਾਂ ਦੀਆਂ ਵੰਡ ਪ੍ਰਣਾਲੀਆਂ ਦਾ ਵਿਕਾਸ ਵੀ ਓਨਾ ਹੀ ਜ਼ਰੂਰੀ ਹੈ।
-ਦਿੱਵਿਆ ਕੁਮਾਰ ਸੋਤੀ
-(ਲੇਖਕ ਕੌਂਸਲ ਆਫ ਸਟ੍ਰੈਟੇਜਿਕ ਅਫੇਅਰਜ਼ ਨਾਲ ਸਬੰਧਤ ਰੱਖਿਆ ਵਿਸ਼ਲੇਸ਼ਕ ਹਨ)।
- response@jagran.com