ਇਸ ’ਚ ਬਦਲਾਅ ਦੇ ਕਾਰਨ ਟੈਰਿਫ ਤੋਂ ਇਲਾਵਾ ਆਲਮੀ ਸਪਲਾਈ ਤੇ ਰਾਜਨੀਤਕ ਤਣਾਅ ਹਨ। ਅਮਰੀਕਾ ਚੀਨ ਤੋਂ ਇਲੈਕਟ੍ਰਾਨਿਕਸ (ਫੋਨ, ਕੰਪਿਊਟਰ, ਟੀਵੀ), ਮਸ਼ੀਨਰੀ, ਫਰਨੀਚਰ, ਖਿਡੌਣੇ, ਕੱਪੜੇ, ਪਲਾਸਟਿਕ ਅਤੇ ਰਬੜ ਉਤਪਾਦਾਂ ਤੋਂ ਇਲਾਵਾ ਉਦਯੋਗਾਂ ’ਚ ਵਰਤਣ ਵਾਲਾ ਸਾਮਾਨ ਖ਼ਰੀਦਦਾ ਹੈ।
ਅਮਰੀਕਾ ਨੇ ਚੀਨ ਤੋਂ ਦਰਾਮਦਸ਼ੁਦਾ ਸਾਰੇ ਉਤਪਾਦਾਂ ’ਤੇ 100 ਫ਼ੀਸਦ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ ਤੇ ਇਸ ’ਤੇ ਚੀਨ ਦਾ ਵੀ ਪ੍ਰਤੀਕਰਮ ਆ ਰਿਹਾ ਹੈ। ਟਰੰਪ ਨੇ ਪਹਿਲੀ ਨਵੰਬਰ ਤੋਂ ਇਹ ਟੈਰਿਫ ਚੀਨ ’ਤੇ ਲਾਗੂ ਕਰਨ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਸੀ ਕਿ ਚੀਨ ਆਪਣੇ ਵਪਾਰ ਰਾਹੀਂ ਸਾਰੇ ਮੁਲਕਾਂ ਨੂੰ ਬੰਧਕ ਬਣਾਉਣ ’ਚ ਲੱਗਾ ਹੋਇਆ ਹੈ। ਚੀਨ ’ਤੇ ਟਰੰਪ ਵੱਲੋਂ ਜੋ 100 ਫ਼ੀਸਦ ਟੈਰਿਫ ਦਾ ਐਲਾਨ ਕੀਤਾ ਗਿਆ ਹੈ, ਇਹ ਪਹਿਲਾਂ ਤੋਂ ਹੀ ਲਾਗੂ 30 ਫ਼ੀਸਦ ਟੈਰਿਫ ਤੋਂ ਵੱਖਰੇ ਤੌਰ ’ਤੇ ਲਗਾਇਆ ਜਾ ਰਿਹਾ ਹੈ।
ਇਸ ਦੇ ਜਵਾਬ ’ਚ ਚੀਨ ਨੇ ਕਿਹਾ ਹੈ ਕਿ ਅਮਰੀਕਾ ਦਾ ਇਹ ਕਦਮ ਸਹੀ ਨਹੀਂ ਹੈ•। ਦੋਵਾਂ ਮੁਲਕਾਂ ਵਿਚਾਲੇ ਲੰਬੀ-ਚੌੜੀ ਕਾਰੋਬਾਰੀ ਸਾਂਝੇਦਾਰੀ ਹੈ। ਇਸ ਨਵੇਂ ਟੈਰਿਫ ਕਾਰਨ ਚੀਨ ਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਛਿੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ-ਵਿਵਸਥਾ ਮੰਨੀ ਜਾਂਦੀ ਹੈ। ਅਮਰੀਕਾ ਤੇ ਚੀਨ ਵਿਚਾਲੇ ਜੇ ਇਸ ਟੈਰਿਫ ਤੋਂ ਬਾਅਦ ਤਣਾਅ ਪੈਦਾ ਹੁੰਦਾ ਹੈ ਤਾਂ ਇਸ ਦਾ ਅਸਰ ਹੋਰ ਮੁਲਕਾਂ ਦੇ ਅਰਥਚਾਰਿਆਂ ਨੂੰ ਵੀ ਝੱਲਣਾ ਪੈ ਸਕਦਾ ਹੈ। ਇਕ ਰਿਪੋਰਟ ਮੁਤਾਬਕ 2022 ’ਚ ਅਮਰੀਕਾ ਤੇ ਚੀਨ ਦਾ ਵਪਾਰ 758.4 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਤੇ ਚੀਨ ਤੋਂ ਅਮਰੀਕਾ 536.8 ਬਿਲੀਅਨ ਡਾਲਰ ਦੀ ਦਰਾਮਦ ਤੇ 121.7 ਬਿਲੀਅਨ ਡਾਲਰ ਦੀਆਂ ਵਸਤਾਂ ਦੀ ਬਰਾਮਦ ਕਰਦਾ ਹੈ। ਇਹ ਅੰਕੜੇ ਹਰ ਸਾਲ ਬਦਲਦੇ ਹਨ।
ਇਸ ’ਚ ਬਦਲਾਅ ਦੇ ਕਾਰਨ ਟੈਰਿਫ ਤੋਂ ਇਲਾਵਾ ਆਲਮੀ ਸਪਲਾਈ ਤੇ ਰਾਜਨੀਤਕ ਤਣਾਅ ਹਨ। ਅਮਰੀਕਾ ਚੀਨ ਤੋਂ ਇਲੈਕਟ੍ਰਾਨਿਕਸ (ਫੋਨ, ਕੰਪਿਊਟਰ, ਟੀਵੀ), ਮਸ਼ੀਨਰੀ, ਫਰਨੀਚਰ, ਖਿਡੌਣੇ, ਕੱਪੜੇ, ਪਲਾਸਟਿਕ ਅਤੇ ਰਬੜ ਉਤਪਾਦਾਂ ਤੋਂ ਇਲਾਵਾ ਉਦਯੋਗਾਂ ’ਚ ਵਰਤਣ ਵਾਲਾ ਸਾਮਾਨ ਖ਼ਰੀਦਦਾ ਹੈ। ਚੀਨ ਤੋਂ ਬਾਕੀ ਮੁਲਕ ਵੀ ਇਨ੍ਹਾਂ ਚੀਜ਼ਾਂ ਦੀ ਵੱਡੇ ਪੱਧਰ ’ਤੇ ਖ਼ਰੀਦਦਾਰੀ ਕਰਦੇ ਹਨ।
ਜੇਕਰ ਦੋਵੇਂ ਮੁਲਕ ਇਕ-ਦੂਜੇ ਨੂੰ ਟੈਰਿਫ ਰਾਹੀਂ ਜਵਾਬ ਦਿੰਦੇ ਹਨ ਤਾਂ ਇਸ ਦਾ ਅਸਰ ਉਨ੍ਹਾਂ ਦੇ ਆਪਸੀ ਵਪਾਰ ’ਤੇ ਤਾਂ ਪਵੇਗਾ ਹੀ, ਹੋਰ ਮੁਲਕਾਂ ਲਈ ਵੀ ਇਹ ਰੁਝਾਨ ਨੁਕਸਾਨਦਾਇਕ ਹੋਵੇਗਾ ਤੇ ਆਲਮੀ ਪੱਧਰ ’ਤੇ ਮੰਦੀ ਵੀ ਆ ਸਕਦੀ ਹੈ। ਚੀਨ ਤੇ ਅਮਰੀਕਾ ਵਿਚਾਲੇ ਪੈਦਾ ਹੋਇਆ ਵਪਾਰਕ ਤਣਾਅ ਗਲੋਬਲ ਸਪਲਾਈ ਚੇਨ, ਸਟਾਕ ਮਾਰਕੀਟ ਅਤੇ ਆਰਥਿਕ ਵਿਕਾਸ ਨੂੰ ਵੀ ਵੱਡੀ ਢਾਹ ਲਾਉਂਦਾ ਹੈ। ਚੀਨ ਨੇ ਟਰੰਪ ਦੇ ਇਸ ਵਾਧੂ ਟੈਰਿਫ ਨੂੰ ਪਾਖੰਡ ਦੱਸਿਆ ਹੈ ਤੇ ਇਹ ਵੀ ਕਿਹਾ ਹੈ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਚੀਨ ਦੇ ਵਣਜ ਮੰਤਰਾਲੇ ਨੇ ਸਪਸ਼ਟ ਕਿਹਾ ਹੈ ਕਿ ਅਸੀਂ ਟੈਰਿਫ ਯੁੱਧ ਨਹੀਂ ਚਾਹੁੰਦੇ ਪਰ ਇਸ ਦਾ ਇਹ ਮਤਲਬ ਵੀ ਨਾ ਕੱਢਿਆ ਜਾਵੇ ਅਸੀਂ ਇਸ ਤੋਂ ਡਰ ਜਾਵਾਂਗੇ। ਦੋਵਾਂ ਦੇਸ਼ਾਂ ਵਿਚਾਲੇ ਸਵਿਟਜ਼ਰਲੈਂਡ ਤੇ ਯੂਕੇ ’ਚ ਟੈਰਿਫ ਘਟਾਉਣ ਲਈ ਗੱਲਬਾਤ ਵੀ ਹੋਈ ਹੈ ਪਰ ਫਿਰ ਵੀ ਇਹ ਤਣਾਅ ਬਰਕਰਾਰ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ’ਤੇ 1 ਨਵੰਬਰ ਤੋਂ ਵਾਧੂ 100 ਫ਼ੀਸਦ ਟੈਰਿਫ ਲਗਾਉਣ ਦੇ ਐਲਾਨ ਨਾਲ ਇਹ ਦਾਅਵਾ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇਹ ਕਦਮ ਦੁਰਲਭ ਧਾਤਾਂ ਦੇ ਨਿਰਯਾਤ ’ਤੇ ਚੀਨ ਦੀਆਂ ਨਵੀਆਂ ਪਾਬੰਦੀਆਂ ਦੇ ਜਵਾਬ ’ਚ ਚੁੱਕਿਆ ਹੈ।
ਹੁਣ ਜੇ ਚੀਨ ’ਤੇ ਅਮਰੀਕਾ ਦਾ ਇਹ ਟੈਰਿਫ ਲਾਗੂ ਹੋ ਜਾਂਦਾ ਹੈ ਤਾਂ ਚੀਨ ’ਤੇ ਵਾਧੂ ਬੋਝ ਪੈਣਾ ਤੈਅ ਹੈ। ਪਿਛਲੇ ਲੰਬੇ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਅਜਿਹੇ ਟੈਰਿਫਾਂ ਰਾਹੀਂ ਭਾਰਤ, ਮੈਕਸੀਕੋ ਤੇ ਹੋਰ ਮੁਲਕਾਂ ’ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਹਨ। ਇਸ ਦਾ ਵੱਡੇ ਪੱਧਰ ’ਤੇ ਵਿਰੋਧ ਵੀ ਹੋ ਰਿਹਾ ਹੈ। ਟਰੰਪ ਪ੍ਰਸ਼ਾਸਨ ਨੂੰ ਦੂਜੇ ਮੁਲਕਾਂ ਖ਼ਿਲਾਫ਼ ਆਪਣੀ ਵਪਾਰਕ ਰਣਨੀਤੀ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ।