ਸਰਕਾਰ ਦੀਆਂ ਭਾਸ਼ਾ ਨੀਤੀਆਂ ਦੀਆਂ ਗੱਲਾਂ ਹੋਣ ਦੇ ਬਾਵਜੂਦ ਅੰਗਰੇਜ਼ੀ ਨੂੰ ਕੌਮਾਂਤਰੀ ਪੱਧਰ ’ਤੇ ਸੰਚਾਰ ਸਥਾਪਤ ਕਰਨ ਵਾਲੀ ਭਾਸ਼ਾ ਮੰਨਿਆ ਜਾਂਦਾ ਹੈ। ਨੌਕਰੀ, ਉੱਚੀ ਪੜ੍ਹਾਈ ਤੇ ਸਮਾਜਿਕ ਸਥਿਤੀ-ਹਰ ਖੇਤਰ ਵਿਚ ਅੰਗਰੇਜ਼ੀ ਨੂੰ ਅਹਿਮ ਮੰਨ ਲਿਆ ਗਿਆ ਹੈ।

ਕੌਣ ਕਹਿੰਦਾ ਹੈ ਕਿ ਅਸੀਂ ਆਜ਼ਾਦ ਹਾਂ, ਬਸ ਐਵੇਂ ਖ਼ਿਆਲਾਂ ਵਿਚ ਖ਼ੁਦ ਨੂੰ ਆਜ਼ਾਦ ਮੰਨੀ ਜਾ ਰਹੇ ਹਾਂ । ਪਹਿਲਾ ਸਵਾਲ ਹੀ ਇਹ ਹੈ-ਕੀ ਅਸੀਂ ਆਜ਼ਾਦ ਹਾਂ? ਆਧੁਨਿਕਤਾ ਦੇ ਦੌਰ ’ਚ ਅਸੀਂ ਆਪਣੀ ਮੂਲ ਭਾਸ਼ਾ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ। ਸਾਡੀ ਆਜ਼ਾਦੀ ਦਾ ਅਰਥ ਸਿਰਫ਼ ਗੋਰਿਆਂ ਦੀ ਗੁਲਾਮੀ ਤੋਂ ਆਜ਼ਾਦ ਹੋਣਾ ਹੀ ਨਹੀਂ ਸੀ, ਸਗੋਂ ਸਾਡੀ ਸੋਚ, ਸੱਭਿਆਚਾਰ ਅਤੇ ਭਾਸ਼ਾ ਵੀ ਆਜ਼ਾਦ ਹੋਣੀ ਚਾਹੀਦੀ ਹੈ। ਵਿਡੰਬਣਾ ਇਹ ਹੈ ਕਿ ਅੱਜ ਗੁਲਾਮੀ ਦੇ ਨਵੇਂ ਰੂਪ ਤਹਿਤ ਅਸੀਂ ਆਪਣੀ ਮਾਤ ਭਾਸ਼ਾ ਨੂੰ ਪਿੱਛੇ ਧੱਕ ਦਿੱਤਾ ਹੈ। ਹੁਣ ਗੁਲਾਮੀ ਸਿਰਫ਼ ਅਮੀਰ ਅਤੇ ਗ਼ਰੀਬ ਦੀ ਨਹੀਂ ਰਹਿ ਗਈ ਹੈ; ਗੁਲਾਮੀ ਸਾਡੀ ਭਾਸ਼ਾ ਦੀ ਵੀ ਹੈ। ਅਸੀਂ ਬਹੁਤ ਵਾਰ ਕਹਿੰਦੇ ਹਾਂ ਕਿ ਅਸੀਂ ਆਪਣੀ ਮਾਂ-ਬੋਲੀ ਨੂੰ ਯਾਦ ਰੱਖਦੇ ਹਾਂ। ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਵੀ ਮਾਂ-ਬੋਲੀ ਨੂੰ ਅੱਗੇ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਂਜ ਅਸੀਂ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਵਿਚ ਹੀ ਗੱਲਬਾਤ ਕਰਨੀ ਪਸੰਦ ਕਰਦੇ ਹਾਂ ਜਾਂ ਫਿਰ ਚਾਹੁੰਦੇ ਹਾਂ ਕਿ ਸਾਡਾ ਬੱਚਾ ਅੰਗਰੇਜ਼ੀ ਵਿਚ ਹੀ ਗੱਲ ਕਰੇ। ਇਹ ਸੋਚ ਘਰ ਤੱਕ ਸੀਮਤ ਨਹੀਂ ਰਹੀ ਸਗੋਂ ਨੌਕਰੀ ਲਈ ਵੀ ਭਾਰੂ ਹੈ। ਜੋ ਉਮੀਦਵਾਰ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਬੜੀ ਸਰਲਤਾ ਨਾਲ ਕਰਦਾ ਹੈ, ਉਸ ਨੂੰ ਆਮ ਤੌਰ ’ਤੇ ਹੋਰਾਂ ਨਾਲੋਂ ਵੱਧ ਹੁਸ਼ਿਆਰ ਮੰਨਿਆ ਜਾਂਦਾ ਹੈ। ਕੀ ਮਾਤ ਭਾਸ਼ਾ ਬੋਲਣਾ ਇੰਨਾ ਮਾੜਾ ਹੈ? ਜਾਂ ਫਿਰ ਮਾਂ-ਬੋਲੀ ਨੂੰ ਅੱਜ ਵੀ ਉਹ ਦਰਜਾ ਨਹੀਂ ਮਿਲ ਸਕਿਆ ਹੈ ਜਿਸ ਦੀ ਉਹ ਹੱਕਦਾਰ ਹੈ? ਪੰਜਾਬ ਵਿਚ ਭਾਸ਼ਾ ਦੀ ਸਥਿਤੀ ਹਮੇਸ਼ਾ ਹੀ ਸਿਆਸੀ ਅਤੇ ਸਮਾਜਿਕ ਤਾਲਮੇਲ ਨਾਲ ਜੁੜੀ ਰਹੀ ਹੈ ਤੇ 1960 ਅਤੇ 1970 ਦੇ ਦਹਾਕੇ ਵਿਚ ਪੰਜਾਬੀ ਸਿਰਲੇਖ ਲਹਿਰ ਨੇ ਦਿਖਾਇਆ ਕਿ ਲੋਕ ਆਪਣੀ ਮਾਂ-ਬੋਲੀ ਲਈ ਬੜੀ ਸ਼ਿੱਦਤ ਨਾਲ ਲੜ ਸਕਦੇ ਸਨ। ਅੱਜ ਦੇ ਯੁੱਗ ਵਿਚ ਇਹ ਲਹਿਰ ਮਿਟਦੀ ਜਾ ਰਹੀ ਹੈ।
ਸਰਕਾਰ ਦੀਆਂ ਭਾਸ਼ਾ ਨੀਤੀਆਂ ਦੀਆਂ ਗੱਲਾਂ ਹੋਣ ਦੇ ਬਾਵਜੂਦ ਅੰਗਰੇਜ਼ੀ ਨੂੰ ਕੌਮਾਂਤਰੀ ਪੱਧਰ ’ਤੇ ਸੰਚਾਰ ਸਥਾਪਤ ਕਰਨ ਵਾਲੀ ਭਾਸ਼ਾ ਮੰਨਿਆ ਜਾਂਦਾ ਹੈ। ਨੌਕਰੀ, ਉੱਚੀ ਪੜ੍ਹਾਈ ਤੇ ਸਮਾਜਿਕ ਸਥਿਤੀ-ਹਰ ਖੇਤਰ ਵਿਚ ਅੰਗਰੇਜ਼ੀ ਨੂੰ ਅਹਿਮ ਮੰਨ ਲਿਆ ਗਿਆ ਹੈ। ਮੈਂ ਅੰਗਰੇਜ਼ੀ ਦੇ ਖ਼ਿਲਾਫ਼ ਨਹੀਂ ਹਾਂ, ਉਹ ਵੀ ਇਕ ਭਾਸ਼ਾ ਹੈ ਪਰ ਆਪਣੀ ਭਾਸ਼ਾ ਨੂੰ ਭੁੱਲ ਜਾਣਾ ਠੀਕ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਭਾਸ਼ਾ ਬੋਲਣੀ ਅਤੇ ਲਿਖਣੀ ਜ਼ਰੂਰ ਆਉਣੀ ਚਾਹੀਦੀ ਹੈ, ਤਦ ਹੀ ਮਾਂ-ਬੋਲੀ ਦਿਵਸ ਮਨਾਉਣ ਦੀ ਅਹਿਮੀਅਤ ਕਾਇਮ ਰਹੇਗੀ।
ਇਹ ਉਪਰਾਲਾ ਘਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ। ਘਰ ਵਿਚ ਬੱਚਿਆਂ ਨਾਲ ਪੰਜਾਬੀ ਵਿਚ ਗੱਲ ਕਰਨੀ ਚਾਹੀਦੀ ਹੈ ਅਤੇ ਜੇ ਬੱਚਾ ਵੀ ਪੰਜਾਬੀ ਵਿਚ ਗੱਲ ਕਰੇ ਤਾਂ ਉਸ ਨੂੰ ਟੋਕਣਾ ਨਹੀਂ ਚਾਹੀਦਾ। ਪੰਜਾਬੀ ਨੂੰ ਜਿਉਂਦੀ ਰੱਖਣ ਲਈ ਇਸ ਨੂੰ ਬੋਲਣਾ ਅਤੇ ਲਿਖਣਾ ਬੇਹੱਦ ਜ਼ਰੂਰੀ ਹੈ। ਇਸ ਵਿਚ ਹੀ ਪੰਜਾਬ ਅਤੇ ਪੰਜਾਬੀਅਤ ਦੀ ਸ਼ਾਨ ਹੈ।
-ਡਾ. ਗੁਰਪ੍ਰੀਤ ਕੌਰ, ਮੋਹਾਲੀ। -ਮੋਬਾਈਲ : 98036-16268